ਬੀ.ਟੀ ਕਾਟਨ ਨੂੰ ਪਈ ਪੈਰਾ ਵਿਲਟ ਬਿਮਾਰੀ; ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਹਰਕਤ ਵਿੱਚ ਆਏ

ਬੀ.ਟੀ ਕਾਟਨ ਨੂੰ ਪਈ ਪੈਰਾ ਵਿਲਟ ਬਿਮਾਰੀ; ਖੇਤੀਬਾੜੀ ਵਿਭਾਗ ਤੇ ਯੂਨੀਵਰਸਿਟੀ ਹਰਕਤ ਵਿੱਚ ਆਏ

ਲੁਧਿਆਣਾ: ਬੀ.ਟੀ. ਕਾਟਨ ਨੂੰ ਹੁਣ ਪੈਰਾ ਵਿਲਟ ਬਿਮਾਰੀ ਨੇ ਘੇਰ ਲਿਆ ਹੈ। ਨਰਮੇ ਉਪਰ ਹੋਏ ਇਸ ਹਮਲੇ ਨਾਲ ਕੁੱਝ ਹੱਦ ਤੱਕ ਖੇਤ ਖਾਲੀ ਹੋਣੇ ਸ਼ੁਰੂ ਹੋ ਗਏ ਹਨ। ਹਮਲੇ ਦੇ ਮੁੱਢਲੇ ਪੱਧਰ ’ਤੇ ਬਚਾਅ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਰਕਤ ਵਿਚ ਆ ਗਏ ਹਨ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਇਸ ਹਮਲੇ ਤੋਂ ਬਿਲਕੁਲ ਨਾ ਘਬਰਾਉਣ, ਸਗੋਂ ਯੂਨੀਵਰਸਿਟੀ ਵਲੋਂ ਸਿਫਾਰਸ਼ ਕੀਤੀ ਦਵਾਈ ਆਪਣੇ ਖੇਤਾਂ ਵਿਚ ਵਰਤਣ। ਖੇਤੀ ਵਿਭਾਗ ਵਲੋਂ ਬਿਮਾਰੀ ਤੋਂ ਬਚਾਅ ਵਾਸਤੇ ਕਿਸਾਨਾਂ ਨੂੰ ਸਰਕਾਰੀ ਤੌਰ ‘ਤੇ ਮੁਫ਼ਤ ਦਵਾਈ ਵੰਡਣੀ ਸ਼ੁਰੂ ਕਰ ਦਿੱਤੀ ਗਈ ਹੈ।

ਪੈਰਾ ਵਿਲਟ ਦੇ ਹਮਲੇ ਸਬੰਧੀ ਖੇਤੀਬਾੜੀ ਵਿਭਾਗ ਦੇ ਮੁੱਖ ਜ਼ਿਲ੍ਹਾ ਅਫ਼ਸਰ ਗੁਰਮੇਲ ਸਿੰਘ ਚਾਹਲ ਨੇ ਹਾਮੀ ਭਰਦਿਆਂ ਕਿਹਾ ਕਿ ਕਿਸਾਨਾਂ ਦੇ ਖੇਤਾਂ ਵਿਚ ਇਸ ਹਮਲੇ ਦੀਆਂ ਵਾਰਦਾਤਾਂ ਸਾਹਮਣੇ ਆਉਣ ਪਿੱਛੋਂ ਖੇਤੀ ਮਹਿਰਾਂ ਦੀਆਂ ਟੀਮਾਂ ਨੂੰ ਖੇਤਾਂ ਦਾ ਸਰਵੇ ਕਰਨ ਲਈ ਭੇਜਿਆ ਗਿਆ ਸੀ, ਜਿਸ ਤੋਂ ਪਤਾ ਲੱਗਿਆ ਹੈ ਕਿ ਇਹ ਹਮਲਾ ਫਿਲਹਾਲ ਕਿਤੇ-ਕਿਤੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਹਮਲੇ ਸਬੰਧੀ ਇੱਕ ਵਿਸ਼ੇਸ ਰਿਪੋਰਟ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀ ਵਿਭਾਗ ਦੇ ਮੁਖੀ ਨੂੰ ਜਾਣਕਾਰੀ ਹਿੱਤ ਭੇਜ ਦਿੱਤੀ ਗਈ ਹੈ।

ਡਾ. ਚਾਹਲ ਨੇ ਕਿਹਾ ਕਿ ਮਾਲਵਾ ਪੱਟੀ ਵਿਚ ਆ ਰਹੇ ਮੀਂਹਾਂ ਵਾਲੇ ਇਸ ਮੌਸਮ ਵਿਚ ਨਰਮੇ ਨੂੰ ਧਿਆਨ ਨਾਲ ਸੰਭਾਲਣ ਦੀ ਲੋੜ ਹੈ, ਕਿਉਂਕਿ ਬਾਰਸ਼ ਦੇ ਜ਼ਿਆਦਾ ਪਾਣੀ ਨਾਲ ਜਾਂ ਨਰਮੇ ਨੂੰ ਭਰਵਾਂ ਪਾਣੀ ਲਾਉਣ ਤੋਂ ਬਾਅਦ ਉਸਦੇ ਪੱਤੇ ਮੁਰਝਾ ਕੇ ਸੁੱਕ ਜਾਂਦੇ ਹਨ ਅਤੇ ਬੂਟੇ ਮਰ ਵੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਨਾਮੁਰਾਦ ਬਿਮਾਰੀ ਬੀ.ਟੀ. ਨਰਮੇ ਵਿਚ ਅਕਸਰ ਵੇਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਰੋਗ ਬੂਟੇ ਵਿਚ ਕਿਸੇ ਜੀਵਾਣੂ ਜਾਂ ਵਿਸ਼ਾਣੂ ਕਾਰਨ ਨਹੀਂ ਹੁੰਦਾ ਹੈ।  ਪਿੰਡਾਂ ਦੇ ਨਰਮਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਰੋਜ਼ਾਨਾ ਨਰਮੇ ਦੀ ਫ਼ਸਲ ਦਾ ਨਿਰੀਖਣ ਕਰਨ ਅਤੇ ਜੇ ਕਿਤੇ ਨਰਮੇ ਦੇ ਪੱਤੇ ਮਰਝਾਉਂਦੇ ਨਜ਼ਰ ਆਉਂਦੇ ਹਨ ਤਾਂ ਇਹ ਸਮਝ ਲੈਣ ਕਿ ਫ਼ਸਲ ਪੈਰਾ ਵਿਲਟ ਦੀ ਲਪੇਟ ਵਿਚ ਆ ਗਈ ਹੈ।

ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦਾ ਵੀ ਕਹਿਣਾ ਹੈ ਕਿ ਕੁੱਝ ਖੇਤਾਂ, ਜਿਥੇ ਤਾਜ਼ਾ ਨਹਿਰੀ ਜਾਂ ਟਿਊਬਵੈੱਲਾਂ ਦਾ ਪਾਣੀ ਲੱਗਿਆ ਹੈ, ਉਥੇ ਪੈਰਾ ਵਿਲਟ ਨੇ ਹੱਲਾ ਬੋਲਿਆ ਹੈ। ਖੇਤੀਬਾੜੀ ਮਹਿਕਮੇ ਨੇ ਆਪਣੇ ਸਾਰੇ ਬਲਾਕ ਅਫਸਰਾਂ ਨੂੰ ਪਿੰਡ-ਪਿੰਡ ਜਾ ਕੇ ਇਸ ਹਮਲੇ ਸਬੰਧੀ ਸਾਰੀ ਜਾਣਕਾਰੀ ਦੇਣ ਅਤੇ ਇਸ ਤੋਂ ਕਿਸਾਨਾਂ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ