ਸਾਈਕਲਾਂ ਦੀ ਮੁਰੰਮਤ ਕਰਨ ਵਾਲੇ ਹਰਪ੍ਰੀਤ ਸਿੰਘ ਨੇ  ਬਣਾਇਆ ਪੈਰਾਗਲਾਈਡਰ ਇੰਡੀਅਨ ਫਲਾਇੰਗ ਫੋਰਸ ਪੁਡੂਚੇਰੀ ਵਿੱਚ  ਮਿਲੀ ਨੌਕਰੀ

ਸਾਈਕਲਾਂ ਦੀ ਮੁਰੰਮਤ ਕਰਨ ਵਾਲੇ ਹਰਪ੍ਰੀਤ ਸਿੰਘ ਨੇ  ਬਣਾਇਆ ਪੈਰਾਗਲਾਈਡਰ ਇੰਡੀਅਨ ਫਲਾਇੰਗ ਫੋਰਸ ਪੁਡੂਚੇਰੀ ਵਿੱਚ  ਮਿਲੀ ਨੌਕਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ
 

ਚੰਡੀਗੜ੍ਹ: ਸਥਾਨਕ ਭੋਲੂਵਾਲਾ ਰੋਡ ਦੇ ਵਸਨੀਕ ਹਰਪ੍ਰੀਤ ਸਿੰਘ ਨੇ ਸਾਈਕਲ ਦੀ ਮੁਰੰਮਤ ਕਰਦੇ ਹੋਏ ਤਿੰਨ ਸਾਲਾਂ ਦੀ ਮਿਹਨਤ ਅਤੇ ਢਾਈ ਲੱਖ ਦੀ ਲਾਗਤ ਨਾਲ ਪੈਰਾਗਲਾਈਡਰ ਬਣਾ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।ਹਰਪ੍ਰੀਤ ਸਿੰਘ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ। ਪਰ ਆਰਥਿਕ ਸਾਧਨਾਂ ਦੀ ਘਾਟ ਕਾਰਨ ਅਤੇ ਸਿਰ 'ਤੇ ਪਿਤਾ ਦਾ ਪਰਛਾਵਾਂ ਨਾ ਹੋਣ ਕਾਰਨ ਇਹ ਸੁਪਨਾ ਪੂਰਾ ਕਰਨਾ ਔਖਾ ਜਾਪਦਾ ਸੀ। ਇਸ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ। ਹੁਣ ਉਹ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਕੁਝ ਹੱਦ ਤੱਕ ਕਾਮਯਾਬ ਵੀ ਹੋਇਆ ਹੈ।

ਸਾਈਕਲ ਮਕੈਨਿਕ ਹਰਪ੍ਰੀਤ ਸਿੰਘ ਨੇ ਮੋਟਰਸਾਈਕਲ ਦੇ ਇੰਜਣ ਨੂੰ ਫਿੱਟ ਕਰਕੇ ਪੈਰਾਗਲਾਈਡਰ ਤਿਆਰ ਕੀਤਾ। ਇਸ ਤੋਂ ਪਹਿਲਾਂ ਉਸ ਨੇ ਆਰਮੀ ਅਸਾਮ ਤੋਂ ਸਿਖਲਾਈ ਪ੍ਰਾਪਤ ਕੀਤੀ । ਹੁਣ ਉਸ ਨੂੰ ਇੰਡੀਅਨ ਫਲਾਇੰਗ ਫੋਰਸ ਪੁਡੂਚੇਰੀ ਵਿੱਚ ਪੈਰਾ ਮੋਟਰ ਪਾਇਲਟ ਵਜੋਂ ਨੌਕਰੀ ਵੀ ਮਿਲ ਗਈ ਹੈ। ਉੱਥੇ ਉਹ ਲੋਕਾਂ ਨੂੰ ਆਕਾਸ਼ ਦੀ ਯਾਤਰਾ ਕਰਵਾਉਂਦਾ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਉਸ ਦਾ ਸੁਪਨਾ ਹੈ ਕਿ ਉਹ ਆਪਣੇ ਇਲਾਕੇ ਦੇ ਲੋਕਾਂ ਲਈ ਦੋ ਸੀਟਰ ਪੈਰਾਮੋਟਰ ਗਲਾਈਡਰ ਬਣਾ ਕੇ ਹਰ ਛੋਟੇ-ਵੱਡੇ ਅਮੀਰ-ਗਰੀਬ ਨੂੰ ਅਸਮਾਨ 'ਵਿਚ ਸਫ਼ਰ ਕਰਾਵੇ।
ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਸਾਈਕਲ ਰਿਪੇਅਰ ਦਾ ਕੰਮ ਕਰਦਾ ਸੀ। ਉਸ ਨੇ ਪੈਰਾਮੋਟਰ ਗਲਾਈਡਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਅਤੇ ਤਿੰਨ ਸਾਲਾਂ ਵਿੱਚ ਢਾਈ ਲੱਖ ਰੁਪਏ ਖਰਚ ਕਰਕੇ ਸਫ਼ਲਤਾ ਹਾਸਲ ਕੀਤੀ। ਇਧਰੋਂ-ਉਧਰੋਂ ਇਸ ਦਾ ਹਰ ਪੁਰਜ਼ਾ ਇਕੱਠਾ ਕੀਤਾ। ਇਸ ਵਿਚ ਸਾਈਕਲ ਦਾ ਹੈਂਡਲ ਲਗਾਇਆ ਜਦੋਂ ਕਿ ਪੰਖ ਲੱਕੜ ਦੇ ਲਗਾਏ। ਇਸ ਵਿਚ ਮੋਟਰਸਾਈਕਲ ਦਾ ਇੰਜਣ ਫਿੱਟ ਕੀਤਾ। ਹੁਣ ਉਸ ਨੇ ਦੋ ਸੀਟਾਂ ਵਾਲਾ ਪੈਰਾਮੋਟਰ ਗਲਾਈਡਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਇਸ ਲਈ ਸਰਕਾਰ ਤੋਂ ਸਹਿਯੋਗ ਦੀ ਉਮੀਦ ਹੈ।

ਹਰਪ੍ਰੀਤ ਅਨੁਸਾਰ ਸ਼ਹਿਰ ਦੇ ਲੋਕ ਪੈਰਾਗਲਾਈਡਰ ਦਾ ਆਨੰਦ ਲੈਣ ਲਈ ਬਾਹਰ ਜਾਂਦੇ ਹਨ ਪਰ ਮੈਂ ਆਪਣੇ ਸ਼ਹਿਰ ਵਿੱਚ ਹੀ ਲੋਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਨਾ ਚਾਹੁੰਦਾ ਹਾਂ। ਜੇਕਰ ਸਰਕਾਰ ਮੇਰਾ ਸਮਰਥਨ ਕਰਦੀ ਹੈ, ਤਾਂ ਉਹ ਇੱਕ ਵੱਡਾ ਪੈਰਾਮੋਟਰ ਗਲਾਈਡਰ ਬਣਾ ਸਕਦਾ ਹੈ ਅਤੇ ਲੋਕਾਂ ਨੂੰ ਅਸਮਾਨ ਦੀ ਸੈਰ ਕਰਵਾ ਸਕਦਾ ਹੈ