ਫੌਜੀ ਵਰਦੀ 'ਚ ਦਿੱਲੀ ਦੀਆਂ ਸੜਕਾਂ 'ਤੇ ਕੌਣ? ਭਾਰਤੀ ਫੌਜ ਨੇ ਕਿਹਾ, ਅਸੀਂ ਨਹੀਂ ਭੇਜੀ ਕੋਈ ਟੁਕੜੀ

ਫੌਜੀ ਵਰਦੀ 'ਚ ਦਿੱਲੀ ਦੀਆਂ ਸੜਕਾਂ 'ਤੇ ਕੌਣ? ਭਾਰਤੀ ਫੌਜ ਨੇ ਕਿਹਾ, ਅਸੀਂ ਨਹੀਂ ਭੇਜੀ ਕੋਈ ਟੁਕੜੀ

ਨਵੀਂ ਦਿੱਲੀ: ਉੱਤਰ ਪੂਰਬੀ ਦਿੱਲੀ ਵਿਚ ਸੀਏਏ ਕਾਨੂੰਨ ਕਰਕੇ ਐਤਵਾਰ ਤੋਂ ਸ਼ੁਰੂ ਹੋਈ ਹਿੰਸਾ ਦਰਮਿਆਨ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਹਿੰਸਾ 'ਚ ਹੁਣ ਤਕ 7 ਲੋਕ ਮਾਰੇ ਗਏ ਹਨ ਤੇ ਕਈ ਦਰਜਨ ਲੋਕ ਜ਼ਖਮੀ ਹੋਏ ਹਨ। ਵੱਡੀ ਗਿਣਤੀ 'ਚ ਸਾੜ-ਫੂਕ ਦੀਆਂ ਘਟਨਾਵਾਂ ਹੋਈਆਂ ਹਨ। 

ਇਸ ਮਾਹੌਲ ਦਰਮਿਆਨ ਦਿੱਲੀ ਦੀਆਂ ਸੜਕਾਂ 'ਤੇ ਫੌਜੀ ਵਰਦੀ 'ਚ ਭੀੜ ਘੁੰਮਦੀ ਦੇਖੀ ਗਈ ਹੈ। ਖਬਰ ਅਦਾਰੇ ਏਐਨਆਈ ਨੇ ਆਪਣੇ ਟਵਿੱਟਰ 'ਤੇ ਫੌਜੀ ਵਰਦੀ ਵਾਲੇ ਇਹਨਾਂ ਲੋਕਾਂ ਦੀ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਹਿੰਸਾ 'ਤੇ ਕਾਬੂ ਪਾਉਣ ਲਈ ਇਹਨਾਂ ਲੋਕਾਂ ਨੂੰ ਦਿੱਲੀ ਵਿਚ ਤੈਨਾਤ ਕੀਤਾ ਗਿਆ ਹੈ। 

ਇਸ ਖਬਰ ਨੂੰ ਗਲਤ ਦਸਦਿਆਂ ਭਾਰਤੀ ਫੌਜ ਨੇ ਟਵੀਟ ਕੀਤਾ ਹੈ ਕਿ ਭਾਰਤੀ ਫੌਜ ਦੇ ਕਿਸੇ ਜਵਾਨ ਨੂੰ ਵੀ ਅੰਦਰੂਨੀ ਸੁਰੱਖਿਆ ਦੇ ਇਸ ਮਾਮਲੇ 'ਚ ਤੈਨਾਤ ਨਹੀਂ ਕੀਤਾ ਗਿਆ ਹੈ। 

ਭਾਰਤੀ ਫੌਜ ਨੇ ਸਾਫ ਕੀਤਾ ਹੈ ਕਿ ਭਾਰਤੀ ਫੌਜ ਦੀ ਵਰਦੀ 'ਚ ਦਿਖ ਰਹੇ ਇਹ ਲੋਕ ਫੌਜ ਦੇ ਨਹੀਂ ਹਨ। 

ਭਾਰਤੀ ਫੌਜ ਦਾ ਇਹ ਬਿਆਨ ਸਾਹਮਣੇ ਆਉਣ ਮਗਰੋਂ ਲੋਕ ਕਹਿ ਰਹੇ ਹਨ ਕਿ ਇਹ ਕਿਸੇ ਸਾਜਿਸ਼ ਦਾ ਹਿੱਸਾ ਹੈ। ਕਿਉਂਕਿ ਜੇ ਇਹ ਲੋਕ ਭਾਰਤੀ ਫੌਜ ਦੇ ਨਹੀਂ ਹਨ ਤਾਂ ਦਿੱਲੀ ਪੁਲਸ ਨਾਲ ਹਿੰਸਾ ਪ੍ਰਭਾਵਤ ਇਲਾਕਿਆਂ 'ਚ ਘੁੰਮ ਰਹੀ ਇਹ ਭੀੜ ਕੌਣ ਹੈ।

ਦੱਸ ਦਈਏ ਕਿ ਐਤਵਾਰ ਤੋਂ ਸ਼ੁਰੂ ਹੋਇਆ ਹਿੰਸਾ ਦੇ ਦੌਰ ਦਿੱਲੀ ਦੇ ਕਈ ਇਲਾਕਿਆਂ 'ਚ ਅੱਜ ਵੀ ਜਾਰੀ ਹੈ। ਕੁੱਝ ਸਮਾਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਗਈ। ਅਰਵਿੰਦ ਕੇਜਰੀਵਾਲ ਦੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਇਸ ਹਿੰਸਾ ਸਬੰਧੀ ਬੈਠਕ ਹੋ ਰਹੀ ਹੈ।