ਘੱਲੂਘਾਰਾ 1984 ਦਿਹਾੜੇ ਮੌਕੇ ਪੰਜਾਬ ਦੇ ਸ਼ਹਿਰਾਂ 'ਚ ਸਿੱਖਾਂ ਅਤੇ ਹਿੰਦੂ ਜਥੇਬੰਦੀਆਂ ਦਰਮਿਆਨ ਟਕਰਾਅ

ਘੱਲੂਘਾਰਾ 1984 ਦਿਹਾੜੇ ਮੌਕੇ ਪੰਜਾਬ ਦੇ ਸ਼ਹਿਰਾਂ 'ਚ ਸਿੱਖਾਂ ਅਤੇ ਹਿੰਦੂ ਜਥੇਬੰਦੀਆਂ ਦਰਮਿਆਨ ਟਕਰਾਅ

ਚੰਡੀਗੜ੍ਹ: ਬੀਤੇ ਕੱਲ੍ਹ ਜਦੋਂ ਸਿੱਖ ਪੂਰੇ ਵਿਸ਼ਵ ਵਿੱਚ ਜੂਨ 1984 'ਚ ਭਾਰਤੀ ਫੌਜਾਂ ਵੱਲੋਂ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ 'ਤੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਦੀ ਯਾਦ ਮਨਾ ਰਹੇ ਸੀ ਤਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੁੱਝ ਹਿੰਦੂ ਜਥੇਬੰਦੀਆਂ ਵੱਲੋਂ ਸਿੱਖਾਂ ਨੂੰ ਚਿੜਾਉਣ ਲਈ ਸਿੱਖ ਜਰਨੈਲਾਂ ਅਤੇ ਜੁਝਾਰੂਆਂ ਦੀਆਂ ਤਸਵੀਰਾਂ ਸਾੜੀਆਂ ਗਈਆਂ। ਜਿਸ ਦੇ ਚਲਦਿਆਂ ਵੱਖ-ਵੱਖ ਥਾਵਾਂ 'ਤੇ ਸਿੱਖ ਨੌਜਵਾਨਾਂ ਅਤੇ ਹਿੰਦੂ ਜਥੇਬੰਦੀਆਂ ਨਾਲ ਸਬੰਧਿਤ ਲੋਕਾਂ ਵਿੱਚ ਟਕਰਾਅ ਹੋਇਆ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ 'ਕੇ ਟਕਰਾਅ ਨੂੰ ਹਿੰਸਕ ਹੋਣ ਤੋਂ ਟਾਲਿਆ ਗਿਆ।

ਲੁਧਿਆਣਾ: ਇੱਥੇ ਸ਼ਿਵ ਸੈਨਾ ਵੱਲੋਂ ਦਰਬਾਰ ਸਾਹਿਬ ਨੂੰ ਢਾਹ ਢੇਰੀ ਕਰਨ ਵਾਲੀ ਭਾਰਤੀ ਫੌਜ ਦੀ ਸਰਾਹਨਾ ਵਿੱਚ ਸ਼ੌਰਿਆ ਦਿਹਾੜਾ ਮਨਾਇਆ ਜਾ ਰਿਹਾ ਸੀ। ਦੂਜੇ ਪਾਸੇ ਸਿੱਖ ਸੰਗਤਾਂ ਭਾਰਤੀ ਫੌਜੀਆਂ ਦੇ ਹਮਲੇ ਖਿਲਾਫ ਜੂਝਦਿਆਂ ਸ਼ਹੀਦ ਹੋਏ ਸਿੰਘਾਂ ਨੂੰ ਯਾਦ ਕੀਤਾ ਜਾ ਰਿਹਾ ਸੀ। ਇਸ ਦੌਰਾਨ ਹਿੰਦੂ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦਰਮਿਆਨ ਟਕਰਾਅ ਹੋ ਗਿਆ ਤੇ ਦੋਵਾਂ ਧਿਰਾਂ ਦਰਮਿਆਨ ਇੱਟਾਂ ਰੋੜੇ ਵੀ ਚੱਲੇ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਦੋਵੇਂ ਧਿਰਾਂ ਵਿੱਚ ਦੂਰੀ ਬਣਾਈ ਗਈ ਪਰ ਪੁਲਿਸ ਦੀ ਹਾਜ਼ਰੀ ਵਿੱਚ ਵੀ ਦੋਵੇਂ ਧਿਰਾਂ ਇਕ ਦੂਜੇ ਨੂੰ ਲਲਕਾਰਦੀਆਂ ਰਹੀਆਂ। 

ਪੁਲਿਸ ਦੇ ਡੀਸੀਪੀ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੁੱਝ ਸਿੱਖ ਨੌਜਵਾਨਾਂ ਨੇ ਸ਼ਿਵ ਸੈਨਾ ਵੱਲੋਂ ਲਾਏ ਗਏ ਭਾਰਤੀ ਫੌਜ ਦੇ ਜਰਨਲ ਵੈਦਿਆ ਦਾ ਪੋਸਟਰ ਪਾੜ ਦਿੱਤਾ ਸੀ ਜਿਸ ਬਾਅਦ ਇਹ ਸਥਿਤੀ ਤਣਾਅਪੂਰਨ ਹੋ ਗਈ। ਪੁਲਿਸ ਵੱਲੋਂ ਸਿੱਖ ਨੌਜਵਾਨਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ। 

ਜਲੰਧਰ: ਜਲੰਧਰ ਸ਼ਹਿਰ ਵਿੱਚ ਵੀ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਲਗਾਏ ਗਏ ਸਿੱਖ ਜੁਝਾਰੂਆਂ ਦੇ ਪੋਸਟਰ ਪਾੜ੍ਹ ਦਿੱਤੇ ਗਏ ਤੇ ਖਾਲਿਸਤਾਨ ਮੁਰਦਾਬਾਦ ਲਿਖਿਆ ਗਿਆ। ਇਸ 'ਤੇ ਸਿੱਖ ਸੰਗਤਾਂ ਅਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਦਰਮਿਆਨ ਟਕਰਾਅ ਹੋ ਗਿਆ। ਇਸ ਦੌਰਾਨ ਇੱਕ ਸਿੱਖ ਵੱਲੋਂ ਸ਼ਿਵ ਸੈਨਾ ਵਾਲ ਠਾਕਰੇ ਦੇ ਪ੍ਰਧਾਨ ਦੇ ਮੂੰਹ 'ਤੇ ਥੱਪੜ ਮਾਰਿਆ ਗਿਆ ਜਿਸ ਦੀ ਵੀਡੀਓ ਬਣ ਗਈ ਤੇ ਬਹੁਤ ਵਾਇਰਲ ਹੋ ਰਹੀ ਹੈ। ਪੁਲਿਸ ਵੱਲੋਂ ਦਖਲ ਦੇ ਕੇ ਇਸ ਟਕਰਾਅ ਨੂੰ ਰੋਕਿਆ ਗਿਆ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ