ਦਿੱਲੀ ਦਾ ਸਿੱਖ ਇਤਿਹਾਸ ਇਕ ਨਿਵੇਕਲੀ ਖੋਜ

ਦਿੱਲੀ ਦਾ ਸਿੱਖ ਇਤਿਹਾਸ ਇਕ ਨਿਵੇਕਲੀ ਖੋਜ

ਜਿਨ੍ਹਾਂ ਦੀ ਕਲਮ ਸਦਾ ਸੱਚ ਦਾ ਪੈਗਾਮ  ਤੇ ਰੂਹਾਨੀਅਤ ਦੀ ਰਮਜ਼ ਨੂੰ ਬਿਆਨ ਕਰਦੀ ਹੈ ।

ਅਭੀਨਾਸ਼ ਮਹਾਂਪਤਰਾ ਜੋ ਕਿ ਉੜੀਸਾ ਦੇ ਸਿੱਖ ਹਿਸਟੋਰੀਅਨ ਅਤੇ ਪੰਜਾਬੀ ਗਲੋਬਲ ਫਾਊਂਡੇਸ਼ਨ ਉੜੀਸਾ ਚੈਪਟਰ ਦੇ ਪ੍ਰਧਾਨ ਹਨ। ਉਹਨਾਂ ਦੁਆਰਾ ਲਿਖੀ ਪੁਸਤਕ *The Sikh History of Delhi* (A Research Under the Aegis of S.G.P.C. Sikh Mission, Delhi) ਇਸ ਪੁਸਤਕ ਦੀ ਪਰਸਤਾਵਨਾ ਸੁਰਿੰਦਰ ਪਾਲ ਸਿੰਘ ਸਮਾਣਾ  ਇੰਚਾਰਜ ਸਿੱਖ ਮਿਸ਼ਨ ਦਿੱਲੀ, ਐਸ ਜੀ ਪੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਕੀਤੀ ਗਈ ਹੈ।  ਪਬਲੀਕੇਸ਼ਨ ਬਿਉਰੋ ਪੰਜਾਬੀ ਗਲੋਬਲ ਫਾਊਂਡੇਸ਼ਨ ਉੜੀਸਾ ਚੈਪਟਰ ਵਲੋਂ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਪੁਸਤਕ ਦੇ ਕੁਲ 82 ਪੰਨੇ ਹਨ।  ਅੰਗ੍ਰੇਜ਼ੀ ਵਿਚ ਛਪੀ ਇਸ ਪੁਸਤਕ ਨੂੰ ਪੜ੍ਹਨ ਦੀ ਉਤਸੁਕਤਾ ਉਸ ਸਮੇਂ ਮਨ ਵਿਚ ਪੈਦਾ ਹੋਈ ਜਦੋਂ ਇਸ ਪੁਸਤਕ ਦੀ ਰਹਿਬਰਾਂ ਨੂੰ ਸੰਬੋਧਨ ਸ਼ੈਲੀ ਨੇ ਮਨ ਉਤੇ ਗਹਿਰਾ  ਪ੍ਰਭਾਵ  ਪਾਇਆ।ਜਦੋਂ ਕਿਤਾਬ ਪੜ੍ਹ ਰਹੀ ਸੀ, ਮੈਂ ਮਹਿਸੂਸ ਕੀਤਾ ਜੋ ਜੋ ਸ਼ਬਦ ਲਿਖਿਆ ਗਿਆ ਹੈ ਅਸੀਂ ਉਸ ਨੂੰ ਖੁਦ ਜੀ ਰਹੇ ਹਾਂ, ਕਹਿਣ ਤੋਂ ਭਾਵ ਸਾਡੀ ਰੂਹ ਉਨ੍ਹਾਂ ਥਾਵਾਂ ਦੇ ਦਰਸ਼ਨ ਕਰ ਰਹੀ ਹੈ ਜਿੱਥੇ ਜਿੱਥੇ ਗੁਰੂ ਸਹਿਬਾਨ ਗਏ ਸਨ । ਲੇਖਕ ਦੀ ਕਲਮ ਉਸ ਅਕਾਲ ਪੁਰਖ ਦੀ ਬਖਸ਼ੀ ਹੋਈ  ਉਹ ਸੁਨਹਿਰੀ ਦਾਤ ਹੈ ਜੋ ਹਰ ਇਕ ਇਨਸਾਨ ਨੂੰ ਪ੍ਰਾਪਤ ਨਹੀਂ ਹੁੰਦੀ । ਵਿਰਲੀਆਂ ਰੂਹਾਂ ਇਸ ਜੱਗ ਉੱਤੇ ਹਨ ਜਿਨ੍ਹਾਂ ਨੂੰ ਕਲਮ ਦੀ ਦਾਤ ਦੇ ਨਾਲ ਨਾਲ ਗਿਆਨ ਦਾ ਭੰਡਾਰ ਵੀ ਬਖਸ਼ਿਸ਼ ਹੁੰਦਾ ਹੈ। ਗਿਆਨ ਦਾ ਭੰਡਾਰ ਸ਼ਬਦ ਇਸ ਲਈ ਵਰਤ ਰਹੀ ਹਾਂ ਕਿਉਂਕਿ ਲੇਖਕ ਨੇ ਇਸ ਕਿਤਾਬ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ  ਅਤੇ ਪਰਸ਼ਿਅਨ ਸਰੋਤਾਂ ਨੂੰ ਅਧਾਰ ਬਣਾ ਕੇ ਗੁਰੂ ਸਾਹਿਬਾਨਾਂ ਤੇ ਸਿੰਘ ਸੂਰਮੀਆਂ ਦੀ ਦਿੱਲੀ ਯਾਤਰਾ ਤੇ ਸ਼ਹੀਦੀ ਨੂੰ ਬਿਆਨ ਕੀਤਾ ਹੈ। ਲੇਖਕ ਆਪਣੀ ਕਿਤਾਬ ਦੀ ਸ਼ੁਰੂਆਤ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਦੁਆਰਾ ਲੋਕਾਈ ਨੂੰ ਦਿੱਤੇ ਪੈਗ਼ਾਮ ਤੋਂ ਕਰਦਾ ਹੈ । ਇਸ ਪੁਸਤਕ ਦੇ ਕੁਝ ਅਜਿਹੇ ਸ਼ਬਦ ਜੋ ਰੂਹ ਤੱਕ ਚਲ ਜਾਂਦੇ ਹਨ, ਉਹ ਲੇਖਕ ਦੀ ਅੱਤ ਡੂੰਘਾਈ ਸੋਚ ਨੂੰ ਬਿਆਨ ਕਰਦੇ ਹਨ, ਜਿਵੇਂ ਕਰਾਮਾਤ ਦੇ ਸੰਕਲਪ ਨੂੰ ਦੱਸਦੇ ਹੋਏ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਬੋਲੇ ਸ਼ਬਦ "ਚਮਤਕਾਰ ਕਰਨਾ ਕੋਈ ਖੇਡ ਨਹੀਂ ਹੈ ਇਹ ਕੇਵਲ ਅਕਾਲ ਪੁਰਖ ਦੇ ਹੁਕਮ ਅਧੀਨ ਹੀ ਹੁੰਦਾ ਹੈ" ਇਹ ਸ਼ਬਦ  ਸਿੱਖੀ ਵਿਚਲੇ ਆਲੋਚਕ ਦ੍ਰਿਸ਼ਾਂ ਨੂੰ ਬਿਆਨ ਕਰਦਾ ਹੈ । 

ਦਿੱਲੀ ਵਿਚ ਗੁਰੂ ਨਾਨਕ ਜੋਤ ਦਾ ਆਗਮਨ ਦਰਸਾਉਂਦੇ ਹੋਏ ਗੁਰੂ ਘਰ ਜਿਨ੍ਹਾਂ ਵਿੱਚ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ "ਗੁਰਦੁਆਰਾ ਮਜਨੂੰ ਦਾ ਟਿੱਲਾ" ,ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ " ਸ੍ਰੀ ਗੁਰੂ ਹਰਿਗੋਬਿੰਦ ਸਰ ਸਾਹਿਬ" ਸਥਾਪਿਤ ਹਨ । ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰ ਰਾਇ ਜੀ  "ਗੁਰਦੁਆਰਾ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ " ਜਿੱਥੇ ਕਿ ਪਹਿਲਾਂ ਇਕ ਪੁਰਾਤਨ ਮੰਜੀ ਸੀ ਅਤੇ ਇਸ ਦੀ ਸਾਂਭ ਸੰਭਾਲ ਭਾਈ  ਗੌਂਡਾ ਜੀ ਦੁਆਰਾ ਕੀਤੀ ਗਈ । ਅੱਠਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ  ਦਾ ਦਿੱਲੀ ਵਿੱਚ ਆਗਮਨ  ਰਾਜਾ  ਮਿਰਜ਼ਾ ਜੈ ਸਿੰਘ ਦੇ ਸੱਦੇ ਉੱਤੇ ਹੁੰਦਾ ਹੈ । ਜਿਸ ਸਮੇਂ ਸ੍ਰੀ ਗੁਰੂ ਹਰਕ੍ਰਿਸ਼ਨ  ਸਾਹਿਬ ਜੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋਏ ਉਸ ਸਮੇਂ  ਮਾਤਾ ਸੁਲੱਖਣੀ ਨਾਲ ਕੀਤੀ ਗਈ ਵਾਰਤਲਾਪ  ਨੂੰ  ਲੇਖਕ ਬੜੇ ਹੀ ਸੁਚੱਜੇ ਢੰਗ ਨਾਲ  ਭਾਵਨਾਤਮਕ  ਸ਼ਬਦਾਂ ਵਿੱਚ ਬਿਆਨ ਕਰਦਾ ਹੈ ਜਿਨ੍ਹਾਂ ਨੂੰ ਪੜ੍ਹਦੇ ਸਾਰ ਦਿਮਾਗ ਵਿਚ ਇਕ  ਤਸਵੀਰ ਬਣਨੀ ਸ਼ੁਰੂ ਹੋ ਜਾਂਦੀ ਹੈ ਜੋ ਉਸ ਸਮੇਂ ਵਿੱਚ ਲੈ ਜਾਂਦੀ ਹੈ ਜਿਸ ਸਮੇਂ ਵਿੱਚ ਇਹ ਵਾਰਤਾਲਾਪ ਹੋਈ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਉਚਾਰੇ ਸ਼ਬਦ " ਜੋ ਮਨੁੱਖ ਸਰੀਰ ਲੈ ਕੇ ਇਸ ਧਰਤੀ ਉੱਤੇ ਆਇਆ ਹੈ ਉਸ ਨੂੰ ਦੁੱਖ, ਤਕਲੀਫ਼ਾਂ ਬਿਮਾਰੀਆਂ ਇਨ੍ਹਾਂ ਸਭਨਾਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ " ਤੇ ਇਸੇ ਵਾਰਤਾਲਾਪ ਦਾ ਇਕ ਹੋਰ ਵਾਕ " ਤੁਸੀਂ ਸੱਚੇ ਦੀ ਇੱਛਾ ਅਨੁਸਾਰ ਜੀਵਨ ਨੂੰ ਸਮਝਣਾ ਆਰੰਭ ਕਰੋ ਪ੍ਰਮਾਤਮਾ ਖੁਸ਼ੀ ਅਤੇ ਦੁੱਖ ਨੂੰ ਤੁਹਾਡੇ ਲਈ ਇੱਕੋ ਜਿਹੇ ਬਣਾ ਦੇਵੇਗਾ , ਅਕਾਲ ਦੇ ਹੁਕਮ ਵਿੱਚ ਜੀਵਨ ਬਸਰ ਕਰਨਾ  ਹੀ ਅਸਲ ਜੀਵਨ ਹੈ । ਇਨ੍ਹਾਂ ਸਾਰੇ ਸ਼ਬਦਾਂ ਨੇ ਮਨ ਉਤੇ ਬਹੁਤ ਹੀ ਗਹਿਰਾ ਪ੍ਰਭਾਵ ਪਾਇਆ । ਗੁਰੂ ਹਰਿਕ੍ਰਿਸ਼ਨ ਜੀ ਨਾਲ ਸਬੰਧਿਤ ਗੁਰਦੁਆਰਾ "ਸ੍ਰੀ ਬਾਲਾ ਸਾਹਿਬ " ਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸੁਸ਼ੋਭਿਤ ਹਨ  ।ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦਿੱਲੀ ਫੇਰੀ ਦੇ ਦੌਰਾਨ  ਉਨ੍ਹਾਂ ਦੇ ਸ਼ਰਧਾਲੂਆਂ ਦਾ ਵੇਰਵਾ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਚਾਨਣ ਪੈਦਾ ਕਰਦਾ ਹੈ । ਗੁਰੂ ਤੇਗ ਬਹਾਦਰ ਜੀ ਨਾਲ ਸਬੰਧਿਤ ਦਿੱਲੀ ਦਾ ਜੋ ਵੀ ਇਤਿਹਾਸ ਸੀ ਹੁਣ ਤੱਕ ਪੜ੍ਹਿਆ ਸੀ ਉਸ ਵਿੱਚ ਕਿਤੇ ਵੀ ਇਨ੍ਹਾਂ ਸ਼ਰਧਾਲੂਆਂ ਦਾ ਕੋਈ ਵੀ ਜ਼ਿਕਰ ਨਹੀਂ ਸੀ । ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਪਹਿਲਾਂ ਹੋਈ ਵਾਰਤਾਲਾਪ ਵਿੱਚ ਜਦੋਂ  ਔਰੰਗਜ਼ੇਬ ਨੇ ਗੁਰੂ ਪਾਤਸ਼ਾਹ ਨੂੰ ਕਰਾਮਾਤ ਦਿਖਾਉਣ ਦੇ ਲਈ ਕਿਹਾ ਤਾਂ ਗੁਰੂ ਪਾਤਸ਼ਾਹ ਨੇ ਅੱਗੋਂ ਜਵਾਬ ਦਿੱਤਾ "ਅਕਾਲ ਪੁਰਖ ਨੇ ਮੈਨੂੰ ਗ਼ਰੀਬਾਂ ਦੀ ਰੱਖਿਆ ਤੇ ਲੋੜਵੰਦਾਂ ਦੀ ਸਹਾਇਤਾ ਲਈ ਸ਼ਕਤੀ ਦਿੱਤੀ ਹੈ ਨਾ ਕਿ ਕੋਈ ਚਮਤਕਾਰ ਦਿਖਾਉਣ ਦੇ ਲਈ ,ਰੱਬ ਦੇ ਸੇਵਕ ਚਮਤਕਾਰ ਦਿਖਾਉਂਦੇ ਹੋਏ ਚੰਗੇ ਨਹੀਂ ਲੱਗਦੇ ਕਿਉਂ ਕੀ ਜੇਕਰ ਉਹ ਅਜਿਹਾ ਕੁਝ ਕਰਦੇ ਤਾਂ ਉਹ ਉਸ ਅਕਾਲ ਦੇ ਹੁਕਮ ਦੀ ਉਲੰਘਣਾ ਹੈ ਇੱਥੇ ਅਸੀਂ ਸਿਰ ਦੇਣ ਦੇ ਲਈ ਆਏ ਹਾਂ ਜਿਸ ਦੇ ਲਈ ਅਸੀਂ ਤਿਆਰ ਹਾਂ" ਅਜਿਹੀ ਅਣਦੇਖੀ ਤੇ ਅਣ ਸੁਣੇ ਵੇਰਵਿਆਂ ਨੂੰ ਲੇਖਕ ਨੇ ਇਸ ਕਿਤਾਬ ਵਿਚ ਪਾ ਕੇ ਸ਼ਬਦਾਂ ਨੂੰ  ਜਿਊਂਦਾ ਕਰ ਦਿੱਤਾ ਹੈ । ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੀ ਸ਼ਹੀਦੀ , ਗੁਰੂ ਪਾਤਸ਼ਾਹ ਜੀ ਨੂੰ ਸਮਰਪਿਤ  ਅਤੇ ਉਨ੍ਹਾਂ ਦਾ  ਗੁਰੂ ਪ੍ਰਤੀ ਪ੍ਰੇਮ  ਭਾਵਨਾ ਨੂੰ ਉਜਾਗਰ  ਕਰਦੀ ਹੈ  ਜਿਸ ਵਿੱਚ ਕਿਹਾ ਗਿਆ “ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ।। ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ।।“ 

ਗੁਰੂ ਤੇਗ ਬਹਾਦਰ ਪਾਤਸ਼ਾਹੀ ਜੀ ਦੀ ਸ਼ਹੀਦੀ  ਜੋ ਵਰਣਨ ਇਸ ਵਿਚ ਕੀਤਾ ਗਿਆ ਹੈ ਇਸ ਨੂੰ ਪੜ੍ਹਨ ਸਾਰ  ਉਹ ਸਾਰਾ ਦ੍ਰਿਸ਼ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਜੋ ਗੁਰੂ ਪਾਤਸ਼ਾਹ ਦੀ ਸ਼ਹੀਦੀ ਦੇ ਵਕਤ ਵਾਪਰਿਆ ਸੀ । ਦਿੱਲੀ ਵਿੱਚ ਸੁਸ਼ੋਭਿਤ ਗੁਰਦੁਆਰਾ  ਰਕਾਬਗੰਜ ਸਾਹਿਬ  ਤੇ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਾ ਵਰਣਨ ਥੋੜ੍ਹੇ ਸ਼ਬਦਾਂ ਵਿਚ ਵੀ ਡੂੰਘੀ ਜਾਣਕਾਰੀ ਪ੍ਰਦਾਨ ਕਰ ਜਾਂਦਾ ਹੈ । ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਗੁਰਗੱਦੀ  ਤੇ ਉਨ੍ਹਾਂ ਦੁਆਰਾ ਖ਼ਾਲਸਾ ਪੰਥ ਦੀ ਸਾਜਨਾ  ਸੰਬੰਧੀ ਦਿੱਤੇ ਵੇਰਵੇ  ਇਕ ਨਵੀਂ ਜਾਣਕਾਰੀ ਪ੍ਰਦਾਨ ਕਰਦੇ ਹਨ ।ਭਾਈ ਸਤੀ ਦਾਸ ਤੇ ਭਾਈ ਮਤੀ ਦਾਸ ਜੀ ਦੇ ਪਰਿਵਾਰ ਸਬੰਧੀ ਜੋ ਜਾਣਕਾਰੀ ਇਸ ਕਿਤਾਬ ਵਿਚ ਦਿੱਤੀ ਗਈ ਹੈ ਉਸ ਦਾ ਵੇਰਵਾ ਅੱਜ ਤੱਕ ਕਿਸੇ ਵੀ  ਸਿੱਖ ਇਤਿਹਾਸਕਾਰ ਨੇ ਆਪਣੀਆਂ ਕਿਤਾਬਾਂ ਵਿੱਚ ਨਹੀਂ ਦਿੱਤਾ, ਲੇਖਕ ਦੀ ਇਹ ਖੋਜ  ਸਿੱਖ ਇਤਿਹਾਸ ਵਿੱਚ  ਇਕ ਨਵੇਕਲਾਪਨ ਲੈ ਕੇ ਆਈ ਹੈ । ਦਿੱਲੀ ਵਿੱਚ  ਗੁਰੂ ਗੋਬਿੰਦ ਸਿੰਘ ਜੀ ਮਹਾਰਾਜ  ਦੀ ਫੇਰੀ ਦਿੱਲੀ ਦੇ ਇਤਿਹਾਸ ਨੂੰ  ਬ੍ਰਹਿਮੰਡੀ ਸ਼ੋਆਂ ਵਿੱਚ ਬਦਲ ਦਿੰਦੀ ਹੈ । ਗੁਰੂ ਸਾਹਿਬਾਨਾਂ ਤੋਂ ਬਾਅਦ ਸਿੱਖ ਯੋਧਿਆਂ ਦਾ ਦਿੱਲੀ ਵਿੱਚ ਆਗਮਨ  ਜਿਸ ਵਿੱਚ  ਬਾਬਾ ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਆਹਲੂਵਾਲੀਆ , ਜੱਸਾ ਸਿੰਘ ਰਾਮਗੜ੍ਹੀਆ ਅਤੇ  ਬਘੇਲ ਸਿੰਘ ਧਾਲੀਵਾਲ ਦਾ ਸੰਖੇਪ ਵਰਣਨ  ਉਨ੍ਹਾਂ ਦੇ ਨਾਇਕਤਵ ਨੂੰ ਉਜਾਗਰ ਕਰ ਜਾਂਦਾ ਹੈ । ਲੇਖਕ ਦੀ ਸੋਚ ਬ੍ਰਹਿਮੰਡੀ ਹਰਫ਼ਾਂ ਨੂੰ ਬਿਆਨ ਬਿਆਨ ਕਰਦੀ ਹੈ ਇਸ ਦਾ ਅਨੁਭਵ ਜਦੋਂ ਮੈਂ ਕਿਤਾਬ ਨੂੰ ਪੜ੍ਹ ਰਹੀ ਸੀ , ਉਦੋਂ ਮੇਰੀ ਰੂਹ ਦਿੱਲੀ ਵਿੱਚ  ਉਨ੍ਹਾਂ ਥਾਵਾਂ ਉੱਤੇ ਘੁੰਮ ਰਹੀ ਸੀ ਜਿੱਥੇ ਗੁਰੂ ਸਹਿਬਾਨ ਗਏ ਸਨ , ਗੁਰੂ ਨਾਨਕ ਪਾਤਸ਼ਾਹ ਜੀ ਦੀ ਉਦਾਸੀ ਤੋਂ  ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤਕ ਮਨ ਵੈਰਾਗਮਈ ਸਥਿਤੀ ਵਿੱਚ ਸੀ , ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਗਮਨ  ਖ਼ਾਲਸਾ ਪੰਥ ਦੀ ਸਥਾਪਨਾ  ਤੇ ਸਿੰਘ ਸੂਰਮੇ ਦੀ ਬਹਾਦਰੀ  ਮਨ ਵਿੱਚ ਬੀਰ ਰਸੀ ਭਾਵਨਾ ਨੂੰ ਉਜਾਗਰ ਕਰ ਰਹੀਆਂ ਸਨ ।

ਇਸ ਪੁਸਤਕ ਦੀ ਅਸਲ ਖ਼ੂਬਸੂਰਤੀ ਜੋ ਇਸ ਦੀ ਵਿਲੱਖਣਤਾ ਨੂੰ ਦਰਸਾਉਂਦੀ ਹੈ ਪਹਿਲੀ , ਗੁਰੂ ਹਰ ਰਾਇ ਜੀ ਦੀ ਦਿੱਲੀ ਯਾਤਰਾ  ਨੂੰ ਬਿਆਨ ਕਰਨਾ ਇਸ ਦੇ ਨਾਲ ਹੀ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਹਾਂਗੀਰ ਤੇ ਉਸ ਦੀ ਪਤਨੀ  ਨਾਲ ਮੁਲਾਕਾਤ ਦਾ ਵੇਰਵਾ ਕਿਸੇ ਵੀ ਹੋਰ ਸਿੱਖ ਇਤਿਹਾਸਕ ਕਿਤਾਬਾਂ ਵਿੱਚ ਨਹੀਂ ਮਿਲਦਾ  । ਇਸ ਦੇ ਨਾਲ ਹੀ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਵੇਰਵਾ ਹਰ ਇਕ ਇਤਿਹਾਸਕਾਰ ਨੇ ਦਿੱਤਾ ਹੈ ਪਰ ਇਹ ਗੁਰੂਘਰ ਕਿਵੇਂ ਬਣੇ, ਇਸ ਦਾ ਵੇਰਵਾ  ਲੇਖਕ ਦੁਆਰਾ ਬਹੁਤ ਹੀ ਸੁਚੱਜੇ ਢੰਗ ਨਾਲ ਦਿੱਤਾ ਗਿਆ ਹੈ ,ਜਿਸ ਵਿੱਚ ਗੁਰੂ ਅਮਰਦਾਸ ਜੀ ਦੇ ਸਮੇਂ ਉਨ੍ਹਾਂ ਦੇ ਸੱਚੇ ਸ਼ਰਧਾਲੂ  ਜਿਨ੍ਹਾਂ ਵਿੱਚ  ਅੱਲ੍ਹਾ ਯਾਰ  ਤੇ ਭਾਈ ਪਾਰੋ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਨੇ ਦਿੱਲੀ ਵਿੱਚ ਗੁਰਦੁਆਰਾ  ਸਾਹਿਬ ਦੀ ਉਸਾਰੀ ਕੀਤੀ । 

 ਦੂਜੀ, ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਦੇ ਬੰਸਾਵਲੀਨਾਮਾ  ਦੇ ਨਾਲ  ਉਹਨਾਂ ਦੇ ਪਰਿਵਾਰ ਦਾ ਸਾਰਾ ਇਤਿਹਾਸ ਲਿਖਿਆ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਦੇ ਘਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ  ਅਤੇ ਅਕਾਲ ਤਖ਼ਤ  ਸਾਹਿਬ ਜੀ ਦੇ ਜੋ ਹੁਕਮਨਾਮੇ ਹਨ ਉਨ੍ਹਾਂ ਦਾ  ਕਿਸੇ ਵੀ ਇਤਿਹਾਸਕਾਰ ਨੇ  ਜ਼ਿਕਰ ਨਹੀਂ ਕੀਤਾ ।  ਸਿੱਖੀ ਨੂੰ ਜਾਨਣ ਵਾਲੇ ਅਤੇ ਉਸ ਨੂੰ ਪਿਆਰ ਕਰਨ ਵਾਲੀਆਂ ਸਾਰੀਆਂ ਰੂਹਾਂ ਨੂੰ ਇਹ ਪੁਸਤਕ ਜਰੂਰ ਪੜ੍ਹਨੀ ਚਾਹੀਦੀ ਹੈ। ਸਿਰ ਝੁਕਦਾ ਏ ਅਜਿਹੀਆਂ ਰੂਹਾਂ ਦੇ ਅੱਗੇ , ਜਿਨ੍ਹਾਂ ਦੀਆਂ ਕਲਮਾਂ ਵਿੱਚ ਬ੍ਰਹਿਮੰਡੀ ਹਰਫ਼ਾਂ ਦਾ  ਵਾਸ ਹੋਵੇ ।ਉਨ੍ਹਾਂ ਰੂਹਾਂ ਵਿਚੋਂ ਹੀ ਅਭਿਨਾਸ਼ ਮਹਾਂਪਤਰਾ ਜੀ ਇਕ ਹਨ, ਜਿਨ੍ਹਾਂ ਦੀ ਕਲਮ ਸਦਾ ਸੱਚ ਦਾ ਪੈਗਾਮ  ਤੇ ਰੂਹਾਨੀਅਤ ਦੀ ਰਮਜ਼ ਨੂੰ ਬਿਆਨ ਕਰਦੀ ਹੈ ।

ਪੁਸਤਕ ਰੀਵਿਊ

ਸਰਬਜੀਤ ਕੌਰ

ਰਿਸਰਚ ਸਕੋਲਰ ਪੰਜਾਬੀ ਯੂਨਿਵਰਸਿਟੀ ਪਟਿਆਲਾ