26 ਸਾਲ ਭਾਰਤੀ ਜੇਲ੍ਹ ਕੱਟਣ ਵਾਲੇ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਅਕਾਲ ਚਲਾਣਾ ਕਰ ਗਏ

26 ਸਾਲ ਭਾਰਤੀ ਜੇਲ੍ਹ ਕੱਟਣ ਵਾਲੇ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਅਕਾਲ ਚਲਾਣਾ ਕਰ ਗਏ
ਭਾਈ ਵਰਿਆਮ ਸਿੰਘ ਦੀਆਂ ਦੋ ਵੱਖ-ਵੱਖ ਸਮੇਂ ਦੀਆਂ ਤਸਵੀਰਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਦੀ ਜੇਲ੍ਹ ਵਿਚ 26 ਸਾਲ ਕੈਦ ਕੱਟਣ ਵਾਲੇ ਸਿਆਸੀ ਸਿੱਖ ਕੈਦੀ ਭਾਈ ਵਰਿਆਮ ਸਿੰਘ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੀ ਉਮਰ 69 ਸਾਲ ਦੀ ਸੀ। 

ਭਾਈ ਵਰਿਆਮ ਸਿੰਘ ਨੂੰ 17-04-1990 ਤੋਂ ਟਾਡਾ ਕਾਨੂੰਨ ਅਧੀਨ ਭਾਰਤ ਸਰਕਾਰ ਨੇ ਉੱਤਰ ਪ੍ਰਦੇਸ਼ ਦੀ ਬਾਂਸ ਬਰੇਲੀ ਜੇਲ੍ਹ ਵਿਚ ਬੰਦ ਕਰਕੇ ਰੱਖਿਆ ਸੀ। ਭਾਈ ਵਰਿਆਮ ਸਿੰਘ ਨੂੰ 25 ਸਾਲ ਜੇਲ੍ਹ ਵਿਚ ਰੱਖਣ ਮਗਰੋਂ 17 ਦਸੰਬਰ 2015 ਨੂੰ ਪਹਿਲੀ ਵਾਰ ਪੈਰੋਲ ਦਿੱਤੀ ਗਈ ਸੀ। ਇਸ ਤੋਂ ਸਾਲ ਬਾਅਦ 26 ਸਾਲ ਭਾਰਤੀ ਜੇਲ੍ਹ ਕੱਟਣ ਮਗਰੋਂ ਉਹ 2016 ਵਿਚ ਰਿਹਾਅ ਹੋਏ ਸਨ।

ਯੂ.ਪੀ ਦੇ ਜਿਲ੍ਹੇ ਸਹਾਰਨਪੁਰ ਅਧੀਨ ਪੈਂਦੇ ਪਿੰਡ ਬਾਰੀਬਾਰਾ ਦੇ ਵਾਸੀ ਭਾਈ ਵਰਿਆਮ ਸਿੰਘ ਪੁੱਤਰ ਸ. ਆਤਮਾ ਸਿੰਘ, ਨੂੰ ਮੁਕੱਦਮਾ ਨੰ. 80/1990 ਵਿੱਚ ਟਾਡਾ ਕਾਨੂੰਨ ਦੀ ਧਾਰਾ 3, 4 ਅਤੇ 120ਬੀ ਆਈ.ਪੀ.ਸੀ ਅਧੀਨ ਪੀਲੀਭੀਤ ਦੀ ਟਾਡਾ ਅਦਾਲਤ ਵਲੋਂ 10-01-1995 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਭਾਈ ਵਰਿਆਮ ਸਿੰਘ ਦਾ ਕੇਸ ਵੀ ਉਨ੍ਹਾਂ ਅਨੇਕ ਬੰਦੀ ਸਿੰਘਾਂ ਵਾਂਗ ਹੀ ਹੈ ਜੋ ਕਿ ਭਾਰਤ ਦੀਆਂ ਵੱਖੋ ਵੱਖ ਜੇਲਾਂ ਵਿੱਚ ਵਿਤਕਰੇ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੂੰ ਇਸ ਲੰਬੀ ਜੇਲ ਦੌਰਾਨ ਪਹਿਲਾਂ ਕਦੇ ਵੀ ਪੈਰੋਲ ਨਹੀਂ ਮਿਲੀ ਤੇ ਉਨ੍ਹਾਂ ਨੂੰ ਕਾਨੂੰਨ ਮੁਤਾਬਕ ਪ੍ਰਚੱਲਤ ਉਮਰ ਕੈਦ ਤੋਂ ਕਈ ਵਰ੍ਹੇ ਵੱਧ ਕੈਦ ਕੱਟਣੀ ਪਈ ਹੈ।


26 ਸਾਲਾਂ ਬਾਅਦ ਜੇਲ੍ਹ ਤੋਂ ਰਿਹਾਈ ਮਗਰੋਂ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਭਾਈ ਵਰਿਆਮ ਸਿੰਘ

ਭਾਈ ਵਰਿਆਮ ਸਿੰਘ ਸਿਰੜੀ ਸਿੱਖ ਸਨ ਜਿਹਨਾਂ ਨੇ ਸਿੱਖ ਕੌਮ ਦੇ ਰਾਜਨੀਤਕ ਸੰਘਰਸ਼ ਲਈ ਭਾਰਤ ਸਰਕਾਰ ਦੀ ਲੰਬੀ ਜੇਲ੍ਹ ਕੱਟੀ। ਉਹ ਬੀਤੀ ਸ਼ਾਮ 04.30 ਵਜੇ ਯੂਪੀ ਦੇ ਪਿੰਡ ਬਰਬਰਾ ਤਹਿਸੀਲ ਪੁਆਇਆ ਜ਼ਿਲ੍ਹਾ ਸ਼ਾਹਜਹਾਂਪੁਰ ਵਿਚ ਆਪਣਾ ਸ਼ਰੀਰ ਤਿਆਗ ਗਏ। ਪ੍ਰਾਪਤ ਜਾਣਕਾਰੀ ਮਤਾਬਕ ਉਹਨਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ। 

ਸਿੱਖ ਸਿਆਸੀ ਕੈਦੀਆਂ ਦੇ ਮਾਮਲਿਆਂ ਦੀ ਪੈਰਵਾਈ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਆਪਣੇ ਫੇਸਬੁੱਕ ਖਾਤੇ 'ਤੇ ਇਹ ਦੁੱਖ ਭਰੀ ਖਬਰ ਸਾਂਝੀ ਕਰਦਿਆਂ ਲਿਖਿਆ, "ਕੌਮੀ ਤਰਾਸਦੀ: ਸਿਦਕੀ ਸਿੱਖ ਭਾਈ ਵਰਿਆਮ ਸਿੰਘ ਆਰਥਕ ਮੰਦਹਾਲੀ ਕਾਰਨ ਇਲਾਜ ਨਾ ਕਰਵਾ ਸਕਣ ਕਾਰਨ ਅਕਾਲ ਚਲਾਣਾ ਕਰ ਗਏ।"