ਮਸਜਿਦ 'ਤੇ ਹਮਲਾ ਕਰਨ ਵਾਲੇ ਗੋਰੇ ਨੂੰ ਬਿਨ੍ਹਾਂ ਪੈਰੋਲ ਉਮਰ ਕੈਦ ਦੀ ਸਜ਼ਾ ਸੁਣਾਈ

ਮਸਜਿਦ 'ਤੇ ਹਮਲਾ ਕਰਨ ਵਾਲੇ ਗੋਰੇ ਨੂੰ ਬਿਨ੍ਹਾਂ ਪੈਰੋਲ ਉਮਰ ਕੈਦ ਦੀ ਸਜ਼ਾ ਸੁਣਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਜ਼ੀਲੈਂਡ ਦੀ ਅਦਾਲਤ ਨੇ ਮਸਜਿਦ 'ਤੇ ਹਮਲਾ ਕਰਕੇ ਇਬਾਦਤ ਕਰ ਰਹੇ 51 ਮੁਸਲਮਾਨਾਂ ਨੂੰ ਕਤਲ ਕਰਨ ਵਾਲੇ ਗੋਰੇ ਨਸਲਵਾਦੀ ਬਰੈਂਟਨ ਟਾਰੰਟ ਨੂੰ ਬਿਨ੍ਹਾਂ ਪੈਰੋਲ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਿਊਜ਼ੀਲੈਂਡ ਵਿਚ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਨੂੰ ਇਹ ਸਜ਼ਾ ਸੁਣਾਈ ਗਈ ਹੋਵੇ।

29 ਸਾਲਾ ਬਰੈਂਟਨ ਅਸਟ੍ਰੇਲੀਆ ਦਾ ਨਾਗਰਿਕ ਹੈ। ਇਸ ਉੱਤੇ 51 ਲੋਕਾਂ ਨੂੰ ਕਤਲ ਕਰਨ, 40 ਲੋਕਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਅਤੇ ਅੱਤਵਾਦੀ ਹਮਲੇ ਦੇ ਦੋਸ਼ ਸਾਬਤ ਹੋਏ ਸਨ। ਇਸਨੇ ਮਾਰਚ 2019 ਵਿਚ ਕਰਾਇਸਟਚਰਚ ਦੀ ਇਕ ਮਸਜਿਦ 'ਤੇ ਅੱਤਵਾਦੀ ਹਮਲਾ ਕਰਦਿਆਂ ਆਧੁਨਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾ ਕੇ 51 ਮੁਸਲਮਾਨਾਂ ਨੂੰ ਮਾਰ ਦਿੱਤਾ ਸੀ।

ਇਸ ਸਾਰੇ ਹਮਲੇ ਨੂੰ ਇਸਨੇ ਆਪਣੇ ਸ਼ਰੀਰ 'ਤੇ ਲਾਏ ਕੈਮਰੇ ਰਾਹੀਂ ਆਪਣੇ ਫੇਸਬੁੱਕ ਖਾਤੇ 'ਤੇ ਸਿੱਧਾ ਚਲਾਇਆ ਸੀ। 

ਇਸ ਬਾਰੇ ਫੈਂਸਲਾ ਸੁਣਾਉਂਦਿਆਂ ਹਾਈ ਕੋਰਟ ਦੇ ਜੱਜ ਕੈਮਰੂਨ ਮੈਂਡਰ ਨੇ ਕਿਹਾ ਕਿ ਬਰੈਂਟਨ ਦੇ ਜ਼ੁਰਮ ਇੰਨੇ ਭਿਆਨਕ ਹਨ ਕਿ ਜੇ ਉਸਨੂੰ ਮੌਤ ਤਕ ਵੀ ਜੇਲ੍ਹ ਵਿਚ ਬੰਦ ਰੱਖਿਆ ਜਾਵੇ ਤਾਂ ਵੀ ਘੱਟ ਹੈ। ਜੱਜ ਨੇ ਕਿਹਾ ਕਿ ਦੋਸ਼ੀ ਨੂੰ ਪੀੜਤਾਂ ਪ੍ਰਤੀ ਕੋਈ ਵੀ ਹਮਦਰਦੀ ਨਹੀਂ ਹੈ। 

ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਬੰਦਾ ਕਾਫੀ ਲੰਬੇ ਸਮੇਂ ਤੋਂ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਭਾਲ ਰਿਹਾ ਸੀ ਤਾਂ ਕਿ ਉਹਨਾਂ ਵਿਚ ਦਹਿਸ਼ਤ ਫੈਲਾਈ ਜਾ ਸਕੇ। ਦੋਸ਼ੀ ਨੂੰ ਫੈਂਸਲਾ ਆਉਣ ਤੋਂ ਬਾਅਦ ਵੀ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ ਅਤੇ ਉਸਨੇ ਕਿਹਾ ਕਿ ਉਹ ਸਜ਼ਾ ਖਿਲਾਫ ਅੱਗੇ ਅਪੀਲ ਨਹੀਂ ਕਰੇਗਾ।

ਪੱਛਮੀ ਸੱਭਿਆਚਾਰ ਵਾਲੇ ਮੁਲਕਾਂ ਵਿਚ ਵੱਧ ਰਿਹਾ ਗੋਰਾ ਨਸਲਵਾਦ ਇਕ ਵੱਡੀ ਸਮੱਸਿਆ ਦਾ ਰੂਪ ਲੈਂਦਾ ਜਾ ਰਿਹਾ ਹੈ ਅਤੇ ਇਹ ਹਮਲਾ ਉਸਦੇ ਅੱਤਵਾਦੀ ਰੂਪ ਦਾ ਇਕ ਪ੍ਰਤੱਖ ਨਮੂਨਾ ਹੈ।