ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਆਗੂ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਆਗੂ ਮਹਿੰਦਰਪਾਲ ਬਿੱਟੂ ਦਾ ਨਾਭਾ ਜੇਲ੍ਹ ਵਿੱਚ ਕਤਲ
ਪੁਲਿਸ ਹਿਰਾਸਤ ਵਿੱਚ ਮਹਿੰਦਰਪਾਲ ਬਿੱਟੂ ਦੀ ਪੁਰਾਣੀ ਤਸਵੀਰ

ਨਾਭਾ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਡੇਰਾ ਸਿਰਸਾ ਦੇ ਆਗੂ ਮਹਿੰਦਰਪਾਲ ਬਿੱਟੂ ਦਾ ਅੱਜ ਨਾਭਾ ਦੀ ਨਵੀਂ ਬਣੀ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਹੈ। ਜੇਲ੍ਹ ਵਿਚ ਮਹਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨਾਂ ਦੇ ਕੈਦੀਆਂ ਨੇ ਸਰੀਆ ਮਾਰ ਕੇ ਮਹਿੰਦਰਪਾਲ ਦਾ ਕਤਲ ਕਰ ਦਿੱਤਾ। 

ਦੱਸ ਦਈਏ ਕਿ ਮਹਿੰਦਰਪਾਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸਿਟੀ ਪੁਲਿਸ ਕੋਟਰਪੁਰਾ ਨੇ ਏਐਸਆਈ ਪ੍ਰੀਤਮ ਸਿੰਘ ਦੀ ਸ਼ਿਕਾਇਤ ਦੇ ਆਧਾਰ ਉਤੇ 13 ਜੂਨ 2018 ਨੂੰ ਕੇਸ ਦਰਜ ਕੀਤਾ ਸੀ। ਦੱਸ ਦਈਏ ਕਿ ਬਿੱਟੂ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਸੀ। 

ਪੁਲਿਸ ਦਾ ਕਹਿਣਾ ਹੈ ਕਿ ਕੈਦੀਆਂ ਵਿਚ ਹੋਈ ਝੜਪ ਵਿਚ ਅੰਡਰ ਟਰਾਇਲ ਕੈਦੀ ਬਿੱਟੂ ਦੀ ਮੌਤ ਹੋ ਗਈ। ਜੇਲ੍ਹ ਅਫਸਰਾਂ ਦਾ ਕਹਿਣਾ ਹੈ ਕਿ ਮਹਿੰਦਰਪਾਲ ਉਤੇ ਜੇਲ੍ਹ ਵਿਚ ਬੰਦ ਹੋਰ ਕੈਦੀਆਂ ਵੱਲੋਂ ਹਮਲਾ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਜੇਲ੍ਹ ਵਿਚ ਸਰੀਏ ਨਾਲ ਮਹਿੰਦਰਪਾਲ ਉਤੇ ਹਮਲਾ ਕੀਤਾ ਗਿਆ ਜਿਸ ਵਿਚ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਜੇਲ੍ਹ ਵਿਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਥੇ ਪਏ ਸਰੀਏ ਨਾਲ ਕੈਦੀ ਮਹਿੰਦਰ ਸਿੰਘ ਤੇ ਗੁਰਸੇਵਕ ਸਿੰਘ ਨੇ ਹਮਲਾ ਕੀਤਾ। ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ