ਖੱਬੇਪਖੀ ਸਿਆਸਤ ਦਾ ਸੰਕਟ ਬੰਗਾਲ ਵਿਚ ਮੋਦੀਵਾਦ ਦਾ ਉਭਾਰ

ਖੱਬੇਪਖੀ ਸਿਆਸਤ ਦਾ ਸੰਕਟ ਬੰਗਾਲ ਵਿਚ ਮੋਦੀਵਾਦ ਦਾ ਉਭਾਰ

ਦੇਸ਼ ਨੇ ਅੱਜ ਤਕ ਏਨਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਦੇਖਿਆ : ਮਮਤਾ ਬੈਨਰਜੀ                  

ਮਮਤਾ ਨੇ 10 ਸਾਲਾਂ 'ਚ ਲੋਕਤੰਤਰ ਨੂੰ ਲੁੱਟਤੰਤਰ 'ਚ ਬਦਲਿਆ-ਮੋਦੀ                                   

 

ਪਿਛਲੇ ਇਕ ਦਹਾਕੇ ਤੋਂ, ਖੱਬੇ ਪਖੀ ਸਿਆਸਤ ਦਾ ਸੂਰਜ ਪੱਛਮ ਵੱਲ ਡੁਬਦਾ ਜਾ ਰਿਹਾ ਹੈ।  ਜਦੋਂ ਤੋਂ ਹਰਕਿਸ਼ਨ ਸਿੰਘ ਸੁਰਜੀਤ, ਜੋਤੀ ਬਾਸੂ ਅਤੇ ਏ ਬੀ ਵਰਦਾਨ ਵਰਗੇ ਲੋਕ ਚਲ ਵਸੇ ਹਨ , ਉਦੋਂ ਤੋਂ ਨਾ ਤਾਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ ਪੀ ਆਈ ਐਮ) ਅਤੇ ਨਾ ਹੀ ਭਾਰਤੀ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀ ਪੀ ਆਈ) ਨੂੰ ਕੋਈ ਸੰਭਾਲ ਸਕਿਆ। ਵੈਸੇ ਵੀ, ਭਾਰਤ ਵਿਚ ਕਮਿਊਨਿਸਟ ਆਗੂ ਸਹੀ ਸਮੇਂ ਉਪਰ ਗਲਤ ਫੈਸਲੇ ਲੈਣ ਲਈ ਮਸ਼ਹੂਰ ਹਨ। ਪੰਜਾਬ ਸੰਤਾਪ ਦੌਰਾਨ ਇਹਨਾਂ ਦਾ ਸਿਖ ਪੰਥ ਤੇ ਪੰਜਾਬ ਹਕਾਂ ਪ੍ਰਤੀ ਟੀਹਰਾ ਨਜ਼ਰੀਆ ਰਖਣਾ ਇਹਨਾਂ ਦੀ ਵਡੀ ਗਲਤੀ ਸੀ। ਨਕਸਲਵਾਦੀ ਜਾਂ ਮਾਓਵਾਦੀ ਖਬੇ ਪਖੀ ਸ਼੍ਰੇਣੀ ਵਿੱਚ ਆਉਂਦੇ ਹਨ। ਉਹ ਕਈ ਵਾਰ ਹਥਿਆਰਬੰਦ ਇਨਕਲਾਬ ਦੀ ਗੱਲ ਕਰਦੇ ਹਨ ਅਤੇ ਕਈ ਵਾਰ ਉਹ ਲੋਕਤੰਤਰੀ ਪ੍ਰਣਾਲੀ ਦਾ ਹਿੱਸਾ ਬਣਨਾ ਚਾਹੁੰਦੇ ਹਨ। ਉਹ ਖੁਦ ਨਹੀਂ ਜਾਣਦੇ ਕਿ ਉਹ ਕੀ ਕਰਨਾ ਚਾਹੁੰਦੇ ਹਨ ਤੇ ਲੋਕਾਂ ਨੂੰ ਕਿਸ ਦਿਸ਼ਾ ਵਲ ਲਿਜਾਣਾ ਚਾਹੁੰਦੇ ਹਨ।ਜਿਹਨਾਂ ਕੋਲ ਮਾਰਗ ਸਪਸ਼ਟ ਨਹੀਂ ,ਉਹ ਲੋਕਾਂ ਦੀ ਅਗਵਾਈ ਕਰਨ ਦੇ ਕਿਵੇਂ ਸਮਰਥ ਹੋ ਸਕਦੇ ਹਨ।

ਪੱਛਮੀ ਬੰਗਾਲ ਇਤਿਹਾਸਕ ਤੌਰ 'ਤੇ ਕਮਿਉਨਿਸਟ ਵਿਚਾਰਧਾਰਾ ਦਾ ਗੜ੍ਹ ਰਿਹਾ ਹੈ। 1977 ਤੋਂ 2011 ਤੱਕ, ਬੰਗਾਲ ਵਿਖੇ ਖੱਬੇ ਮੋਰਚੇ ਦਾ ਰਾਜ ਰਿਹਾ ਸੀ, ਪਰ ਹੁਣ ਅਜਿਹਾ ਲੱਗਦਾ ਹੈ ਕਿ ਸੀਪੀਆਈ. ਐਮ. ਆਪਣੇ ਕਾਡਰ ਨੂੰ ਪੂੰਜੀਵਾਦੀ ਪ੍ਰਬੰਧ ਦੀਆਂ ਕਮਜ਼ੋਰੀਆਂ ਤੋਂ ਬਚਾ ਨਹੀਂ ਸਕੀ । ਉਸਨੇ ਉਹੀ ਨੀਤੀਆਂ ਕਿਰਤੀਆਂ , ਕਿਸਾਨਾਂ ਵਿਰੁਧ ਅਪਣਾ  ਲਈਆਂ ਜੋ ਭਾਜਪਾ ਤੇ ਕਾਂਗਰਸ ਦੀਆਂ ਸਨ। ਕਾਰਪੋਰੇਟਾਂ ਨਾਲ ਸਿਆਸੀ ਤੇ ਪੂੰਜੀਵਾਦੀ ਸਾਂਝ ਨੇ ਇਹਨਾਂ ਨੂੰ ਮੜੀਆਂ ਦੇ ਰਾਹੇ ਪਾ ਦਿਤਾ। ਇਸ ਵਿਚ ਕੋਈ ਸ਼ਕ ਨਹੀਂ ਕਿ ਜ਼ਮੀਨੀ ਸੁਧਾਰ ਖੱਬੇ ਪਾਸੇ ਦਾ ਸਭ ਤੋਂ ਵੱਡਾ ਕਦਮ ਸੀ। ਇਸ ਤੋਂ ਇਲਾਵਾ ਖਬੇਪਖੀ ਮੋਰਚੇ ਨੇ ਪੰਚਾਇਤੀ ਰਾਜ ਨੂੰ ਮਜ਼ਬੂਤ ਬਣਾਇਆ । ਇਸ ਦੇ ਨਾਲ ਹੀ ਜੋਤੀ ਬਾਸੂ   ਤੇ ਪ੍ਰਮੋਦ ਦਾਸ ਗੁਪਤਾ, ਵਰਗੇ ਮਜਬੂਤ ਨੇਤਾ  ਪਾਰਟੀ ਨੂੰ ਸੰਭਾਲਣ ਵਿਚ ਲੱਗੇ ਹੋਏ ਸਨ। ਪਾਰਟੀ ਨੂੰ ਨਵੀਆਂ ਉਚਾਈਆਂ 'ਤੇ ਲਿਆਉਣ ਲਈ ਜੋਤੀ ਬਾਸੂ ਨੇ ਮਹੱਤਵਪੂਰਨ ਯੋਗਦਾਨ ਪਾਇਆ। ਪਰ ਇਹਨਾਂ ਨੇ ਕਦੇ ਵੀ ਪਾਰਟੀ ਦੇ ਵਾਜੂਦ ਵਲ ਧਿਆਨ ਨਹੀਂ ਦਿੱਤਾ ਕਿ ਪਾਰਟੀ ਵਿਚ ਕੀ ਵਾਪਰ ਰਿਹਾ ਹੈ। ਨਤੀਜਾ ਇਹ ਹੋਇਆ ਕਿ ਪਿੰਡਾਂ ਵਿਚ ਉਹ ਨੇਤਾ ਲੋਕ ਖੱਬੇ-ਪੱਖੀ ਨੁਮਾਇੰਦੇ ਬਣ ਗਏ, ਜਿਨ੍ਹਾਂ ਦਾ ਕਿਰਦਾਰ ਪਿੰਡ ਦੇ ਲੋਕਾਂ  ਤੇ ਕਿਰਤੀਆਂ ਨਾਲੋਂ ਕਿਤੇ ਵੱਖਰਾ ਸੀ । 2009 ਦੀਆਂ ਪੰਚਾਇਤੀ ਚੋਣਾਂ ਵਿਚ ਇਹ ਸਾਬਤ ਹੋ ਗਿਆ ਕਿ ਤ੍ਰਿਣਮੂਲ ਕਾਂਗਰਸ ਆਪਣੇ ਪੈਰ ਜਮਾ ਰਹੀ ਸੀ, ਪਰ ਸੀ.ਪੀ.ਆਈ. ਐਮ. ਲੀਡਰਸ਼ਿਪ ਨੇ ਇਸ ਵੱਲ ਧਿਆਨ ਵੀ ਨਹੀਂ ਦਿੱਤਾ । ਇਸ ਦੇ ਨਤੀਜੇ ਵਜੋਂ  2011 ਵਿਚ ਸਤਾ ਉਪਰ ਮਮਤਾ ਬੈਨਰਜੀ ਦਾ ਕਬਜਾ ਹੋ ਗਿਆ। ਇਸ ਤੋਂ ਬਾਅਦ ਲੋਕਾਂ ਨੇ ਗੁੱਸੇ ਵਿਚ ਆਕੇ ਸੀ.ਪੀ.ਆਈ. ਐਮ.  ਦੇ ਦਫ਼ਤਰ ਫੂਕ ਦਿਤੇ ਗਏ। ਕਾਮਰੇਡ ਵਰਕਰਾਂ ਨੂੰ ਕੁੱਟਿਆ ਗਿਆ ਅਤੇ ਕੁਝ ਨੂੰ  ਕਤਲ ਕਰ ਦਿੱਤਾ ਗਿਆ।   ਚੋਣਾਂ ਵਿਚ ਹਾਰ ਜਿਤ ਹੁੰਦੀ ਰਹਿੰਦੀ ਹੈ, ਪਰ 35 ਸਾਲਾਂ ਤੋਂ ਸੱਤਾ  ਵਿਚ ਰਹੀ  ਪਾਰਟੀ ਇੰਝ ਬਿਖਰੇਗੀ ਇਹ ਆਪਣੇ ਆਪ ਵਿਚ ਇਤਿਹਾਸ ਹੈ।

ਅੱਜ ਬੰਗਾਲ ਦੀ ਸਥਿਤੀ ਇਹ ਹੈ ਕਿ ਖਬੇ ਪਖੀ ਲੀਡਰਸ਼ਿਪ ਉਪਰ ਦੋਸ਼ ਲਗੇ ਹਨ ਕਿ  ਇਹਨਾਂ ਨੇ ਮਮਤਾ ਦੇ ਜ਼ੁਲਮਾਂ ਤੋਂ ਬਚਣ ਲਈ ਖੱਬੇ ਪੱਖੀ ਕਾਡਰ  ਭਾਜਪਾ ਵਰਗੀ ਫਿਰਕੂ ਪਾਰਟੀ ਦੀ ਝੋਲੀ ਵਿਚ  ਪਾ ਦਿਤਾ  । ਅੱਜ ਖਬੇਪਖੀਆਂ ਦੀ ਗੈਰ ਉਸਾਰੂ ਤੇ ਲੋਕ ਵਿਰੋਧੀ ਰਾਜਨੀਤੀ ਕਾਰਣ ਭਾਜਪਾ ਦੀਆਂ ਜੜਾਂ ਬੰਗਾਲ ਵਿਚ ਲਗੀਆਂ ਹਨ। ਇਸੇ ਗੈਰ ਉਸਾਰੂ ਸਿਆਸਤ ਕਾਰਣ ਬੰਗਾਲ ਹੀ ਨਹੀਂ, ਬਿਹਾਰ, ਪੰਜਾਬ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਵਿਖੇ ਕਮਿਊਨਿਸਟ ਪਾਰਟੀਆਂ ਦਾ ਆਧਾਰ ਖੁਸ ਚੁਕਾ  ਹੈ। ਪੰਜਾਬ ਵਰਗਾ ਇੱਕ ਅਜਿਹਾ ਸੂਬਾ ਜਿੱਥੇ 1972 ਵਿੱਚ ਕਮਿਊਨਿਸਟ ਪਾਰਟੀਆਂ ਦੇ 11 ਵਿਧਾਇਕ ਰਹੇ ਹਨ। ਇਨ੍ਹਾਂ ਵਿਚੋਂ 10 ਸੀ.ਪੀ.ਆਈ. ਅਤੇ ਇਕ ਸੀ.ਪੀ.ਆਈ. ਐਮ. ਦਾ ਸੀ। 1977 ਵਿਚ ਸੀ.ਪੀ.ਆਈ. ਐਮ. ਨੇ ਅੱਠ ਤੇ ਸੀ.ਪੀ.ਆਈ. ਨੂੰ ਸੱਤ ਸੀਟਾਂ ਜਿੱਤੀਆਂ। ਇਸ ਤਰ੍ਹਾਂ  ਖੱਬੇ ਪੱਖੀ 15 ਵਿਧਾਇਕ ਸਨ। ਸੱਤਿਆਪਾਲ ਡਾਂਗ ਚੌਥੀ ਵਾਰ ਆਪਣੀ ਸੀਟ ਜਿੱਤ ਗਿਆ। 1980 ਵਿੱਚ ਸੀ.ਪੀ.ਆਈ. ਨੇ ਨੌਂ ਅਤੇ ਸੀ.ਪੀ.ਆਈ. ਐਮ. ਨੂੰ ਪੰਜ ਸੀਟਾਂ ਮਿਲੀਆਂ। 

ਪੰਜਾਬ ਵਿਚ ਚੋਣਾਂ 1985 ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਤੋਂ ਬਾਅਦ ਹੋਈਆਂ ਤੇ ਕਮਿਊਨਿਸਟ ਪਾਰਟੀਆਂ ਉਪਰ ਇਸ ਦਾ ਡੂੰਘਾ ਪ੍ਰਭਾਵ  ਪਿਆ। ਸੀ.ਪੀ.ਆਈ. ਸਿਰਫ਼ ਇੱਕ ਸੀਟ ਹੀ ਜਿੱਤ ਨਾ ਸਕੀ।ਕਾਰਣ ਇਹੀ ਸੀ ਕਿ ਇਹਨਾਂ ਨੇ ਪੰਜਾਬ ਦੇ ਹਕਾਂ ਵਿਰੋਧੀ ਭੂਮਿਕਾ ਨਿਭਾਕੇ ਇੰਦਰਾ ਰਾਜੀਵ ਦੀਆਂ ਕੇਂਦਰੀ ਜਾਲਮਾਨਾ ਨੀਤੀਆਂ ਦਾ ਸਾਥ ਦਿਤਾ। 1992 ਵਿਚ ਖ਼ਾਲਿਸਤਾਨ ਅੰਦੋਲਨ ਦੌਰਾਨ ਅਕਾਲੀਆਂ ਨੇ ਚੋਣ ਦਾ ਬਾਈਕਾਟ ਕੀਤਾ ਅਤੇ ਕਾਂਗਰਸ ਨੂੰ ਬਿਨਾਂ ਵਿਰੋਧ ਦੇ ਚੋਣ ਲੜਨ ਦਾ ਮੌਕਾ ਮਿਲਿਆ। ਖਾੜਕੂਆਂ ਦੇ ਨਿਸ਼ਾਨੇ  ਉਪਰ ਕਮਿਊਨਿਸਟ ਆਗੂ ਰਹੇ । ਫਿਰ ਵੀ ਇਨ੍ਹਾਂ ਚੋਣਾਂ ਵਿਚ ਸੀ.ਪੀ.ਆਈ. ਨੂੰ ਚਾਰ ਤੇ ਸੀ.ਪੀ.ਆਈ. ਐਮ. ਨੂੰ ਇਕ ਸੀਟ ਮਿਲੀ।ਸਭ ਤੋਂ ਵਧੀਆ ਪ੍ਰਦਰਸ਼ਨ ਬਸਪਾ ਦਾ ਰਿਹਾ ,ਕਿਉਕਿ ਬਾਬਾ ਕਾਸ਼ੀਰਾਮ  ਜੋ ਬਸਪਾ ਦੇ ਬਾਨੀ ਸਨ ਉਹਨਾਂ ਦੀ ਭੂਮਿਕਾ ਸਿਖ ਪੰਥ ਤੇ ਪੰਜਾਬ ਪਖੀ ਸੀ। 1992 ਵਿੱਚ ਬਸਪਾ ਨੇ 16.32 ਫੀਸਦੀ ਵੋਟ ਲੈ ਕੇ ਨੌਂ ਵਿਧਾਨ ਸਭਾ ਸੀਟਾਂ ਜਿੱਤੀਆਂਂ।  

ਖੱਬੇ ਪੱਖੀਆਂ ਲਈ ਜਾਤੀਵਾਦੀ ਸਿਆਸਤ ਦਾ ਹਾਵੀ ਹੋਣਾ ਅਤੇ ਸ਼ਹਿਰਾਂ ਵਿਚ ਟਰੇਡ ਯੂਨੀਅਨ ਲਹਿਰ ਦਾ ਕਮਜ਼ੋਰ ਹੋਣਾ ਬਹੁਤ ਨੁਕਸਾਨਦਾਇਕ ਸੀ। ਇਸੇ ਕਰਕੇ 1990 ਤੋਂ ਬਾਅਦ, ਖੱਬੇ ਪਖੀਆਂ ਦਾ ਆਧਾਰ ਸਾਰੇ ਭਾਰਤ ਵਿੱਚ ਸੁੰਗੜਿਆ । ਬਿਹਾਰ ਵਿਚ ਵੀ, ਜਿੱਥੇ ਕੁਝ ਖੇਤਰਾਂ ਨੂੰ ਕਮਿਊਨਿਸਟਾਂ ਦਾ ਗੜ੍ਹ ਕਿਹਾ ਜਾਂਦਾ ਸੀ, ਜਾਤ ਅਤੇ ਫਿਰਕਾਪ੍ਰਸਤੀ ਨੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੱਤਾ । ਅੱਜ, ਕਮਿਉਨਿਸਟਾਂ ਦੀ  ਪਛਾਣ ਖੁਰ ਰਹੀ  ਹੈ । ਮਹਿੰਗਾਈ ਦੇ ਤੇਜ਼ੀ ਨਾਲ ਵਾਧੇ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਤੇ ਬੇਰੁਜ਼ਗਾਰੀ ਦੀ ਸਿਖਰ ਦੇ ਬਾਵਜੂਦ ਖੱਬੀਆਂ ਪਾਰਟੀਆਂ ਇਸ ਨੂੰ ਲੋਕਾਂ ਦੀ ਲੜਾਈ ਬਣਾਉਣ ਵਿਚ ਅਸਮਰੱਥ ਰਹੀਆਂ ਹਨ। ਲੋਕਤੰਤਰ ਵਿਚ ਚੋਣਾਂ ਜਿੱਤਣਾ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਕਿ ਅੰਦੋਲਨ ਨੂੰ ਚਲਾਉਣਾ ਤੇ ਜਿਤਣਾ।ਖੱਬੀਆਂ ਪਾਰਟੀਆਂ ਅਜੇ ਵੀ ਪ੍ਰਦਰਸ਼ਨਾਂ ਲਈ 10 ਤੋਂ 15 ਲੱਖ ਦੀ ਅਨੁਸ਼ਾਸਿਤ ਅਵਾਮ ਸਿਰਜ  ਸਕਦੀਆਂ ਹਨ ਪਰ ਉਹ ਇਸ ਨੂੰ ਵੋਟਾਂ ਵਿਚ ਨਹੀਂ ਬਦਲ ਸਕਦੀਆਂ। ਬੰਗਾਲ ਦੇ ਨੰਦੀਗਰਾਮ ਵਿਚ ਖਬੇਪਖੀ ਸਰਕਾਰ ਵਲੋਂ ਕਿਸਾਨਾਂ ਤੇ ਗੋਲੀਆਂ ਚਲਾਉਣੀਆਂ, ਉਨ੍ਹਾਂ ਦੀ ਜ਼ਮੀਨ ਤੇ ਕਾਰਪੋਰੇਟ ਦਾ ਕਬਜ਼ਾ ਕਰਾਉਣਾ ਕਮਿਉਨਿਸਟ ਵਿਚਾਰਧਾਰਾ ਦੇ ਅਨੁਸਾਰ ਨਹੀਂ ਸੀ ।  ਹੁਣ ਬੰਗਾਲ ਦੀਆਂ ਚੋਣਾ ਵਿਚ ਖਬੇਪਖੀਆਂ ਨੇ ਕਾਂਗਰਸ ਨਾਲ ਗਠਜੋੜ ਬਣਾਇਆ ਹੋਇਆ ਹੈ।ਇਹਨਾਂ ਦੀ ਰਾਜਨੀਤੀ ਮਮਤਾ ਨੂੰ ਹਰਾਉਣ ਉਪਰ ਟਿਕੀ ਹੋਈ ਹੈ । ਉਹ ਪੁਰਾਣੀਆਂ ਗਲਤੀਆਂ ਫਿਰ ਦੁਹਰਾ ਰਹੇ ਹਨ।        

ਪੱਛਮ ਬੰਗਾਲ ਵਿੱਚ ਭਾਜਪਾ ਦੇ ਅਤਿ ਵਿਸ਼ਵਾਸ ਦਾ ਮੁਖ ਕਾਰਨ ਇਹੀ ਖਬੇਪਖੀ ਗਠਜੋੜ ਹੈ।ਲੰਘੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੱਛਮੀ ਬੰਗਾਲ ਵਿੱਚ ਵੱਡੀ ਜਿੱਤ ਮਿਲੀ ਸੀ। ਸੂਬੇ ਅੰਦਰ ਹਿੰਦੂ-ਮੁਸਲਮਾਨ ਵੰਡ ਨੇ ਭਾਜਪਾ ਦਾ ਵੋਟ ਗ੍ਰਾਫ਼ ਇੱਕ ਦਮ ਵਧਾ ਦਿੱਤਾ ਸੀ।ਇਹੀ ਉਮੀਦ ਇਸ ਵਾਰ ਵੀ ਭਾਜਪਾ ਨੂੰ ਹੌਂਸਲਾ ਦੇ ਰਹੀ ਹੈ।ਭਾਜਪਾ ਨੂੰ ਤ੍ਰਿਣਮੂਲ ਕਾਂਗਰਸ ਤੋਂ ਟੁੱਟ ਕੇ ਆਏ ਆਗੂਆਂ 'ਤੇ ਵੀ ਭਰੋਸਾ ਹੈ।ਉੱਥੇ ਹੀ ਨਾਗਰਿਕਤਾ ਸੋਧ ਕਾਨੂੰਨ ਨੇ ਵੀ ਭਾਜਪਾ ਦਾ ਆਤਮ-ਵਿਸ਼ਵਾਸ ਵਧਾਇਆ ਹੈ।ਭਾਜਪਾ ਨੂੰ ਲੱਗਦਾ ਹੈ ਕਿ ਇਸ ਕਾਰਨ ਪੱਛਮੀ ਬੰਗਾਲ ਦਾ ਮਜ਼ਬੂਤ ਮਤੂਆ ਭਾਈਚਾਰਾ ਉਸ ਨੂੰ ਵੋਟ ਪਾਵੇਗਾ।ਪੱਛਮੀ ਬੰਗਾਲ ਵਿੱਚ ਭਾਜਪਾ ਪੂਰੀ ਤਰ੍ਹਾਂ ਨਾਲ ਧਾਰਮਿਕ ਅਤੇ ਜਾਤੀ ਵੰਡ ਦੇ ਆਧਾਰ 'ਤੇ ਚੋਣ ਲੜ ਰਹੀ ਹੈ ।

2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਲੋਕ ਸਭਾ ਦੀਆਂ 18 ਸੀਟਾਂ 'ਤੇ ਜਿੱਤ ਮਿਲੀ ਸੀ।ਭਾਜਪਾ ਨੂੰ ਇਸ ਲੋਕ ਸਭਾ ਚੋਣਾਂ ਵਿੱਚ 128 ਵਿਧਾਨ ਸਭਾ ਸੀਟਾਂ 'ਤੇ ਬੜਤ ਮਿਲੀ ਸੀ। 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਇਹ ਸਫ਼ਲਤਾ ਵੱਡੀ ਸੀ। 2014 ਵਿੱਚ ਭਾਜਪਾ ਨੂੰ ਲੋਕ ਸਭਾ ਚੋਣਾਂ ਵਿੱਚ ਸਿਰਫ਼ 28 ਵਿਧਾਨ ਸਭਾ ਸੀਟਾਂ ਦਾ ਵਾਧਾ  ਹੋਇਆ ਸੀ। ਵੈਸੇ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਪੱਛਮੀ ਬੰਗਾਲ ਦੀ ਪ੍ਰਕਿਰਤੀ ਦੇ ਉਲਟ ਸਨ। ਪੱਛਮੀ ਬੰਗਾਲ ਵਿੱਚ ਭਾਜਪਾ ਦੀ ਇੰਨੀ ਵੱਡੀ ਜਿੱਤ ਹੈਰਾਨੀਜਨਕ ਸੀ।ਪਹਿਲੀ ਵਾਰ ਪੱਛਮੀ ਬੰਗਾਲ ਵਿੱਚ ਹਿੰਦੂਵਾਦ ਦਾ ਉਭਾਰ ਵੇਖਣ ਨੂੰ ਮਿਲਿਆ ਸੀ।ਆਮ ਤੌਰ 'ਤੇ ਵਿਅਕਤੀਗਤ ਜੀਵਨ ਵਿੱਚ ਘੋਰ ਧਾਰਮਿਕ ਬੰਗਾਲੀ ਲੋਕ ਰਾਜਨੀਤਕ ਜੀਵਨ ਵਿੱਚ ਸੈਕੂਲਰ ਵਿਚਾਰਧਾਰਾ ਪੱਖੀ ਰਹੇ ਹਨ ਪਰ 2019 ਵਿੱਚ ਇਹ ਧਾਰਨਾ ਖ਼ਤਮ ਹੋ ਗਈ। ਬਹੁਤੇ ਮਾਹਿਰਾਂ ਦਾ ਵਿਚਾਰ ਹੈ ਕਿ ਖਬੇਪਖੀਆਂ ਦਾ ਕੇਡਰ ਭਾਜਪਾ ਦੇ ਹਕ ਵਿਚ ਮਮਤਾ ਬੈਨਰਜੀ ਨੂੰ ਹਰਾਉਣ ਲਈ ਭੁਗਤਾਇਆ ।     

                                                                                                               

ਬੰਗਾਲ ਵਿਚ ਕੋਣ ਭਾਰੂ                                                                                      

ਚੋਣ ਕਮਿਸ਼ਨ ਨੇ ਪੰਜ ਰਾਜਾਂ- ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਅਸਾਮ ਅਤੇ ਪੁੱਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਹੈ ਪਰ ਸਭ ਦੀਆਂ ਨਜ਼ਰਾਂ ਪੱਛਮੀ ਬੰਗਾਲ ਦੀਆਂ ਚੋਣਾਂ ਉੱਤੇ ਲੱਗੀਆਂ ਹੋਈਆਂ ਹਨ। 294 ਸੀਟਾਂ ਵਾਲੀ ਵਿਧਾਨ ਸਭਾ ਲਈ 27 ਮਾਰਚ ਤੋਂ 29 ਅਪਰੈਲ ਤੱਕ ਅੱਠ ਗੇੜਾਂ ਵਿਚ ਵੋਟਾਂ ਪੈਣਗੀਆਂ। ਭਾਰਤੀ ਜਨਤਾ ਪਾਰਟੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਦਸ ਸਾਲ ਤੋਂ ਬਣੀ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਦਾ ਪਾਸਾ ਪਲਟਣ ਲਈ ਹਰ ਹਰਬਾ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੋਲਕਾਤਾ ਵਿਚ ਪਹਿਲੀ ਵੱਡੀ ਰੈਲੀ ਕਰਦਿਆਂ ਪੂਰਨ ਬਦਲਾਓ ਦਾ ਸੱਦਾ ਦਿੱਤਾ ਹੈ। ਫਿ਼ਲਮੀ ਕਲਾਕਾਰ ਮਿਥੁਨ ਚੱਕਰਵਰਤੀ ਨੂੰ ਭਾਜਪਾ ਵਿਚ ਸ਼ਾਮਿਲ ਕੀਤਾ ਹੈ। ਉਧਰ, ਮਮਤਾ ਬੈਨਰਜੀ ਨੇ ਸਿਲੀਗੁੜੀ ਵਿਚ ਪੈਦਲ ਮਾਰਚ ਦੀ ਅਗਵਾਈ ਕਰਦਿਆਂ ਮਹਿੰਗਾਈ ਦਾ ਮੁੱਦਾ ਉਠਾਇਆ ਅਤੇ ਕੇਂਦਰ ਸਰਕਾਰ ਵਿਚ ਤਬਦੀਲੀ ਦੀ ਗੱਲ ਕੀਤੀ। ਪਿਛਲੇ ਲੰਮੇ ਸਮੇਂ ਤੋਂ ਕੇਂਦਰ ਅਤੇ ਰਾਜ ਸਰਕਾਰਾਂ ਦਰਮਿਆਨ ਆਪੋ-ਆਪਣੇ ਅਧਿਕਾਰਾਂ ਨੂੰ ਲੈ ਕੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ।

ਭਾਜਪਾ ਉੱਤੇ ਇਹ ਦੋਸ਼ ਵੀ ਲੱਗਦਾ ਹੈ ਕਿ ਇਹ ਕੇਂਦਰੀ ਏਜੰਸੀਆਂ ਦੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ ਜਿਸ ਕਾਰਨ ਡਰ ਅਤੇ ਲਾਲਚ, ਦੋਵਾਂ ਪੱਖਾਂ ਤੋਂ ਤ੍ਰਿਣਮੂਲ ਦੇ ਆਗੂਆਂ ਤੋਂ ਦਲ-ਬਦਲੀ ਕਰਵਾਈ ਜਾ ਰਹੀ ਹੈ। ਇਸ ਦੌਰਾਨ ਦੇਸ਼ ਵਿਚ ਕਿਸਾਨ ਅੰਦੋਲਨ ਲਗਾਤਾਰ ਹੋਰਾਂ ਰਾਜਾਂ ਵਿਚ ਫੈਲ ਰਿਹਾ ਹੈ। ਭਾਜਪਾ ਸਰਕਾਰ ਤਿੰਨ ਖੇਤੀ ਕਾਨੂੰਨਾਂ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਵੱਡੇ ਅੰਦੋਲਨ ਦਾ ਸਾਹਮਣਾ ਕਰ ਰਹੀ ਹੈ। ਇਸੇ ਰਣਨੀਤੀ ਤਹਿਤ ਮਮਤਾ ਬੈਨਰਜੀ ਨੇ ਨੰਦੀਗ੍ਰਾਮ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ। ਭਾਜਪਾ ਹਿੰਦੂ-ਮੁਸਲਿਮ ਪੱਤਾ ਉਭਾਰਨ ਦੀ ਕੋਸ਼ਿਸ਼ ਵਿਚ ਹੈ, ਉੱਥੇ ਮਮਤਾ ਬੈਨਰਜੀ ਨੇ ਆਪਣੇ ਪੁਰਾਣੇ ਨਾਅਰੇ ‘ਮਾ, ਮਾਟੀ ਤੇ ਮਾਨੁਸ਼’ (ਮਾਂ, ਮਾਂ ਭੂਮੀ ਅਤੇ ਲੋਕ) ਉੱਤੇ ਚੋਣ ਲੜਨ ਦੀ ਰਣਨੀਤੀ ਬਣਾਈ ਹੈ। ਸਿੰਗੂਰ ਅਤੇ ਨੰਦੀਗ੍ਰਾਮ ਦੇ ਇਲਾਕੇ 2007 ਵਿਚ ਦੁਨੀਆ ਭਰ ਵਿਚ ਚਰਚਿਤ ਹੋਏ ਸਨ ਜਦੋਂ ਤੱਤਕਾਲੀ ਸਰਕਾਰ ਨੇ ਵਿਸ਼ੇਸ਼ ਆਰਥਿਕ ਜ਼ੋਨ ਦੀ ਨੀਤੀ ਤਹਿਤ ਕੰਪਨੀ ਨੂੰ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ ਕਰ ਕੇ ਦਿੱਤੀ ਸੀ। ਉਦੋਂ ਇਹ ਅਜਿਹਾ ਕਿਸਾਨ ਅੰਦੋਲਨ ਹੋ ਨਿੱਬੜਿਆ ਸੀ ਜਿਸ ਕਾਰਨ 34 ਸਾਲ ਪੁਰਾਣੀ ਖੱਬੇ-ਪੱਖੀ ਸਰਕਾਰ ਚਲੀ ਗਈ ਅਤੇ 2011 ਵਿਚ ਤ੍ਰਿਣਮੂਲ ਕਾਂਗਰਸ ਸੱਤਾ ਵਿਚ ਆਈ ਜੋ ਅਜੇ ਤੱਕ ਜਾਰੀ ਹੈ।

ਪੱਛਮੀ ਬੰਗਾਲ ਵਿਚ ਭਾਜਪਾ, ਤ੍ਰਿਣਮੂਲ ਤੋਂ ਇਲਾਵਾ ਖੱਬੇ-ਪੱਖੀ ਧਿਰਾਂ ਅਤੇ ਕਾਂਗਰਸ ਸਾਂਝੇ ਤੌਰ ਉੱਤੇ ਚੋਣ ਲੜ ਰਹੇ ਹਨ। ਭਾਜਪਾ ਤ੍ਰਿਣਮੂਲ ਆਗੂਆਂ ਦੀਆਂ ਦਲ-ਬਦਲੀਆਂ ਦੇ ਨਾਲ ਨਾਲ ਕਈ ਅਜਿਹੀਆਂ ਪਾਰਟੀਆਂ ਨੂੰ ਸ਼ਹਿ ਦੇਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਜੋ ਮਮਤਾ ਦੇ ਵੋਟ ਬੈਂਕ ਨੂੰ ਨੁਕਸਾਨ ਪਹੁੰਚਾ ਸਕਣ। ਇਸੇ ਦੌਰਾਨ ਦੇਸ਼ ਵਿਚ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵੀ 12 ਮਾਰਚ ਤੋਂ ਪੱਛਮੀ ਬੰਗਾਲ ਸਮੇਤ ਸਾਰੇ ਰਾਜਾਂ ਵਿਚ ਕਾਫ਼ਲੇ ਭੇਜ ਕੇ ਭਾਜਪਾ ਨੂੰ ਹਰਾਉਣ ਦਾ ਸੱਦਾ ਦੇਣ ਦਾ ਐਲਾਨ ਕੀਤਾ ਹੈ। ਜੇਕਰ ਮਮਤਾ ਦੇ ਫ਼ੈਸਲੇ ਨੂੰ ਜ਼ਮੀਨੀ ਹਕੀਕਤ ਮੰਨ ਲਿਆ ਜਾਵੇ ਤਾਂ ਦੇਸ਼ ਦਾ ਕਿਸਾਨੀ ਸੰਘਰਸ਼ ਭਾਜਪਾ ਲਈ ਬੰਗਾਲ ਵਿਚ ਵੀ ਨੁਕਸਾਨਦੇਹ ਹੋ ਸਕਦਾ ਹੈ। ਪਰ ਭਾਜਪਾ ਨੂੰ ਉਮੀਦ ਹੈ ਕਿ ਉੱਤਰ ਬੰਗਾਲ ਵਿੱਚ ਭਾਜਪਾ ਹਿੰਦੂ-ਮੁਸਲਮ ਵੰਡ ਦੇ ਜ਼ੋਰ 'ਤੇ ਵੱਡੀ ਗਿਣਤੀ ਵਿੱਚ ਸੀਟਾਂ ਹਾਸਲ ਕਰ ਲਵੇਗੀ।ਭਾਜਪਾ ਨੂੰ ਟੀ.ਐਮ.ਸੀ. ਤੋਂ ਟੁੱਟ ਕੇ ਆਏ ਆਗੂਆਂ ਤੋਂ ਵੀ ਵੱਡੀਆਂ ਉਮੀਦਾਂ ਹਨ।ਹਾਲਾਕਿ ਇਹ ਨੇਤਾ ਮਮਤਾ ਬੈਨਰਜੀ ਦੇ ਕਿਲ੍ਹੇ ਨੂੰ ਕਿੰਨੀ ਕੁ ਸੰਨ੍ਹ ਲਾ ਪਾਉਣਗੇ ਇਹ ਤਾਂ ਸਮਾਂ ਹੀ ਦੱਸੇਗਾ।ਪਰ ਮਮਤਾ ਬੈਨਰਜੀ ਦੇ ਮੁਕਾਬਲੇ ਦਾ ਕੋਈ ਨੇਤਾ ਭਾਜਪਾ ਜਾਂ ਕਾਂਗਰਸ ਕੋਲ ਨਹੀਂ ਹੈ।ਮਮਤਾ ਇਸ ਸਮੇਂ ਉਨ੍ਹਾਂ ਕੁਝ ਕੁ ਨੇਤਾਵਾਂ ਵਿੱਚੋਂ ਇੱਕ ਹੈ ਜੋ ਸੀਬੀਆਈ,ਈਡੀ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਨਾਲ ਟਕਰਾਉਣ ਦੀ ਹਿੰਮਤ ਰੱਖਦੀ ਹੈ।ਨਿਸਚਿਤ ਤੌਰ 'ਤੇ ਭਾਜਪਾ ਮਮਤਾ ਦੀ ਜੁਝਾਰੂ ਪ੍ਰਵਿਰਤੀ ਤੋਂ ਡਰੀ ਹੋਈ ਹੈ।ਚੋਣ ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਕਰਨ ਮਗਰੋਂ ਹੀ ਮਮਤਾ ਨੇ ਸ਼ਰੇਆਮ ਕਿਹਾ ਕਿ ਚੋਣ ਕਮਿਸ਼ਨ ਭਾਜਪਾ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।ਇਸੇ ਕਰਕੇ 8 ਗੇੜਾਂ ਵਿੱਚ ਚੋਣਾਂ ਦਾ ਐਲਾਨ ਕੀਤਾ ਗਿਆ ਹੈ।

ਸਿਆਸੀ ਮਾਹਿਰ ਆਖ ਰਹੇ ਹਨ ਕਿ ਲੋਕ ਸਭਾ ਵਿੱਚ ਭਾਜਪਾ ਨੂੰ ਜੋ ਸਫ਼ਲਤਾ ਮਿਲੀ ਸੀ ਉਹ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਨਹੀਂ ਹਾਸਲ ਹੋਵੇਗੀ ।ਨਾਗਰਿਕਤਾ ਕਾਨੂੰਨ ਦੀ ਹਕੀਕਤ ਮਤੂਆ ਸਮੁਦਾਏ ਦੇ ਲੋਕ ਸਮਝ ਗਏ ਹਨ।ਮਤੂਆ ਸਮੁਦਾਏ ਨੂੰ ਇਸਦਾ ਲਾਭ ਨਹੀਂ ਮਿਲਣਾ। 2019 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਬਾਲਾਕੋਟ ਉੱਤੇ ਹਮਲਾ ਕਰਨ ਦਾ ਆਦੇਸ਼ ਦੇ ਕੇ ਮੋਦੀ ਨੇ ਆਪਣੀ ਮਜ਼ਬੂਤ ਦਾਅਵੇਦਾਰੀ ਬਣਾ ਲਈ ਸੀ। 2020 ਵਿੱਚ ਇਹ ਸਾਖ਼ ਚੀਨ ਵੱਲੋਂ ਲੱਦਾਖ 'ਚ ਘੁਸਪੈਠ ਦੇ ਕਾਰਨ ਖ਼ਤਮ ਹੋ ਗਈ।ਚੀਨ ਨਾਲ ਸਮਝੋਤੇ ਬਾਰੇ ਫੌਜੀ ਮਾਹਿਰ ਸੰਤੁਸ਼ਟ ਨਹੀਂ ਹਨ। ਦੂਜਾ ਵੱਡਾ ਮੁੱਦਾ ਮਹਿੰਗਾਈ ਹੈ।  ਬੰਗਾਲੀ ਜਨਤਾ ਪੈਟਰੋਲ ਤੇ ਸਰ੍ਹੋਂ ਦੇ ਤੇਲ ਦੀਆਂ ਵੱਧਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਹੈ। ਬੰਗਾਲੀਆਂ ਦਾ ਖ਼ਾਸ ਭੋਜਨ ਮੱਛੀ ਹੈ ਜਿਸ ਨੂੰ ਪਕਾਉਣ ਲਈ ਸਰ੍ਹੋਂ ਦਾ ਤੇਲ ਲੱਗਦਾ ਹੈ।ਯਾਤਰੀ ਰੇਲਾਂ ਦੇ ਕਿਰਾਏ ਵਿੱਚ ਕਈ ਗੁਣਾਂ ਵਾਧੇ ਨੇ ਵੀ ਬੰਗਾਲੀਆਂ ਨੂੰ ਪ੍ਰਭਾਵਿਤ ਕੀਤਾ ਹੈ।ਦਿੱਲੀ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨੇ ਭਾਜਪਾ ਦੇ ਆਤਮ-ਵਿਸ਼ਵਾਸ ਨੂੰ ਪਹਿਲਾਂ ਹੀ ਸੱਟ ਮਾਰੀ ਹੈ। ਕੁੱਲ ਮਿਲਾ ਕੇ ਫ਼ਿਲਹਾਲ ਖਬੇ ਪਖੀ ਗਠਜੋੜ ਤੇ ਭਾਜਪਾ 'ਤੇ ਮਮਤਾ ਦੀ ਜੁਝਾਰੂ ਸਿਆਸਤ ਭਾਰੀ ਪੈ ਰਹੀ ਹੈ।                                                                                           

ਮਮਤਾ ਐਕਸ਼ਨ ਵਿਚ

ਬੰਗਾਲ ਦੀ ਮੁੱਖ ਮੰਤਰੀ ਤੇ ਤਿ੍ਣਮੂਲ ਕਾਂਗਰਸ ਸੁਪਰੀਮੋ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ 'ਚ ਬਸ ਇਕ ਹੀ ਸਿੰਡੀਕੇਟ ਹੈ, ਨਰਿੰਦਰ ਮੋਦੀ-ਅਮਿਤ ਸ਼ਾਹ ਸਿੰਡੀਕੇਟ, ਹੋਰ ਕੋਈ ਸਿੰਡੀਕੇਟ ਨਹੀਂ ਹੈ। ਮਮਤਾ ਬੈਨਰਜੀ, ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਖ਼ਿਲਾਫ਼ ਸਿਲੀਗੁੜੀ 'ਚ ਰੈਲੀ ਨੂੰ ਸੰਬੋਧਨ ਕਰ ਰਹੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਮਹਿੰਗਾਈ ਦੇ ਵਿਰੋਧ 'ਚ ਜਲੂਸ ਕੱਢਿਆ। ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਖਾਸ ਤੌਰ 'ਤੇ ਪ੍ਰਧਾਨ ਮੰਤਰੀ  ਮੋਦੀ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੇਸ਼ ਨੂੰ ਵੇਚ ਦਿੱਤਾ ਤੇ ਦੇਸ਼ ਨੂੰ ਵੇਚਣ ਵਾਲੇ ਲੋਕ ਬੰਗਾਲ ਨੂੰ ਸੋਨੇ ਦਾ ਬੰਗਾਲ ਬਣਾਉਣ ਦੀ ਗੱਲ ਕਰ ਰਹੇ ਹਨ। ਇਹ ਕਿੰਨਾ ਹਾਸੋ-ਹੀਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਨੇ ਅੱਜ ਤਕ ਏਨਾ ਵੱਡਾ ਝੂਠਾ ਪ੍ਰਧਾਨ ਮੰਤਰੀ ਨਹੀਂ ਦੇਖਿਆ। 

ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਕਰਾਰ ਦਿੰਦੇ ਹੋਏ ਮਮਤਾ ਬੈਨਰਜੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਮੁਫ਼ਤ 'ਚ ਚੌਲ ਤੇ ਰਾਸ਼ਨ ਦਿੱਤਾ ਤਾਂ ਮੋਦੀ ਜੀ ਨੇ ਗੈਸ ਦੀ ਕੀਮਤ ਵਧਾ ਕੇ 1000 ਰੁਪਏ ਤਕ ਪਹੁੰਚਾ ਦਿੱਤੀ। ਉਹ ਨਹੀਂ ਚਾਹੁੰਦੇ ਕਿ ਗ਼ਰੀਬਾਂ ਦੇ ਘਰ ਦਾਲ-ਚੌਲ ਵੀ ਪੱਕ ਸਕਣ।

 

 

ਕੋਲਕਾਤਾ 'ਚ ਭਾਜਪਾ ਦੀ ਪਹਿਲੀ ਵਿਸ਼ਾਲ  ਰੈਲੀ 

                                                          ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਐਤਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਤਿੱਖਾ ਹਮਲਾ ਬੋਲਦਿਆਂ ਦੋਸ਼ ਲਗਾਇਆ ਹੈ ਕਿ ਸੂਬੇ ਦੇ ਲੋਕਾਂ ਨੇ ਖੱਬੇ-ਪੱਖੀ ਸ਼ਾਸਨ ਦੇ ਖ਼ਤਮੇ ਲਈ ਉਸ (ਮਮਤਾ) 'ਤੇ ਭਰੋਸਾ ਕੀਤਾ ਪਰ ਉਸ ਨੇ ਉਨ੍ਹਾਂ ਨੂੰ 'ਧੋਖਾ ਦਿੱਤਾ ਤੇ ਬੇਇੱਜ਼ਤ' ਕੀਤਾ । ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ 'ਚ ਚੋਣਾਂ ਦਾ ਐਲਾਨ ਹੋਣ ਬਾਅਦ ਕੋਲਕਾਤਾ ਦੇ ਬਿ੍ਗੇਡ ਪਰੇਡ ਗਰਾਊਂਂਡ 'ਚ ਭਾਜਪਾ ਦੀ ਪਹਿਲੀ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਵਿਰੋਧੀਆਂ 'ਤੇ ਤਿੱਖੇ ਹਮਲੇ ਕੀਤੇ  । ਮੋਦੀ ਨੇ ਮਮਤਾ ਬੈਨਰਜੀ 'ਤੇ ਬੰਗਾਲ ਦੇ ਲੋਕਾਂ ਦੀਆਂ ਉਮੀਦਾਂ ਤੇ ਸੁਪਨਿਆਂ ਨੂੰ ਚਕਨਾਚੂਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਲੋਕ ਉਸ ਨੂੰ ਕਿੰਨੇ ਪਿਆਰ-ਸਤਿਕਾਰ ਨਾਲ 'ਦੀਦੀ' ਆਖਦੇ ਹਨ ਪਰ ਉਸ ਨੇ ਇਕ ਭਤੀਜੇ ਦੀ ਭੂਆ ਬਣ ਕੇ ਆਪਣੇ ਸਮਰਥਕ ਲੋਕਾਂ ਦੀ ਅਣਦੇਖੀ ਕੀਤੀ ਹੈ | ਭਾਜਪਾ ਵਲੋਂ ਦੋਸ਼ ਲਗਾਇਆ ਜਾਂਦਾ ਹੈ ਕਿ ਤਿ੍ਣਮੂਲ ਕਾਂਗਰਸ ਦੀ ਮੁਖੀ ਆਪਣੇ ਡਾਇਮੰਡ ਹਾਰਬਰ ਤੋਂ ਸੰਸਦ ਮੈਂਬਰ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਸੂਬੇ ਦਾ ਅਗਲਾ ਮੁੱਖ ਮੰਤਰੀ ਬਣਾਉਣ ਦੀ ਕੋਸ਼ਿਸ਼ 'ਚ ਲੱਗੀ ਹੋਈ ਹੈ | ਇਸ ਮੌਕੇ ਮੋਦੀ ਨੇ ਉਨ੍ਹਾਂ 'ਤੇ ਆਪਣੇ ਚਹੇਤੇ ਕਾਰੋਬਾਰੀ ਮਿੱਤਰਾਂ ਦਾ ਪੱਖ ਪੂਰਨ ਦਾ ਦੋਸ਼ ਲਗਾਉਣ ਵਾਲੇ ਕਾਂਗਰਸ ਨੇਤਾ ਰਾਹੁਲ ਗਾਂਧੀ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਭਾਰਤ ਦੇ 130 ਕਰੋੜ ਲੋਕ ਉਸ ਦੇ ਦੋਸਤ ਹਨ ਅਤੇ ਉਹ ਇਨ੍ਹਾਂ ਸਭ ਲਈ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਮੈਂ ਆਪਣੇ 90 ਲੱਖ ਬੰਗਾਲ ਦੇ ਮਿੱਤਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਹਨ ਅਤੇ ਚਾਹ ਬਾਗਾਂ 'ਚ ਕੰਮ ਕਰਨ ਵਾਲੇ ਆਪਣੇ ਮਿੱਤਰਾਂ ਲਈ ਸਮਾਜਿਕ ਸੁਰੱਖਿਆ ਯੋਜਨਾ ਲਾਗੂ ਕੀਤੀ ਹੈ | ਉਨ੍ਹਾਂ ਮਮਤਾ ਬੈਨਰਜੀ ਵਲੋਂ ਅੰਦਰੂਨੀ-ਬਾਹਰੀ (ਇਨਸਾਈਡਰ-ਆਊਟਸਾਈਡਰ) ਦੇ ਦੋਸ਼ ਲਗਾਉਣ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਬਾਹਰੀ ਕਿਵੇਂ ਹੋ ਸਕਦੀ ਹੈ ਜਦ ਉਨ੍ਹਾਂ ਦੇ ਪ੍ਰੇਰਨਾ ਸਰੋਤ ਪਾਰਟੀ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਇਕ ਬੰਗਾਲੀ ਸਨ | ਉਨ੍ਹਾਂ ਟੀ.ਐਮ.ਸੀ. ਦੇ ਸੂਬੇ 'ਚ 10 ਸਾਲ ਦੇ ਸਾਸ਼ਨ ਨੂੰ ਲੋਕਤੰਤਰ ਦੀ ਬਜਾਏ 'ਲੁੱਟਤੰਤਰ' 'ਚ ਤਬਦੀਲ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਸਾਡੀ ਪਾਰਟੀ ਦੀ ਪ੍ਰਤੀਬੱਧਤਾ 'ਸਭ ਦਾ ਸਾਥ, ਸਭ ਦਾ ਵਿਸ਼ਵਾਸ' 'ਚ ਹੈ |