ਪੰਜਾਬ ਵਿਚ ਨਕਲੀ ਦਾਰੂ ਦੇ ਦਰਿਆ ਵਗੇ ,ਸਤਲੁਜ ਤੇ ਬਿਆਸ ਦਰਿਆਵਾਂ ਦੇ ਕੰਢਿਆਂ ਨਾਲ ਲੱਗਦੇ ਕਈ ਜ਼ਿਲ੍ਹੇ ਤਸਕਰਾਂ ਦੇ ਅੱਡੇ   

ਪੰਜਾਬ ਵਿਚ ਨਕਲੀ ਦਾਰੂ ਦੇ ਦਰਿਆ ਵਗੇ ,ਸਤਲੁਜ ਤੇ ਬਿਆਸ ਦਰਿਆਵਾਂ ਦੇ ਕੰਢਿਆਂ ਨਾਲ ਲੱਗਦੇ ਕਈ ਜ਼ਿਲ੍ਹੇ ਤਸਕਰਾਂ ਦੇ ਅੱਡੇ   

*ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿਚ ਜਾਣਿਆ 

ਸੁਪਰੀਮ ਕੋਰਟ ਨੇ ਦੋ ਹਫਤੇ ਪਹਿਲਾਂ ਪੰਜਾਬ ’ਵਿਚ ਨਕਲੀ ਸ਼ਰਾਬ ਦੀ ਵਿਕਰੀ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ। ਕੋਰਟ ਨੇ ਕਿਹਾ ਸੀ ਕਿ ਜੇਕਰ ਨਕਲੀ ਸ਼ਰਾਬ ਦੀ ਵਿਕਰੀ ’ਤੇ ਰੋਕ ਨਾ ਲਗਾਈ ਗਈ ਤਾਂ ਨੌਜਵਾਨ ਖ਼ਤਮ ਹੋ ਜਾਣਗੇ। ਪਰ ਇਸ ਦੇ ਬਾਵਜੁਦ ਸਰਕਾਰ ਨਕਲੀ ਸ਼ਰਾਬ ਕਾਰੋਬਾਰੀਆਂ ਨੂੰ ਕਾਬੂ ਨਹੀਂ ਪਾ ਸਕੀ।

ਢਾਈ ਸਾਲ ਪਹਿਲਾਂ ਨਕਲੀ ਸ਼ਰਾਬ ਕਾਰਨ 131 ਮੌਤਾਂ ਹੋਣ ਦੇ ਬਾਵਜੂਦ ਪੰਜਾਬ ਵਿੱਚ ਨਕਲੀ ਸ਼ਰਾਬ ਦੀ ਵਿਕਰੀ ਆਮ ਹੈ। ਅੱਖਾਂ ਦੀ ਰੌਸ਼ਨੀ ਗੁਆ ਚੁੱਕੇ 15 ਲੋਕਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ।ਮੁਆਵਜ਼ੇ ਦੇ ਅਜਿਹੇ ਹੀ ਇੱਕ ਮਾਮਲੇ 'ਵਿਚ ਸੁਪਰੀਮ ਕੋਰਟ ਨੇ ਸੂਬੇ ਵਿਚ ਗੈਰ-ਕਾਨੂੰਨੀ ਸ਼ਰਾਬ ਨੂੰ ਲੈ ਕੇ ਮੌਜੂਦਾ ਸਥਿਤੀ 'ਤੇ ਸਖ਼ਤ ਟਿੱਪਣੀ ਕੀਤੀ ਸੀ। ਅਦਾਲਤ ਨੇ ਕਿਹਾ ਹੈ ਕਿ ਹਰ ਇਲਾਕੇ ਵਿੱਚ ਸ਼ਰਾਬ ਦੀਆਂ ਭੱਠੀਆਂ ਚੱਲ ਰਹੀਆਂ ਹਨ। ਇਸ ਨੂੰ ਰੋਕਣ ਲਈ ਕੀ ਕੀਤਾ ਗਿਆ ਸੀ? ਕਿੰਨੇ ਕੇਸ ਚੱਲੇ, ਕਿੰਨੇ ਗ੍ਰਿਫਤਾਰ ਹੋਏ। ਨਕਲੀ ਜਾਂ ਘਟੀਆ ਸ਼ਰਾਬ ਪੀਕੇ ਮਰਨ ਵਾਲ਼ਿਆਂ ‘ਚ ਯੂਪੀ ਮਗਰੋਂ ਦੂਜਾ ਨੰਬਰ ਪੰਜਾਬ ਦਾ ਹੀ ਆਉਂਦਾ ਹੈ । ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਸਮੇਤ 15 ਜ਼ਿਲ੍ਹਿਆਂ ਵਿੱਚ ਨਾਜਾਇਜ਼ ਸ਼ਰਾਬ ਸਬੰਧੀ ਜ਼ਮੀਨੀ ਹਕੀਕਤ ਜਾਣਨ ’ਤੇ ਪਤਾ ਲੱਗਾ ਕਿ ਤਰਨਤਾਰਨ ਕੇਸ ਦਾ ਮਾਸਟਰ ਮਾਈਂਡ ਰਸ਼ਪਾਲ ਸਿੰਘ 18 ਕੇਸ ਦਰਜ ਹੋਣ ਦੇ ਬਾਵਜੂਦ ਜ਼ਮਾਨਤ ’ਤੇ ਰਿਹਾਅ ਹੋ ਚੁਕਾ ਹੈ। ਮੁਅੱਤਲ ਕੀਤੇ 2 ਡੀਐਸਪੀ, 4 ਐਸਐਚਓ ਅਤੇ 7 ਐਕਸਾਈਜ਼ ਮੁਲਾਜ਼ਮਾਂ ਨੂੰ ਕੁਝ ਮਹੀਨਿਆਂ ਬਾਅਦ ਹੀ ਬਹਾਲ ਕਰ ਦਿੱਤਾ ਗਿਆ ।ਕਈ ਪੀੜਤਾਂ ਨੂੰ 5 ਰੁਪਏ ਦੀ ਬਜਾਏ ਸਿਰਫ਼ 2 ਲੱਖ ਰੁਪਏ ਮਿਲੇ ਹਨ। 15 ਜ਼ਿਲ੍ਹਿਆਂ ਵਿੱਚ 2016 ਵਿੱਚ ਕਾਰਵਾਈ ਦੇ ਨਾਂ ’ਤੇ ਅਪਰੈਲ ਤੋਂ ਨਵੰਬਰ ਤੱਕ ਕੇਸ ਦਰਜ ਕੀਤੇ ਗਏ। 1998 ਗ੍ਰਿਫਤਾਰੀਆਂ ਹੋਈਆਂ। 126040 ਲੀਟਰ ਸ਼ਰਾਬ ਜ਼ਬਤ ਕੀਤੀ ਗਈ ਅਤੇ 115 ਭੱਠੀਆਂ ਨਸ਼ਟ ਕੀਤੀਆਂ ਗਈਆਂ।

ਨਕਲੀ ਸ਼ਰਾਬ ਕਾਰੋਬਾਰੀਆਂ ਦਾ ਨੈਟਵਰਕ ਤੋੜਨ ਦੀ ਕਾਰਵਾਈ ਦੇ ਨਾਂ 'ਤੇ 8 ਮਹੀਨਿਆਂ ਵਿਚ 15 ਜ਼ਿਲ੍ਹਿਆਂ 'ਵਿਚ 2016 ਮਾਮਲੇ ਸਾਹਮਣੇ ਆਏ।1998 ਵਿਚ ਨਕਲੀ ਸ਼ਰਾਬ ਕਾਂਡ ਦਾ ਮਾਸਟਰਮਾਈਂਡ ਗ੍ਰਿਫਤਾਰ ਹੋਇਆ ਪਰ ਜਲਦੀ ਰਿਹਾਅ ਹੋ ਗਿਆ। ਸਤਲੁਜ ਤੇ ਬਿਆਸ ਦਰਿਆਵਾਂ ਦੇ ਕੰਢਿਆਂ ਨਾਲ ਲੱਗਦੇ ਕਈ ਜ਼ਿਲ੍ਹੇ ਤਸਕਰਾਂ ਦੇ ਅੱਡੇ ਬਣ ਗਏ ਹਨ , ਕਾਰੋਬਾਰ ਬੇਰੋਕ ਜਾਰੀ ਹੈ।ਸ਼ਰਾਬ ਮਾਫੀਆ ਦਸੂਹਾ ਵਿਚ ਪੈਂਦੇ ਕਠਾਣਾ ਦੇ ਜੰਗਲ ਵਿਚ ਨਜਾਇਜ਼ ਸ਼ਰਾਬ ਬਣਾਉਣ ਵਿਚ ਦਿਨ-ਰਾਤ ਲੱਗਾ ਹੋਇਆ ਹੈ ਪਰ ਅੱਜ ਤੱਕ ਐਕਸਾਈਜ਼ ਵਿਭਾਗ ਅਤੇ ਪੁਲਸ ਇਨ੍ਹਾਂ ਸ਼ਰਾਬ ਕਾਰੋਬਾਰੀਆਂ ਤੱਕ ਨਹੀਂ ਪਹੁੰਚ ਸਕੀ। ਕਰੀਬ 200 ਤੋਂ 300 ਏਕੜ ਵਿੱਚ ਇਹ ਜੰਗਲ ਬਿਆਸ ਦਰਿਆ ਦੇ ਵਿਚਕਾਰ ਇੱਕ ਟਾਪੂ ਦੀ ਸ਼ਕਲ ਵਿੱਚ ਫੈਲਿਆ ਹੋਇਆ ਹੈ। ਦਸੂਹਾ ਆਬਕਾਰੀ ਵਿਭਾਗ ਅਤੇ ਗੁਰਦਾਸਪੁਰ ਪੁਲੀਸ ਦੀ ਸਾਂਝੀ ਟੀਮ ਜਦੋਂ ਇਲਾਕੇ ਵਿੱਚ ਛਾਪੇਮਾਰੀ ਕਰਦੀ ਹੈ ਤਾਂ ਉਨ੍ਹਾਂ ਦੇ ਹੱਥ ਕੁਝ ਨਹੀਂ ਲੱਗਦਾ। ਜੰਗਲ ਵਿਚ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ।ਆਬਕਾਰੀ ਵਿਭਾਗ ਦੀ ਲਾਈਟ ਇੰਸਪੈਕਟਰ ਮਨਜੀਤ ਕੌਰ ਨੇ ਦੱਸਿਆ ਕਿ ਸ਼ਰਾਬ ਮਾਫੀਆ ਵੱਲੋਂ ਸਥਾਪਿਤ ਭੱਠੀਆਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਪਿੰਡ ਬੇਗਪੁਰ, ਭੀਖੋਵਾਲ, ਟੇਰਕੀਆਣਾ ਸ਼ਰਾਬ ਮਾਫੀਆ ਦੇ ਕੇਂਦਰ ਬਣੇ ਹੋਏ ਹਨ। ਕਰੀਬ 80 ਮਾਫੀਆ ਖਿਲਾਫ ਕੇਸ ਦਰਜ ਹਨ।

ਫ਼ਿਰੋਜ਼ਪੁਰ

ਸਤਲੁਜ ਦਰਿਆ ਦਾ ਇਲਾਕਾ ਸਾਲਾਂ ਤੋਂ ਕੱਚੀ ਸ਼ਰਾਬ ਤਿਆਰ ਕਰਨ ਵਾਲਿਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ। ਕਿਉਂਕਿ ਦਰਿਆ ਦੀ ਜ਼ਮੀਨ 'ਚੋਂ ਲਾਹਨ ਮਿਲਣ 'ਤੇ ਪੁਲਿਸ ਕਿਸੇ ਨੂੰ ਨਾਮਜ਼ਦ ਨਹੀਂ ਕਰ ਸਕੀ। ਨਜਾਇਜ਼ ਸ਼ਰਾਬ ਕਾਰੋਬਾਰੀਆਂ ਨੂੰ ਸਜ਼ਾ ਨਾ ਹੋਣ ਕਾਰਨ ਲੋਕ ਡਰਦੇ ਨਹੀਂ ਹਨ।ਦਰਿਆ ਦੇ ਆਲੇ-ਦੁਆਲੇ 15 ਤੋਂ ਵੱਧ ਅਜਿਹੇ ਪਿੰਡ ਹਨ ਜਿੱਥੋਂ ਹੋਰ ਖੇਤਰਾਂ ਨੂੰ ਵੀ ਸਪਲਾਈ ਕੀਤੀ ਜਾਂਦੀ ਹੈ। ਜ਼ਿਲ੍ਹੇ ਵਿੱਚ 411 ਕੇਸ ਦਰਜ ਕਰਕੇ 532 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁਕਿਆ ਹੈ। ਡੇਢ ਦਰਜਨ ਤੋਂ ਵੱਧ ਪਿੰਡ ਅਜਿਹੇ ਹਨ ਜਿੱਥੇ ਇੱਕ ਬੋਤਲ 100 ਤੋਂ 120 ਰੁਪਏ ਵਿੱਚ ਮਿਲਦੀ ਹੈ। ਲੋਕਾਂ ਕੋਲ ਰੁਜ਼ਗਾਰ ਨਾ ਹੋਣ ਦੇ ਬਾਵਜੂਦ ਇਸ ਨੂੰ ਰੋਕਿਆ ਨਹੀਂ ਜਾ ਰਿਹਾ। ਸ਼ਰਾਬ ਦੇ ਠੇਕੇਦਾਰ ਨੀਰਜ ਕੁਮਾਰ ਨੇ ਦੱਸਿਆ ਕਿ ਅਸੀਂ ਵਿਭਾਗ ਅਤੇ ਪੁਲਸ ਟੀਮ ਨਾਲ ਛਾਪੇਮਾਰੀ ਕਰਦੇ ਹਾਂ ਪਰ ਕਾਨੂੰਨ ਦੀ ਸਖਤੀ ਨਾ ਹੋਣ ਕਾਰਨ ਲੋਕ ਮਾਮੂਲੀ ਜੁਰਮਾਨੇ ਦੇ ਕੇ ਫ਼ਰਾਰ ਹੋ ਜਾਂਦੇ ਹਨ।

ਫਾਜ਼ਿਲਕਾ

ਪਿੰਡ ਮਹਾਲਮ ਵਿੱਚ ਨਸ਼ਾ ਤਸਕਰੀ ਨੂੰ ਰੋਕਣਾ ਇੱਕ ਵੱਡੀ ਚੁਣੌਤੀ ਹੈ। ਪਿੰਡ ਵਿੱਚ 20 ਸਾਲਾਂ ਤੋਂ ਨਸ਼ਿਆਂ ਦਾ ਨਾਜਾਇਜ਼ ਧੰਦਾ ਚੱਲ ਰਿਹਾ ਹੈ। ਪੁਲਿਸ ਅਤੇ ਆਬਕਾਰੀ ਵਿਭਾਗ ਵੱਲੋਂ ਪਿੰਡ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪਿੰਡ ਵਿੱਚ ਘਰਾਂ, ਖੇਤਾਂ ਆਦਿ ਵਿੱਚ ਭੱਠੀਆਂ ’ਤੇ ਤਿਆਰ ਕੀਤੀ ਨਾਜਾਇਜ਼ ਸ਼ਰਾਬ ਨੂੰ ਨਸ਼ਟ ਕੀਤਾ ਗਿਆ ਹੈ 1500 ਦੀ ਆਬਾਦੀ ਵਾਲੇ ਇਸ ਪਿੰਡ ਵਿੱਚ ਬਹੁਤੇ ਪਰਿਵਾਰਾਂ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਹਨ।ਜਲਾਲਾਬਾਦ ਪੁਲੀਸ ਅਨੁਸਾਰ ਸਾਲ 2022 ਵਿੱਚ 47 ਸ਼ਰਾਬ ਦੇ ਕੇਸ ਦਰਜ ਹੋਏ ਹਨ। ਇਨ੍ਹਾਂ ਸਮੱਗਲਰਾਂ ਪਾਸੋਂ 1506 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਚੱਲ ਰਹੀਆਂ ਭੱਠੀਆਂ ਅਤੇ ਲਾਹਣ ਬਰਾਮਦ ਕੀਤੀਆਂ ਗਈਆਂ ਹਨ। ਇਸ ਪਾਸੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਹੰਭਲਾ ਮਾਰਨ ਦੀ ਲੋੜ ਹੈ ਕਿਉਂਕਿ ਸ਼ਰਾਬ ਵੀ ਹਰ ਰੋਜ਼ ਘਰਾਂ ਦੇ ਘਰ ਉਜਾੜ ਰਹੀ ਹੈ, ਬੱਚੇ ਯਤੀਮ ਹੋ ਰਹੇ ਹਨ ਔਰਤਾਂ ਵਿਧਵਾਵਾਂ ਹੋ ਰਹੀਆਂ ਹਨ ਤੇ ਸ਼ਰਾਬ ਕਾਰਨ ਬਹੁਤ ਲੋਕ ਸਰੀਰਕ ਤੌਰ ‘ਤੇ ਨਕਾਰਾ ਹੋ ਰਹੇ ਹਨ।ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਡਿਸਟੀਲਰੀ ਵਿਚ ਤਿਆਰ ਕੀਤੀ ਗਈ ਸ਼ਰਾਬ, ਮਨੁੱਖੀ ਜੀਵਨ ਲਈ ਨੁਕਸਾਨਦੇਹ ਹੈ ਤਾਂ ਨਕਲੀ ਦਾਰੂ ਕਿੰਨੀ ਮਾਰੂ (ਘਾਤਕ) ਹੋਵੇਗੀ? ਜੀਹਦੀ ਕੋਈ ਡਿਗਰੀ ਨਹੀਂ। ਕੋਈ ਮਾਪਦੰਡ ਨਹੀਂ। ਕੋਈ ਨਿਗਰਾਨ ਨਹੀਂ।         

      ਮਿਥਾਇਲ ਅਲਕੋਹਲ ਜ਼ਹਿਰੀਲੀ ਸ਼ਰਾਬ ਨਾਲ ਹੁੰਦੀਆਂ ਨੇ ਮੌਤਾਂ

ਸ਼ਰਾਬ ਨੂੰ ਹੋਰ ਨਸ਼ੀਲਾ ਬਣਾਉਣ ਲਈ ਇਸ ਵਿੱਚ ਆਕਸੀਟੋਸਿਨ ਮਿਲਾਇਆ ਜਾਂਦਾ ਹੈ, ਜੋ ਮੌਤ ਦਾ ਕਾਰਨ ਬਣਦਾ ਹੈ।ਹਾਲ ਹੀ ਦੇ ਸਾਲਾਂ ਵਿੱਚ, ਆਕਸੀਟੋਸਿਨ ਬਾਰੇ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਆਕਸੀਟੋਸਿਨ ਨਪੁੰਸਕਤਾ ਅਤੇ ਦਿਮਾਗ਼ੀ ਪ੍ਰਣਾਲੀ ਨਾਲ ਸਬੰਧਤ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।ਇਸ ਨੂੰ ਖਾਣ ਨਾਲ ਅੱਖਾਂ ਵਿੱਚ ਜਲਨ, ਖੁਜਲੀ, ਪੇਟ ਵਿੱਚ ਜਲਣ ਹੋ ਸਕਦੀ ਹੈ ਅਤੇ ਲੰਬੇ ਸਮੇਂ ਤੱਕ ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਖ਼ਤਮ ਹੋ ਸਕਦੀ ਹੈ।ਕੱਚੀ ਸ਼ਰਾਬ ਵਿੱਚ ਯੂਰੀਆ ਅਤੇ ਆਕਸੀਟੋਸਿਨ ਵਰਗੇ ਰਸਾਇਣਾਂ ਦੇ ਮਿਲਾਨ ਕਾਰਨ ਮਿਥਾਇਲ ਅਲਕੋਹਲ ਬਣ ਜਾਂਦੀ ਹੈ, ਜੋ ਲੋਕਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ।ਵਿਗਿਆਨੀਆਂ ਅਨੁਸਾਰ ਮਿਥਾਇਲ ਸਰੀਰ ਵਿੱਚ ਦਾਖ਼ਲ ਹੁੰਦੇ ਹੀ ਰਸਾਇਣਕ ਕਿਰਿਆ ਤੇਜ਼ ਹੋ ਜਾਂਦੀ ਹੈ। ਇਸ ਕਾਰਨ ਸਰੀਰ ਦੇ ਅੰਦਰੂਨੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਤੁਰੰਤ ਮੌਤ ਹੋ ਜਾਂਦੀ ਹੈ।ਕੁਝ ਲੋਕਾਂ ਦੇ ਸਰੀਰ ਵਿੱਚ, ਇਹ ਰਸਾਇਣਕ ਪ੍ਰਕਿਰਿਆ ਹੌਲੀ-ਹੌਲੀ ਹੁੰਦੀ ਹੈ, ਇਸ ਲਈ ਉਹ ਬਚ ਜਾਂਦੇ ਹਨ।