ਭਾਜਪਾ ਅਜ਼ਾਦ ਉਮੀਦਵਾਰਾਂ ਦੇ ਸਮਰਥਨ ਸਹਾਰੇ ਹਰਿਆਣਾ ਵਿੱਚ ਸਰਕਾਰ ਬਣਾਉਣ ਲਈ ਤਿਆਰ

ਭਾਜਪਾ ਅਜ਼ਾਦ ਉਮੀਦਵਾਰਾਂ ਦੇ ਸਮਰਥਨ ਸਹਾਰੇ ਹਰਿਆਣਾ ਵਿੱਚ ਸਰਕਾਰ ਬਣਾਉਣ ਲਈ ਤਿਆਰ
ਮਨੋਹਰ ਲਾਲ ਖੱਟਰ

ਚੰਡੀਗੜ੍ਹ: ਹਰਿਆਣਾ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਾ ਮਿਲਣ ਕਰਕੇ ਬਣੀ ਸਥਿਤੀ ਦੇ ਚਲਦਿਆਂ ਜੋੜ-ਤੋੜ ਦੀ ਸਿਆਸਤ ਮਘੀ ਹੋਈ ਹੈ ਤੇ ਸਰਕਾਰ ਦੀ ਚਾਬੀ ਸਾਂਭੀ ਬੈਠੇ ਅਜ਼ਾਦ ਉਮੀਦਵਾਰ ਅਤੇ ਜੇਜੇਪੀ ਪਾਰਟੀ 'ਤੇ ਸਭ ਦੀਆਂ ਨਿਗਾਹਾਂ ਹਨ। ਅਜਿਹੇ ਵਿੱਚ ਸਭ ਤੋਂ ਵੱਧ 40 ਸੀਟਾਂ ਲੈਣ ਵਾਲੀ ਭਾਜਪਾ ਪਾਰਟੀ ਜੋ ਬਹੁਮਤ ਦੀਆਂ 46 ਸੀਟਾਂ ਤੋਂ 6 ਸੀਟਾਂ ਪਿੱਛੇ ਹੈ, ਜੇਤੂ ਅਜ਼ਾਦ ਉਮੀਦਵਾਰਾਂ ਦੇ ਸਮਰਥਨ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਜਾ ਰਹੀ ਹੈ। 

ਅੱਜ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਨਵੀਂ ਦਿੱਲੀ ਵਿਖੇ ਭਾਜਪਾ ਦੇ ਕਾਰਜਕਾਰਨੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿੱਚ 6 ਅਜ਼ਾਦ ਵਿਧਾਇਕ ਵੀ ਸ਼ਾਮਲ ਸਨ। ਇਹਨਾਂ 6 ਅਜ਼ਾਦ ਵਿਧਾਇਕਾਂ ਤੋਂ ਇਲਾਵਾ ਸਿਰਸਾ ਤੋਂ ਚੋਣ ਜਿੱਤੇ ਵਿਧਾਇਕ ਗੋਪਾਲ ਕਾਂਡਾ ਅਤੇ ਮਹਿਮ ਤੋਂ ਚੋਣ ਜਿੱਤੇ ਵਿਧਾਇਕ ਬਲਰਾਜ ਕੁੰਡੂ ਨੇ ਵੀ ਭਾਜਪਾ ਨੂੰ ਸਮਰਥਨ ਦਾ ਐਲਾਨ ਕੀਤਾ ਹੈ।

ਗੋਪਾਲ ਕਾਂਡਾ 'ਤੇ ਬਲਾਤਕਾਰ ਵਰਗੇ ਸੰਗੀਨ ਦੋਸ਼ ਹਨ
ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਵਿੱਚ ਸਰਕਾਰ ਬਣਾਉਣ 'ਚ ਹਰਿਆਣਾ ਲੋਕਹਿੱਤ ਪਾਰਟੀ ਦੇ ਮੁਖੀ ਗੋਪਾਲ ਕਾਂਡਾ ਦਾ ਅਹਿਮ ਰੋਲ ਮੰਨਿਆ ਜਾ ਰਿਹਾ ਹੈ ਜੋ ਸਿਰਸਾ ਤੋਂ ਚੋਣ ਜਿੱਤ ਕੇ ਵਿਧਾਇਕ ਬਣਿਆ ਹੈ। ਗੋਪਾਲ ਕਾਂਡਾ ਗੀਤੀਕਾ ਸ਼ਰਮਾ ਦਾ ਬਲਾਤਕਾਰ ਕਰਨ ਅਤੇ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ੀ ਹੈ। 


ਗੋਪਾਲ ਕਾਂਡਾ

ਗੀਤੀਕਾ ਸ਼ਰਮਾ ਗੋਪਾਲ ਕਾਂਡਾ ਦੀ ਮਾਲਕੀ ਵਾਲੀ ਐਮਡੀਐਲਆਰ ਐਵੀਏਸ਼ਨ ਕੰਪਨੀ ਵਿੱਚ ਏਅਰ ਹੋਸਟਸ ਸੀ। 2012 ਵਿੱਚ ਗੀਤੀਕਾ ਸ਼ਰਮਾ ਨੇ ਦਿੱਲੀ ਸਥਿਤ ਆਪਣੇ ਕਮਰੇ ਵਿੱਚ ਖੁਦਕੁਸ਼ੀ ਕਰ ਲਈ ਸੀ ਜਿੱਥੋਂ ਮਿਲੀ ਉਸਦੀ ਚਿੱਠੀ ਵਿੱਚ ਉਸਨੇ ਗੋਪਾਲ ਕਾਂਡਾ 'ਤੇ ਸ਼ਰੀਰਕ ਸੋਸ਼ਣ ਦੇ ਦੋਸ਼ ਲਾਉਂਦਿਆਂ ਉਸਨੂੰ ਖੁਦਕੁਸ਼ੀ ਲਈ ਜ਼ਿੰਮੇਵਾਰ ਦੱਸਿਆ ਸੀ।

ਗੋਪਾਲ ਕਾਂਡਾ ਨੂੰ ਪੁਲਿਸ ਨੇ ਇਸ ਮਾਮਲੇ 'ਚ 2012 ਵਿੱਚ ਗ੍ਰਿਫਤਾਰ ਕੀਤਾ ਸੀ ਪਰ 2014 ਵਿੱਚ ਉਸਨੂੰ ਜ਼ਮਾਨਤ ਮਿਲ ਗਈ ਸੀ। 

ਗੀਤੀਕਾ ਸ਼ਰਮਾ ਦੇ ਭਰਾ ਅੰਕਿਤ ਸ਼ਰਮਾ ਨੇ ਕਿਹਾ ਕਿ ਗੋਪਾਲ ਕਾਂਡਾ ਇਸ ਤੋਂ ਪਹਿਲਾਂ ਵੀ ਕੇਸ ਦੀ ਜਾਂਚ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ ਤੇ ਜੇ ਉਸਨੂੰ ਹੁਣ ਮੰਤਰੀ ਦਾ ਅਹੁਦਾ ਮਿਲਦਾ ਹੈ ਤਾਂ ਅਜਿਹੇ ਬੰਦੇ ਨੂੰ ਦੋਸ਼ੀ ਸਾਬਤ ਕਰਨ ਲਈ ਕੇਸ ਲੜਨ ਦਾ ਕੋਈ ਮਤਲਬ ਹੀ ਨਹੀਂ ਰਹੇਗਾ। 

ਉਹਨਾਂ ਕਿਹਾ ਕਿ ਜੇ ਗੋਪਾਲ ਕਾਂਡਾ ਵਰਗੇ ਬੱਚੀਆਂ ਦੇ ਕਾਤਲਾਂ ਨੂੰ ਸੱਤਾ ਦੇਣੀ ਹੈ ਤਾਂ ਬੇਟੀ ਬਚਾਓ ਵਰਗੀਆਂ ਮੁਹਿੰਮਾਂ ਦਾ ਕੀ ਫਾਇਦਾ।

ਦੱਸ ਦਈਏ ਕਿ ਗੀਤੀਕਾ ਦੀ ਮਾਤਾ ਨੇ ਵੀ ਉਸਦੀ ਖੁਦਕੁਸ਼ੀ ਤੋਂ ਕੁਝ ਸਮਾਂ ਬਾਅਦ ਖੁਦਕੁਸ਼ੀ ਕਰ ਲਈ ਸੀ ਤੇ ਆਪਣੀ ਚਿੱਠੀ ਵਿੱਚ ਗੋਪਾਲ ਕਾਂਡਾ ਨੂੰ ਆਪਣੀ ਕੁੜੀ ਦੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।