ਬਗਦਾਦੀ ਨੂੰ ਅਮਰੀਕੀ ਫੌਜ ਨੇ ਮਾਰ ਦਿੱਤਾ ਹੈ: ਟਰੰਪ

ਬਗਦਾਦੀ ਨੂੰ ਅਮਰੀਕੀ ਫੌਜ ਨੇ ਮਾਰ ਦਿੱਤਾ ਹੈ: ਟਰੰਪ
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਡੋਨਾਲਡ ਟਰੰਪ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੀ ਫੌਜ ਦੀ ਖਾਸ ਟੀਮ ਨੇ ਕਾਰਵਾਈ ਕਰਦਿਆਂ ਸੀਰੀਆ ਦੇ ਉੱਤਰ ਪੱਛਮੀ ਖਿੱਤੇ ਵਿੱਚ ਆਈਐੱਸਆਈਐੱਸ ਦੇ ਮੁਖੀ ਅਬੂ ਬਕਰ-ਅਲ ਬਗਦਾਦੀ ਨੂੰ ਕਤਲ ਕਰ ਦਿੱਤਾ ਹੈ। 

ਅੱਜ ਵਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਗੁਪਤ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਜਨਤਕ ਹੋ ਗਈ ਸੀ। 

ਟਰੰਪ ਨੇ ਕਿਹਾ, "ਬੀਤੀ ਰਾਤ ਅਮਰੀਕਾ ਨੇ ਦੁਨੀਆ ਦੇ ਨੰਬਰ 1 ਅੱਤਵਾਦੀ ਆਗੂ ਨੂੰ ਇਨਸਾਫ ਦੇ ਹਵਾਲੇ ਕਰ ਦਿੱਤਾ। ਅਬੂ ਬਕਰ ਅਲ-ਬਗਦਾਦੀ ਮਾਰਿਆ ਗਿਆ ਹੈ।"

ਉਹਨਾਂ ਕਿਹਾ, "ਉਹ ਆਈਐਸਆਈਐਸ ਦਾ ਸੰਸਥਾਪਕ ਅਤੇ ਮੁੱਖ ਆਗੂ ਸੀ ਜੋ ਦੁਨੀਆ ਦੀ ਸਭ ਤੋਂ ਵੱਧ ਜ਼ਾਲਮ ਅਤੇ ਹਿੰਸਕ ਅੱਤਵਾਦੀ ਸੰਸਥਾ ਹੈ। ਅਮਰੀਕਾ ਪਿਛਲੇ ਕਈ ਸਾਲਾਂ ਤੋਂ ਬਗਦਾਦੀ ਨੂੰ ਭਾਲ ਰਿਹਾ ਸੀ। ਬਗਦਾਦੀ ਨੂੰ ਜਿਉਂਦਾ ਜਾਂ ਮਰਿਆ ਫੜ੍ਹਨਾ ਮੇਰੇ ਪ੍ਰਸ਼ਾਸਨ ਨੇ ਦੇਸ਼ ਦੀ ਸੁਰੱਖਿਆ ਲਈ ਸਭ ਤੋਂ ਪ੍ਰਮੁੱਖਤਾ 'ਤੇ ਰੱਖਿਆ ਸੀ।"

ਜ਼ਿਕਰਯੋਗ ਹੈ ਕਿ ਬਗਦਾਦੀ ਨੂੰ ਫੜ੍ਹਾਉਣ ਲਈ ਜਾਣਕਾਰੀ ਦੇਣ ਲਈ ਅਮਰੀਕਾ ਨੇ 25 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਇਸ ਤੋਂ ਪਹਿਲਾਂ ਵੀ ਕਈ ਵਾਰ ਬਗਦਾਦੀ ਨੂੰ ਮਾਰਨ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਦੀ ਪੁਸ਼ਟੀ ਕੀਤੀ ਹੈ। 

ਸਬੰਧਿਤ ਖ਼ਬਰ: ਆਈਐਸਆਈਐਸ ਮੁਖੀ ਬਗਦਾਦੀ ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਦੀਆਂ ਖਬਰਾਂ

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।