ਟਾਈਮ ਮੈਗਜ਼ੀਨ ਵੱਲੋਂ ਜਾਰੀ ਸੰਸਾਰ ਦੇ ਉੱਭਰ ਰਹੇ ਆਗੂਆਂ ਦੀ ਸੂਚੀ 'ਚ ਭੀਮ ਆਰਮੀ ਦੇ ਆਜ਼ਾਦ ਨੂੰ ਮਿਲੀ ਥਾਂ

ਟਾਈਮ ਮੈਗਜ਼ੀਨ ਵੱਲੋਂ ਜਾਰੀ ਸੰਸਾਰ ਦੇ ਉੱਭਰ ਰਹੇ ਆਗੂਆਂ ਦੀ ਸੂਚੀ 'ਚ ਭੀਮ ਆਰਮੀ ਦੇ ਆਜ਼ਾਦ ਨੂੰ ਮਿਲੀ ਥਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

'ਟਾਈਮ' ,ਜੋ ਕਿ ਦੁਨੀਆਂ ਭਰ ਵਿੱਚ ਪ੍ਰਚੱਲਿਤ ਇੱਕ ਅਮਰੀਕੀ ਮੈਗਜ਼ੀਨ ਹੈ, ਹਰ ਸਾਲ 'ਟਾਈਮ 100 ਨੈਕਸਟ' ਦੇ ਸਿਰਲੇਖ ਹੇਠ ਪੂਰੀ ਦੁਨੀਆਂ ਦੇ ਸੌ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਜ਼ਾਰੀ ਕਰਦੀ ਹੈ। ਇਸ ਵਾਰ ਉੱਭਰ ਰਹੇ ਆਗੂਆਂ ਦੀ ਸੂਚੀ ਵਿੱਚ ਚੰਦਰ ਸ਼ੇਖਰ ਆਜ਼ਾਦ ਸਣੇ ਹੋਰ ਪੰਜ ਭਾਰਤੀ ਮੂਲ ਦੀਆਂ ਸ਼ਖ਼ਸੀਅਤਾਂ ਸ਼ਾਮਿਲ ਹਨ।

ਜ਼ਿਕਰਯੋਗ ਹੈ ਕਿ ਚੰਦਰ ਸ਼ੇਖਰ ਆਜ਼ਾਦ, ਭੀਮ ਆਰਮੀ ਦੇ ਚੀਫ਼ ਵਜੋਂ ਦਲਿਤ ਭਾਈਚਾਰੇ ਦੇ ਵਿਕਾਸ ਅਤੇ ਉੱਚੀਆਂ ਜਾਤੀਆਂ ਵੱਲੋਂ ਕੀਤੇ ਜਾਂਦੇ ਵਿਤਕਰੇ ਵਿਰੁੱਧ ਉੱਤਰ ਪ੍ਰਦੇਸ਼ ਖਿੱਤੇ ਵਿੱਚ ਸਰਗਰਮ ਹੈ। ਹਾਥਰਸ ਵਿਖੇ ਹੋਏ ਦਲਿਤ ਕੁੜੀ ਨਾਲ ਬਲਾਤਕਾਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਵਿੱਚ ਉਸਦਾ ਵੱਡਾ ਯੋਗਦਾਨ ਰਿਹਾ। ਮੌਜੂਦਾ ਸਮੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉੱਠੇ ਕਿਸਾਨ ਅੰਦੋਲਨ ਨੂੰ ਵੀ ਉਹ ਖੁੱਲ ਕੇ ਹਮਾਇਤ ਕਰ ਰਿਹਾ।

'ਟਾਈਮ 100 ਨੈਕਸਟ' ਦੀ ਟਿੱਪਣੀ ਮੁਤਾਬਕ, ਖਿੱਤੇ ਵਿੱਚ ਹਿੰਦੂ ਰਾਸ਼ਟਰਵਾਦੀਆਂ ਦਾ ਜ਼ੋਰ ਹੋਣ ਕਾਰਨ ਆਉਣ ਵਾਲੀਆਂ ਚੋਣਾਂ ਉਸ ਲਈ ਅਗਲੀ ਵੱਡੀ ਚੁਣੌਤੀ ਹੋਣਗੀਆਂ।

ਵਿਜਯਾ ਗੜ੍ਹੇ, ਜੋ ਕਿ 'ਟਵਿੱਟਰ' ਦੀ ਕਾਨੂੰਨੀ ਅਤੇ ਨੀਤੀ ਬਣਾਉਣ ਵਾਲੀ ਟੀਮ ਦੀ ਪ੍ਰਮੁੱਖ ਹੈ, ਅਮਰੀਕਾ ਵਿਚਲੀ ਹਿੰਸਾ ਨਾਲ ਨਜਿੱਠਣ ਲਈ ਸਾਬਕਾ ਰਾਸ਼ਟਰਪਤੀ 'ਡੋਨਲਡ ਟਰੰਪ' ਦਾ ਖਾਤਾ ਬੰਦ ਕਰਨ ਦੇ ਫੈਸਲੇ ਕਾਰਨ ਚਰਚਾ ਵਿੱਚ ਰਹੀ ਸੀ, ਦਾ ਨਾਮ ਵੀ ਸੂਚੀ ਵਿੱਚ ਸ਼ਾਮਲ ਹੈ।

ਅਗਲਾ ਚਿਹਰਾ, ਯੂ.ਕੇ. ਤੋਂ ਭਾਰਤੀ ਮੂਲ ਦੇ ਨੌਜਵਾਨ ਖਜ਼ਾਨਾ ਮੰਤਰੀ, ਰਿਸ਼ੀ ਸੂਨਕ ਦੀ ਕਰੋਨਾ ਕਾਲ ਨਾਲ ਸਿੱਝਣ ਲਈ ਨਿਭਾਈ ਭੂਮਿਕਾ ਕਾਰਨ ਇਸ ਸੂਚੀ ਵਿੱਚ ਸਾਹਮਣੇ ਆਇਆ।

ਇਸ ਤੋਂ ਇਲਾਵਾ ਡਾ. ਸ਼ਿਖਾ ਗੁਪਤਾ, ਜਿਹਨਾਂ ਨੇ 'Get Us PPE' ਨਾਂ ਦੀ ਸੰਸਥਾ ਬਣਾ ਕੇ 65 ਲੱਖ ਤੋਂ ਵੱਧ ਪੀ.ਪੀ.ਈ. ਕਿੱਟਾਂ ਮੂਹਰਲੀ ਕਤਾਰ ਦੇ ਕਾਮਿਆਂ ਨੂੰ ਮੁਹੱਈਆ ਕਰਵਾਈਆਂ ਸੀ, ਨੂੰ ਵੀ ਇਸ ਸੂਚੀ ਵਿੱਚ ਥਾਂ ਦਿੱਤੀ ਗਈ ਹੈ। 

ਰੋਹਨ ਪਾਵੂਲਰੀ ਨੇ ਕੋਵਿਡ ਮਹਾਂਮਾਰੀ ਸਮੇਂ ਦਿਵਾਲੀਆ ਹੋਣ ਵਾਲੇ ਆਮ ਪਰਿਵਾਰਾਂ ਨੂੰ ਆਰਥਿਕ-ਕਾਨੂੰਨੀ ਸਹਾਇਤਾ ਦੇਣ ਲਈ 'Upsolve' ਨਾਂ ਦਾ ਆਨਲਾਈਨ ਪੋਰਟਲ ਮੁਹੱਈਆ ਕਰਵਾ ਕੇ ਸਹਾਇਤਾ ਕੀਤੀ, ਜਿਸ ਨਾਲ ਲੋਕਾਂ ਦੇ 300 ਮਿਲੀਅਨ ਡਾਲਰ ਦੇ ਕਰਜ਼ ਦਾ ਨਿਪਟਾਰਾ ਕੀਤਾ ਗਿਆ।

ਆਨਲਾਈਨ ਘਰੋ-ਘਰੀ ਰਾਸ਼ਨ ਪਹੁੰਚਾਉਣ ਵਾਲੀ ਸਾਈਟ 'Instacart' ਦੇ ਮੋਢੀ ਅਤੇ ਸੀ.ਈ.ੳ, ਅਪੂਰਵ ਮਹਿਤਾ, ਸੂਚੀ ਵਿੱਚ ਭਾਰਤੀ ਮੂਲ ਦੇ ਛੇਵੇਂ ਨਾਮ ਹਨ।