ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਇਕ ਹੋਰ ਭਾਰਤੀ ਦੁਨੀਆ ਤੋਂ ਰੁਖਸਤ ਹੋਇਆ

ਸਿੱਖਾਂ ਦੇ ਕਤਲੇਆਮ ਵਿਚ ਸ਼ਾਮਲ ਇਕ ਹੋਰ ਭਾਰਤੀ ਦੁਨੀਆ ਤੋਂ ਰੁਖਸਤ ਹੋਇਆ

ਸੁਖਵਿੰਦਰ ਸਿੰਘ
ਬੀਤੇ ਕੱਲ੍ਹ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਨਬ ਮੁਖਰਜੀ ਦੀ ਦਿਮਾਗੀ ਬਿਮਾਰੀ ਨਾਲ ਮੌਤ ਹੋ ਗਈ। ਉਹ 84 ਸਾਲ ਦੇ ਸਨ ਅਤੇ ਭਾਰਤੀ ਰਾਜ ਦੇ ਕਈ ਉੱਚ ਅਹੁਦਿਆਂ 'ਤੇ ਰਹੇ। ਉਹਨਾਂ ਦਾ ਪਿਛਲੇ ਮਹੀਨੇ ਦਿਮਾਗੀ ਅਪ੍ਰੇਸ਼ਨ ਹੋਇਆ ਸੀ ਅਤੇ ਉਹਨਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ। 

ਭਾਰਤੀ ਰਾਜ ਦਾ ਅਹਿਮ ਅੰਗ ਰਿਹਾ ਪ੍ਰਨਬ ਦਾ ਜੀਵਨ
ਪੱਛਮੀ ਬੰਗਾਲ ਨਾਲ ਸਬੰਧਿਤ ਪ੍ਰਨਬ ਮੁਖਰਜੀ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ 1969 ਵਿਚ ਕੀਤੀ ਜਦੋਂ ਉਸ ਸਮੇਂ ਦੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪ੍ਰਨਬ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ। ਇੰਦਰਾ ਗਾਂਧੀ ਦੇ ਖਾਸ ਕਰੀਬੀਆਂ ਵਿਚੋਂ ਇਕ ਪ੍ਰਨਬ ਮੁਖਰਜੀ ਨੂੰ 1982 ਵਿਚ ਭਾਰਤ ਦਾ ਖਜ਼ਾਨਾ ਮੰਤਰੀ ਬਣਾਇਆ ਗਿਆ ਅਤੇ 1984 ਤਕ ਉਹ ਇਸ ਅਹੁਦੇ 'ਤੇ ਰਹੇ। ਪ੍ਰਨਬ 1980 ਤੋਂ 1985 ਤਕ ਰਾਜ ਸਭਾ ਦੇ ਲੀਡਰ ਵੀ ਰਹੇ।

ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੀ ਸਰਕਾਰ ਮੌਕੇ ਪ੍ਰਨਬ ਨੂੰ 1991 ਵਿਚ ਭਾਰਤ ਦੇ ਨੀਤੀ ਕਮਿਸ਼ਨ ਦਾ ਡਿਪਟੀ ਚੇਅਰਮੈਨ ਲਾਇਆ ਗਿਆ। 1995 ਵਿਚ ਪ੍ਰਨਬ ਭਾਰਤ ਦੇ ਵਿਦੇਸ਼ ਮੰਤਰੀ ਬਣੇ। ਸੋਨੀਆ ਗਾਂਧੀ ਨੂੰ 1998 ਵਿਚ ਕਾਂਗਰਸ ਪ੍ਰਧਾਨ ਬਣਾਉਣ ਵਿਚ ਪ੍ਰਨਬ ਦੀ ਅਹਿਮ ਭੂਮਿਕਾ ਸੀ। 

ਪ੍ਰਨਬ ਮੁਖਰਜੀ ਨੇ 2004 ਵਿਚ ਪਹਿਲੀ ਵਾਰ ਲੋਕ ਸਭਾ ਚੋਣ ਜਿੱਤੀ। ਮਨਮੋਹਨ ਸਿੰਘ ਦੀ ਸਰਕਾਰ ਵਿਚ ਪ੍ਰਨਬ ਮੁਖਰਜੀ ਵੱਖ-ਵੱਖ ਮਹਿਕਮਿਆਂ ਦੇ ਮੰਤਰੀ ਰਹੇ। ਰੱਖਿਆ ਮੰਤਰੀ (2004-06), ਵਿਦੇਸ਼ ਮੰਤਰੀ (2006-09) ਅਤੇ ਖਜ਼ਾਨਾ ਮੰਤਰੀ (2009-12)। 

ਜੁਲਾਈ 2012 ਵਿਚ ਫੇਰ ਪ੍ਰਨਬ ਮੁਖਰਜੀ ਭਾਰਤ ਦੇ 13ਵੇਂ ਰਾਸ਼ਟਰਪਤੀ ਬਣੇ। 

ਸਿੱਖ ਕਤਲੇਆਮ ਵਿਚ ਸ਼ਮੂਲੀਅਤ
ਪ੍ਰਨਬ ਮੁਖਰਜੀ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਾਸ ਬੰਦਿਆਂ ਵਿਚੋਂ ਸੀ। ਇੰਦਰਾ ਗਾਂਧੀ ਦੀ ਸਰਕਾਰ ਵਿਚ 1982 ਤੋਂ 1984 ਦਰਮਿਆਨ ਪ੍ਰਨਬ ਮੁਖਰਜੀ ਖਜ਼ਾਨਾ ਮੰਤਰੀ ਸੀ। ਜੂਨ 1984 ਵਿਚ ਦਰਬਾਰ ਸਾਹਿਬ 'ਤੇ ਹੋਏ ਹਮਲੇ ਵਿਚ ਪ੍ਰਨਬ ਮੁਖਰਜੀ ਭਾਰਤੀ ਰਾਜ ਦੀ ਸਾਰੀ ਨੀਤੀ ਦਾ ਅਹਿਮ ਹਿੱਸਾ ਸੀ। ਇਸ ਬਾਰੇ ਪ੍ਰਨਬ ਮੁਖਰਜੀ ਨੇ ਆਪਣੀ ਜੀਵਨੀ ਬਾਰੇ ਲਿਖੀ ਕਿਤਾਬ ਵਿਚ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਚੱਲ ਰਹੇ ਮੋਰਚੇ ਦੌਰਾਨ ਕੇਂਦਰ ਦੀਆਂ ਅਹਿਮ ਬੈਠਕਾਂ ਵਿਚ ਸ਼ਾਮਲ ਉਹ ਹੁੰਦੇ ਸੀ। 

ਆਪਣੀ ਕਿਤਾਬ ਵਿਚ ਪ੍ਰਨਬ ਮੁਖਰਜੀ ਦਰਬਾਰ ਸਾਹਿਬ 'ਤੇ ਭਾਰਤ ਵੱਲੋਂ ਕੀਤੇ ਹਮਲੇ ਨੂੰ ਸਹੀ ਕਰਾਰ ਦਿੰਦਿਆਂ ਕਹਿੰਦੇ ਹਨ ਕਿ ਦਰਬਾਰ ਸਾਹਿਬ 'ਤੇ ਹਮਲਾ ਕਰਨ ਦਾ ਆਖਰੀ ਫੈਂਸਲਾ ਭਾਰਤ ਸਰਕਾਰ ਦੀ ਰਾਜਨੀਤਕ ਮਾਮਲਿਆਂ ਬਾਰੇ ਕੈਬਨਿਟ ਬੈਠਕ ਵਿਚ ਲਿਆ ਗਿਆ। ਇਸ ਬੈਠਕ ਵਿਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਗ੍ਰਹਿ ਮੰਤਰੀ ਪੀ.ਵੀ ਨਰਸਿਮ੍ਹਾ ਰਾਓ, ਰੱਖਿਆ ਮੰਤਰੀ ਆਰ. ਵੈਂਕਟਰਮਨ, ਊਰਜਾ ਮੰਤਰੀ ਪੀ. ਸ਼ਿਵ ਸ਼ੰਕਰ ਅਤੇ ਪ੍ਰਨਬ ਮੁਖਰਜੀ ਸ਼ਾਮਲ ਸੀ। 

ਨਵੰਬਰ 1984 ਵਿਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਵੱਲੋਂ ਸਰਕਾਰੀ ਪ੍ਰਬੰਧ ਦੀ ਮਦਦ ਨਾਲ ਕੀਤੇ ਸਿੱਖ ਕਤਲੇਆਮ ਬਾਰੇ ਵੀ ਪ੍ਰਨਬ ਮੁਖਰਜੀ ਝੂਠ ਬੋਲਦੇ ਰਹੇ ਅਤੇ ਆਪਣੀ ਕਿਤਾਬ ਵਿਚ ਲਿਖਿਆ ਕਿ ਸਿੱਖਾਂ ਦਾ ਕਤਲੇਆਮ "ਕੁੱਝ ਸ਼ਰਾਰਤੀ ਅਨਸਰਾਂ" ਨੇ ਕੀਤਾ ਸੀ। ਇਹਨਾਂ "ਸ਼ਰਾਰਤੀ ਅਨਸਰਾਂ" (ਜੋ ਕਿ ਸਾਰੇ ਉੱਚ ਭਾਰਤੀ ਆਗੂ ਸਨ) ਨੂੰ ਸਜ਼ਾਵਾਂ ਤੋਂ ਬਚਾਉਣ ਲਈ ਕੰਮ ਕਰਦੀਆਂ ਰਹੀਆਂ ਸਾਰੀਆਂ ਸਰਕਾਰਾਂ ਵਿਚ ਪ੍ਰਨਬ ਮੁਖਰਜੀ ਉੱਚ ਅਹੁਦਿਆਂ 'ਤੇ ਬੈਠੇ ਸਨ। 

ਦਿੱਲੀ ਦਾ ਬੰਗਾਲੀ ਆਗੂ
ਮੁਖਰਜੀ ਦਾ ਪਰਿਵਾਰ ਅਜ਼ਾਦੀ ਤੋਂ ਪਹਿਲੀ ਕਾਂਗਰਸੀ ਧਾਰਾ ਨਾਲ ਸਬੰਧਿਤ ਸੀ। ਮੁਖਰਜੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਬੰਗਾਲ ਵਿਚ ਕਾਂਗਰਸ ਤੋਂ ਵੱਖ ਹੋ ਕੇ ਬਣੇ ਧੜੇ ਬੰਗਲਾ ਕਾਂਗਰਸ ਨਾਲ ਕੀਤੀ। ਪਰ ਛੇਤੀ ਹੀ ਪ੍ਰਨਬ ਮੁਖਰਜੀ ਨੂੰ ਇੰਦਰਾ ਗਾਂਧੀ ਨੇ ਪੱਟ ਲਿਆ ਅਤੇ ਉਹ ਫੇਰ ਦਿੱਲੀ ਦਾ ਹੀ ਹੋ ਕੇ ਰਹਿ ਗਿਆ। 

ਹਲਾਂਕਿ ਪ੍ਰਨਬ ਮੁਖਰਜੀ ਮੂਲ ਬੰਗਾਲੀ ਸੀ ਪਰ ਉਹਨਾਂ ਦਾ ਬੰਗਾਲ ਲਈ ਕੋਈ ਸਿਆਸੀ ਹਾਸਲ ਨਹੀਂ ਰਿਹਾ। ਮੁਖਰਜੀ ਬਾਰੇ ਮੰਨਿਆ ਜਾਂਦਾ ਹੈ ਕਿ ਉਹਨਾਂ ਦਿੱਲੀ ਅਤੇ ਬੰਗਾਲ ਦੇ ਸਿਆਸੀ ਹਿੱਤਾਂ ਦੇ ਟਕਰਾਅ ਵਿਚ ਹਮੇਸ਼ਾ ਦਿੱਲੀ ਨੂੰ ਪਹਿਲ ਦਿੱਤੀ। ਪ੍ਰਨਬ ਮੁਖਰਜੀ ਦਾ ਬੰਗਾਲ ਦੀ ਸਿਆਸਤ ਵਿਚ ਰੋਲ ਮਹਿਜ਼ ਐਨਾ ਸੀ ਕਿ ਜਦੋਂ ਕਾਂਗਰਸ ਨੂੰ ਬੰਗਾਲ ਦੇ ਖੱਬੇਪੱਖੀਆਂ ਦੀ ਜ਼ਰੂਰਤ ਸੀ ਤਾਂ ਬੰਗਾਲੀ ਖੱਬੇਪੱਖੀ ਆਗੂ ਜੋਤੀ ਬਾਸੂ ਨਾਲ ਪ੍ਰਨਬ ਦੀ ਨੇੜਤਾ ਕਰਕੇ ਉਸਨੇ ਖੱਬੇਪੱਖੀਆਂ ਨੂੰ ਕਾਂਗਰਸ ਦੀ ਝੋਲੀ ਪਵਾਉਣ ਵਿਚ ਅਹਿਮ ਭੂਮਿਕਾ ਨਿਭਾਈ। 

ਆਰ.ਐਸ.ਐਸ ਨਾਲ ਨੇੜਤਾ
ਬੀਤੇ ਕੁੱਝ ਸਾਲਾਂ 'ਚ ਪ੍ਰਨਬ ਮੁਖਰਜੀ ਦੀ ਹਿੰਦੁਸਤਵੀ ਜਥੇਬੰਦੀ ਆਰ.ਐਸ.ਐਸ ਨਾਲ ਨੇੜਤਾ ਵੀ ਜੱਗ ਜਾਹਰ ਹੋ ਗਈ ਗਈ ਸੀ। ਹਿੰਸਕ ਹਿੰਦੁਤਵੀ ਰਾਸ਼ਟਰਵਾਦ ਦੀ ਵਿਚਾਰਧਾਰਾ ਵਾਲੀ ਆਰ.ਐਸ.ਐਸ ਦੇ ਨਾਗਪੁਰ ਸਥਿਤ ਮੁੱਖ ਦਫਤਰ ਵਿਚ 2018 'ਚ ਪ੍ਰਨਬ ਮੁਖਰਜੀ ਖਾਸ ਭਾਸ਼ਣ ਦੇਣ ਗਏ। ਪ੍ਰਨਬ ਮੁਖਰਜੀ ਦੀ ਮੌਤ 'ਤੇ ਦੁੱਖ ਪ੍ਰਗਟ ਕਰਦਿਆਂ ਆਰ.ਐਸ.ਐਸ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਪ੍ਰਨਬ ਮੁਖਰਜੀ ਆਰ.ਐਸ.ਐਸ ਦੇ ਮਾਰਗ ਦਰਸ਼ਕ ਸਨ ਅਤੇ ਉਹਨਾਂ ਦੀ ਮੌਤ ਨਾਲ ਆਰ.ਐਸ.ਐਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।