ਮਹਾਨ ਜਰਨੈਲ ਬਾਬਾ ਜੀਵਨ ਸਿੰਘ

ਮਹਾਨ ਜਰਨੈਲ ਬਾਬਾ ਜੀਵਨ ਸਿੰਘ
ਸਿੱਖ ਜੁਝਾਰੂ ਦੀ ਕਲਾਕਾਰ ਵੱਲੋਂ ਬਣਾਈ ਤਸਵੀਰ

ਦਲਬੀਰ ਸਿੰਘ ਸੱਖੋਵਾਲੀਆ

ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਉਹ ਮਹਾਨ ਜਰਨੈਲ ਹੋਏ ਹਨ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਵੱਖ ਵੱਖ ਜੰਗਾਂ ਵਿੱਚ ਹਿੱਸਾ ਲਿਆ ਤੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਉਹ ਤਲਵਾਰ ਦੇ ਧਨੀ, ਘੋੜਸਵਾਰੀ ’ਚ ਨਿਪੁੰਨ ਵਫ਼ਾਦਾਰ ਯੋਧੇ ਹੋਣ ਦੇ ਨਾਲ-ਨਾਲ ਇੱਕ ਕਵੀ ਵੀ ਸਨ। ਉਨ੍ਹਾਂ ਦੇ ਪਿਤਾ ਦਾ ਨਾਮ ਭਾਈ ਸਦਾਨੰਦ ਅਤੇ ਮਾਤਾ ਦਾ ਨਾਮ ਲਾਜਵੰਤੀ ਸੀ। ਉਨ੍ਹਾਂ ਦਾ ਜਨਮ 1661 ਈਸਵੀ ਵਿੱਚ ਹੋਇਆ।

ਇਤਿਹਾਸ ਅਨੁਸਾਰ ਗੁਰੂ ਤੇਗ ਬਹਾਦਰ ਜਦੋਂ ਆਪਣੀ ਦੂਜੀ ਯਾਤਰਾ ਪਟਨਾ (ਬਿਹਾਰ) ਗਏ ਸਨ ਤਾਂ ਉਸ ਸਮੇਂ ਗੁਰੂ ਕੇ ਮਹਿਲ (ਮਾਤਾ ਗੁਜਰੀ ਜੀ), ਭਾਈ ਸਦਾਨੰਦ ਅਤੇ ਉਨ੍ਹਾਂ ਦੀ ਪਤਨੀ ਲਾਜਵੰਤੀ ਵੀ ਨਾਲ ਹੀ ਗਏ ਸਨ, ਜਿੱਥੇ ਭਾਈ ਜੈਤਾ ਦਾ ਜਨਮ 1661 ਵਿੱਚ ਹੋਇਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲੋਂ ਜਦੋਂ 1699 ’ਚ ਆਨੰਦਪੁਰ ਸਾਹਿਬ ਵਿੱਚ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਤਾਂ ਉਸ ਸਮੇਂ ਗੁਰੂ ਜੀ ਨੇ ਚਾਰ ਸਾਹਿਬਜ਼ਾਦਿਆਂ ਨਾਲ ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਤੇ ਉਨ੍ਹਾਂ ਦਾ ਨਾਂ ਭਾਈ ਜੈਤਾ ਤੋਂ ਬਾਬਾ ਜੀਵਨ ਸਿੰਘ ਰੱਖਿਆ।  

ਦਲਬੀਰ ਸਿੰਘ ਦੀ ਕਿਤਾਬ ‘ਵਰਿਆਮ ਇਕੇਲਾ’ ਅਨੁਸਾਰ, ਭਾਈ ਕਲਿਆਣ ਦੇ ਪੁੱਤਰ ਸੁੱਖਭਾਨ ਹੋਏ, ਅੱਗੋਂ ਉਨ੍ਹਾਂ ਦੇ ਪੁੱਤਰ ਜਸਭਾਨ ਹੋਏ ਸਨ। ਉਨ੍ਹਾਂ ਦੇ ਦੋ ਪੁੱਤਰ ਆਗਿਆ ਰਾਮ ਅਤੇ ਭਾਈ ਸਦਾਨੰਦ ਹੋਏ, ਪਰ ਭਾਈ ਸਦਾਨੰਦ ਬਚਪਨ ਤੋਂ ਸਾਧੂ ਸੁਭਾਅ ਦੇ ਹੋਣ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆ ਗਏ ਸਨ। ਜਿੱਥੇ ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ ਮਾਤਾ ਗੁਜਰ ਕੌਰ  ਦੇ ਕਹਿਣ ’ਤੇ ਭਾਈ ਸਦਾਨੰਦ ਦਾ ਵਿਆਹ ਦਿੱਲੀ ਦੇ ਪੰਡਿਤ ਸ਼ਿਵ ਨਰਾਇਣ ਦੀ ਪੁੱਤਰੀ ਬੀਬੀ ਲਾਜਵੰਤੀ ਨਾਲ ਹੋਇਆ। ਗੁਰੂ ਕੇ ਮਹਿਲ ਮਾਤਾ ਨਾਨਕੀ ਅਤੇ ਮਾਤਾ ਗੁਜਰ ਕੌਰ ਨੇ ਲਾਜਵੰਤੀ ਦਾ ਨਾਂ ਪ੍ਰੇਮੋ ਰੱਖਿਆ ਸੀ। ਉਨ੍ਹਾਂ ਦੇ ਦੋ ਪੁੱਤਰ ਜੈਤਾ (ਬਾਬਾ ਜੀਵਨ ਸਿੰਘ) ਅਤੇ ਛੋਟੇ ਪੁੱਤਰ ਸੰਗਤਾ (ਭਾਈ ਸੰਗਤ ਸਿੰਘ) ਹੋਏ।

ਬਾਬਾ ਜੀਵਨ ਸਿੰਘ ਯੁੱਧ ਵਿੱਦਿਆ ਦੇ ਮਾਹਿਰ, ਰਹਿਤਨਾਮਾਕਾਰ, ਕਵੀ ਅਤੇ ਵਿਦਵਾਨ ਸਨ। ਉਨ੍ਹਾਂ ਦੀ ਲਿਖੀ ਰਚਨਾ ‘ਸ਼੍ਰੀ ਗੁਰੂ ਕਥਾ’ ਵਿੱਚ ਦਰਜ ਹੈ, ‘ਪ੍ਰਭ ਕ੍ਰਿਪਾ ਕਰ ਦੀਜੀਏ ਜੀਵਨ ਸਿੰਘ ਕੋ ਦਾਨ। ਤਨ ਮਨ ਧਨ ਅਰਪਿਤ ਕਰਹੂੰ ਪ੍ਰੀਤੀ ਕੇ ਪ੍ਰਮਾਨ।’ ਉਸ ਸਮੇਂ ਦੀ ਇਤਿਹਾਸਿਕ ਜਾਣਕਾਰੀ ਵੀ ਲਿਖੀ ਹੈ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਸਬੱਬ ਬਣਿਆ, ਔਰੰਗਜ਼ੇਬ ਦੀ ਕੂਟਨੀਤੀ ਕੀ ਸੀ, ਦਸਵੇਂ ਗੁਰੂ ਜੀ ਨਾਲ ਪਹਾੜੀ ਰਾਜਿਆਂ ਵੱਲੋਂ ਕਿਵੇਂ ਅਤੇ ਕਿਸ ਤਰ੍ਹਾਂ ਦਾ ਸਾੜਾ ਕੀਤਾ ਜਾਂਦਾ ਰਿਹਾ, ਸਬੰਧੀ ਗਿਆਨ ਭਰਪੂਰ ਜਾਣਕਾਰੀ ਮਿਲਦੀ ਹੈ। 

ਨਿਸ਼ਾਨ ਸਿੰਘ ਗੰਡੀਵਿੰਡ ਦੀ ਰਚਿਤ ਕਿਤਾਬ ‘ਸ਼ਹੀਦ ਬਾਬਾ ਜੀਵਨ ਸਿੰਘ, ਜੀਵਨ ਰਚਨਾ ਅਤੇ ਵਿਆਖਿਆ’ ਨੂੰ ਘੋਖਣ ’ਤੇ ਉਨ੍ਹਾਂ ਦੁਆਰਾ ਰਚਿਤ ਸਾਹਿਤ ਵਿੱਚ ਖ਼ਾਲਸੇ ਦੀ ਸਾਜਨਾ ਦਾ ਜ਼ਿਕਰ ਮਿਲਦਾ ਹੈ, ਦਸਵੇਂ ਗੁਰੂ ਦੀਆਂ ਗਤੀਵਿਧੀਆਂ, ਸੇਵਾ, ਭਗਤੀ, ਕੁਰਬਾਨੀ ਅਤੇ ਆਤਮਿਕ ਸੱਚਾਈਆਂ ਬਾਰੇ ਵੀ ਲਿਖਿਆ ਕੀਤਾ ਗਿਆ ਹੈ। ਨੌਵੇਂ ਗੁਰੂ ਨੂੰ ਜਦੋਂ ਦਿੱਲੀ ਗ੍ਰਿਫ਼ਤਾਰ ਕੀਤਾ ਗਿਆ ਤਾਂ ਮੁਗਲ ਫ਼ੌਜਾਂ ਦੇ ਸਖ਼ਤ ਘੇਰੇ ਵਿੱਚੋਂ ਉਹ ਗੁਰੂ ਜੀ ਵੱਲੋਂ ਦਿੱਤੇ 57 ਸਲੋਕ, ਗੁਰਗੱਦੀ ਲਈ ਸਮੱਗਰੀ, ਪੰਜ ਪੈਸੇ, ਨਾਰੀਅਲ  ਲੈ ਕੇ ਆਨੰਦਪੁਰ ਸਾਹਿਬ ਆਏ ਜਿੱਥੇ ਬਾਲ ਗੁਰੂ ਗੋਬਿੰਦ ਰਾਏ (ਗੁਰੂ ਗੋਬਿੰਦ ਸਿੰਘ) ਨੇ ਭਾਈ ਜੈਤਾ ਨੂੰ ਛਾਤੀ ਨਾਲ ਲਗਾ ਕੇ ‘ਰੰਘਰੇਟੇ ਗੁਰੂ ਕੇ ਬੇਟੇ’ ਦਾ ਖਿਤਾਬ ਦਿੱਤਾ।  ਬਾਬਾ ਜੀਵਨ ਸਿੰਘ ਧਰਮ ਨੂੰ ਸਰਵਉੱਚ ਮੰਨਦੇ ਸਨ, ਉਨ੍ਹਾਂ ਵੱਲੋਂ ਗੁਰੂ ਕਥਾ ’ਚ ਦਰਜ ਹੈ ‘ਜਯਤੇ ਸਰਵ ਉਤਮ ਧਰਮ ਜੂਝਨ ਬੀਚ ਮੈਦਾਨਿ। ਜੋ ਰਣ ਤੈ ਮੁਖ ਫੇਰ ਹੈ ਖੋਵਹਿ ਦੀਨ ਇਮਾਨ’।

ਉਨ੍ਹਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਗਤਕਾ, ਘੋੜਸਵਾਰੀ ਅਤੇ ਯੁੱਧ ਦੇ ਹੋਰ ਦਾਅ ਪੇਚ ਸਿਖਾਉਣ ਦਾ ਮਾਣ ਵੀ ਮਿਲਿਆ ਹੈ। ਬਾਬਾ ਜੀਵਨ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਨਾਲ ਆਖ਼ਰੀ ਦਮ ਤੱਕ ਬਿਖੜੇ ਰਾਹਾਂ ਦਾ ਪਾਂਧੀ ਰਿਹਾ।  ਉਨ੍ਹਾਂ ਦੇ ਛੋਟੇ ਪੁੱਤਰ (ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ) ਸਰਸਾ ਨਦੀ ਦੇ ਕੰਢੇ ਸ਼ਹੀਦ ਹੋ ਗਏ ਜਦੋਂਕਿ ਉਨ੍ਹਾਂ ਦੇ ਮਾਤਾ ਪ੍ਰੇਮੋ (ਮਾਤਾ ਲਾਜਵੰਤੀ), ਪਤਨੀ ਰਾਜ ਕੌਰ ਸਿਰਸਾ ਨਦੀ ਦੇ ਕੰਢੇ ਜਾਂ ਤਾਂ ਸ਼ਹੀਦ ਹੋ ਗਏ ਜਾਂ ਨਦੀ ’ਚ ਵਹਿ ਗਏ। ਬਾਬਾ ਜੀਵਨ ਸਿੰਘ ਦੇ ਵੱਡੇ ਪੁੱਤਰ ਸੇਵਾ ਸਿੰਘ ਅਤੇ ਸੁੱਖਾ ਸਿੰਘ, ਭਰਾ ਭਾਈ ਸੰਗਤ ਸਿੰਘ ਅਤੇ ਸਹੁਰਾ ਭਾਈ ਖਜਾਨ ਸਿੰਘ  ਚਮਕੌਰ ਦੀ ਗੜ੍ਹੀ ਦੀ ਅਸਾਂਵੀ ਜੰਗ ਦੌਰਾਨ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜ੍ਹੀ ਛੱਡਣ ਦੀ ਸਲਾਹ ਦਿੱਤੀ ਤਾਂ ਗੁਰੂ ਜੀ ਨੇ ਬਾਬਾ ਜੀਵਨ ਸਿੰਘ ਨੂੰ ਆਪਣੀ ਦਸਤਾਰ, ਖ਼ੁਦ ਕਲਗੀ ਸਜਾ ਕੇ ਗੜ੍ਹੀ ਦੀ ਮਮਟੀ ’ਤੇ ਬੈਠਾਇਆ ਤਾਂ ਜੋ ਗੁਰੂ ਗੋਬਿੰਦ ਸਿੰਘ ਦੇ ਯੁੱਧ ਵਿੱਚ ਦੁਸ਼ਮਣ ਫ਼ੌਜਾਂ ਨੂੰ ਹਾਜ਼ਰ ਹੋਣ ਦਾ ਭੁਲੇਖਾ ਪੈਂਦਾ ਰਹੇ। ਬਾਬਾ ਜੀਵਨ ਸਿੰਘ ਗੜੀ ਦੀ ਮਮਟੀ ’ਤੇ ਆਪਣੀ ਨਾਗਣੀ ਅਤੇ ਬਾਗਣੀ ਬੰਦੂਕ ਨਾਲ ਫ਼ੌਜਾਂ ਨੂੰ ਟੱਕਰ ਦਿੰਦੇ ਹੋਏ  ਅੰਤ ਨੂੰ ਸ਼ਹੀਦ ਹੋ ਗਏ। 

ਮੁਗ਼ਲ ਫ਼ੌਜਾਂ ਬਾਬਾ ਜੀਵਨ ਸਿੰਘ ਦੇ ਕਲਗੀ ਲੱਗੇ ਸੀਸ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਮਝ ਕੇ ਦਿੱਲੀ ਔਰੰਗਜ਼ੇਬ ਨੂੰ ਦਿਖਾਉਣ ਲੈ ਗਏ, ਪਰ ਔਰੰਗਜ਼ੇਬ ਦੀ ਪੁੱਤਰੀ ਜੈਬੋਨਿਸ਼ਾ ਨੇ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਹੈ। ਬਾਬਾ ਜੀਵਨ ਸਿੰਘ ਇੱਕੋ-ਇੱਕ ਅਜਿਹੇ ਯੋਧੇ ਹੋਏ ਜੋ ਆਪਣੀਆਂ ਦੋ ਬੰਦੂਕਾਂ ਨਾਗਣੀ ਅਤੇ ਬਾਗਣੀ ਨੂੰ ਇੱਕੋ ਸਮੇਂ ਚਲਾਉਣ ਦੀ ਮੁਹਾਰਤ ਰੱਖਦੇ ਸਨ।  ਹਿਸਟੋਰੀਅਨ ਲਕਸ਼ਮਣ ਸਿੰਘ ਗਿੱਲ ਦੀ ਕਿਤਾਬ ‘ਉਮਰ ਕੈਦੀ’ ਵਿੱਚ  ਬਿਆਨ ਕੀਤਾ ਕਿ ਉਹ ਸ਼ਕਤੀਸ਼ਾਲੀ ਯੋਧਾ ਦਸਮੇਸ਼ ਦਲਾਂ ਦੇ ਜਰਨੈਲ ਅਤੇ ਸਿੱਖ ਗੁਪਤ ਵਿਭਾਗ ਦੇ ਮੁਖੀ ਤੀਖਣਬੁੱਧੀ, ਸਤਿਕਾਰਤ, ਨਿਡਰ, ਸੂਝਬੂਝ, ਸ਼ਰਧਾ ਅਤੇ ਸੂਰਮਗਤੀ ਦੇ ਮਾਲਕ ਹੋਏ। ਦੁੱਖਦਾਈ ਗੱਲ ਇਹ ਹੈ ਕਿ ਅਜਿਹੇ ਮਹਾਨ ਜਰਨੈਲ ਅਤੇ ਉਸ ਦੇ ਪਰਿਵਾਰ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਕੁਝ ਅਖੌਤੀ ਇਤਿਹਾਸਕਾਰਾਂ ਨੇ ਇਨਸਾਫ਼ ਨਹੀਂ ਦਿੱਤਾ, ਸਗੋਂ ਸਿੱਖ ਕੌਮ ਅੰਦਰ ਅਨੇਕਾਂ ਭਰਮ ਭੁਲੇਖੇ ਪਾਉਣ ਦੇ ਯਤਨ ਕੀਤੇ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।