ਸਿੱਖਾਂ ਨੂੰ ਬਦਨਾਮ ਕਰਨ ਵਾਲਾ ਡੀਜੀਪੀ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਲਈ ਛੋਟੀ ਜਿਹੀ ਗਲਤੀ

ਸਿੱਖਾਂ ਨੂੰ ਬਦਨਾਮ ਕਰਨ ਵਾਲਾ ਡੀਜੀਪੀ ਦਾ ਬਿਆਨ ਕੈਪਟਨ ਅਮਰਿੰਦਰ ਸਿੰਘ ਲਈ ਛੋਟੀ ਜਿਹੀ ਗਲਤੀ

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਵਿਵਾਦਤ ਬਿਆਨ 'ਤੇ ਸਫਾਈ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ 'ਚ ਕਿਹਾ ਕਿ ਗਲਤੀਆਂ ਹਰ ਬੰਦੇ ਤੋਂ ਹੋ ਜਾਂਦੀਆਂ ਹਨ ਤੇ ਜੇ ਉਹਨਾਂ ਤੋਂ ਗਲਤੀ ਹੋ ਗਈ ਤਾਂ ਉਸ ਨੂੰ ਭੁੱਲ ਜਾਣਾ ਚਾਹੀਦਾ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਹੋਰ ਬਹੁਤ ਮਸਲੇ ਹਨ ਜਿਹਨਾਂ 'ਤੇ ਧਿਆਨ ਦੇਣਾ ਚਾਹੀਦਾ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਇਹ ਬਿਆਨ ਨਹੀਂ ਦੇਣਾ ਚਾਹੀਦਾ ਸੀ। ਅੱਜ ਪ੍ਰਸ਼ਨ ਕਾਲ ਤੋਂ ਪਹਿਲਾਂ ਬੋਲਦਿਆਂ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਸਰਕਾਰ ਬਹੁਤ ਖੁਸ਼ ਹੈ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਨਕਾਣਾ ਸਾਹਿਬ ਨੂੰ ਵੀ ਇਸ ਤਰ੍ਹਾਂ ਦਾ ਖੁੱਲ੍ਹਾ ਲਾਂਘਾ ਹੋਵੇ। ਪਰ ਨਾਲ ਹੀ ਉਹਨਾਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦਾ ਰਾਗ ਵੀ ਅਲਾਪ ਦਿੱਤਾ।

ਵਿਰੋਧੀ ਧਿਰਾਂ ਵੱਲੋਂ ਡੀਜੀਪੀ ਦੇ ਅਸਤੀਫੇ ਦੀ ਮੰਗ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀਜੀਪੀ ਨੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਹੈ ਤੇ ਹੁਣ ਵਿਰੋਧੀ ਧਿਰ ਰਾਜਨੀਤਕ ਲਾਹੇ ਲਈ ਇਸ ਮਸਲੇ ਨੂੰ ਵੱਡਾ ਬਣਾ ਰਹੀ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਸਲੇ ਨੂੰ ਭੁੱਲ ਕੇ ਹੋਰ ਮਸਲਿਆਂ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। 

ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਸਿੱਖ ਸਫਾਂ ਵਿਚ ਕਿੰਨਾ ਕੁ ਪ੍ਰਵਾਨ ਹੁੰਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ। ਕਿਉਂਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੋਂ ਲੈ ਕੇ ਹਰ ਸਿੱਖ ਸਖਸ਼ੀਅਤ ਅਤੇ ਜਥੇਬੰਦੀ ਵੱਲੋਂ ਡੀਜੀਪੀ ਦੇ ਬਿਆਨ ਦੀ ਸਖਤ ਨਿੰਦਾ ਕਰਦਿਆਂ ਡੀਜੀਪੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਡੀਜੀਪੀ ਦੀ ਛੋਟੀ ਜਿਹੀ ਗਲਤੀ ਕਹਿ ਕੇ ਭੁੱਲ ਜਾਣ ਲਈ ਕਿਹਾ ਹੈ। ਜਦਕਿ ਡੀਜੀਪੀ ਦਾ ਬਿਆਨ ਸਿੱਖਾਂ ਦੀ ਧਾਰਮਿਕ ਪਛਾਣ ਨੂੰ ਬਦਨਾਮ ਕਰਨ ਵਾਲਾ ਸੀ।