ਦਰਬਾਰ ਸਾਹਿਬ ਵਿਖੇ ਸਰਾਵਾਂ ਦੀ ਬੁਕਿੰਗ ਦੇ ਨਾਂਅ 'ਤੇ ਘਪਲਾ

ਦਰਬਾਰ ਸਾਹਿਬ ਵਿਖੇ ਸਰਾਵਾਂ ਦੀ ਬੁਕਿੰਗ ਦੇ ਨਾਂਅ 'ਤੇ ਘਪਲਾ

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨਾਲ ਸ਼ੋ੍ਮਣੀ ਕਮੇਟੀ ਦੇ ਪ੍ਰਬੰਧ ਹੇਠਲੀ ਸਾਰਾਗੜ੍ਹੀ ਸਰਾਂ ਵਿਖੇ ਕਮਰੇ ਬੁਕਿੰਗ ਦੇ ਨਾਂਅ 'ਤੇ ਆਨਲਾਈਨ ਠੱਗੀ ਮਾਰਨ ਵਾਲੇ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ । ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱੱਖਣ ਸਿੰਘ ਭੰਗਾਲੀ ਤੇ ਮੈਨੇਜਰ (ਸਰਾਵਾਂ) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਧਿਆਨ 'ਵਿਚ ਆਇਆ ਸੀ ਕਿ ਭਾਰਤੀ ਵਿੱਜ ਨਾਂਅ ਦੀ ਇਕ ਕਥਿਤ ਵੈਬਸਾਈਟ ਚਲਾਉਣ ਵਾਲਾ ਕੋਈ ਵਿਅਕਤੀ ਕੁੱਝ ਦਿਨਾਂ ਤੋਂ ਸ਼ਰਧਾਲੂਆਂ ਨਾਲ ਸਾਰਾਗੜੀ ਸਰਾਂ ਵਿਚ ਕਮਰਾ ਬੁੱਕ ਕਰਨ ਦੇ ਨਾਂ 'ਤੇ ਆਨਲਾਈਨ ਠੱਗੀਆਂ ਮਾਰ ਰਿਹਾ ਸੀ । ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਦੋ ਦਿਨਾਂ ਦੌਰਾਨ ਹੀ 7-8 ਸ਼ਰਧਾਲੂਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਜਦੋਂ ਉਹ ਸਾਰਾਗੜੀ ਸਰਾਂ ਵਿਚ ਕਮਰਾ ਬੁੁੱਕ ਕਰਾਉਣ ਲਈ ਵੈਬਸਾਈਟ ਖੋਲ੍ਹਦੇ ਸਨ ਤਾਂ ਅੱਗੇ ਭਾਰਤੀ ਵਿੱਜ ਨਾਂਅ ਦੀ ਵੈਬਸਾਈਟ ਖੁੱਲ੍ਹਦੀ ਸੀ ਤੇ ਉਸ ਵੈਬਸਾਈਟ ਨੂੰ ਚਲਾਉਣ ਵਾਲੇ ਵਿਅਕਤੀ ਵਲੋਂ ਸ਼ਰਧਾਲੂਆਂ ਤੋਂ ਆਨਲਾਈਨ ਪੇਮੈਂਟ ਜਮ੍ਹਾਂ ਕਰਵਾ ਕੇ ਫਰਜ਼ੀ ਤੌਰ 'ਤੇ ਕਮਰੇ ਬੁੱਕ ਕਰ ਦਿੱਤੇ ਜਾਂਦੇ ਸਨ । ਉਨ੍ਹਾਂ ਦੱਸਿਆ ਕਿ ਜਦੋਂ ਠੱਗੀ ਦਾ ਸ਼ਿਕਾਰ ਹੋਏ ਕੁੱਝ ਸ਼ਰਧਾਲੂ ਉਕਤ ਵੈਬਸਾਈਟ ਰਾਹੀਂ ਫਰਜ਼ੀ ਤੌਰ 'ਤੇ ਬੁੱਕ ਕਰਾਏ ਕਮਰੇ ਲੈਣ ਸਾਰਾਗੜੀ ਸਰਾਂ ਵਿਚ ਪੁੱਜੇ ਤਾਂ ਇਸ ਠੱਗੀ ਦਾ ਮਾਮਲਾ ਸਾਹਮਣੇ ਆਇਆ ਤੇ ਉਕਤ ਵਿਅਕਤੀ ਨੇ ਆਪਣਾ ਮੋਬਾਈਲ ਫੋਨ ਵੀ ਬੰਦ ਕਰ ਲਿਆ । ਇਸੇ ਦੌਰਾਨ ਮੈਨੇਜਰ ਸ: ਭੰਗਾਲੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਪ੍ਰਬੰਧ ਵਲੋਂ ਕਿਸੇ ਕਿਊਆਰ ਕੋਡ ਜਾਂ ਫੋਨ ਜ਼ਰੀਏ ਸਰਾਵਾਂ ਵਿਚ ਕਮਰੇ ਬੁੱਕ ਨਹੀਂ ਕੀਤੇ ਜਾਂਦੇ।