ਸਾਕਾ ਕੌਮਾਗਾਟਾ ਮਾਰੂ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਯੋਧਾ ਭਾਈ ਦਲਜੀਤ ਸਿੰਘ

ਸਾਕਾ ਕੌਮਾਗਾਟਾ ਮਾਰੂ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਯੋਧਾ ਭਾਈ ਦਲਜੀਤ ਸਿੰਘ
ਭਾਈ ਦਲਜੀਤ ਸਿੰਘ

ਗੁਰਲਾਲ ਸਿੰਘ ਬਰਾੜ
ਭਾਈ ਦਲਜੀਤ ਸਿੰਘ ਉਰਫ਼ ਭਾਈ ਰਾਏ ਸਿੰਘ ਵੀ ਅਜਿਹਾ ਹੀ ਇੱਕ ਅਣਗੌਲਿਆ ਦੇਸ਼-ਭਗਤ ਹੈ। ਭਾਰਤ ਦੀ ਆਜ਼ਾਦੀ ਦੇ ਇਤਿਹਾਸ ਦੀ ਇੱਕ ਅਹਿਮ ਘਟਨਾ ‘ਸਾਕਾ ਕਾਮਾਗਾਟਾਮਾਰੂ’ ਅਤੇ 1919 ਤੋਂ 1926 ਤੱਕ ਪੰਜਾਬ ਵਿੱਚ ਚੱਲੀ ਗੁਰਦੁਆਰਾ ਸੁਧਾਰ ਲਹਿਰ ਵਿੱਚ ਇੱਕ ਜ਼ਿਕਰਯੋਗ ਕੁਰਬਾਨੀ ਦੇ ਬਾਵਜੂਦ ਸਮੇਂ ਦੀਆਂ ਸਰਕਾਰਾਂ  ਅਤੇ ਸਾਡੇ ਇਤਿਹਾਸਕਾਰਾਂ ਵੱਲੋਂ ਇਸ ਜੁਝਾਰੂ ਦੇਸ਼-ਭਗਤ ਯੋਧੇ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ।
ਉਨ੍ਹਾਂ ਦਾ ਜਨਮ 1893 ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਕਾਉਣੀ (ਵਰਤਮਾਨ ਜ਼ਿਲ੍ਹਾ ਮੁਕਤਸਰ ਸਾਹਿਬ) ਵਿੱਚ ਮਲੂਕ ਸਿੰਘ ਦੇ ਘਰ ਹੋਇਆ। ਨਾਲ਼ ਦੇ ਪਿੰਡ ਦੋਦਾ ਤੋਂ ਪ੍ਰਾਇਮਰੀ ਪਾਸ ਕਰਨ ਉਪਰੰਤ ਉਨ੍ਹਾਂ ਨੂੰ ਖ਼ਾਲਸਾ ਕਾਲਜੀਏਟ ਸਕੂਲ, ਅੰਮ੍ਰਿਤਸਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। 1911 ਵਿੱਚ ਇੱਥੋਂ ਦਸਵੀਂ ਪਾਸ ਕਰਨ ਤੋਂ ਬਾਅਦ ਉਹ ਸਿੱਖ ਵਿਦਵਾਨ ਅਤੇ ਮਿਸ਼ਨਰੀ ਭਾਈ ਤਖ਼ਤ ਸਿੰਘ ਕੋਲ ਚਲੇ ਗਏ ਤੇ ਰਸਾਲਾ ‘ਪੰਜਾਬੀ ਭੈਣ’ ਦੇ ਸਹਾਇਕ ਐਡੀਟਰ ਲੱਗ ਗਏ।
20ਵੀਂ ਸਦੀ ਦੇ ਸ਼ੁਰੂਆਤੀ ਸਾਲਾਂ ਦੌਰਾਨ ਪੰਜਾਬੀਆਂ ਵਿੱਚ ਰੋਜ਼ੀ-ਰੋਟੀ ਲਈ ਵਿਦੇਸ਼ਾਂ ਵਿੱਚ ਜਾਣ ਦਾ ਰੁਝਾਨ ਸ਼ੁਰੂ ਹੋਇਆ। ਕੈਨੇਡਾ ਦੀ ਸਰਕਾਰ ਨੇ ਇਸ ਪਰਵਾਸ ਨੂੰ ਰੋਕਣ ਲਈ ਸਖ਼ਤ ਕਾਨੂੰਨ ਪਾਸ ਕਰ ਦਿੱਤੇ। ਕੈਨੇਡਾ ਰਹਿ ਰਹੇ ਪੰਜਾਬੀਆਂ ਲਈ ਇਹ ਵੱਡੀ ਸਮੱਸਿਆ ਬਣ ਗਏ। ਹੋਰ ਯਤਨਾਂ ਦੇ ਅਸਫ਼ਲ ਰਹਿਣ ਤੋਂ ਬਾਅਦ 31 ਅਗਸਤ 1913 ਨੂੰ ਫਿਰੋਜ਼ਪੁਰ ਵਿੱਚ ਹੋਏ ਜਲਸੇ ਦੌਰਾਨ ਭਾਈ ਬਲਵੰਤ ਸਿੰਘ ਖੁਰਦਪੁਰ ਨੇ ਭਾਈ ਤਖ਼ਤ ਸਿੰਘ ਨਾਲ਼ ਕਲਕੱਤੇ ਤੋਂ ਕੈਨੇਡਾ ਤੱਕ ਸਿੱਧਾ ਆਪਣਾ ਜਹਾਜ਼ ਚਲਾਉਣ ਦੀ ਸਕੀਮ ’ਤੇ ਵਿਚਾਰ-ਵਟਾਂਦਰਾ ਕੀਤਾ। ਭਾਈ ਤਖ਼ਤ ਸਿੰਘ ਨੇ ਛੇਤੀ ਹੀ ਸਿੰਘਾਪੁਰ ਰਹਿੰਦੇ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ ‘ਆਪਣਾ ਜਹਾਜ਼’ ਚਲਾਉਣ ਦੇ ਪ੍ਰੋਜੈਕਟ ਨੂੰ ਆਪਣੇ ਹੱਥ ਵਿੱਚ ਲੈਣ ਲਈ ਰਾਜ਼ੀ ਕਰ ਲਿਆ। ਫਿਰ ਭਾਈ ਦਲਜੀਤ ਸਿੰਘ ਨੂੰ ਤਿਆਰ ਕੀਤਾ ਕਿਉਂਕਿ ਉਹ ਪੜ੍ਹਿਆ-ਲਿਖਿਆ ਸੀ ਅਤੇ ਉਸ ਨੂੰ ਅੰਗਰੇਜ਼ੀ ਜ਼ੁਬਾਨ ਵਿੱਚ ਗੱਲਬਾਤ ਕਰਨ ਵਿੱਚ ਮੁਹਾਰਤ ਹਾਸਲ ਸੀ। ਦਸੰਬਰ 1913 ਦੇ ਅਖੀਰਲੇ ਹਫ਼ਤੇ ਭਾਈ ਦਲਜੀਤ ਸਿੰਘ ਆਪਣੇ ਇੱਕ ਹੋਰ ਸਾਥੀ ਭਾਈ ਵੀਰ ਸਿੰਘ ਨੂੰ ਨਾਲ਼ ਲੈ ਕੇ ਹਾਂਗਕਾਂਗ ਪਹੁੰਚ ਗਿਆ।
5 ਜਨਵਰੀ 1914 ਨੂੰ  ਬਾਬਾ ਗੁਰਦਿੱਤ ਸਿੰਘ ਵੀ ਹਾਂਗਕਾਂਗ ਪੁੱਜ ਗਏ ਤੇ ਗੁਰਦੁਆਰੇ ਵਿੱਚ ਵਿਚਾਰ-ਵਟਾਂਦਰਾ ਕੀਤਾ। ਭਾਈ ਦਲਜੀਤ ਸਿੰਘ ਨੂੰ ਕੈਨੇਡਾ ਵਿਚਲੇ ਆਗੂਆਂ ਨਾਲ਼ ਰਾਬਤਾ ਬਣਾਉਣ ਅਤੇ ਕੁਝ ਫੰਡ ਇਕੱਠਾ ਕਰਨ ਦੀਆਂ ਹਦਾਇਤਾਂ ਦੇ ਕੇ ਬਾਬਾ ਗੁਰਦਿੱਤ ਸਿੰਘ ਵਾਪਸ ਸਿੰਘਾਪੁਰ ਚਲੇ ਗਏ। ਮਾਰਚ 1914 ਵਿੱਚ ਬਾਬਾ ਜੀ ਫਿਰ ਹਾਂਗਕਾਂਗ ਆਏ ਅਤੇ ਇੱਕ ਜਪਾਨੀ ਕੰਪਨੀ ਤੋਂ ‘ਐੱਸ.ਐੱਸ. ਕਾਮਾਗਾਟਾਮਾਰੂ’ ਨਾਂ ਦਾ ਸਮੁੰਦਰੀ ਜਹਾਜ਼ ਛੇ ਮਹੀਨਿਆਂ ਲਈ 11,000 ਡਾਲਰ ਪ੍ਰਤੀ ਮਹੀਨਾ ਭਾੜੇ ਦੇ ਹਿਸਾਬ ਨਾਲ਼ ਕਿਰਾਏ ’ਤੇ ਲੈ ਲਿਆ। ਕਾਫ਼ੀ ਕਾਨੂੰਨੀ ਅੜਚਣਾ ਤੋਂ ਬਾਅਦ 4 ਅਪਰੈਲ 1914 ਨੂੰ ਕਾਮਾਗਾਟਾਮਾਰੂ ਜਹਾਜ਼ ਹਾਂਗਕਾਂਗ ਤੋਂ 165 ਮੁਸਾਫ਼ਰ ਲੈ ਕੇ ਤੁਰਿਆ। ਸ਼ੰਘਾਈ, ਮੋਜ਼ੀ, ਯੋਕੋਹਾਮਾ ਆਦਿ ਬੰਦਰਗਾਹਾਂ ਤੋਂ ਕੁਝ ਹੋਰ ਮੁਸਾਫ਼ਰ ਲੈਂਦਾ ਹੋਇਆ ਕਾਮਾਗਾਟਾਮਾਰੂ ਕੁੱਲ 376 ਮੁਸਾਫ਼ਰ ਲੈ ਕੇ 18 ਮਈ ਨੂੰ ਵਿਕਟੋਰੀਆ ਅਤੇ 21 ਮਈ 1914 ਨੂੰ ਵੈਨਕੂਵਰ ਬੰਦਰਗਾਹ ’ਤੇ ਪਹੁੰਚ ਗਿਆ ਪਰ ਜਹਾਜ਼ ਨੂੰ ਘਾਟ ’ਤੇ ਨਾ ਲੱਗਣ ਦਿੱਤਾ ਗਿਆ। ਜਹਾਜ਼ ਦੋ ਮਹੀਨੇ ਬੰਦਰਗਾਹ ’ਤੇ ਖੜ੍ਹਾ ਰਿਹਾ। ਇਸ ਸਮੇਂ ਦੌਰਾਨ ਕੈਨੇਡਾ ਦੇ ਪਰਵਾਸ ਮਹਿਕਮੇ ਦੇ ਅਧਿਕਾਰੀਆਂ ਨਾਲ਼ ਜੋ ਵੀ ਪੱਤਰ-ਵਿਹਾਰ ਹੋਇਆ, ਉਹ ਭਾਈ ਦਲਜੀਤ ਸਿੰਘ ਨੇ ਕੀਤਾ। ਅਖੀਰ 20 ਜੁਲਾਈ 1914 ਨੂੰ ‘ਕਾਮਾਗਾਟਾਮਾਰੂ ਜਹਾਜ਼’ ਨੂੰ ਵਾਪਸ ਮੋੜ ਦਿੱਤਾ ਗਿਆ। 28 ਸਤੰਬਰ 1914 ਨੂੰ ਬਜਬਜ ਘਾਟ ’ਤੇ ਪਹੁੰਚਣ ਸਮੇਂ ਪੁਲਿਸ ਵੱਲੋਂ ਚਲਾਈ ਗਈ ਗੋਲੀ ਦੌਰਾਨ ਲਗਪਗ 19 ਮੁਸਾਫ਼ਰ ਮਾਰੇ ਗਏ ਅਤੇ ਬਾਕੀ ਰਾਤ ਦੇ ਹਨੇਰੇ ਦਾ ਫਾਇਦਾ ਉਠਾ ਕੇ ਇੱਧਰ-ਉੱਧਰ ਦੌੜ ਗਏ। ਭਾਈ ਦਲਜੀਤ ਸਿੰਘ ਵੀ ਰਾਤ ਦੇ ਹਨੇਰੇ ਵਿੱਚ ਬਚ ਕੇ ਨਿਕਲ ਗਏ। ਤਿੰਨ ਮਹੀਨੇ ਬਾਅਦ ਉਹ ਪੰਜਾਬ ਆ ਗਏ ਤੇ ਕਰੀਬ 7 ਸਾਲ ਗੁਪਤਵਾਸ ਜ਼ਿੰਦਗੀ ਬਿਤਾਈ। ਅੰਬਾਲੇ ਰਹਿੰਦਿਆਂ ਉਨ੍ਹਾਂ ਸਿੱਖ ਧਰਮ ਅਤੇ ਰਾਜਨੀਤਿਕ ਜਾਗ੍ਰਿਤੀ ਦੇ ਪ੍ਰਚਾਰ-ਪ੍ਰਸਾਰ ਲਈ ‘ਦਲਜੀਤ ਜਥਾ’ ਕਾਇਮ ਕੀਤਾ।
ਅਖੀਰ ਉਨ੍ਹਾਂ ਅੰਮ੍ਰਿਤਸਰ ਨੂੰ ਆਪਣਾ ਟਿਕਾਣਾ ਬਣਾ ਲਿਆ ਅਤੇ ਰਾਏ ਸਿੰਘ ਨਾਂ ਹੇਠ ਵਿਚਰਨ ਲੱਗੇ।  1919 ਵਿੱਚ ਉਹ ਸੈਂਟਰਲ ਸਿੱਖ ਲੀਗ ਦਾ ਮੈਂਬਰ ਬਣ ਗਏ। 1920 ਵਿੱਚ ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਹਰਚੰਦ ਸਿੰਘ ਲਾਇਲਪੁਰੀ ਅਤੇ ਮੰਗਲ ਸਿੰਘ ਆਦਿ ਸਿੱਖ ਆਗੂਆਂ ਦੇ ਸੰਪਰਕ ਵਿੱਚ ਆ ਕੇ ‘ਰੋਜ਼ਾਨਾ ਅਕਾਲੀ’ ਅਖ਼ਬਾਰ ਲਈ ਪੱਤਰਕਾਰੀ ਕਰਨ ਲੱਗੇ। 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਹਿਲੀ ਚੋਣ ਸਮੇਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਮੈਂਬਰ ਚੁਣੇ ਗਏ ਤੇ ਕਮੇਟੀ ਦੇ ਦਫ਼ਤਰ ਵਿੱਚ ਹੈੱਡ-ਕਲਰਕ ਵਜੋਂ ਸੇਵਾ ਕਰਨ ਲੱਗੇ। 20 ਫਰਵਰੀ 1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਮੁਕਤਸਰ ਸਾਹਿਬ ਨੂੰ ਪੁਜਾਰੀਆਂ ਦੇ ਕਬਜ਼ੇ ’ਚੋਂ ਛੁਡਵਾਇਆ ਪਹਿਲਾ ਮੈਨੇਜਰ ਰਾਏ ਸਿੰਘ ਨੂੰ ਲਗਾਇਆ ਗਿਆ। ਮੀਆਂਵਾਲੀ ਜ਼ੇਲ੍ਹ ਵਿੱਚ ਬਾਬਾ ਗੁਰਦਿੱਤ ਸਿੰਘ ਨੇ ਕਾਮਾਗਾਟਾਮਾਰੂ ਦੀ ਸਾਰੀ ਕਹਾਣੀ ਆਪਣੇ ਜ਼ੇਲ੍ਹ-ਸਾਥੀਆਂ ਨੂੰ ਸੁਣਾਈ ਜਿਸ ਨੂੰ ਭਾਈ ਅਰਜਨ ਸਿੰਘ ਗੜਗੱਜ ਨੇ ਕਲਮਬੰਦ ਕੀਤਾ ਰਾਏ  ਸਿੰਘ ਨੂੰ ਭੇਜ ਦਿੱਤਾ। ਉਨ੍ਹਾਂ ਇਸ ਨੂੰ ਪੁਸਤਕ ਰੂਪ ਵਿੱਚ ‘ਜ਼ੁਲਮੀ ਕਥਾ’ ਸਿਰਲੇਖ ਹੇਠ 1922 ’ਚ ਪ੍ਰਕਾਸ਼ਿਤ ਕਰਵਾਇਆ। 1922 ਵਿੱਚ ਹੀ ਗੁਰੂ ਕੇ ਬਾਗ਼ ਦੇ  ਮੋਰਚੇ ਦੌਰਾਨ ਰਾਏ ਸਿੰਘ ਨੇ 6 ਨਵੰਬਰ 1922 ਨੂੰ ਆਪਣੇ 78 ਸਾਥੀਆਂ ਸਣੇ ਗ੍ਰਿਫ਼ਤਾਰੀ ਦਿੱਤੀ।
ਜੁਲਾਈ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਨੂੰ ਜ਼ਬਰਦਸਤੀ ਗੱਦੀ ਤੋਂ ਲਾਹੁਣ ਖ਼ਿਲਾਫ਼ ਜੈਤੋ ਮੰਡੀ ਵਿੱਚ ਇੱਕ ਦੀਵਾਨ ਰੱਖਿਆ ਗਿਆ। ਤੇਜਾ ਸਿੰਘ ਸਮੁੰਦਰੀ ਨੇ ਰਾਏ ਸਿੰਘ ਨੂੰ ਦੀਵਾਨ ਦਾ ਮੁੱਖ ਪ੍ਰਬੰਧਕ ਨਿਯੁਕਤ ਕਰਕੇ ਭੇਜਿਆ ਪਰ 3 ਸਤੰਬਰ 1923 ਨੂੰ ਉਨ੍ਹਾਂ ਨੂੰ ਜੈਤੋ ਤੋਂ ਗ੍ਰਿਫ਼ਤਾਰ ਕਰਕੇ ਨਾਭਾ ਜ਼ੇਲ੍ਹ ਵਿੱਚ ਭੇਜ ਦਿੱਤਾ ਗਿਆ।
ਅੰਗਰੇਜ਼ ਹਕੂਮਤ ਨੇ ਜੈਤੋ ਦੇ ਮੋਰਚੇ ਨੂੰ ਫੇਲ੍ਹ ਕਰਨ ਲਈ ਚੋਟੀ ਦੇ ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਾਰਿਆਂ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਇਕੱਠੇ ਕਰਕੇ ਦੇਸ਼-ਧ੍ਰੋਹ ਦਾ ਮੁਕੱਦਮਾ ਚਲਾ ਦਿੱਤਾ। ਰਾਏ ਸਿੰਘ ਨੂੰ ਵੀ 9 ਨਵੰਬਰ 1923 ਨੂੰ ਨਾਭੇ ਤੋਂ ਅੰਮ੍ਰਿਤਸਰ ਜੇਲ੍ਹ ਵਿੱਚ ਤਬਦੀਲ ਕਰਕੇ ਮੁਕੱਦਮੇ ਵਿੱਚ ਸ਼ਾਮਲ ਕਰ ਲਿਆ ਗਿਆ। ‘ਅਕਾਲੀ ਆਗੂ ਸਾਜ਼ਿਸ਼ ਕੇਸ’ ਦੇ ਨਾਂ ਨਾਲ਼ ਮਸ਼ਹੂਰ ਇਹ ਇਤਿਹਾਸਕ ਮੁਕੱਦਮਾ ਲਗਪਗ ਤਿੰਨ ਸਾਲ ਚੱਲਿਆ। ਇਸ ਦੌਰਾਨ ਸਾਰੇ ਸਿੱਖ ਆਗੂਆਂ ਨੂੰ ਅੰਮ੍ਰਿਤਸਰ ਤੋਂ ਕਿਲ੍ਹਾ ਜੇਲ੍ਹ ਲਾਹੌਰ ਵਿੱਚ ਤਬਦੀਲ ਕਰ ਦਿੱਤਾ ਗਿਆ। ਅਖ਼ੀਰ 9 ਜੁਲਾਈ 1925 ਨੂੰ ਗੁਰਦੁਆਰਾ ਐਕਟ ਪਾਸ ਹੋ ਜਾਣ ਨਾਲ਼ ਅਤੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਣੇ 20 ਸਿੱਖ ਆਗੂਆਂ ਦੇ ਹਕੂਮਤ ਦੀਆਂ ਸ਼ਰਤਾਂ ਮੰਨ ਕੇ ਰਿਹਾਅ ਹੋ ਜਾਣ ਨਾਲ਼ ਇਹ ਮੁਕੱਦਮਾ ਕਮਜ਼ੋਰ ਹੋ ਗਿਆ ਅਤੇ ਅੰਗਰੇਜ਼ ਹਕੂਮਤ ਨੇ 27 ਸਤੰਬਰ 1926 ਨੂੰ ਰਾਏ ਸਿੰਘ ਅਤੇ ਬਾਕੀ ਸਿੱਖ ਆਗੂਆਂ ਨੂੰ ਵੀ ਰਿਹਾਅ ਕਰ ਦਿੱਤਾ।
ਰਿਹਾਈ ਤੋਂ ਬਾਅਦ ਦਸੰਬਰ 1926 ਵਿੱਚ ਰਾਏ ਸਿੰਘ ਸ਼੍ਰੋਮਣੀ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਿਆ। ਇਸ ਤੋਂ ਇਲਾਵਾ ਦੇਸ਼-ਭਗਤ ਪਰਿਵਾਰ ਸਹਾਇਕ ਕਮੇਟੀ, ਮਾਲਵਾ ਪ੍ਰਤੀਨਿਧ ਖ਼ਾਲਸਾ ਦੀਵਾਨ ਅਤੇ ਪ੍ਰਦੇਸੀ ਖ਼ਾਲਸਾ ਦੀਵਾਨ ਵਰਗੀਆਂ ਇਤਿਹਾਸਕ ਸੰਸਥਾਵਾਂ ਦੇ ਜਨਰਲ ਸਕੱਤਰ ਜਿਹੇ ਅਹਿਮ ਅਹੁਦਿਆਂ ’ਤੇ ਕੰਮ ਕੀਤਾ। ਰਾਏ ਸਿੰਘ ਅਤੇ ਸੇਵਾ ਸਿੰਘ ਠੀਕਰੀਵਾਲ਼ਾ ਆਦਿ ਆਗੂਆਂ ਨੇ ਮਾਲਵੇ ਵਿੱਚ ਸਿੱਖੀ ਅਤੇ ਰਾਜਸੀ ਚੇਤਨਾ ਦੇ ਪ੍ਰਸਾਰ ਲਈ ਮਾਲਵਾ ਪ੍ਰਤੀਨਿਧ ਖ਼ਾਲਸਾ ਦੀਵਾਨ ਵੱਲੋਂ 1923 ਵਿੱਚ ‘ਕੌਮੀ ਦਰਦ’ ਨਾਂ ਦਾ ਇੱਕ ਰੋਜ਼ਾਨਾ ਅਖ਼ਬਾਰ ਸ਼ੁਰੂ ਕੀਤਾ ਗਿਆ ਸੀ ਪਰ ਰਾਏ ਸਿੰਘ ਹੋਰਾਂ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਅਖ਼ਬਾਰ ਗਿਆਨੀ ਸ਼ੇਰ ਸਿੰਘ ਧੜੇ ਦੇ ਹੱਥਾਂ ਵਿੱਚ ਆ ਗਿਆ ਅਤੇ ਆਪਣੇ ਮਕਸਦ ਤੋਂ ਭਟਕ ਗਿਆ। ਇਸ ਕਰਕੇ ਰਾਏ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ 1928 ਵਿੱਚ ‘ਦੇਸ਼ ਦਰਦੀ’ ਨਾਂ ਦਾ ਇੱਕ ਨਵਾਂ ਅਖ਼ਬਾਰ ਸ਼ੁਰੂ ਕੀਤਾ। 1929 ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਉਸ ਨੂੰ ਗੁਰਦੁਆਰਾ ਮੁਕਤਸਰ ਸਾਹਿਬ ਦਾ ਦੂਜੀ ਵਾਰ ਮੈਨੇਜਰ ਲਗਾਇਆ ਗਿਆ। ਅੱਜ-ਕੱਲ੍ਹ ਗੁਰਦੁਆਰਾ ਟਿੱਬੀ ਸਾਹਿਬ ਅਤੇ ਉਸ ਦੇ ਆਸ-ਪਾਸ ਦੀ ਜੋ ਜ਼ਮੀਨ ਸ਼੍ਰੋਮਣੀ ਕਮੇਟੀ ਦੇ ਕੋਲ਼ ਹੈ ਇਹ ਸਾਰੀ ਜ਼ਮੀਨ ਰਾਏ ਸਿੰਘ ਦੀ ਸਿਆਣਪ ਨਾਲ਼ ਹੀ ਕਮੇਟੀ ਨੂੰ ਮਿਲ ਸਕੀ ਸੀ।
ਭਾਈ ਤਖ਼ਤ ਸਿੰਘ ਫ਼ਿਰੋਜ਼ਪੁਰ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਰਾਏ ਸਿੰਘ ਸ਼ੁਰੂ ਤੋਂ ਹੀ ਸਿੱਖ ਸਮਾਜ ਵਿੱਚ ਇਸਤਰੀ-ਸਿੱਖਿਆ ਲਈ ਯਤਨਸ਼ੀਲ ਸੀ। ਇਸ ਉਦੇਸ਼ ਦੀ ਪੂਰਤੀ ਲਈ ਉਸ ਨੇ ਆਪਣੇ ਪਿੰਡ ਵਿੱਚ ਵੀ ਕੰਨਿਆ ਵਿਦਿਆਲਾ ਖੋਲ੍ਹਿਆ। ਇਸ ਵਿਦਿਆਲੇ ਨੂੰ 1970 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਇਹ ਸਕੂਲ ਅੱਜ ਵੀ ਪਿੰਡ ਦੇ ਬੱਚਿਆਂ ਨੂੰ ਗਿਆਨ ਦਾ ਚਾਨਣ ਵੰਡ ਰਿਹਾ ਹੈ। ਸਾਲ 1937 ਦੇ ਚੜ੍ਹਦੇ ਸਿਆਲ਼ ਹੀ  ਰਾਏ ਸਿੰਘ ਨੂੰ ਠੰਢ ਲੱਗ ਗਈ ਅਤੇ ਨਮੂਨੀਆ ਹੋ ਗਿਆ। ਸਵਾ ਕੁ ਮਹੀਨੇ ਦੀ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ 8 ਦਸੰਬਰ 1937 ਨੂੰ  ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਅਤੇ ਅਕਾਲੀ ਲਹਿਰ ਦਾ ਇਹ ਜੁਝਾਰੂ ਯੋਧਾ ਸਾਡੇ ਤੋਂ ਸਦਾ ਲਈ ਵਿੱਛੜ ਗਿਆ।