ਖੇਤੀਬਾੜੀ ਕਨੂੰਨ : ਵਿਰੋਧ ਦੇ ਤਰੀਕੇ 'ਚ ਬਦਲਾਅ, ਪ੍ਰਾਪਤੀਆਂ ਅਤੇ ਅਗਲੀ ਜਿੰਮੇਵਾਰੀ

ਖੇਤੀਬਾੜੀ ਕਨੂੰਨ : ਵਿਰੋਧ ਦੇ ਤਰੀਕੇ 'ਚ ਬਦਲਾਅ, ਪ੍ਰਾਪਤੀਆਂ ਅਤੇ ਅਗਲੀ ਜਿੰਮੇਵਾਰੀ

ਮਲਕੀਤ ਸਿੰਘ ਭਵਾਨੀਗੜ੍ਹ 

ਪੰਜਾਬ ਵਿੱਚ ਦਿੱਲੀ ਦੇ ਨਵੇਂ ਖੇਤੀਬਾੜੀ ਕਨੂੰਨਾਂ ਨੂੰ ਲੈ ਕੇ ਲਗਾਤਾਰ ਚੱਲ ਰਹੇ ਸੰਘਰਸ਼ ਵਿੱਚ ਵੱਖ ਵੱਖ ਥਾਂਵਾਂ ਤੇ ਵੱਖ ਵੱਖ ਤਰੀਕਿਆਂ ਨਾਲ ਵਿਰੋਧ ਹੋ ਰਿਹਾ ਹੈ। ਕਿਤੇ ਮੰਗ ਕੁਝ ਰਿਆਇਤਾਂ ਨੂੰ ਲੈ ਕੇ ਹੈ ਅਤੇ ਕਿਤੇ ਇਸ ਤੋਂ ਅੱਗੇ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਹੋ ਰਹੀ ਹੈ। ਇਹ ਗੱਲ ਵੀ ਲਗਾਤਾਰ ਕੀਤੀ ਜਾ ਰਹੀ ਹੈ ਕਿ ਇਹ ਸਿਰਫ ਘੱਟੋ-ਘੱਟ ਸਮਰਥਨ ਮੁੱਲ (MSP) ਜਾਂ ਕੁਝ ਰਿਆਇਤਾਂ ਦਾ ਮਸਲਾ ਨਹੀਂ ਹੈ ਬਲਕਿ ਇਹ ਪੰਜਾਬ ਦੀ ਹੋਂਦ ਲਈ ਖਤਰਾ ਹੈ ਜਿਸ ਦਾ ਸਮਾਜਿਕ ਅਤੇ ਰਾਜਨੀਤਕ ਦੋਵਾਂ ਪੱਧਰਾਂ ਉੱਤੇ ਟਾਕਰਾ ਕਰਨ ਦੀ ਲੋੜ ਹੈ। ਵੱਡੀ ਗਿਣਤੀ ਵਿਚ ਨੌਜਵਾਨ ਅਤੇ ਪੰਜਾਬ ਪ੍ਰਤੀ ਦਰਦ ਰੱਖਣ ਵਾਲੇ ਵੱਖ ਵੱਖ ਖੇਤਰਾਂ ਦੇ ਮਾਹਿਰ ਧਰਨਿਆਂ ਵਿਚ ਆਪਣੀ ਸ਼ਮੂਲੀਅਤ ਕਰ ਰਹੇ ਹਨ ਅਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਭਾਵੇਂ ਦਿੱਲੀ ਤਖਤ ਵੱਲੋਂ ਆਪਣੇ ਸੁਭਾਅ ਮੁਤਾਬਿਕ ਸੱਤਾ ਦੇ ਹੰਕਾਰ ਵਿੱਚ ਇਹ ਸਾਰੇ ਸੰਘਰਸ਼ ਨੂੰ ਅੱਖੋਂ ਓਹਲੇ ਕਰ ਕੇ ਕਹਿ ਦਿੱਤਾ ਗਿਆ ਹੈ ਕਿ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਭੋਰਾ ਵੀ ਪਿੱਛੇ ਨਹੀਂ ਹਟਿਆ ਜਾਵੇਗਾ ਅਤੇ ਨਾ ਹੀ ਇਨ੍ਹਾਂ ਵਿੱਚ ਕੋਈ ਮਾਮੂਲੀ ਰਿਆਇਤ ਹੀ ਕੀਤੀ ਜਾਵੇਗੀ ਪਰ ਇਸ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਸੰਘਰਸ਼ ਜਾਰੀ ਰੱਖਿਆ ਹੋਇਆ ਹੈ ਅਤੇ ਜੇਕਰ ਹੁਣ ਤੱਕ ਦੇ ਸੰਘਰਸ਼ ਨੂੰ ਵੇਖਿਆ ਜਾਵੇ ਤਾਂ ਪਿਛਲੀ ਕਾਫੀ ਲੰਮੀ ਕਸਰਤ ਦੇ ਮੁਕਾਬਲੇ ਇਸ ਵਾਰ ਵਿਰੋਧ ਕਰਨ ਦੇ ਤਰੀਕੇ ਚ ਕੁਝ ਬਦਲਾਅ ਨਜ਼ਰ ਆਉਂਦੇ ਹਨ ਜਿਸ ਕਾਰਨ ਕੁਝ ਪ੍ਰਾਪਤੀਆਂ ਵੀ ਹੋਈਆਂ ਹਨ। 

ਵਿਰੋਧ ਦੇ ਤਰੀਕੇ ਚ ਬਦਲਾਅ :

ਆਪਾਂ ਜਾਣਦੇ ਹਾਂ ਕਿ ਪੰਜਾਬ ਵਿੱਚ ਕਿਸੇ ਵੇਲੇ ਮਾੜੇ ਪ੍ਰਬੰਧਾਂ ਦੇ ਵਿਰੋਧ ‘ਚ ਖੜ੍ਹਨ ਵਾਲੇ ਜਾਂ ਫੈਸਲਾ ਦਰੁੱਸਤ ਕਰਵਾਉਂਦੇ ਸਨ ਜਾਂ ਫਿਰ ਆਪਣੇ ਆਪ ਨੂੰ ਸੰਘਰਸ਼ ਦੇ ਲੇਖੇ ਲਾ ਦਿੰਦੇ ਸਨ ਪਰ ਹੌਲੀ ਹੌਲੀ ਪ੍ਰਬੰਧਕਾਂ/ਜਿੰਮੇਵਾਰਾਂ ਤੋਂ ਸਿਰਫ ਭਰੋਸਾ ਦੇਣ ਤੇ ਹੀ ਵਿਰੋਧ ਦਾ ਬਦਲਦਾ-ਵਿਗੜਦਾ ਹੋਇਆ ਰੂਪ ਆਪਣਾ ਦਮ ਤੋੜਨ ਲੱਗ ਪਿਆ ਸੀ। ਨਵੇਂ ਖੇਤੀਬਾੜੀ ਕਨੂੰਨਾਂ ਦੇ ਇਸ ਸੰਘਰਸ਼ ਵਿਚ ਇਹ ਬਹੁਤ ਅਹਿਮ ਮੋੜਾ ਆਇਆ ਕਿ ਮੁੜ ਤੋਂ ਸੰਘਰਸ਼ ਕੁਝ ਰਿਆਇਤਾਂ ਦੀ ਥਾਂ ਆਪਣੀ ਹੋਂਦ ਕਾਇਮ ਰੱਖਣ ਤੱਕ ਚਲਾ ਗਿਆ। ਬਿਲ ਰੱਦ ਜਾ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਥਾਂ ਆਪਣੀਆਂ ਫਸਲਾਂ ਸਬੰਧੀ ਫੈਸਲੇ ਪੰਜਾਬ ਨੂੰ ਲੈਣ ਦੀ ਗੱਲ ਤੁਰੀ। ਜੋ ਤੁਰਦੀ ਤੁਰਦੀ ਪੰਜਾਬ ਕੇਂਦਰਿਤ ਖੇਤੀਬਾੜੀ ਢਾਂਚੇ ਨੂੰ ਬਣਾਉਣ ਅਤੇ ਲਾਗੂ ਕਰਵਾਉਣ ਦੀ ਗੱਲ ਤੱਕ ਚਲੀ ਗਈ ਹੈ, ਭਾਵੇਂ ਇਹ ਗੱਲ ਸਾਰੇ ਧਰਨੇ/ਮੋਰਚਿਆਂ ‘ਚੋਂ ਨਹੀਂ ਹੋ ਰਹੀ ਪਰ ਓਹਨਾ ਤੇ ਅਸਰ ਜਰੂਰ ਪਾ ਰਹੀ ਹੈ।    

ਪ੍ਰਾਪਤੀਆਂ :

ਸਭ ਤੋਂ ਵੱਡੀ ਪ੍ਰਾਪਤੀ ਵਿਰੋਧ ਕਰਨ ਦੇ ਬਦਲਾਅ ਦੀ ਗਿਣੀ ਜਾ ਸਕਦੀ ਹੈ, ਕੁਝ ਰਿਆਇਤਾਂ ਤੋਂ ਗੱਲ ਖੁਦਮੁਖਤਿਆਰੀ ਤੱਕ ਜਾਣੀ ਭਵਿੱਖ ਵਿੱਚ ਹੋਣ ਵਾਲੇ ਸੰਘਰਸ਼ਾਂ ਤੇ ਯਕੀਨਨ ਅਸਰ ਪਾ ਸਕਦੀ ਹੈ। ਇਕ ਪ੍ਰਾਪਤੀ ਵਿਰੋਧੀ ਧਿਰ ਦੀ ਪਹਿਚਾਣ ਦੀ ਗਿਣੀ ਜਾ ਸਕਦੀ ਹੈ, ਪਹਿਲਾਂ ਹਰ ਵਾਰ ਕਿਸੇ ਇਕ ਸਿਆਸੀ ਧਿਰ ਨੂੰ ਵਿਰੋਧੀ ਧਿਰ ਵਜੋਂ ਵੇਖਿਆ ਪ੍ਰਚਾਰਿਆ ਜਾਂਦਾ ਸੀ ਪਰ ਐਤਕੀਂ ਧਰਨਿਆਂ ਦੀਆਂ ਤਕਰੀਰਾਂ ਤੋਂ ਗਾਉਣ ਵਾਲਿਆਂ ਦੇ ਗੀਤਾਂ ਤੱਕ ਦਿੱਲੀ ਤਖ਼ਤ ਨੂੰ ਵਿਰੋਧੀ ਧਿਰ ਵਜੋਂ ਵੇਖਿਆ ਪ੍ਰਚਾਰਿਆ ਗਿਆ ਹੈ। ਇਕ ਪ੍ਰਾਪਤੀ ਸੰਘਰਸ਼ੀ ਧਿਰਾਂ ਦੇ ਆਗੂਆਂ ਖ਼ਾਸਕਰ ਕਿਸਾਨ ਯੂਨੀਅਨਾਂ ਦੇ ਫੈਸਲੇ ਪ੍ਰਭਾਵਿਤ ਕਰਨ ਦੀ ਹੈ, ਲੋਕਾਂ ਦੇ ਦਬਾਅ ਕਰਕੇ ਇਹ ਪਹਿਲੀ ਵਾਰ ਹੋਇਆ ਕਿ ਕਿਸਾਨ ਯੂਨੀਅਨਾਂ ਸਰਕਾਰਾਂ ਨਾਲ ਹੁਣ ਤੱਕ ਦੀਆਂ ਮਿਲਣੀਆਂ ਵਿੱਚ ਆਪਣੇ ਮੁਤਾਬਿਕ ਅਤੇ ਲੋਕਾਂ ਦੇ ਜਜਬਾਤਾਂ ਦੇ ਉਲਟ ਫੈਸਲਾ ਨਹੀਂ ਕਰ ਸਕੀਆਂ। ਇਕ ਪ੍ਰਾਪਤੀ ਅਗਲਾ ਨਿਸ਼ਾਨਾ ਮਿੱਥਣ ਦੀ ਹੋਈ ਹੈ, ਹੁਣ ਤੱਕ ਤਕਰੀਬਨ ਹਰ ਵੱਡੇ ਉਭਾਰ ਵਿਚੋਂ ਸਿਰਫ ਜਾ ਤਾਂ ਕੋਈ ਸਿਆਸੀ ਪਾਰਟੀ ਨਿਕਲਦੀ ਰਹੀ ਹੈ ਤੇ ਜਾ ਨਿਕਲਣ ਦੀ ਗੱਲ ਚਲਦੀ ਰਹੀ ਹੈ ਪਰ ਐਤਕੀਂ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦਾ ਕੋਈ ਆਪਣਾ ਖੇਤੀਬਾੜੀ ਢਾਂਚਾ ਹੋਵੇ ਤੇ ਓਹਨੂੰ ਲਾਗੂ ਕਰਵਾਉਣ ਲਈ ਸਮਾਜਿਕ ਅਤੇ ਰਾਜਸੀ ਧਿਰ ਹੋਵੇ। ਸਮਾਜਿਕ ਧਿਰ ਜੋ ਕਿ ਪੰਜਾਬ ਦੇ ਹਿਤਾਂ ਖਾਤਰ ਸੰਘਰਸ਼ ਕਰੇ ਅਤੇ ਰਾਜਸੀ ਪਾਰਟੀ ਤੇ ਦਬਾਅ ਬਣਾਏ, ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਆਪਣੀ ਰਵਾਇਤ ਵੱਲ ਨੂੰ ਮੋੜਾ ਕੱਟਣ ਦਾ ਇਕ ਅਹਿਮ ਕਦਮ ਹੋਵੇਗਾ। ‘ਸ਼ੰਭੂ ਮੋਰਚੇ’ ਵੱਲੋਂ ਇਸ ਗੱਲ ਉੱਤੇ ਲਗਾਤਰ ਜ਼ੋਰ ਪਾਇਆ ਜਾ ਰਿਹਾ ਹੈ, ਜੋ ਕਿ ਬਹੁਤ ਅਹਿਮ ਗੱਲ ਹੈ ਕਿਓਂਕਿ ਇਸ ਗੱਲ ਦੀ ਘਾਟ ਕਾਰਨ ਪਿਛਲੇ ਕਾਫੀ ਸਾਲਾਂ ਤੋਂ ਪੰਜਾਬ ਦੇ ਸੂਬੇਦਾਰ ਆਪਣੇ ਲੋਕਾਂ ਨੂੰ ਜਵਾਬ-ਦੇਹ ਹੋਣ ਦੀ ਥਾਂ ਸਿਰਫ ਦਿੱਲੀ ਤਖਤ ਨੂੰ ਹੀ ਜਵਾਬ-ਦੇਹ ਹੁੰਦੇ ਸਨ। ਇਹ ਬਹੁਤ ਸੰਜੀਦਾ ਨੁਕਤਾ ਹੈ, ਪੰਜਾਬ ਦੇ ਆਪਣੇ ਫੈਸਲੇ ਆਪ ਕਰਨ ਦੀ ਗੱਲ ਸੂਬੇ ਅਤੇ ਕੇਂਦਰ ਦੇ ਰਿਸ਼ਤੇ ਮੁੜ ਤੋਂ ਪ੍ਰਭਾਸ਼ਿਤ ਕਰਨ ਦੀ ਗੱਲ ਹੈ ਅਤੇ ਸਮਾਜ ਦੀਆਂ ਧਿਰਾਂ ਜਿਹਨਾਂ ਨੇ ਸਿਆਸਤ ਕਾਬੂ ਕਰਨੀ ਹੁੰਦੀ ਹੈ, ਓਹਦੇ ਲਈ ਹੁਣ ਢੁਕਵਾਂ ਸਮਾਂ ਹੈ ਭਾਵੇਂ ਇਹ ਸਾਰੇ ‘ਚ ਕੌਣ ਕਿੰਨਾ ਨਿਭ ਪਾਉਂਦਾ ਹੈ ਇਹ ਫੈਸਲਾ ਭਵਿੱਖ ਨੇ ਕਰਨਾ ਹੈ ਪਰ ਇਹ ਪ੍ਰਾਪਤੀਆਂ ਕਾਫੀ ਮਾਇਨੇ ਰੱਖਦੀਆਂ ਹਨ।  

ਅਗਲੀ ਜਿੰਮੇਵਾਰੀ :

ਹੁਣ ਤੱਕ ਦੇ ਸੰਘਰਸ਼ ਵਿੱਚ ਹਾਲੀ ਤੱਕ ਦਿੱਲੀ ਤਖ਼ਤ ਵੱਲੋਂ ਕੋਈ ਵੀ ਸਖਤੀ ਸਿੱਧੇ ਤਰੀਕੇ ਨਹੀਂ ਕੀਤੀ ਗਈ, ਆਉਣ ਵਾਲੇ ਦਿਨਾਂ ਵਿੱਚ ਇਹ ਸੰਭਾਵਨਾ ਯਕੀਨਨ ਪਈ ਹੈ ਕਿ ਜੇਕਰ ਇਹ ਸੰਘਰਸ਼ ਕਿਸੇ ਹੀਲੇ (ਲਮਕਾ ਕੇ, ਵਡਿਆ ਕੇ, ਲਾਲਚ ਦੇ ਕੇ ਆਦਿ) ਨਹੀਂ ਰੁਕਦਾ ਤਾਂ ਇਹਦੇ ਤੇ ਸਖਤੀ ਕੀਤੀ ਜਾਣੀ ਹੈ। ਭਵਿੱਖ ਵਿੱਚ ਕੀ ਵਾਪਰਨਾ ਹੈ ਇਹ ਭਾਵੇਂ ਸਮੇਂ ਦੇ ਗਰਭ ਵਿਚ ਹੀ ਹੈ ਪਰ ਇਹ ਸੰਘਰਸ਼ ਦੇ ਆਗੂਆਂ ਨੂੰ ਹੁਣ ਲਗਾਤਾਰ ਭਵਿੱਖ ਦੀਆਂ ਸੰਭਾਵੀ ਚੁਣੌਤੀਆਂ ਨੂੰ ਬਹੁਤ ਗਹਿਰਾਈ ਅਤੇ ਜਿੰਮੇਵਾਰੀ ਨਾਲ ਵੇਖਣਾ ਸਮਝਣਾ ਪਵੇਗਾ ਅਤੇ ਅਗਲੇ ਕਦਮਾਂ ਲਈ ਤਿਆਰ ਰਹਿਣਾ ਪਵੇਗਾ। ਅਗਲੀ ਪਰਖ ਸਖਤ ਹੈ ਜਿਸ ਵਿੱਚ ਸਿਦਕ, ਅਕੀਦਾ ਅਤੇ ਤਿਆਗ ਪਰਖੇ ਜਾਣੇ ਹਨ। ਲੋਕਾਂ ਅਤੇ ਇਤਿਹਾਸ ਨੇ ਸੰਘਰਸ਼ ਦੇ ਆਗੂਆਂ ਨੂੰ ਕਿਸ ਥਾਂ ਤੇ ਰੱਖ ਕੇ ਵੇਖਣਾ ਹੈ, ਇਹ ਆਗੂਆਂ ਦੇ ਅਗਲੇ ਕਦਮ ਤੈਅ ਕਰਨਗੇ। ਕੁਝ ਰਿਆਇਤਾਂ ਤੋਂ ਜਿਸ ਪੱਧਰ ਤਕ ਗੱਲ ਚਲੀ ਗਈ ਹੈ, ਅਗਲੇ ਕਦਮ ਬਹੁਤ ਅਹਿਮ ਹੋਣਗੇ। ਗੁਰੂ ਪਾਤਸ਼ਾਹ ਮਿਹਰ ਕਰਨ।