ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਨੇ ਮਨਾਇਆ ਕਾਲਾ ਦਿਨ; ਹਿੰਦੂਤਵੀ ਫਾਸ਼ੀਵਾਦ ਦੇ ਏਜੰਡੇ ਖਿਲਾਫ ਇਕਜੁੱਟ ਹੋਣ ਦੀ ਅਪੀਲ

ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਨੇ ਮਨਾਇਆ ਕਾਲਾ ਦਿਨ; ਹਿੰਦੂਤਵੀ ਫਾਸ਼ੀਵਾਦ ਦੇ ਏਜੰਡੇ ਖਿਲਾਫ ਇਕਜੁੱਟ ਹੋਣ ਦੀ ਅਪੀਲ

ਜਲੰਧਰ: ਹਿੰਦੂਤਵੀ ਫਾਸ਼ੀਵਾਦ ਵਿਰੋਧੀ ਫੋਰਮ ਨੇ 26 ਜੂਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਅਤੇ ਭਾਰਤ ਅੰਦਰ ਜਮਹੂਰੀ ਹੱਕਾਂ ਦੀ ਬਹਾਲੀ ਦੇ ਹੱਕ ਵਿਚ ਲੋਕਾਂ ਨੂੰ ਅਵਾਜ਼ ਚੁੱਕਣ ਅਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਜਥੇਬੰਦੀ ਨੇ ਦੇਸ਼ ਭਗਤ ਯਾਦਗਾਰ ਹਾਲ ਵਿਚ ਇਕੱਠ ਕਰਕੇ ਮੋਦੀ ਸਰਕਾਰ ਵੱਲੋਂ ਹਿੰਦੂਤਵੀ ਤੇ ਫਾਸ਼ੀਵਾਦ ਦੇ ਏਜੰਡੇ ਨੂੰ ਅੱਗੇ ਤੋਰਨ ਅਤੇ ਘੱਟ ਗਿਣਤੀਆਂ ਨੂੰ ਗਿਣੇ-ਮਿਥੇ ਢੰਗ ਨਾਲ ਨਿਸ਼ਾਨਾ ਬਣਾਉਣ ਦੀ ਨਿਖੇਧੀ ਕੀਤੀ। 

ਫੋਰਮ ਦੇ ਆਗੂ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੈਰ ਵਿਧਾਨਕ, ਗੈਰ-ਜਮਹੂਰੀ ਢੰਗ ਤਰੀਕਿਆਂ ਨਾਲ ਮੁੜ ਕੇਂਦਰੀ ਸੱਤਾ ’ਤੇ ਕਾਬਜ਼ ਹੋਈ ਮੋਦੀ ਹਕੂਮਤ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਘੱਟ ਗਿਣਤੀਆਂ, ਵਿਸ਼ੇਸ਼ਕਰ ਮੁਸਲਮਾਨਾਂ ਨੂੰ ਭਗਵੇਂ ਅਤਿਵਾਦ ਦਾ ਨਿਸ਼ਾਨਾ ਬਣਾਉਣ ਲਈ ਧਾਰਾ 370 ਅਤੇ 35-ਏ ਤਹਿਤ ਕਸ਼ਮੀਰੀ ਲੋਕਾਂ ਨੂੰ ਮਿਲੇ ਵਿਸ਼ੇਸ਼ ਅਧਿਕਾਰਾਂ ਦਾ ਭੋਗ ਪਾਉਣ ਵੱਲ ਵਧਣਾ ਅਤੇ ਯੂਪੀ, ਝਾਰਖੰਡ ’ਚ ਮੁਸਲਮਾਨਾਂ ਨੂੰ ਸਾਜ਼ਿਸ਼ੀ ਭੀੜ ਵਲੋਂ ਕੁੱਟਣਾ ਤੇ ਮੌਤ ਦੇ ਘਾਟ ਉਤਾਰਨਾ ,ਬਿਹਾਰ ’ਚ ਦਿਮਾਗੀ ਬੁਖਾਰ ਨਾਲ ਮਾਰੇ ਗਏ ਬੱਚਿਆਂ ਦੇ ਮਾਪਿਆਂ ਵੱਲੋਂ ਇਨਸਾਫ ਲਈ ਪ੍ਰਦਰਸ਼ਨ ਕਰਨ ’ਤੇ ਲਾਠੀਆਂ ਤੇ ਪਰਚੇ ਨਸੀਬ ਹੋਣਾ, ਲੋਕਾਂ ਦੇ ਇਕੱਠੇ ਹੋਣ, ਬੋਲਣ, ਵਿਰੋਧ ਪ੍ਰਗਟ ਕਰਨ ਤੋਂ ਰੋਕਣ ਲਈ ਹਰ ਵਕਤ 144 ਲਗਾਈ ਰੱਖਣੀ ਵੀ ਅਣਐਲਾਨੀ ਐਮਰਜੈਂਸੀ ਹੈ। ਲੋਕਾਂ ਦਾ ਅਸਲ ਸਮੱਸਿਆਵਾਂ ਜਿਵੇਂ ਬੇਰੁਜ਼ਗਾਰੀ, ਮਹਿੰਗਾਈ ਤੋਂ ਧਿਆਨ ਹਟਾਉਣ ਲਈ ਅੰਧ-ਦੇਸ਼ਭਗਤੀ ਤੇ ਅੰਧ-ਰਾਸ਼ਟਰਵਾਦ ਨੂੰ ਪ੍ਰਚਾਰਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 26 ਜੂਨ 1975 ਨੂੰ ਦੇਸ਼ ਭਰ ’ਚ ਇੰਦਰਾ ਹਕੂਮਤ ਵੱਲੋਂ ਐਮਰਜੈਂਸੀ ਲਗਾ ਕੇ ਜਮਹੂਰੀ ਆਜ਼ਾਦੀਆਂ ਦਾ ਗਲਾ ਘੁੱਟ ਦਿੱਤਾ ਗਿਆ ਸੀ। ਇਕ ਵਿਸ਼ੇਸ਼ ਮਤੇ ਰਾਹੀਂ ਫੋਰਮ ਨੇ ਯੂਐਨਓ ਵਿੱਚ ਫਲਸਤੀਨ ਦੇ ਖਿਲਾਫ ਇਜ਼ਰਾਈਲ ਦੇ ਹੱਕ ਵਿਚ ਮੋਦੀ ਹਕੂਮਤ ਵੱਲੋਂ ਵੋਟ ਪਾਉਣ ਦੀ ਤਿੱਖੀ ਨਿੰਦਾ ਕਰਦਿਆਂ ਇਸ ਨੂੰ ਭਗਵੇਂ ਆਤੰਕ ਵੱਲੋਂ ਸਾਮਰਾਜੀ ਆਤੰਕ ਦੀ ਹਮਾਇਤ ਕਰਾਰ ਦਿੱਤਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ