ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀ ਐੱਸਪੀ ਬਲਜੀਤ ਸਿੰਘ ਨੂੰ ਅੰਤ੍ਰਿਮ ਜ਼ਮਾਨਤ ਮਿਲੀ

ਕੋਟਕਪੂਰਾ ਗੋਲੀਕਾਂਡ ਦੇ ਦੋਸ਼ੀ ਐੱਸਪੀ ਬਲਜੀਤ ਸਿੰਘ ਨੂੰ ਅੰਤ੍ਰਿਮ ਜ਼ਮਾਨਤ ਮਿਲੀ

ਚੰਡੀਗੜ੍ਹ: ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੇਸ਼ਨ ਬੈਂਚ ਨੇ ਪੰਜਾਬ ਪੁਲੀਸ ਦੇ ਐੱਸਪੀ ਬਲਜੀਤ ਸਿੰਘ ਨੂੰ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿਚ ਕੋਟਕਪੂਰਾ ਪੁਲੀਸ ਥਾਣੇ ’ਚ ਹੱਤਿਆ ਦੀ ਕੋਸ਼ਿਸ਼, ਅਪਰਾਧਕ ਸਾਜ਼ਿਸ਼ ਰਚਣ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਗੋਲੀਕਾਂਡ ’ਚ 18 ਸਿੱਖ ਜ਼ਖਮੀ ਹੋਏ ਸਨ। 

ਦੱਸਣਯੋਗ ਹੈ ਕਿ ਚਲਾਨ ਪੇਸ਼ ਹੋਣ ਤੋਂ ਬਾਅਦ ਬਲਜੀਤ ਸਿੰਘ ਨੂੰ ਫ਼ਰੀਦਕੋਟ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ 12 ਜੁਲਾਈ ਨੂੰ ਪੇਸ਼ ਹੋਣ ਸਬੰਧੀ ਸੰਮਨ ਭੇਜੇ ਗਏ ਸਨ। ਇਸ ਤੋਂ ਬਾਅਦ ਮਾਮਲੇ ਨੂੰ ਸੈਸ਼ਨ ਕੋਰਟ ਹਵਾਲੇ ਕਰ ਦਿੱਤਾ ਜਾਵੇਗਾ। ਜਸਟਿਸ ਤੇਜਿੰਦਰ ਸਿੰਘ ਢੀਂਡਸਾ ਨੇ ਪਟੀਸ਼ਨਕਰਤਾ ਦੇ ਵਕੀਲ ਵੱਲੋਂ ਦਿੱਤੇ ਭਰੋਸੇ ਕਿ ਬਲਜੀਤ ਸਿੰਘ ਮਿੱਥੀ ਗਈ ਤਰੀਕ ’ਤੇ ਪੇਸ਼ ਹੋਵੇਗਾ ਤੋਂ ਬਾਅਦ ਜ਼ਮਾਨਤ ਮਨਜ਼ੂਰ ਕੀਤੀ ਗਈ ਹੈ। 

ਹਾਈ ਕੋਰਟ ਨੇ ਅਗਲੀ ਸੁਣਵਾਈ ਲਈ 6 ਅਗਸਤ ਦੀ ਤਰੀਕ ਮਿੱਥੀ ਹੈ। ਇਸ ਮਾਮਲੇ ਵਿਚ ਐਫਆਈਆਰ ਲੰਘੇ ਵਰ੍ਹੇ ਸੱਤ ਅਗਸਤ ਨੂੰ ਦਰਜ ਕੀਤੀ ਗਈ ਸੀ। ਘਟਨਾ ਵੇਲੇ ਪਟੀਸ਼ਨਕਰਤਾ ਕੋਟਕਪੂਰਾ ਪੁਲੀਸ ਥਾਣੇ ਵਿਚ ਡੀਐੱਸਪੀ ਵਜੋਂ ਤਾਇਨਾਤ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ