ਦਿੱਲੀ ਦੀ ਹਿੰਸਾ ਸਬੰਧੀ ਪੱਤਰਕਾਰ ਦੀ ਹੱਡ-ਬੀਤੀ: ਪੁਲਿਸ-ਹਿੰਦੂ ਗਠਜੋੜ ਬਨਾਮ ਮੁਸਲਮਾਨ

ਦਿੱਲੀ ਦੀ ਹਿੰਸਾ ਸਬੰਧੀ ਪੱਤਰਕਾਰ ਦੀ ਹੱਡ-ਬੀਤੀ: ਪੁਲਿਸ-ਹਿੰਦੂ ਗਠਜੋੜ ਬਨਾਮ ਮੁਸਲਮਾਨ

ਨਵੀਂ ਦਿੱਲੀ: ਬੀਤੀ ਦੁਪਹਿਰ ਦਿੱਲੀ ਦੇ ਮੌਜਪੁਰ ਵਿਚ ਸਥਿਤ ਇਕ ਦੁਕਾਨ ਨੂੰ ਲੱਗੀ ਅੱਗ ਨੂੰ ਫਿਲਮਾ ਰਹੇ ਪੱਤਰਕਾਰਾਂ ਨੂੰ ਮੱਥੇ 'ਤੇ ਟਿੱਕਾ ਲਾਈ ਖੜ੍ਹਾ ਇਕ ਅੱਧਖੜ੍ਹ ਜਹੀ ਉਮਰ ਦਾ ਬੰਦਾ ਕਹਿ ਰਿਹਾ ਸੀ, "ਬੰਦ ਕਰੋ ਯੇਹ ਰਿਕਾਰਡ ਕਰਨਾ, ਬੜੇ ਦਿਨੋਂ ਬਾਅਦ ਹਿੰਦੂ ਜਾਗਾ ਹੈ।" 

ਦਿੱਲੀ ਵਿਚ ਬੀਤੇ ਕਈ ਦਿਨਾਂ ਤੋਂ ਸੀਏਏ ਖਿਲਾਫ ਮੁਸਲਮਾਨ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਕੁੱਝ ਹਿੰਦੁਤਵੀ ਅੱਤਵਾਦੀਆਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪਰ ਐਤਵਾਰ ਦੁਪਹਿਰ ਨੂੰ ਭਾਜਪਾ ਆਗੂ ਕਪਿਲ ਮਿਸ਼ਰਾ ਦੀ ਅਗਵਾਈ ਵਿਚ ਹਿੰਦੁਤਵੀ ਭੀੜ ਸੀਏਏ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਮੁਸਲਮਾਨਾਂ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਆਉਣੀ ਸ਼ੁਰੂ ਹੋਈ। 

ਕਪਿਲ ਮਿਸ਼ਰਾ ਦੀਆਂ ਨਫਰਤ ਭਰੀਆਂ ਤਕਰੀਰਾਂ ਅਤੇ ਪੁਲਸ ਦੀ ਇਕ ਪਾਸੜ ਕਾਰਵਾਈ ਕਰਕੇ ਹਾਲਾਤ ਟਕਰਾਅ ਵਾਲੇ ਬਣੇ ਤੇ ਐਤਵਾਰ ਨੂੰ ਦਿੱਲੀ ਦੇ ਮੌਜਪੁਰ ਵਿਚ ਦੋਵਾਂ ਧਿਰਾਂ ਦਰਮਿਆਨ ਆਪਸੀ ਪੱਥਰਬਾਜ਼ੀ ਹੋਈ। ਹਿੰਸਾ ਦਾ ਇਹ ਦੌਰ ਵਧਦਾ ਜਾ ਰਿਹਾ ਹੈ ਤੇ ਬੀਤੇ ਕੱਲ੍ਹ (ਸੋਮਵਾਰ) ਨੂੰ ਫੈਲੀ ਹਿੰਸਾ ਦਿੱਲੀ ਦੇ ਕੋਈ ਹੋਰ ਇਲਾਕਿਆਂ ਤੱਕ ਫੈਲ ਗਈ। ਇਸ ਹਿੰਸਾ 'ਚ ਹੁਣ ਤਕ ਇਕ ਪੁਲਸ ਮੁਲਾਜ਼ਮ ਸਮੇਤ 5 ਲੋਕਾਂ ਦੀ ਮੌਤ ਦੀ ਖਬਰ ਹੈ ਤੇ ਦਰਜਨਾਂ ਜ਼ਖਮੀ ਹੋਏ ਹਨ। 

ਇਸ ਸਾਰੀ ਹਿੰਸਾ 'ਚ ਇਕ ਗੱਲ ਆਮ ਦੇਖਣ ਨੂੰ ਮਿਲ ਰਹੀ ਸੀ ਕਿ ਦਿੱਲੀ ਪੁਲਸ ਦੋਵਾਂ ਧਿਰਾਂ ਦੇ ਟਕਰਾਅ ਦੌਰਾਨ ਹਿੰਦੂ ਭੀੜ ਵਾਲੇ ਪਾਸੇ ਹੀ ਖੜ੍ਹੀ ਨਜ਼ਰ ਪੈਂਦੀ ਹੈ। ਨਾਲ ਖੜ੍ਹਨ ਤੋਂ ਅੱਗੇ ਵਧ ਕੇ ਕਈ ਵੀਡੀਓ ਵਿਚ ਦਿਸ ਰਿਹਾ ਹੈ ਕਿ ਦਿੱਲੀ ਪੁਲਸ ਦੇ ਮੁਲਾਜ਼ਮ ਖੁਦ ਵੀ ਪੱਥਰ ਚਲਾ ਰਹੇ ਹਨ ਅਤੇ ਪੱਥਰ ਚਲਾ ਰਹੀ ਭੀੜ ਨੂੰ ਹੱਲਾਸ਼ੇਰੀ ਦੇ ਰਹੇ ਹਨ। 

ਇਸ ਸਾਰੀ ਹਿੰਸਾ ਸਬੰਧੀ ਪੱਤਰਕਾਰ ਵਿਜਇਤਾ ਲਾਲਵਾਨੀ ਵੱਲੋਂ ਲਿਖੀ ਗਈ ਹੱਡਬੀਤੀ ਨੂੰ ਅਸੀਂ ਅੰਮ੍ਰਿਤਸਰ ਟਾਈਮਜ਼ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਪੰਜਾਬੀ ਤਰਜ਼ਮਾ ਕਰਕੇ ਛਾਪ ਰਹੇ ਹਾਂ: 

ਦੁਪਹਿਰ 1 ਵਜੇ: ਜਾਫਰਾਬਾਦ ਮੈਟਰੋ ਸਟੇਸ਼ਨ ਕੋਲ ਮੁੱਖ ਸੜਕ 'ਤੇ ਸੀਏਏ ਖਿਲਾਫ ਪ੍ਰਦਰਸ਼ਨ ਚੱਲ ਰਿਹਾ ਹੈ ਜਿਸ ਵਿਚ ਸ਼ਾਮਲ 100 ਤੋਂ ਵੱਧ ਪ੍ਰਦਰਸ਼ਨਕਾਰੀਆਂ 'ਚ ਜ਼ਿਆਦਾਤਰ ਔਰਤਾਂ ਸਨ। ਇਸ ਧਰਨੇ ਵਾਲੀ ਥਾਂ ਤੋਂ 50 ਕੁ ਮੀਟਰ ਦੀ ਦੂਰੀ 'ਤੇ ਪੁਲਸ ਮੁਲਾਜ਼ਮ ਡਾਂਗਾਂ, ਅੱਥਰੂ ਗੈਸ ਦੀਆਂ ਗੰਨਾਂ ਲਈ ਖੜ੍ਹੇ ਸਨ। ਆਸੇ ਪਾਸੇ ਦੀਆਂ ਦੁਕਾਨਾਂ ਬੰਦ ਸਨ।

ਧਰਨੇ ਤੋਂ 200 ਮੀਟਰ ਦੀ ਵਿੱਥ 'ਤੇ ਹਰ ਪਾਸੇ ਕੁੱਝ ਨੌਜਵਾਨ ਪਹਿਰੇ 'ਤੇ ਖੜ੍ਹੇ ਸਨ ਤਾਂ ਕਿ ਸੀਏਏ ਸਮਰਥਕਾਂ ਦੀ ਭੀੜ ਦੇ ਹਮਲੇ ਨੂੰ ਰੋਕਿਆ ਜਾ ਸਕੇ। ਸੀਏਏ ਦੇ ਸਮਰਥਕ ਮੌਜਪੁਰ ਚੌਂਕ 'ਚ ਇਕੱਠੇ ਹੋਏ ਸਨ। 

ਐਤਵਾਰ ਨੂੰ ਹੋਈ ਹਿੰਸਾ ਲਈ ਲੋਕ ਭਾਜਪਾ ਦੇ ਆਗੂ ਕਪਿਲ ਮਿਸ਼ਰਾ ਨੂੰ ਕਸੂਰਵਾਰ ਦਸ ਰਹੇ ਸਨ, ਜਿਸਨੇ ਆਪਣੇ ਭੜਕਾਊ ਭਾਸ਼ਣ ਨਾਲ ਲੋਕਾਂ ਨੂੰ ਭੜਕਾਇਆ। 

ਦੋ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਪੱਥਰਾਂ ਅਤੇ ਲਾਠੀਆਂ ਨਾਲ ਭਰੇ ਈ-ਰਿਕਸ਼ਾ ਮੌਜਪੁਰ ਚੌਂਕ ਵੱਲ ਜਾਂਦੇ ਦੇਖੇ ਹਨ। ਜਾਫਰਾਬਾਦ ਦੇ 30 ਸਾਲਾ ਕਾਜ਼ਿਮ ਨੇ ਦੱਸਿਆ, "ਪੰਜ ਪੁਲਸੀਏ ਬੈਟਰੀ ਰਿਕਸ਼ੇ 'ਚ ਪੱਥਰ ਭਰ ਰਹੇ ਸਨ ਤੇ ਮੌਜਪੁਰ ਚੌਂਕ ਵੱਲ ਭੇਜ ਰਹੇ ਹਨ। ਇਹ ਇਕ ਵੱਡੀ ਸਾਜਿਸ਼ ਘੜੀ ਜਾ ਰਹੀ ਹੈ।" ਉਹ ਕਹਿ ਰਹੇ ਸਨ ਕਿ ਪੁਲਸ ਸੀਏਏ ਸਮਰਥਕਾਂ ਨਾਲ ਰਲੀ ਹੋਈ ਹੈ।

ਦੁਪਹਿਰ 1.30 ਵਜੇ: ਮੌਜਪੁਰ ਚੌਂਕ ਵਿਚ ਭਗਵੇਂ ਝੰਡੇ ਫੜ੍ਹੀ ਸੀਏਏ ਸਮਰਥਕਾਂ ਦੀ ਹਿੰਦੂ ਭੀੜ ਨੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਭੀੜ ਵਿਚ 100 ਦੇ ਕਰੀਬ ਲੋਕ ਸਨ। ਉਹਨਾਂ ਦਾ ਕਹਿਣਾ ਸੀ ਕਿ ਸੀਏਏ ਖਿਲਾਫ ਸ਼ਾਹੀਨ ਬਾਗ ਅਤੇ ਜਾਫਰਾਬਾਦ ਵਿਚ ਹੋ ਰਹੇ ਪ੍ਰਦਰਸ਼ਨ ਤੋਂ ਲੋਕ ਤੰਗ ਆ ਚੁੱਕੇ ਹਨ ਤੇ ਇਹ ਭਾਰਤ ਨੂੰ ਦੁਨੀਆ ਵਿਚ ਬਦਨਾਮ ਕਰ ਰਹੇ ਹਨ।

ਮੌਜਪੁਰ ਚੌਂਕ ਤੋਂ ਕੁੱਝ ਅਗੇ, ਕਬੀਰ ਨਗਰ ਕੋਲ ਮੈਨੂੰ ਸੜਕ 'ਤੇ ਖਿੰਡੇ ਹੋਏ ਪੱਥਰ ਅਤੇ ਇੱਟਾਂ ਦਿਖੀਆਂ। ਇਸ ਤੋਂ ਪਹਿਲਾਂ ਉੱਤਰ ਪੂਰਬੀ ਦਿੱਲੀ ਦੇ ਯਮੂਨਾ ਵਿਹਾਰ ਤੇ ਹੋਰ ਕਈ ਇਲਾਕਿਆਂ 'ਚ ਸੀਏਏ ਸਮਰਥਕਾਂ ਅਤੇ ਸੀਏਏ ਵਿਰੋਧੀਆਂ ਦਰਮਿਆਨ ਝੜਪਾਂ ਹੋ ਚੁੱਕੀਆਂ ਸਨ।

ਇਸ ਦੌਰਾਨ ਜ਼ਾਫਰਾਬਾਦ ਵਿਚ ਇਕ ਨੌਜਵਾਨ ਵੱਲੋਂ ਪਿਸਤੌਲ ਨਾਲ ਫਾਇਰ ਕਰਨ ਦੀਆਂ ਤਸਵੀਰਾਂ ਸਾਹਮਣੇ ਆਈਆਂ। 

ਦੁਪਹਿਰ 3 ਵਜੇ: ਜਦੋਂ ਮੈਂ ਮੌਜਪੁਰ ਚੌਂਕ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਇਕ ਗੱਦਿਆਂ ਦੀ ਦੁਕਾਨ ਚੋਂ ਧੂੰਆਂ ਨਿਕਲ ਰਿਹਾ ਸੀ। ਉੱਥੇ ਖੜ੍ਹੇ ਲੋਕ "ਜੈ ਸ਼੍ਰੀ ਰਾਮ" ਅਤੇ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਮਾਰ ਰਹੇ ਸਨ। ਉਹਨਾਂ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਕਿ ਇਸ ਦੀ ਰਿਕਾਰਡਿੰਗ ਨਾ ਕੀਤੀ ਜਾਵੇ।

ਮੌਕੇ ਦੇ ਗਵਾਹ ਨੇ ਦੱਸਿਆ ਕਿ ਇਸ ਦੁਕਾਨ ਨੂੰ ਤਕਰੀਬਨ 2.45 'ਤੇ ਅੱਗ ਲਾਈ ਗਈ ਸੀ। ਅੱਗ ਲਾਉਣ ਮੌਕੇ ਪੁਲਸ ਵੀ ਮੌਕੇ 'ਤੇ ਖੜ੍ਹੀ ਸੀ, ਪਰ ਉਹਨਾਂ ਰੋਕਣ ਦੀ ਕੋਸ਼ਿਸ਼ ਤਕ ਵੀ ਨਹੀਂ ਕੀਤੀ। 3.15 ਵਜੇ ਮੇਰੇ ਸਾਹਮਣੇ ਇਕ ਹੋਰ ਦੁਕਾਨ ਨੂੰ ਅੱਗ ਲਾ ਦਿੱਤੀ ਗਈ। 

ਦੂਜੀ ਦੁਕਾਨ ਨੂੰ ਅੱਗ ਲਗਣ ਮਗਰੋਂ ਪੁਲਸ ਨੇ ਭੀੜ ਨੂੰ ਉੱਥੋਂ ਭਜਾਇਆ ਤੇ ਭੀੜ ਮੌਜਪੁਰ ਚੌਂਕ ਵੱਲ ਭੱਜ ਗਈ। 

ਰਿਊਟਰਸ ਵੱਲੋਂ ਲਈਆਂ ਗਈਆਂ ਫੋਟੋਆਂ ਵਿਚ ਸਾਫ ਦਿਖ ਰਿਹਾ ਹੈ ਕਿ ਸੀਏਏ ਸਮਰਥਕ ਹਿੰਦੂ ਭੀੜ ਜਾਫਰਾਬਾਦ ਵਿਚ ਸੀਏਏ ਖਿਲਾਫ ਲੱਗੇ ਧਰਨੇ 'ਤੇ ਪੱਥਰ ਮਾਰ ਰਹੀ ਸੀ ਅਤੇ ਪੈਟਰੋਲ ਬੰਬ ਸੁੱਟ ਰਹੀ ਸੀ। ਇੱਥੇ ਇਕ ਮੁਸਲਿਮ ਬੰਦੇ ਨੂੰ ਬੁਰੀ ਤਰ੍ਹਾਂ ਕੁੱਟੇ ਜਾਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। 

ਦੁਪਹਿਰ 3.45: ਪੁਲਿਸ ਵੱਲੋਂ ਸੀਏਏ ਖਿਲਾਫ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਜਾਫਰਾਬਾਦ ਵਿਚ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਨਾਲ ਲੋਕਾਂ 'ਚ ਭਗਦੜ ਮਚ ਗਈ।

ਸ਼ਾਮ 4.30: ਮੌਜਪੁਰ ਚੌਂਕ ਵਿਚ ਇਕੱਠੀ ਹੋਈ ਸਮਰਥਕਾਂ ਦੀ ਭੀੜ ਜਸ਼ਨ ਮਨਾ ਰਹੀ ਸੀ ਤੇ ਲਾਊਡ ਸਪੀਕਰ 'ਤੇ ਜੈ ਸ੍ਰੀ ਰਾਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਜਾ ਰਹੇ ਸਨ।