ਟਰੰਪ ਵੱਲੋਂ ਵਿਸ਼ਵ ਸਿਹਤ ਸੰਸਥਾ ਦਾ ਫੰਡ ਬੰਦ ਕਰਨ ਦੀ ਵਿਸ਼ਵ ਵਿਆਪੀ ਨਿੰਦਾ

ਟਰੰਪ ਵੱਲੋਂ ਵਿਸ਼ਵ ਸਿਹਤ ਸੰਸਥਾ ਦਾ ਫੰਡ ਬੰਦ ਕਰਨ ਦੀ ਵਿਸ਼ਵ ਵਿਆਪੀ ਨਿੰਦਾ

ਜਦੋਂ ਪੂਰੀ ਦੁਨੀਆ ਕੋਰੋਨਾਵਾਇਰਸ ਦੀ ਮਹਾਂਮਾਰੀ ਦਾ ਸਾਹਮਣਾ ਕਰ ਰਹੀ ਹੈ ਤਾਂ ਵਿਸ਼ਵ ਸਿਹਤ ਸੰਸਥਾ ਨੂੰ ਦਿੱਤੇ ਜਾਂਦੇ ਅਮਰੀਕੀ ਫੰਡ 'ਤੇ ਰੋਕ ਲਾਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਦੀ ਸਭ ਪਾਸਿਆਂ ਤੋਂ ਨਿੰਦਾ ਹੋ ਰਹੀ ਹੈ। ਇਸ ਖਬਰ ਵਿਚ ਅਸੀਂ ਤੁਹਾਨੂੰ ਦਸਦੇ ਹਾਂ ਕਿ ਵਿਸ਼ਵ ਦੇ ਕਿਸ ਆਗੂ ਨੇ ਟਰੰਪ ਦੇ ਇਸ ਫੈਂਸਲੇ ਬਾਰੇ ਕੀ ਕਿਹਾ: 

ਟਰੰਪ ਦੇ ਐਲਾਨ ਬਾਰੇ ਤੁਸੀਂ ਇਸ ਲਿੰਕ ਨੂੰ ਖੋਲ੍ਹ ਕੇ ਵਿਸਤਾਰ ਵਿਚ ਪੜ੍ਹ ਸਕਦੇ ਹੋ: ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਿਸ਼ਵ ਸਿਹਤ ਸੰਸਥਾ ਨੂੰ ਦਿੱਤਾ ਜਾਂਦਾ ਅਮਰੀਕੀ ਫੰਡ ਰੋਕਣ ਦਾ ਐਲਾਨ ਕੀਤਾ

ਸੰਯੁਕਤ ਰਾਸ਼ਟਰ ਜਨਰਲ ਸਕੱਤਰ 
ਸੰਯੁਕਤ ਰਾਸ਼ਟਰ (ਯੂ.ਐਨ.ਓ) ਦੇ ਮੁਖੀ ਐਂਟੋਨੀਓ ਗੁਟਰਸ ਨੇ ਇਸ ਫੈਂਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਅਜਿਹੇ ਫੈਂਸਲੇ ਲਈ ਸਹੀ ਸਮਾਂ ਨਹੀਂ ਹੈ। 

ਉਹਨਾਂ ਕਿਹਾ, "ਇਹ ਸਮਾਂ ਇਕਜੁੱਟਤਾ ਦਾ ਹੈ ਅਤੇ ਕੌਮਾਂਤਰੀ ਭਾਈਚਾਰੇ ਨੂੰ ਮਿਲ ਕੇ ਆਪਸੀ ਸਹਿਯੋਗ ਨਾਲ ਵਾਇਰਸ ਨੂੰ ਰੋਕਣ ਲਈ ਕੰਮ ਕਰਨ ਦਾ ਹੈ।" 

ਚੀਨ 
ਚੀਨ ਨੇ ਅਮਰੀਕਾ ਦੇ ਇਸ ਫੈਂਸਲੇ ਦੀ ਨਿੰਦਾ ਕਰਦਿਆਂ ਅਪੀਲ ਕੀਤੀ ਹੈ ਕਿ ਅਮਰੀਕਾ ਵਿਸ਼ਵ ਸਿਹਤ ਸੰਸਥਾ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੇ।

ਚੀਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਜ਼੍ਹਾਓ ਲੀਜੀਅਨ ਨੇ ਕਿਹਾ, "ਇਸ ਫੈਂਸਲੇ ਨੇ ਵਿਸ਼ਵ ਸਿਹਤ ਸੰਸਥਾ ਨੂੰ ਕਮਜ਼ੋਰ ਕੀਤਾ ਹੈ ਅਤੇ ਇਹ ਕੌਮਾਂਤਰੀ ਤਾਲਮੇਲ ਦਾ ਨੁਕਸਾਨ ਕਰਨ ਵਾਲਾ ਹੈ।"

ਯੂਰਪੀਨ ਸੰਘ
ਯੂਰਪੀਨ ਸੰਘ ਦੇ ਵਿਦੇਸ਼ ਨੀਤੀ ਮੁਖੀ ਜੋਸੇਪ ਬੋਰੇਲ ਨੇ ਕਿਹਾ, "ਅਮਰੀਕਾ ਵੱਲੋਂ ਵਿਸ਼ਵ ਸਿਹਤ ਸੰਸਥਾ ਨੂੰ ਫੰਡ ਬੰਦ ਕਰਨ ਦੇ ਫੈਂਸਲੇ ਦਾ ਉਹਨਾਂ ਨੂੰ ਬਹੁਤ ਦੁੱਖ ਹੈ। ਇਸ ਸਮੇਂ ਇਸ ਫੈਂਸਲੇ ਨੂੰ ਜਾਇਜ਼ ਦੱਸਣ ਦਾ ਕੋਈ ਕਾਰਨ ਨਹੀਂ ਹੈ ਜਦੋਂ ਕਿ ਇਸ ਦੇ ਯਤਨਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ।"

ਜਰਮਨੀ
ਜਰਮਨੀ ਦੇ ਵਿਦੇਸ਼ ਮੰਤਰੀ ਹੀਕੋ ਮਾਸ ਨੇ ਕਿਹਾ ਕਿ ਵਾਇਰਸ ਆਪਣੀ ਮਾਰ ਮਾਰਨ ਲਈ ਕਿਸੇ ਵੀ ਸਰਹੱਦ ਦੀ ਪਰਵਾਹ ਨਹੀਂ ਕਰ ਰਿਹਾ।

ਨਿਊਜ਼ੀਲੈਂਡ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਐਰਡਰਿਨ ਨੇ ਕਿਹਾ ਕਿ ਮਹਾਂਮਾਰੀ ਨੂੰ ਰੋਕਣ ਲਈ ਵਿਸ਼ਵ ਸਿਹਤ ਸੰਸਥਾ ਦੀ ਬਹੁਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਸ ਮਹਾਂਮਾਰੀ ਨਾਲ ਲੜਨ ਲਈ ਮੁਲਕਾਂ ਦਰਮਿਆਨ ਜਾਣਕਾਰੀ ਸਾਂਝੀ ਕਰਨ ਅਤੇ ਸਹੀ ਸਲਾਹ ਵਾਸਤੇ ਵਿਸ਼ਵ ਸਿਹਤ ਸੰਸਥਾ ਦੀ ਬਹੁਤ ਜ਼ਰੂਰਤ ਹੈ। ਉਹਨਾਂ ਕਿਹਾ ਕਿ ਨਿਊਜ਼ੀਲੈਂਡ ਵਿਸ਼ਵ ਸਿਹਤ ਸੰਸਥਾ ਨੂੰ ਆਪਣੇ ਹਿੱਸੇ ਦੀ ਮਦਦ ਜ਼ਾਰੀ ਰੱਖੇਗਾ।

"ਚੀਨ 'ਤੇ ਦੋਸ਼ ਲਾਓ, ਵਿਸ਼ਵ ਸਿਹਤ ਸੰਸਥਾ 'ਤੇ ਨਹੀਂ"
ਅਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਉਹ ਵਿਸ਼ਵ ਸਿਹਤ ਸੰਸਥਾ ਦੀ ਨਿੰਦਾ ਬਾਰੇ ਟਰੰਪ ਦੇ ਬਿਆਨਾਂ ਨਾਲ ਹਮਦਰਦੀ ਰੱਖਦੇ ਹਨ, ਖਾਸ ਕਰਕੇ ਵਿਸ਼ਵ ਸਿਹਤ ਸੰਸਥਾ ਵੱਲੋਂ ਚੀਨ ਦੀਆਂ ਉਹਨਾਂ ਮੀਟ ਮਾਰਕੀਟਾਂ ਨੂੰ ਖੋਲ੍ਹਣ ਦੇ ਫੈਂਸਲੇ ਦੇ ਸਮਰਥਨ ਜਿਹੇ ਫੈਂਸਲੇ ਜਿੱਥੇ ਜਾਨਵਰਾਂ ਦਾ ਤਾਜ਼ਾ ਮੀਟ ਅਤੇ ਜਿਉਂਦੇ ਜਾਨਵਰ ਵੇਚੇ ਜਾਂਦੇ ਹਨ।

ਮੋਰੀਸਨ ਨੇ ਕਿਹਾ, "ਪਰ ਇਸ ਦੇ ਬਾਵਜੂਦ, ਵਿਸ਼ਵ ਸਿਹਤ ਸੰਸਥਾ ਇਕ ਸੰਸਥਾ ਬਤੌਰ ਬਹੁਤ ਅਹਿਮ ਕੰਮ ਕਰ ਰਹੀ ਹੈ, ਇੱਥੇ ਪੈਸਿਫਿਕ ਵਿਚ ਵੀ ਅਤੇ ਅਸੀਂ ਉਸ ਨਾਲ ਕਾਫੀ ਨੇੜਲੇ ਸਹਿਯੋਗ ਤਹਿਤ ਕੰਮ ਕਰਦੇ ਹਾਂ।"

ਉਹਨਾਂ ਕਿਹਾ, "ਅਸੀਂ ਬੱਚੇ ਨੂੰ ਨਹਾਉਣ ਵਾਲੇ ਪਾਣੀ ਸਮੇਤ ਟੱਬ ਵਿਚੋਂ ਬਾਹਰ ਨਹੀਂ ਸੁੱਟ ਸਕਦੇ, ਪਰ ਉਹ ਆਪਣੇ ਫੈਂਸਲਿਆਂ ਕਰਕੇ ਨਿੰਦਾ ਤੋਂ ਵੀ ਮੁਕਤ ਨਹੀਂ ਹਨ।" 

ਬਰਤਾਨੀਆ ਦੀ ਖੂਫੀਆ ਅਜੇਂਸੀ ਐਮ16 ਦੇ ਸਾਬਕਾ ਮੁਖੀ ਜੋਹਨ ਸੇਵਰਸ ਨੇ ਕਿਹਾ ਕਿ ਚੀਨ ਨੇ ਬਿਮਾਰੀ ਬਾਰੇ ਅਹਿਮ ਜਾਣਕਾਰੀ ਦੁਨੀਆ ਤੋਂ ਲੁਕੋ ਕੇ ਰੱਖੀ ਜਿਸ ਕਰਕੇ ਵਿਸ਼ਵ ਸਿਹਤ ਸੰਸਥਾ ਨਾਲੋਂ ਚੀਨ ਨੂੰ ਦੋਸ਼ ਮੰਨਣਾ ਸਹੀ ਹੋਵੇਗਾ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।