ਕਨੈਕਟੀਕਟ ਦੇ ਰਾਜਪਾਲ ਨੇ ਸਿੱਖ ਨਸਲਕੁਸ਼ੀ ਦਿਹਾੜੇ ਮੌਕੇ ਕਤਲ ਹੋਏ ਸਿੱਖਾਂ ਨੂੰ ਯਾਦ ਕੀਤਾ

ਕਨੈਕਟੀਕਟ ਦੇ ਰਾਜਪਾਲ ਨੇ ਸਿੱਖ ਨਸਲਕੁਸ਼ੀ ਦਿਹਾੜੇ ਮੌਕੇ ਕਤਲ ਹੋਏ ਸਿੱਖਾਂ ਨੂੰ ਯਾਦ ਕੀਤਾ

ਵਰਲਡ ਸਿੱਖ ਪਾਰਲੀਮੈਂਟ ਨੇ ਕਨੈਕਟੀਕਟ ਦੀ ਸਟੇਟ ਕੈਪੀਟਲ 'ਚ ਸਿੱਖ ਨਸਲਕੁਸ਼ੀ ਦੀ 36ਵੀਂ ਵਰ੍ਹੇਗੰਢ ਮਨਾਈ

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ): ਹਾਰਟਫੋਰਡ, ਕਨੈਕਟੀਕਟ ਵਿੱਚ ਇਸ ਸਾਲ ਸਿੱਖ ਨਸਲਕੁਸ਼ੀ ਦੀ 36ਵੀਂ ਵਰ੍ਹੇਗੰਢ ਮਨਾਈ ਗਈ। ਨਵੰਬਰ 1984 ਵਿੱਚ ਭਾਰਤ ਸਰਕਾਰ ਦੀ ਸ਼ਹਿ 'ਤੇ ਨਸਲਕੁਸ਼ੀ ਮੁਹਿੰਮ ਵਿੱਚ 30,000 ਤੋਂ ਵੱਧ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕੋਹ-ਕੋਹ ਕੇ ਮਾਰਿਆ ਗਿਆ, ਉਨ੍ਹਾਂ ਦੇ ਕਾਰੋਬਾਰ ਤਬਾਹ ਕੀਤੇ ਗਏ। ਇਹ ਸਭ ਦਿੱਲੀ ਅਤੇ ਇਸ ਦੇ ਨੇੜਲੇ ਸ਼ਹਿਰਾਂ ਅਤੇ ਸੂਬਿਆਂ ਵਿਚ ਉਦੋਂ ਵਾਪਰਿਆ ਜਦੋਂ ਦੋ ਸਿੱਖ ਅੰਗ ਰੱਖਿਅਕਾਂ ਨੇ ਜੂਨ 1984 'ਚ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀ ਜ਼ਿੰਮੇਵਾਰ, ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਤਲ ਕਰ ਦਿੱਤਾ ਸੀ। 

ਵਰਲਡ ਸਿੱਖ ਪਾਰਲੀਮੈਂਟ ਨੇ ਕਨੈਟੀਕਟ ਦੇ ਸਿੱਖ ਭਾਈਚਾਰੇ ਨਾਲ ਮਿਲ ਕੇ ਭਾਰਤ ਦੁਆਰਾ 1984 ਸਿੱਖ ਨਸਲਕੁਸ਼ੀ ਦੀ 36ਵੀਂ ਵਰ੍ਹੇਗੰਢ ਦਾ ਯਾਦ ਸਮਾਰੋਹ ਕਨੈਟੀਕਟ ਦੀ ਸਟੇਟ ਕੈਪੀਟਲ ਵਿੱਚ ਇੱਕ ੱਯਾਦ ਦਿਵਸੱ ਵਜੋਂ ਮਨਾਇਆ। ਇੱਥੇ ਦੱਸ ਦਈਏ ਕਿ ਸੂਬੇ ਦੇ ਸੈਨੇਟਰ ਕੈਥੀ ਓਸਟਨ ਅਤੇ ਸਟੇਟ ਰੀਪਰਜ਼ੈਂਟੇਟਿਵ ਕੇਵਿਨ ਰਿਆਨ ਦੁਆਰਾ ਹਰ ਸਾਲ, 1 ਨਵੰਬਰ ਨੂੰ, ਸਿੱਖ ਨਸਲਕੁਸ਼ੀ ਯਾਦਗਾਰੀ ਦਿਵਸ ਵਜੋਂ ਮਨਾਏ ਜਾਣ ਸਬੰਧੀ 2018 'ਚ ਬਿਲ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਰਾਜਪਾਲ ਡੈਨ ਮਲੋਏ ਦੁਆਰਾ ਇਸ ਉੱਪਰ ਹਸਤਾਖਰ ਕੀਤੇ ਗਏ ਸਨ। 

ਕਨੈਕਟੀਕਟ ਦੇ ਲੈਫਟੀਨੈਂਟ ਗਵਰਨਰ ਸੁਜ਼ਨ ਬਿਸੀਵਿਚ ਨੇ ਇਸ ਦਿਨ ਗਵਰਨਰ ਨੇਡ ਲਾਮੋਂਟ ਦੇ ਐਲਾਨ ਨੂੰ ਪੜ੍ਹਿਆ ਅਤੇ ਸਿੱਖ ਕੌਮ ਨਾਲ ਹਮਦਰਦੀ ਦਿਖਾਈ। ਸਟੇਟ ਸੈਨੇਟਰ ਕੈਥੀ ਓਸਟਨ, ਸੂਬੇ ਦੇ ਪ੍ਰਤੀਨਿਧੀ ਕੇਵਿਨ ਰਿਆਨ ਨੇ ਆਪਣੀ ਟਿੱਪਣੀ ਪ੍ਰਗਟਾਈ ਅਤੇ ਕਨੈਕਟੀਕਟ ਜਨਰਲ ਅਸੈਂਬਲੀ ਦੇ ਇੱਕ ਹਵਾਲੇ ਨੂੰ ਪੜ੍ਹਦਿਆਂ, ਭਾਰਤ ਸਰਕਾਰ ਦੁਆਰਾ ਕੀਤੀ 1984 ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿੱਤੀ ਅਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਅਮਰੀਕਾ ਵਿਚ ਕੋਵਿਡ-19 ਦੌਰਾਨ ਆਪਣੇ ਭਾਈਵਾਲਾਂ ਦੇ ਨਾਲ ਮਨੁੱਖਤਾਵਾਦੀ ਕੰਮਾਂ ਲਈ ਮਾਨਤਾ ਦਿੱਤੀ ਗਈ ਸੀ। 

ਸੈਨੇਟਰ ਓਸਟਨ ਨੇ ਜ਼ੋਰ ਦੇ ਕੇ ਕਿਹਾ, ਨਸਲਕੁਸ਼ੀ ਕਰਨ ਵਾਲੇ ਰਾਸ਼ਟਰਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ। ਸਿੱਖਾਂ ਨੂੰ ਹਰ ਸਾਲ ਅਜਿਹੇ ਦਿਨ ਮਨਾਉਣੇ ਚਾਹੀਦੇ ਹਨ। ਨੌਰਵਿਚ ਦੇ ਮੇਅਰ ਪੀਟਰ ਨਾਈਸਟ੍ਰੋਮ ਨੇ ਆਪਣੀ ਟਿੱਪਣੀ 1984 ਵਿੱਚ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੰਦਿਆਂ ਦਿੱਤੀ।