ਪੰਜਾਬ ਦੀਆਂ 7 ਜੇਲ੍ਹਾਂ ਵਿੱਚ ਅਦਾਲਤਾਂ ਸਥਾਪਿਤ ਕਰਨ ਦੀ ਤਿਆਰੀ

ਪੰਜਾਬ ਦੀਆਂ 7 ਜੇਲ੍ਹਾਂ ਵਿੱਚ ਅਦਾਲਤਾਂ ਸਥਾਪਿਤ ਕਰਨ ਦੀ ਤਿਆਰੀ

ਫਿਰੋਜ਼ਪੁਰ: ਪੰਜਾਬ ਸਰਕਾਰ ਨੇ ਪੰਜਾਬ ਦੀ 7 ਅਤਿ ਸੁਰੱਖਿਅਤ ਜੇਲ੍ਹਾਂ ਵਿੱਚ ਅਦਾਲਤਾਂ ਸਥਾਪਿਤ ਕਰਨ ਦਾ ਫੈਂਸਲਾ ਕੀਤਾ ਹੈ। ਇਹ ਫੈਂਸਲਾ ਇਸ ਅਧਾਰ 'ਤੇ ਕੀਤਾ ਗਿਆ ਹੈ ਤਾਂ ਕਿ ਖਤਰਨਾਕ ਮੰਨੇ ਜਾਂਦੇ ਦੋਸ਼ੀਆਂ ਨੂੰ ਅਦਾਲਤਾਂ ਵਿੱਚ ਬਾਹਰ ਨਾ ਲੈ ਕੇ ਜਾਣਾ ਪਵੇ ਜਿੱਥੋਂ ਰਾਹ ਵਿੱਚ ਉਹ ਫਰਾਰ ਹੋ ਸਕਦੇ ਹਨ।

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਢਲੇ ਦੌਰ ਵਿੱਚ ਇਹ ਅਦਾਲਤਾਂ ਹਫਤੇ ਵਿੱਚ ਇੱਕ ਦਿਨ ਕੰਮ ਕਰਿਆ ਕਰਨਗੀਆਂ। 

ਉਹਨਾਂ ਦੱਸਿਆ ਕਿ ਪਟਿਆਲਾ, ਕਪੂਰਥਲਾ, ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਸੰਗਰੂਰ ਅਤੇ ਨਾਭਾ ਜੇਲ੍ਹ ਵਿੱਚ ਅਦਾਲਤਾਂ ਸਥਾਪਿਤ ਕੀਤੀਆਂ ਜਾਣਗੀਆਂ।

ਉਹਨਾਂ ਕਿਹਾ ਕਿ ਜੇਲ੍ਹਾਂ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਪੁਖਤਾ ਕਰਨ ਲਈ ਅੱਥਰੂ ਗੈਸ ਦੇ ਗੋਲੇ ਅਤੇ ਰੱਬੜ ਦੀਆਂ ਗੋਲੀਆਂ, ਸੈਲਫ ਲੋਡਿੰਗ ਰਾਈਫਲਾਂ ਸਮੇਤ ਹੋਰ ਸਾਜ਼ੋ ਸਮਾਨ ਖਰੀਦਿਆ ਜਾ ਰਿਹਾ ਹੈ ਜਿਸ ਲਈ 5 ਕਰੋੜ ਰੁਪਏ ਖਰਚੇ ਜਾਣਗੇ।

ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿੱਚ 1500 ਮੁਲਾਜ਼ਮਾਂ ਦੀ ਘਾਟ ਸੀ ਜਿਸ ਵਿੱਚੋਂ 750 ਮੁਲਾਜ਼ਮਾਂ ਦੀ ਭਰਤੀ ਕਰ ਲਈ ਗਈ ਹੈ। ਹੋਰ 450 ਮੁਲਾਜ਼ਮਾਂ ਦੀ ਭਰਤੀ ਲਈ ਸਰਕਾਰ ਨੂੰ ਸੁਝਾਅ ਮਿਲ ਗਿਆ ਹੈ।

ਇਸ ਤੋਂ ਇਲਾਵਾ ਭਾਰਤੀ ਸੁਰੱਖਿਆ ਬਲਾਂ ਦੀਆਂ ਤਿੰਨ ਟੁਕੜੀਆਂ ਛੇਤੀ ਹੀ ਜੇਲ੍ਹਾਂ ਵਿੱਚ ਤੈਨਾਤ ਕੀਤੀਆਂ ਜਾ ਰਹੀਆਂ ਹਨ। 

ਉਹਨਾਂ ਦੱਸਿਆ ਕਿ ਜੇਲ੍ਹ ਦੀ ਹਰ ਬੈਰਕ ਦੇ ਬਾਹਰ ਫੋਨ ਲਾਉਣ ਲਈ ਬੀਐੱਸਐੱਨਐੱਲ ਕੰਪਨੀ ਨਾਲ ਸਮਝੌਤਾ ਹੋਇਆ ਹੈ, ਜਿਸ ਤੋਂ ਬਾਅਦ ਹਰ ਕੈਦੀ ਪ੍ਰਤੀ ਦਿਨ ਕਿਸੇ ਵੀ ਦੋ ਨੰਬਰਾਂ 'ਤੇ 8 ਮਿਨਟ ਲਈ ਗੱਲ ਕਰ ਸਕੇਗਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ