ਬੇਗਾਨੀ ਰੂਹ ਦੇ ਸੁਪਨੇ

ਬੇਗਾਨੀ ਰੂਹ ਦੇ ਸੁਪਨੇ

ਕਿਸੇ ਨੂੰ ਇਹ ਸਿਰਲੇਖ ਅਜੀਬ ਲੱਗ ਸਕਦਾ ਜਾਂ ਮਨ ਵਿੱਚ ਸ਼ੰਕਾ ਪੈਦਾ ਕਰ ਸਕਦਾ ਕਿ ਬੇਗਾਨੀ ਰੂਹ ਦੇ ਸੁਪਨੇ ਕੀ? ਦੇਖਣ ਨੂੰ ਅਧਿਆਤਮਕ ਜਿਹਾ ਲਗਦਾ ਇਹ ਸਿਰਲੇਖ ਬਿਲਕੁਲ ਵੀ ਅਧਿਆਤਮਕ ਨਹੀਂ, ਨਾਂ ਹੀ ਉਪਦੇਸ਼ੀ ਹੈ। ਇਹ ਇੱਕ ਯਤਨ ਹੈ ਸਾਡੇ ਸੁਪਨਿਆਂ ਨੂੰ ਫੜਣ ਦਾ, ਸਾਡੇ ਉਹਨਾਂ ਸੁਪਨਿਆਂ ਨੂੰ ਜੋ ਸੱਚੀਉਂ ਸਾਡੇ ਹਨ। ਪਰ ਕੀ ਸੁਪਨੇ ਓਪਰੇ ਵੀ ਹੁੰਦੇ ਹਨ? ਸੁਪਨੇ, ਇੱਛਾਵਾਂ ਤਾਂ ਸਾਡੀਆਂ ਹੀ ਹੁੰਦੀਆਂ ਹਨ। ਸਾਡੀ ਜਿੰਦਗੀ, ਸਾਡੀ ਚੋਣ। ਇਸ ਤੇ ਹੋਰ ਕਿਸਦਾ ਹੱਕ! ਪਰ ਕੀ ਸਾਡੀ ਚੋਣ, ਸਾਡੇ ਸੁਪਨੇ ਕੋਈ ਪ੍ਰਭਾਵਿਤ ਨਹੀਂ ਕਰ ਸਕਦਾ? ਕਰ ਸਕਦਾ, ਤੇ ਕੀਤੇ ਨੇ। ਉਦਾਹਰਣ ਦੱਸਦੇ ਹਾਂ, ਮੰਨ ਲੋ ਸ਼ਾਮ ਨੂੰ ਕੰਮ ਤੋਂ ਥੱਕ ਕੇ ਮੁੜਦੇ ਹੋ ਆਪਣੇ ਪੁਰਾਣੇ ਟੀ.ਵੀ ਸੈੱਟ ਉੱਤੇ ਸਟਾਰ ਪਲੱਸ ਜਾਂ ਕੋਈ ਹੋਰ ਅਜਿਹਾ ਚਾਲੂ ਜਿਹਾ ਚੈਨਲ ਲਾਉਂਦੇ ਹੋ। ਮਸ਼ਹੂਰੀ ਆਉਂਦੀ ਹੈ, ‘ਡੱਬਾ ਰੇ ਡੱਬਾ, ਅੰਕਲ ਕਾ ਟੀ.ਵੀ ਡੱਬਾ ਹੋਣਾ ਤਾਂ ਇਹ ਚਾਹੀਦਾ ਕਿ ਅੰਕਲ ਨੂੰ ਜਦੇ ਉੱਠ ਕੇ ਉਸ ਮਸ਼ਹੂਰੀ ਦੇਣ ਵਾਲੀ ਕੰਪਨੀ ਤੇ ਮਾਣ-ਹਾਨੀ ਦਾ ਕੇਸ ਠੋਕਣਾ ਚਾਹੀਦਾ ਕਿਉਂਕਿ ਇਸੇ ਕੰਪਨੀ ਨੇ ਹਾਲੇ ਦੋ ਕੁ ਸਾਲ ਪਹਿਲਾਂ ਇਸੇ ਡੱਬਾਨੁਮਾ ਟੀ.ਵੀ ਨੂੰ ਭਵਿੱਖ ਦੇਖਣ ਦੀ ਕੁੰਜੀ ਕਹਿ ਕੇ ਵੇਚ ਦਿੱਤਾ ਸੀ। ਪਰ ਨਹੀਂ ਖੂਨ ਨਹੀਂ ਖੌਲੇਗਾ, ਜੇ ਬੈਂਕ ਵਿੱਚ ਥੋੜੀ ਜਿਹੀ ਬਚਤ ਹੈ ਤੇ ਅਗਲੀ ਤਨਖਾਹ ਆਉਣ ਹੀ ਵਾਲੀ ਹੈ ਅਤੇ ਤਰੱਕੀ ਦੀ ਵੀ ਕੁਝ ਆਸ ਹੈ, ਤਾਂ ਤੁਹਾਨੂੰ ਇਹ ਟੀ.ਵੀ ਸੱਚਮੁੱਚ ਡੱਬਾ ਲੱਗੇਗਾ ਅਤੇ ਇੱਕ ਨਵੀਂ ਇੱਛਾ ਦਾ ਜਨਮ ਹੋ ਜਾਵੇਗਾ। ਤੇ ਫੇਰ ਦਿਲੋ-ਦਿਲੀ ਤਰਲੋ-ਮੱਛੀ ਹੁੰਦਿਆਂ ਦਿਵਾਲੀ ਦੇ ਬੰਪਰ ਆਫਰ ਤੇ ਕੰਪਨੀ ਨੂੰ ਲੁੱਟ ਲੈਣ ਦੀ ਖੁਸ਼ੀ ਵਿੱਚ ਘਰੇ ਨਵੇ ਸੰਚਾਲਿਤ ਹੋਏ ਟੀ.ਵੀ ਵੱਲ ਮਾਣ ਨਾਲ ਵੇਖੋਂਗੇ। ਤੇ ਇੱਛਾਵਾਂ ਖਤਮ? ਨਹੀਂ। ਇਹ ਮੰਡੀ ਦੀ ਚਾਲ ਹੈ ਇਹ ਲੋੜਾਂ ਪੈਦਾ ਕਰਦੀ ਹੈ। ਮੰਡੀ ਦੇ ਵਿੱਚ ਬਹੁਤ ਹੀ ਹੜਬੜਾਹਟ ਰਹਿੰਦੀ ਹੈ ਹਰਦਮ ਹਾਬੜ ਮੱਚੀ ਰਹਿੰਦੀ ਹੈ। ਜੇ ਕਿਸੇ ਨੇ ਇਹ ਪ੍ਰਤੱਖ ਦੇਖਣੀ ਹੋਵੇ ਤਾਂ ਕਿਸੇ ਵੀ ਮੰਡੀ ਵਿੱਚ ਜਾਉ, ਮੰਡੀ ਵਿੱਚ ਲੰਘਦਿਆਂ ਜੋ ਸ਼ੋਰ ਗੁੱਲ ਹੁੰਦਾ ਹੈ ਉਹ ਦੁਕਾਨਦਾਰਾਂ ਦਾ ਨਹੀਂ ਜਿਣਸਾਂ ਦਾ ਹੁੰਦਾ ਹੈ। ਜੋ ਕਿਸੇ ਯੋਜਨਾਬੱਧ ਤਰੀਕੇ ਨਾਲ ਪੈਦਾ ਨਹੀਂ ਹੁੰਦੀਆਂ ਤੇ ਮੁੜਕੇ ਵਿਕਣ ਲਈ ਇੱਕ ਦੂਜੇ ਤੋਂ ਮੂਹਰੇ ਹੋ ਹੋ ਚੀਖ਼ਦੀਆਂ ਹਨ। ਜਿੰਨੀ ਅਰਾਜਕਤਾ ਮੰਡੀ ਵਿੱਚ ਜਿਣਸਾਂ ਵੇਚਣ ਦੀ ਹੁੰਦੀ ਹੈ, ਇਸ ਤੋਂ ਕਿਤੇ ਜਿਆਦਾ ਅਰਾਜਕਤਾ ਉਸ ਨੂੰ ਪੈਦਾ ਕਰਨ ਵੇਲੇ ਹੁੰਦੀ ਹੈ। ਮਜ਼ਦੂਰਾਂ ਤੋਂ 12-14 ਘੰਟੇ ਕੰਮ ਲੈਣਾ ਸਮੇਂ ਤੇ ਪੈਸਾ ਨਾਂ ਦੇਣਾ ਗਾਲ੍ਹਾਂ, ਝਿੜਕਾਂ ਇਹ ਸਭ ਆਮ ਹਨ।

ਹਾਂ, ਤੇ ਅਸੀਂ ਗੱਲ੍ਹਾਂ ਕਰਦੇ ਸੀ ਕਿ ਮੰਡੀ ਜਿੱਥੇ ਲੋੜਾਂ ਦੀ ਪੂਰਤੀ ਕਰਦੀ ਹੈ ਉੱਥੇ ਨਵੀਆਂ ਪੈਦਾ ਵੀ ਕਰਦੀ ਹੈ। ਅਤੇ ਇਹ ਲੋੜਾਂ ਪੈਦਾ ਕਰਨ ਵੇਲੇ ਇੰਝ ਹੀ ਨਹੀਂ ਕੁਝ ਵੀ ਬਣਾਉਂਦੇ ਰਹਿੰਦੇ, ਬੜੇ ਸਤਰਕ ਰਹਿੰਦੇ ਹਨ ਤੇ ਤੁਹਾਡੀ ਭੋਲੀ ਜਿਹੀ ਜ਼ਿੰਦਗੀ ਵਿੱਚ ਝਾਤੀਆਂ ਮਾਰਨੋਂ ਬਾਜ ਨਹੀਂ ਆਉਂਦੇ। ਇਹ ਤੁਹਾਡੇ ਫੋਨ ਦਾ ਡਾਟਾ, ਤੁਹਾਡਾ ਲੈਣ ਦੇਣ, ਤੁਹਾਡੀ ਮਹੀਨਾਵਾਰ ਤਨਖਾਹ ਸਭ ਤੇ ਗੌਰ ਰੱਖਦੇ ਹਨ। ਇਸੇ ਦੇ ਹਿਸਾਬ ਨਾਲ ਤੁਹਾਡੀ ਖਪਤ ਦੀ ਵਸਤੂ ਦਾ ਨਵਾਂ ਮਾਡਲ ਪੇਸ਼ ਕਰ ਦਿੰਦੇ ਹਨ। ਕੀ ਤੁਸੀਂ ਕਦੇ ਦੇਖਿਆ ਕਿ ਸਟਾਰ ਪਲੱਸ ਤੇ ਆਡੀਮਰਸੀਡੀਜ਼ ਜਾਂ ਹੋਰ ਮਹਿੰਗੀਆਂ ਕਾਰਾਂ, ਮੋਟਰਸਾਈਕਲਾਂ ਦੀ ਮਸ਼ਹੂਰੀ ਆਉਂਦੀ ਹੋਵੇ? ਨਹੀਂ ਇਹਨਾਂ ਚੈਨਲਾਂ ਤੇ ਤਾਂ ਉਹੀ ਬਾਜ਼ਾਜ਼, ਹੀਰੋ ਹਾਂਡਾ ਵਰਗੇ ਹੀ ਟੇਢੇ ਵਿੰਗੇ ਕਰ ਕਰ ਵਿਖਾਏ ਜਾਂਦੇ ਹਨ। ਕਿਉਂ, ਕਿਉਂਕਿ ਲਗਜ਼ਰੀ ਕਾਰਾਂ ਬਣਾਉਣ ਵਾਲੀਆਂ ਕੰਪਨੀਆਂ ਜਾਣਦੀਆਂ ਹਨ ਕਿ ਕਿਹੜਾ ਤਬਕਾ ਕਿਹੜਾ ਚੈਨਲ ਦੇਖਦਾ ਹੈ ਤੇ ਕੀ ਕਰਦਾ ਹੈ? ਮੰਡੀ ਤੁਹਾਡੇ ਨਾਲ ਤੁਹਾਡੀ ਔਕਾਤ ਅਨੁਸਾਰ ਹੀ ਵਰਤਦੀ ਹੈ। ਹੁਣ ਤਾਂ ਮੰਡੀ ਤੁਹਾਡੀ ਲੋੜ ਨੂੰ ਸਮਝਦਿਆਂ ਤੁਹਾਡੇ ਘਰੇ ਹੀ ਆਣ ਵੜੀ ਹੈ। ਐਮਾਜਾਨ, ਫਲਿੱਪਕਾਰਟ ਜਾਂ ਹੋਰ ਵੀ ਕਈ। ਇਹ ਤੁਹਾਡੀ ਸਾਰੀ ਜਾਣਕਾਰੀ ਪਹਿਲਾਂ ਭਰਵਾ ਲੈਂਦੇ ਹਨ ਤੇ ਪ੍ਰਾਈਵੇਸੀ ਪਾਲਿੱਸੀ ਜਰੀਏ ਤੁਹਾਡੇ ਫੋਨ ਦੀ ਗੈਲਰੀ ਤੋਂ ਲੈ ਕੇ ਤੁਹਾਡੀ ਵੈਬ ਹਿਸਟਰੀ ਤੱਕ ਦੇਖਦੇ ਹਨ। ਇਹ ਤਾਂ ਮੈਂ ਪਰਤਿਆ ਕੇ ਵੀ ਵੇਖਿਆ। ਜੇਕਰ ਆਪਾਂ ਕਿਸੇ ਵੀ ਖਰੀਦਦਾਰੀ ਵਾਲੀ ਵੈਬਸਾਈਟ ਤੇ ਕਮੀਜ਼ ਦੇਖਦੇ ਹਾਂ ਤੇ ਦੇਖ ਕੇ ਛੱਡ ਦਿੰਦੇ ਹਾਂ। ਤਾਂ ਇਹ ਤੁਹਾਡੇ ਫੋਨ ਵਿੱਚ ਹਰ ਥਾਂ ਉਹ ਚੱਕੀ ਫਿਰਨਗੇ ਜਿਵੇਂ ਚੰਡੀਗੜ ਬੱਸ ਅੱਡੇ ਉੱਤਰਦਿਆਂ ਆਟੋ ਵਾਲੇ ਤੁਹਾਡਾ ਭਮੱਤਰਿਆ ਜਿਹਾ ਮੂੰਹ ਦੇਖ ਕੇ ਅੱਗੇ ਪਿੱਛੇ ਹੋ ਲੈਣ ਗੇ। ਉਵੇਂ ਹੀ ਇਹ ਤੁਹਾਨੂੰ ਕਮੀਜ਼ਾਂ ਦੀ ਚੋਣ ਵਿੱਚ ਭਮੱਤਰਿਆ ਵੇਖ ਕੇ ਹਰ ਤਰ੍ਹਾਂ ਦੀ ਕਮੀਜ਼ ਤੁਹਾਡੀ ਹਰ ਵੈਬ ਸਰਚ ਦੌਰਾਨ ਦਿਖਾਉਣਗੇ। ਤੁਸੀਂ ਆਪਣੇ ਫੇਸਬੁਕ ਪੰਨੇ ਫਰੋਲ ਰਹੇ ਹੋਵੋਂਗੇ ਤੇ ਵਿਚਾਲੇ ਜਿਹੇ ਘੈਂਟ-ਘੈਂਟ ਕਮੀਜ਼ਾਂ ਦੇ ਡਿਜ਼ਾਇਨ ਦਿਖਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਮੁੜ ਕੇ ਫੇਰ ਉਵੇਂ ਡਿਜ਼ਾਇਨ ਫਰੋਲਣ ਵੱਲ ਹੋ ਜਾਵੋਂਗੇ। ਇੱਥੇ ਹੀ ਬੱਸ ਨਹੀਂ ਜਿਵੇਂ ਚਲਾਕ ਦੁਕਾਨਦਾਰ ਤੋਂ ਜੇ ਤੁਸੀਂ ਪੈਂਟ ਖਰੀਦਦੇ ਹੋਂ ਤਾਂ ਉਹ ਕਮੀਜ਼ ਤੇ ਜੁੱਤੇ ਵੀ ਨਾਲ ਦੇ ਜਾਂਦਾ ਹੈ ਉਵੇਂ ਹੀ ਇਹ ਕਰਦੇ ਹਨ। ਮੈਂ ਕਈ ਵਾਰ ਨਵੀਂ ਥਾਂਵੇ ਜਾਣਾ ਹੋਵੇ ਤਾਂ ਗੂਗਲ ਨਕਸ਼ੇ ਦੀ ਮਦਦ ਲੈਂਦਾ ਹਾਂ, ਜਦ ਗੂਗਲ ਤੇ ਥਾਵਾਂ ਲੱਭਦਾ ਹਾਂ ਤਾਂ ਨਾਲ ਹੀ ਕਮਰੇ ਦੀ ਸੁਵਿਧਾ ਦੀਆਂ ਸਲਾਹਾਂ ਵੀ ਦੇਣ ਲੱਗ ਜਾਂਦੇ ਹਨ।

ਭਾਵੇਂ ਮੰਡੀ ਸਭ ਕੁਝ ਵਿੱਚ ਮੁੱਖ ਆਪਣਾ ਫਾਇਦਾ ਦੇਖਦੀ ਹੈ, ਪਰ ਇਸਦੀ ਇੱਕ ਦੇਣ ਵੀ ਹੈ। ਇਸਨੇ ਲੋਕਾਂ ਨੂੰ ਘਰਾਂ ਵਿੱਚੋਂ ਕੱਢਿਆ ਪਰ ਕਾਹਦੇ ਲਈ ਮੰਡੀ ਵਿੱਚ ਲਿਆਉਣ ਲਈ। ਅਤੇ ਇਸਨੇ ਔਰਤਾਂ, ਬੱਚਿਆਂ ਤੋਂ ਲੈ ਕੇ ਸ਼ਹਿਰੀ ਬਜ਼ੁਰਗਾਂ ਤੱਕ ਸਭ ਨੂੰ ਲੈ ਆਂਦਾ ਮੰਡੀ ਵਿੱਚ। ਬਿਊਟੀ ਪਾਰਲਰਾਂ ਤੋਂ ਲੈ ਕੇ ਸ਼ਾਪਿੰਗ ਮਾਲਾਂ ਤੱਕ। ਘੁੰਮਣਾਂ ਫਿਰਨਾ ਤਾਂ ਮਨੁੱਖ ਦੇ ਸੁਹਜ਼ ਵਿੱਚ ਵਾਧਾ ਕਰਦਾ ਹੈ, ਤੇ ਹਰੇਕ ਮਨੁੱਖ ਨਵੀਆਂ ਥਾਵਾਂ ਘੁੰਮ ਕੇ ਜ਼ਿੰਦਗੀ ਵਿੱਚ ਨਵੀਂ ਤਾਜ਼ਗੀ ਹਾਸਿਲ ਕਰਦਾ ਹੈ। ਪਰ ਮੰਡੀ ਆਖਦੀ ਹੈ, “ਤੁਸੀਂ ਕਾਹਦਾ ਘੁੰਮੇ ਜੇ ਉੱਥੇ ਜਾ ਕੇ ਪਹਾੜਾਂ ਤੇ ਮੈਕਡਾਵਲ ਨਾਂ ਪੀਤੀ। ਤੇ ਤੁਸੀਂ ਵੀ ਸੋਚਦੇ ਹੋ, ‘ਹਾਂ ਗੱਲ ਤਾਂ ਪੱਕੀ ਆ। ਮੰਡੀ ਕਹਿੰਦੀ ਹੈ, ‘ਪਹਾੜਾਂ ਤੇ ਚੱਲੇ ਤਾਂ ਹੋ ਪਰ ਜੇ ਅਨਫੀਲਡ ਹੁੰਦਾ!ਤੁਸੀਂ ਸੋਚਦੇ ਹੋ, ‘ਹਾਂ, ਯਾਰ ਜੇ ਅਨਫੀਲਡ ਹੁੰਦਾ। ਤੇ ਇਹ ਮੰਡੀ ਵਿਚਲੀ ਜੋ ਹਾਬੜ ਹੈ ਜੋ ਤੜਪ ਹੈ ਉਹ ਤੁਹਾਡੇ ਵਿੱਚ ਵੀ ਘਰ ਕਰ ਜਾਂਦੀ ਹੈ। ਮੰਡੀ ਦੀ ਸਾਰੀ ਹੀ ਹਾਬੜ ਪੈਸੇ ਦੀ ਹੈ ਜੋ ਇਸਨੂੰ ਅਣਮਨੁੱਖੀ, ਬਰਬਰ ਬਣਾਉਂਦੀ ਹੈ। ਮੰਡੀ ਨੇ ਸਾਨੂੰ ਚੀਜ਼ਾਂ ਦਿੱਤੀਆਂ ਪਰ ਉਹਨਾਂ ਦੀ ਵਰਤੋਂ ਨਹੀਂ ਦੱਸੀ ਜਾਂ ਸਾਨੂੰ ਉਹਨਾਂ ਚੀਜ਼ਾਂ ਨੂੰ ਵਰਤਣਾ ਸਿਖਾਉਣ ਲਈ ਸਮਝਾਇਆ ਨਹੀਂ। ਜਿਵੇਂ ਇੱਕ ਸਕੂਟਰ ਕੰਪਨੀ ਵਿੱਚ ਵੇਚਣ ਵਾਲਾ ਹੁੰਦਾ ਹੈ, ਉਸਨੇ ਤੁਹਾਨੂੰ ਸਕੂਟਰ ਦੀਆਂ ਵਿਸ਼ੇਸ਼ਤਾਵਾਂ ਦੱਸ ਤੇ ਇਸੇ ਨੂੰ ਦੁਨੀਆਂ ਦੀ ਸਰਵੋਤਮ ਸਵਾਰੀ ਦੱਸ ਵੇਚਣਾ ਹੁੰਦਾ ਹੈ ਤੇ ਤੁਸੀਂ ਵੀ ਸਕੂਟਰ ਖਰੀਦ ਕੇ ਆਪਣੀ ਹੀਣਤਾ ਲੁਕੋਣ ਮਾਰੇ ਜਿਵੇਂ ਤਰਕ ਘੜ ਲੈਂਦੇ ਹੋ ਜੇ ਭਲਾਂ ਮੋਟਰਸਾਈਕਲ ਤੇ ਇਕੱਲਿਆਂ ਆਟਾ ਲਿਆਉਣਾ ਪੈ ਜਵੇ ਫੇਰ? ਹੋਇਆ ਨਾਂ ਸਕੂਟਰ ਮਹਾਨ। ਤੇ ਇਵੇਂ ਤੁਸੀਂ ਸਕੂਟਰ ਨੂੰ ਮਹਾਨਤਮ ਸਵਾਰੀ ਮੰਨ ਖੁਦ ਕਿਸੇ ਤੋਂ ਘੱਟ ਨਹੀਂ ਸਮਝਦੇ। ਸਕੂਟਰ ਵਾਲਾ ਤੁਹਾਨੂੰ ਸਕੂਟਰ ਵੇਚਦਾ ਹੈ ਤੇ ਇਸ ਦੀਆਂ ਵਿਸ਼ੇਸ਼ਤਾਈਆਂ ਦੱਸਦਾ ਹੈ। ਪਰ ਸੜਕ ਦੇ ਨਿਯਮ ਨਹੀਂ ਦੱਸਦਾ ਤੇ ਨਾਂ ਹੀ ਚਲਾਉਣਾ ਸਿਖਾਉਂਦਾ ਹੈ। ਉਵੇਂ ਹੀ ਮੰਡੀ ਤੁਹਾਨੂੰ ਚੀਜ਼ਾਂ ਫੜਾ ਜਾਂਦੀ ਹੈ। ਕਿਉਂ ਤੇ ਕਿਵੇਂ ਵਰਤੀਏ ਇਹ ਨਹੀਂ ਦੱਸਦੀ।  ਸਾਡੇ ਹੱਥਾਂ ਵਿੱਚ ਮੋਬਾਈਲ ਫੋਨ, ਸਾਡੇ ਲੈਪਟਾਪ ਇਹਨਾਂ ਦਾ ਵੀ ਇਹੋ ਹਾਲ ਹੈ। ਇਹ ਵੀ ਵਰਤੋਂ ਲਈ ਘੱਟ ਤੇ ਜਮਾਤੀ ਚਿੰਨ ਵਜ਼ੋਂ ਵਧੇਰੇ ਉੱਭਰੇ ਹਨ। ਕਿਸੇ ਕੋਲ ਕਿਹੜਾ ਮੋਬਾਈਲ ਹੈ ਏਸੇ ਤੋਂ ਉਸਦੀ ਜੇਬ ਦਾ ਅਨੁਮਾਨ ਲੱਗਦਾ ਹੈ ਜਿਵੇਂ ਐਪਲ ਮੱਧਵਰਗੀਆਂ ਦਾ ਸੁਪਨਾ ਏਸੇ ਲਈ ਹੈ ਕਿਉਂਕਿ ਇਹ ਉੱਚ ਵਰਗੀ ਹੋਣ ਦਾ ਚਿੰਨ ਹੈ। ਬਹੁਤਿਆਂ ਲਈ ਇਹ ਖੇਡਣ ਦੀਆਂ ਚੀਜ਼ਾਂ ਹਨ। ਉਹਨਾਂ ਦੇ ਮੋਬਾਇਲਾਂ ਵਿੱਚ ਖੇਡਾਂ, ਲੈਪਟਾਪ ਵਿੱਚ ਖੇਡਾਂ ਟੀ.ਵੀ ਨਾਲ ਜੁੜੀ ਵੱਡੀ ਐਕਸ ਬਾਕਸ ਤੇ ਫੇਰ ਜ਼ਿੰਦਗੀ ਕੀ ਬਚਦੀ ਹੈ। ਜ਼ਿੰਦਗੀ ਵੀ ਖੇਡ ਹੈ ਜਿਸ ਵਿੱਚ ਰਿਵਾਲਵਰ ਲਓ ਤੇ ਠਾਹ ਠੂਹ। ਜਿੰਦਗੀ ਏਨੀ ਬਿਗਾਨੀ ਕਿਉਂ ਹੋ ਗਈ ਹੈ?

ਸਰਮਾਏਦਾਰਾ ਮੰਡੀ ਨੇ ਮਨੁੱਖ ਦੇ ਮਨ ਵਿੱਚ ਚੀਜ਼ਾਂ ਦੀ ਤਾਂ ਕਦਰ ਬਣਾ ਦਿੱਤੀ ਪਰ ਮਨੁੱਖ, ਮਨੁੱਖਤਾ ਏਸ ਸਭ ਨੂੰ ਪਛਾੜ ਕੇ। ਇਹ ਸਾਰੀਆਂ ਮਨੁੱਖ ਵੱਲੋਂ ਬਣਾਈਆਂ ਚੀਜ਼ਾਂ ਨੇ, ਵਿਗਿਆਨ ਦੀਆਂ ਪ੍ਰਾਪਤੀਆਂ ਨੇ ਜਿੱਥੇ ਮਨੁੱਖ ਨੂੰ ਅੱਗੇ ਲਿਜਾਣਾ ਸੀ ਭਵਿੱਖ ਦਾ ਸੁਹੱਪਣ ਦੇਖਣ ਦੇ ਕਾਬਿਲ ਬਣਾਉਣਾ ਸੀ ਉੱਥੇ ਇਸ ਨੇ ਸਰਮਾਏਦਾਰਾਂ ਦੇ ਹੱਥੀਂ ਆ ਕੇ ਮਨੁੱਖ ਨੂੰ ਇੱਕ ਨਵੀਂ ਕੁੱਤਾ ਦੌੜ ਵਿੱਚ ਪਾ ਦਿੱਤਾ ਹੈ ਜਿਹੜੀ ਕਿਤੇ ਖਤਮ ਹੁੰਦੀ ਨਹੀਂ ਦਿਖਦੀ ਤੇ ਜਿਹੜੀ ਨਿਰੰਤਰ ਜ਼ਿੰਦਗੀ ਤੋਂ ਦੂਰ ਇੱਕ ਬੇਗਾਨੀ ਜਿੰਦਗੀ ਦੇ ਸੁਪਨਿਆਂ ਵੱਲ ਧੱਕ ਰਹੀ ਹੈ। ਅਜਿਹੇ ਬੇਗਾਨੇ ਸੁਪਨੇ ਜੋ ਅਸੀਂ ਨਹੀਂ ਦੇਖੇ, ਸਾਨੂੰ ਦਿਖਾਏ ਗਏ, ਸੁਪਨੇ ਜਿੰਨ੍ਹਾਂ ਵਿੱਚ ਦੂਜਿਆਂ ਦੀਆਂ ਦੁੱਖ ਤਕਲੀਫਾਂ ਨਹੀਂ, ਸੁਪਨੇ ਜਿੰਨ੍ਹਾਂ ਸਾਨੂੰ ਨਫਰਤ ਕਰਨ ਨਹੀਂ ਲਾਇਆ ਮਨੁੱਖਤਾ ਦੀਆਂ ਦੁਸ਼ਮਣ ਸਾਰੀਆਂ ਬੇਕਿਰਕ ਰੂਹਾਂ ਨਾਲ, ਜੋ ਦੁਨੀਆਂ ਨੂੰ ਚੂੰਡ ਰਹੀਆਂ ਹਨ, ਉਹ ਸੁਪਨੇ ਜੋ ਸਾਡੇ ਅੰਦਰ ਜੋਸ਼ੀਲੀ ਤਾਂਘ ਨਹੀਂ ਭਰਦੇ ਦੁਨੀਆਂ ਨੂੰ ਬਦਲ ਸੁੱਟਣ ਦੀ, ਉਹ ਸੁਪਨੇ ਜੋ ਸਾਂਝੀ ਖੁਸ਼ੀ ਲਈ ਨਹੀਂ, ਬੇਗਾਨੇ ਹੀ ਹਨ......।

ਬਲਤੇਜ