ਇਸਲਾਮ ਦੀ ਤੌਹੀਨ ਕਰਨ ਦੇ ਦੋਸ਼ੀ ਨੂੰ ਅਦਾਲਤ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ

ਇਸਲਾਮ ਦੀ ਤੌਹੀਨ ਕਰਨ ਦੇ ਦੋਸ਼ੀ ਨੂੰ ਅਦਾਲਤ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਦੇ ਪਿਸ਼ਾਵਰ ਦੀ ਅਦਾਲਤ ਵਿਚ ਇਕ ਦੋਸ਼ੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਹੋਣ ਵਾਲਾ ਵਿਅਕਤੀ ਇਸਲਾਮ ਦੀ ਤੌਹੀਨ ਕਰਨ ਦਾ ਦੋਸ਼ੀ ਸੀ। ਦੋਸ਼ੀ 'ਤੇ ਇਲਜ਼ਾਮ ਸੀ ਕਿ ਉਹ ਖੁਦ ਨੂੰ ਪੈਗੰਬਰ ਵਜੋਂ ਪ੍ਰਚਾਰਦਾ ਸੀ। 

ਤਾਹਿਰ ਅਹਿਮਦ ਨਾਸੀਮ ਨਾਂ ਦੇ ਇਸ ਦੋਸ਼ੀ ਨੂੰ ਅਦਾਲਤ ਵਿਚ ਹੀ 6 ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਕਤਲ ਕਰਨ ਵਾਲੇ ਨੂੰ ਫੜ੍ਹ ਲਿਆ ਗਿਆ ਹੈ ਅਤੇ ਉਸਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਕਤਲ ਕਰਨ ਵਾਲੇ ਦਾ ਕਹਿਣਾ ਹੈ ਕਿ ਉਸਨੇ ਮਰਨ ਵਾਲੇ ਨੂੰ ਇਸਲਾਮ ਦੀ ਤੌਹੀਨ ਕਰਨ ਦੀ ਸਜ਼ਾ ਦਿੱਤੀ ਹੈ।

ਨਾਸੀਮ 2018 ਤੋਂ ਪੁਲਸ ਹਿਰਾਸਤ ਵਿਚ ਸੀ। ਉਸ 'ਤੇ ਲੱਗੇ ਦੋਸ਼ਾਂ ਲਈ ਪਾਕਿਸਤਾਨ ਕਾਨੂੰਨ ਮੁਤਾਬਕ ਉਸਨੂੰ ਮੌਤ ਦੀ ਸਜ਼ਾ ਵੀ ਹੋ ਸਕਦੀ ਸੀ। ਪਾਕਿਸਤਾਨੀ ਕਾਨੂੰਨ ਮੁਤਾਬਕ ਪੈਗੰਬਰ ਮੋਹੱਮਦ ਸਾਹਿਬ ਦੇ ਨਾਂ ਦੀ ਤੌਹੀਨ ਕਰਨ ਦੀ ਸਜ਼ਾ ਮੌਤ ਹੈ।

ਧਿਆਨ ਦੇਣ ਯੋਗ ਗੱਲ ਇਹ ਹੈ ਕਿ ਪਾਕਿਸਤਾਨ ਵਿਚ ਇਸਲਾਮੀ ਤੌਹੀਨ ਕਰਨ ਵਾਲਿਆਂ ਲਈ ਸਖਤ ਕਾਨੂੰਨ ਹਨ ਪਰ ਅੱਜ ਤਕ ਇਸ ਕਾਨੂੰਨ ਅਧੀਨ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ। ਪਰ ਅਦਾਲਤ ਤੋਂ ਬਾਹਰ ਵੱਡੀ ਗਿਣਤੀ ਵਿਚ ਅਜਿਹੇ ਕਤਲ ਹੋਏ ਹਨ ਜਿੱਥੇ ਕਤਲ ਹੋਣ ਵਾਲੇ 'ਤੇ ਇਸਲਾਮ ਦੀ ਤੌਹੀਨ ਕਰਨ ਦਾ ਦੋਸ਼ ਸੀ। 

ਇਹਨਾਂ ਕਤਲ ਹੋਏ ਲੋਕਾਂ ਵਿਚ ਉਹ ਵਕੀਲ ਅਤੇ ਜੱਜ ਵੀ ਸ਼ਾਮਲ ਹਨ ਜਿਹਨਾਂ ਨੇ ਇਸਲਾਮ ਦੀ ਤੌਹੀਨ ਦੇ ਦੋਸ਼ੀਆਂ ਨੂੰ ਅਦਾਲਤਾਂ ਵਿਚੋਂ ਬਰੀ ਹੋਣ ਵਿਚ ਮਦਦ ਕੀਤੀ ਜਾਂ ਬਰੀ ਕਰਨ ਦੇ ਫੈਂਸਲੇ ਸੁਣਾਏ।

2018 ਵਿਚ ਪਾਕਿਸਤਾਨ ਦੀ ਇਸਾਈ ਔਰਤ ਆਸੀਆ ਬੀਬੀ ਨੂੰ ਅਦਾਲਤ ਨੇ ਇਹਨਾਂ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਉਹ 9 ਸਾਲ ਜੇਲ੍ਹ ਵਿਚ ਬੰਦ ਰਹੀ।