ਗੁਰਮਤਿ ਸੰਗੀਤ ਵਿੱਚ ਬਸੰਤ ਦੀ ਕੀਰਤਨ-ਮਰਿਆਦਾ

ਗੁਰਮਤਿ ਸੰਗੀਤ ਵਿੱਚ ਬਸੰਤ ਦੀ ਕੀਰਤਨ-ਮਰਿਆਦਾ

ਡਾ. ਗੁਰਨਾਮ ਸਿੰਘ
ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਰਾਗ ਅਧੀਨ ਅੰਕਿਤ ਬਾਣੀ ਵਿਚ ਪ੍ਰਕਿਰਤੀ ਦੇ ਮੌਲਣ ਤੇ ਵਿਗਸਣ ਦੀ ਪ੍ਰਕ੍ਰਿਆ ਦੇ ਪ੍ਰਤੀਕਾਤਮਕ ਚਿਤਰਣ ਦੁਆਰਾ ਆਤਮ ਵਿਗਾਸ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਰਾਗ ਵਿਚ ਸਮੂਹ ਬਾਣੀਕਾਰ ਗੁਰੂ ਸਾਹਿਬਾਨ, ਭਗਤ ਕਬੀਰ, ਭਗਤ ਤ੍ਰਿਲੋਚਨ, ਭਗਤ ਰਾਮਾਨੰਦ, ਭਗਤ ਰਾਮਦੇਵ ਅਤੇ ਭਗਤ ਰਵਿਦਾਸ ਜੀ ਦੀ ਇਲਾਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਹੈ। ਬਾਣੀ ਵਿਚ ਬਸੰਤ ਦਾ ਇਕ ਹੋਰ ਪ੍ਰਕਾਰ ਬਸੰਤ ਹਿੰਡੋਲ ਵੀ ਖੂਬ ਪ੍ਰਯੋਗ ਕੀਤਾ ਗਿਆ ਹੈ। ਗੁਰੂ ਨਾਨਕ ਪਾਤਸ਼ਾਹ ਨੇ ਬਸੰਤ ਦੇ ਸ਼ੁਭ ਆਗਮਨ ’ਤੇ ਮਨੱੁਖੀ ਮਨ ਨੂੰ ਮੁਮਾਰਖੀ ਸੁਨੇਹਾ ਦਿੰਦਿਆਂ ਆਤਮ ਵਿਗਾਸ ਦੁਆਰਾ ਚੜ੍ਹਦੀ ਕਲਾ ਵਿਚ ਟਿਕਣ ਦਾ ਮਾਰਗ ਦਰਸਾਇਆ ਹੈ। ਤੀਸਰੇ ਗੁਰੂ ਅਮਰਦਾਸ ਜੀ ਬਨਸਪਤੀ ਦੇ ਮੌਲਣ ਨਾਲ ਬਸੰਤ ਰੂਪ ਦੇ ਆਗਮਨ ਤੇ ਗੁਰੂ ਦੀ ਸੰਗਤ ਸੰਗ ਮੌਲਣ ਤੇ ਵਿਗਸਣ ਦੀ ਬਾਤ ਪਾ ਰਹੇ ਹਨ। ਗੁਰੂ ਅਰਜਨ ਪਾਤਸ਼ਾਹ ਇਸ ਕਲਜੁਗ ਵਿਚ ਨਾਮ ਬੀਜਣ ਦਾ ਸੁਨੇਹਾ ਦਿੰਦਿਆਂ ਦਰਸਾ ਰਹੇ ਹਨ ਕਿ ਉਸ ਗ੍ਰਹਿ ਵਿਚ ਬਸੰਤ ਦਾ ਆਤਮਿਕ ਖੇੜਾ ਵਿਗਾਸ ਤੇ ਟਿਕਾਅ ਪ੍ਰਵੇਸ਼ ਕਰੇਗਾ ਜਿੱਥੇ ਉਸ ਹਰਿ ਕੀਰਤਨ ਦੀ ਧੁਨੀ ਗੂੰਜਰਿਤ ਰਹੇਗੀ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਵੈਰਾਗਮਈ ਬਾਣੀ ਮਨੁੱਖੀ ਮਨ ਨੂੰ ਵਾਰ ਵਾਰ ਚੇਤਾਰ ਰਹੀ ਹੈ ਕਿ ਤੇਰੇ ਸੰਗ ਕੇਵਲ ਇਕੋ ਪ੍ਰਭੂ ਭਗਤੀ ਨੇ ਹੀ ਜਾਣਾ ਹੈ। ਇਸ ਲਈ ਇਕ ਮਨ ਇਕ ਚਿਤ ਇਕ ਰਸ ਹੋ ਕੇ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕਰ।

ਭਗਤ ਕਬੀਰ ਜੀ ਦਾ ਸ਼ਬਦ ‘‘ਮਉਲੀ ਧਰਤੀ ਮਉਲਿਆ ਆਕਾਸ਼’’, ਰਾਮਾਨੰਦ ਜੀ ਦਾ ਸ਼ਬਦ ‘‘ਕਤ ਜਾਈਐ ਰੇ ਘਰੁ ਲਾਗੋ ਰੰਗ’’, ਇਸ ਰਾਗ ਦੀਆਂ ਵਿਸ਼ੇਸ਼ ਸ਼ਬਦ ਰਚਨਾਵਾਂ ਹਨ। ਬਸੰਤ ਰਾਗ ਦੀ ਸਮੁੱਚੀ ਬਾਣੀ ਦਾ ਉਦੇਸ਼ ਮਨੁੱਖੀ ਮਨਾਂ ਨੂੰ ਸਦੀਵੀ ਖੇੜਾ ਪ੍ਰਦਾਨ ਕਰਨਾ ਹੈ।

ਇਸ ਤਰ੍ਹਾਂ ਬਸੰਤ ਰਾਗ ਦੀ ਬਾਣੀ ਸਾਡੇ ਜੀਵਨ ਚੱਕਰ ਵਿਚ ਅਹਿਮ ਹੈ। ਗੁਰੂ ਘਰ ਦੀ ਕੀਰਤਨ ਪਰੰਪਰਾ ਵਿਚ ਰਾਗਾਂ ਦੇ ਕਾਲ ਚੱਕਰ ਅਨੁਸਾਰ ਕੀਰਤਨ ਕੀਤਾ ਜਾਂਦਾ ਹੈ। ਇਨ੍ਹਾਂ ਵੱਖ-ਵੱਖ ਸਮਿਆਂ ’ਤੇ ਹੋਣ ਵਾਲੀਆਂ ਕੀਰਤਨ ਪੇਸ਼ਕਾਰੀਆਂ ਨੂੰ ਕੀਰਤਨ ਚੌਕੀ ਕਿਹਾ ਜਾਂਦਾ ਹੈ। ਜਿਵੇਂ ਆਸਾ ਦੀ ਵਾਰ ਦੀ ਚੌਕੀ, ਬਿਲਾਵਲ ਦੀ ਚੌਕੀ, ਕਾਨੜ੍ਹੇ ਦੀ ਚੌਕੀ ਆਦਿ। ਰੁੱਤਾਂ ਨਾਲ ਸਬੰਧਤ ਦੋ ਅਹਿਮ ਕੀਰਤਨ ਚੌਕੀਆਂ ਸਾਵਣ ਰੁਤੇ ਮਲ੍ਹਾਰ ਤੇ ਬਸੰਤ ਰੁਤ ਵਿਚ ਬਸੰਤ ਦੀ ਕੀਰਤਨ ਚੌਕੀ ਹੈ। ਆਸਾ ਦੀ ਵਾਰ, ਸੋ ਦਰੁ ਦੀ ਕੀਰਤਨ ਚੌਕੀ ਤੋਂ ਬਾਅਦ ਬਸੰਤ ਦੀ ਕੀਰਤਨ ਚੌਕੀ ਦੇ ਗਾਇਨ ਦਾ ਪ੍ਰਚਲਨ ਅਜੇ ਵੀ ਰਾਗੀਆਂ ਵਿਚ ਹੈ। ਇਹ ਪ੍ਰਸੰਨਤਾ ਤੇ ਸ਼ਲਾਘਾ ਦਾ ਵਿਸ਼ਾ ਹੈ।

ਸਿੱਖ ਧਰਮ ਦੀ ਗੁਰਮਤਿ ਸੰਗੀਤ ਪਰੰਪਰਾ ਦੀ ਮਰਿਆਦਾ ਅਨੁਸਾਰ ਬਸੰਤ ਰਾਗ ’ਤੇ ਅਧਾਰਤ ਬਸੰਤ ਦੀ ਕੀਰਤਨ ਚੌਕੀ ਦਾ ਆਰੰਭ ਸ੍ਰੀ ਦਰਬਾਰ ਸਾਹਿਬ ਵਿਖੇ ਲੋਹੜੀ ਵਾਲੀ ਰਾਤ ਅਤੇ ਬਾਕੀ ਗੁਰੂ ਸਥਾਨਾਂ ’ਤੇ ਮਾਘ ਦੀ ਸੰਗਰਾਂਦ ਵਾਲੇ ਦਿਨ ਤੋਂ ਕੀਤਾ ਜਾਂਦਾ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਲੋਹੜੀ ਦੀ ਰਾਤ ਨੂੰ ਬਸੰਤ ਰਾਗ ਆਰੰਭ ਕਰਨ ਭਾਵ ਬਸੰਤ ਖੋਲ੍ਹਣ ਦੀ ਵਿਸ਼ੇਸ਼ ਅਰਦਾਸ ਵੀ ਕੀਤੀ ਜਾਂਦੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਲੋਕ ਸੰਗੀਤਕ ਅੰਗ ਤੋਂ ਕੀਤੇ ਜਾਣ ਵਾਲੇ ਵਾਰੀਆਂ ਦੇ ਕੀਰਤਨ ਵਿਚ ਵੀ ਬਸੰਤ ਰੁਤ ਵਿਚ ਬਸੰਤ ਰਾਗ ਦੇ ਸ਼ਬਦਾਂ ਦਾ ਹੀ ਗਾਇਨ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗੁਰਮਤਿ ਸੰਗੀਤ ਦੀ ਪਰੰਪਰਾ ਵਿਚ ਹੋਲੇ ਮਹੱਲੇ ਤੱਕ ਇਸ ਰਾਗ ਦਾ ਗਾਇਨ ਹਰ ਕੀਰਤਨ ਚੌਕੀ ਵਿਚ ਕਰਨ ਦੀ ਪ੍ਰਥਾ ਹੈ। ਹੋਲੇ ਮਹੱਲੇ ਤੋਂ ਪਹਿਲੀ ਰਾਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬਸੰਤ ਰਾਗ ਅਤੇ ਹੋਲੀ ਨਾਲ ਸਬੰਧਤ ਸ਼ਬਦਾਂ ਦੇ ਗਾਇਨ ’ਤੇ ਆਧਾਰਿਤ ਵਿਸ਼ੇਸ਼ ਰਾਗ ਦਰਬਾਰ ਦੀ ਪ੍ਰਥਾ ਅੱਜ ਤੱਕ ਪ੍ਰਚਲਿਤ ਹੈ ਜਿਸ ਵਿਚ ਬੀਰ ਰਸੀ ਸ਼ਬਦਾਂ ਦਾ ਗਾਇਨ ਵੀ ਬਸੰਤ ਤੇ ਬਸੰਤ ਦੇ ਪ੍ਰਕਾਰਾਂ ਵਿਚ ਕਰ ਲਿਆ ਜਾਂਦਾ ਹੈ। ਇਥੇ ਸਪਸ਼ਟ ਕਰਨਾ ਉਚਿੱਤ ਹੋਵੇਗਾ ਕਿ ਉਂਜ ਵੀ ਬਸੰਤ ਰਾਗ ਆਪਣੇ ਸਮੇਂ ਅਨੁਸਾਰ ਸ਼ੁੱਧ ਬਸੰਤ ਦੁਪਹਿਰ ਤੇ ਬਸੰਤ (ਪੂਰਵੀ) ਮੱਧ ਰਾਤ ਨੂੰ ਗਾਇਆ ਜਾਂਦਾ ਹੈ। ਬਸੰਤ ਰੁਤ ਸਮੇਂ ਇਸ ਰਾਗ ਨੂੰ ਹਰ ਸਮੇਂ ਗਾਉਣ ਦੀ ਪ੍ਰਥਾ ਹੈ। ਗੁਰੂ ਘਰ ਵਿਚ ਪੁਰਾਤਨ ਬਸੰਤ ਸ਼ੁੱਧ ਸੁਰਾਂ ਵਾਲਾ ਬਿਲਾਵਲ ਥਾਟ ਵਾਲਾ ਬਸੰਤ ਪ੍ਰਚਲਤ ਰਿਹਾ। ਵਰਤਮਾਨ ਸਮੇਂ ਬਸੰਤ ਤੇ ਬਸੰਤ ਹਿੰਡੋਲ ਦੇ ਵੱਖ-ਵੱਖ ਰੂਪ ਕੀਰਤਨੀਆਂ ਵਿਚ ਖੂਬ ਉਤਸ਼ਾਹ ਨਾਲ ਗਾਏ ਵਜਾਏ ਜਾਂਦੇ ਹਨ। ਜਿੱਥੇ ਕਿਤੇ ਵੀ ਕੀਰਤਨ ਹੁੰਦਾ ਹੈ ਕੀਰਤਨੀਏ ਇਸ ਰੁੱਤੇ ਬਸੰਤ ਰਾਗ ਵਿਚ ਸ਼ਬਦ ਤੇ ਬਸੰਤ ਕੀ ਵਾਰ ਮਹੱਲਾ ਪੰਜਵਾਂ ਦੀਆਂ ਵਿਚੋਂ ਪਉੜੀਆਂ ਦਾ ਗਾਇਨ ਜ਼ਰੂਰ ਕਰਦੇ ਹਨ।

ਇਸ ਤਰ੍ਹਾਂ ਗੁਰੂ ਸਾਹਿਬਾਨ ਨੇ ਰਾਗ ਤੇ ਸੰਗੀਤ ਦੀ ਨਾਦਾਤਮਕ ਸ਼ਕਤੀ ਜੋ ਸਾਡੇ ਸੱਭਿਆਚਾਰਕ ਧਰਾਤਲ ਦੀ ਵੱਡੀ ਧਰੋਹਰ ਨੂੰ ਸਦੀਵੀ ਰੂਪ ਵਿਚ ਸੰਭਾਲਦਿਆਂ ਇਸ ਦੇ ਪ੍ਰਯੋਗ ਨੂੰ ਚਿਰੰਜੀਵਤਾ ਪ੍ਰਦਾਨ ਕੀਤੀ ਹੈ। ਗੁਰੂ ਘਰ ਵਿਚ ਸਦੀਆਂ ਤੋਂ ਗਾਇਨ ਕੀਤੇ ਜਾਂਦੇ ਇਹ ਰਾਗ ਅੱਜ ਜਿੱਥੇ ਸਾਡੇ ਮਨਾਂ ਵਿਚ ਸ਼ਬਦ ਦਾ ਪ੍ਰਕਾਸ਼ ਕਰ ਰਹੇ ਹਨ ਉਥੇ ਭਾਰਤੀ ਸੰਗੀਤ ਦੀ ਰਾਗਾਤਮਕ ਵਿਰਾਸਤ ਨੂੰ ਵੀ ਗੁਰੂ ਘਰ ਨੇ ਗੁਰਮਤਿ ਸੰਗੀਤ ਦੇ ਰੂਪ ਵਿਚ ਸੁਰੱਖਿਅਤ ਕੀਤਾ ਤੇ ਪਰਚਾਰਿਆ। ਪ੍ਰਸੰਨਤਾ ਦਾ ਵਿਸ਼ਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਬਸੰਤ ਪੰਚਮੀ ਦੇ ਅਵਸਰ ’ਤੇ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਤੇ ਗੁਰਮਤਿ ਸੰਗੀਤ ਵਿਭਾਗ ਨਾਲ ਸਾਂਝੇ ਤੌਰ ’ਤੇ 8 ਫਰਵਰੀ ਨੂੰ ਰਾਤ ਨੂੰ ਇਕ ਵਿਸ਼ਾਲ ਬਸੰਤ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ। ਇਸ ਉੱਦਮ ਲਈ ਜਥੇਦਾਰ ਅਵਤਾਰ ਸਿੰਘ ਤੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸ਼ਲਾਘਾ ਦੇ ਹੱਕਦਾਰ ਹਨ। ਇਸ ਰਿਕਾਰਡਿੰਗ ਨੂੰ ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਵੈੱਬਸਾਈਟ ’ਤੇ ਜਲਦ ਹੀ ਅਪਲੋਡ ਕਰ ਦਿੱਤਾ ਜਾਵੇਗਾ ਤੇ ਪੀ.ਟੀ.ਸੀ ਤੇ ਹੋਰ ਚੈਨਲ ਇਸ ਦਾ ਨਿਰੰਤਰ ਪ੍ਰਸਾਰਣ ਵੀ ਕਰਨਗੇ। ਅਜਿਹੇ ਯਤਨਾਂ ਦੁਆਰਾ ਅਸੀਂ ਆਪਣੀ ਵਿਰਾਸਤ ਦੀ ਸੰਭਾਲ ਕਰ ਸਕਦੇ ਹਾਂ ਤੇ ਗੁਰੂ ਦਾ ਸੁਨੇਹਾ ਸਮੁੱਚੀ ਮਾਨਵਤਾ ਤੱਕ ਪਹੁੰਚਾ ਸਕਦੇ ਹਾਂ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।