"ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ, ਰੁੱਤ ਬੇਈਮਾਨ ਹੋ ਗਈ"

ਚੰਡੀਗੜ੍ਹ: ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਬੀਤੇ ਕੱਲ੍ਹ ਰੁੱਤ ਦੀ ਨਰਾਜ਼ਗੀ ਦਾ ਡੰਡਾ ਕਿਸਾਨਾਂ 'ਤੇ ਫਿਰਿਆ। ਕੁਦਰਤ ਨਾਲ ਕੀਤੀ ਛੇੜਖਾਨੀ ਦੇ ਸਿੱਟੇ ਹੁਣ ਸਾਹਮਣੇ ਆ ਰਹੇ ਹਨ। ਪੰਜਾਬ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਦੇ ਵੱਖ ਵੱਖ ਹਿੱਸਿਆਂ ’ਚ ਮੰਗਲਵਾਰ ਨੂੰ ਬੇਮੌਸਮੀ ਮੀਂਹ, ਹਨੇਰੀ ਚੱਲਣ ਅਤੇ ਬਿਜਲੀ ਡਿੱਗਣ ਕਾਰਨ ਜਿੱਥੇ 50 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਪੱਕੀ ਖੜੀ ਕਣਕ ਦੀ ਫਸਲ ਦਾ ਵੀ ਵੱਡਾ ਨੁਕਸਾਨ ਹੋਇਆ ਹੈ। 

ਪੰਜਾਬ ਦੇ ਵੱਡੇ ਹਿੱਸੇ ਵਿੱਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ, ਗੜੇਮਾਰੀ ਅਤੇ ਝੱਖੜ ਨੇ ਹਾੜੀ ਦੀਆਂ ਫਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਕੀਤਾ ਹੈ। 

ਸੂਬੇ ਵਿੱਚ ਕਣਕ ਦੀ ਵਾਢੀ ਰੁਕ ਗਈ ਹੈ ਅਤੇ ਫਸਲ ਵੀ ਕੁਦਰਤੀ ਕਰੋਪੀ ਦੀ ਮਾਰ ਹੇਠ ਆਈ ਹੈ। ਜ਼ਿਆਦਾਤਰ ਹਿੱਸਿਆਂ ਵਿੱਚ ਫਸਲਾਂ ਧਰਤੀ ’ਤੇ ਵਿਛ ਗਈਆਂ ਅਤੇ ਜ਼ਮੀਨ ਵਿੱਚ ਪਾਣੀ ਭਰ ਗਿਆ ਹੈ। ਖੇਤੀ ਮਾਹਿਰਾਂ ਮੁਤਾਬਕ ਕਣਕ ਦੀ ਫਸਲ ਦਾ 20 ਤੋਂ 40 ਫ਼ੀਸਦੀ ਤਕ ਨੁਕਸਾਨ ਹੋਇਆ ਹੈ ਜਦਕਿ ਸੂਰਜਮੁਖੀ ਕਈ ਜ਼ਿਲ੍ਹਿਆਂ ’ਚ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਸੂਰਜਮੁਖੀ ਹੇਠ 8 ਤੋਂ 10 ਹਜ਼ਾਰ ਹੈਕਟੇਅਰ ਰਕਬਾ ਹੁੰਦਾ ਹੈ ਜਦਕਿ ਸਬਜ਼ੀਆਂ ਦਾ ਰਕਬਾ ਤਿੰਨ ਲੱਖ ਹੈਕਟੇਅਰ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਈ ਹੈ ਤੇ ਕਈ ਥਾਈਂ ਗੜੇ ਵੀ ਪਏ ਹਨ। 

ਉਨ੍ਹਾਂ ਕਿਹਾ ਕਿ ਅੱਜ ਦੱਖਣੀ ਮਾਲਵੇ ਦੇ ਜ਼ਿਲ੍ਹਿਆਂ ਮਾਨਸਾ, ਬਠਿੰਡਾ, ਫ਼ਰੀਦਕੋਟ, ਫਾਜ਼ਿਲਕਾ, ਮੋਗਾ, ਮੁਕਤਸਰ ਅਤੇ ਫਿਰੋਜ਼ਪੁਰ, ਸੰਗਰੂਰ, ਬਰਨਾਲਾ ਵਿੱਚ ਜ਼ਿਆਦਾ ਮੀਂਹ ਪਿਆ ਜਦਕਿ ਲੁਧਿਆਣਾ, ਫਤਿਹਗੜ੍ਹ ਸਾਹਿਬ, ਮੁਹਾਲੀ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਂਹ ਦੇ ਨਾਲ ਗੜੇ ਵੀ ਪਏ। ਗੜੇਮਾਰੀ ਅਤੇ ਬਾਰਿਸ਼ ਨਾਲ ਸੂਰਜਮੁਖੀ ਦੀ ਫਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨਾਂ ਵੱਲੋਂ ਬੀਜੇ ਖ਼ਰਬੂਜ਼ੇ ਅਤੇ ਹੋਰਨਾਂ ਸਬਜ਼ੀਆਂ ਵੀ ਮੀਂਹ ਦੀ ਮਾਰ ਹੇਠ ਆ ਗਈਆਂ ਹਨ। 

ਸੁਰਿੰਦਰ ਪਾਲ ਨੇ ਕਿਹਾ ਕਿ ਸੋਮਵਾਰ ਸ਼ਾਮ ਤੋਂ ਸ਼ੁਰੂ ਹੋਇਆ ਕੁਦਰਤੀ ਕਰੋਪੀ ਦਾ ਕਹਿਰ ਬੁੱਧਵਾਰ ਦੇਰ ਸ਼ਾਮ ਤੱਕ ਜਾਰੀ ਸੀ ਅਤੇ ਵੀਰਵਾਰ ਨੂੰ ਮੌਸਮ ਆਮ ਵਾਂਗ ਰਹਿਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਮੀਂਹ ਅਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰਾਂ ਨੂੰ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਹਾੜੀ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਤੁਰੰਤ ਸਰਕਾਰ ਨੂੰ ਦੇਣ ਦੀ ਹਦਾਇਤ ਕੀਤੀ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਸੂਬੇ ਦਾ ਖੇਤੀਬਾੜੀ ਵਿਭਾਗ ਫਸਲਾਂ ਦੇ ਹੋਏ ਨੁਕਸਾਨ ਤੋਂ ਪੂਰੀ ਤਰ੍ਹਾਂ ਬੇਖ਼ਬਰ ਹੈ।

ਪੰਜਾਬ ਦੇ ਦੱਖਣੀ ਜ਼ਿਲ੍ਹਿਆਂ ਫਾਜ਼ਿਲਕਾ ਮੁਕਤਸਰ ਅਤੇ ਨਾਲ ਲਗਦੇ ਖੇਤਰਾਂ ਵਿੱਚ ਸੋਮਵਾਰ ਦੇਰ ਸ਼ਾਮ ਆਏ ਤੇਜ਼ ਤੂਫਾਨ ਨਾਲ ਕੁਦਰਤੀ ਕਰੋਪੀ ਸ਼ੁਰੂ ਹੋਈ। ਪਹਿਲੇ ਦਿਨ ਇਸ ਖੇਤਰ ਵਿੱਚ ਤੂਫਾਨ ਨਾਲ ਦੋ ਵਿਅਕਤੀਆਂ ਦੀਆਂ ਜਾਨਾਂ ਵੀ ਜਾਂਦੀਆਂ ਰਹੀਆਂ। ਮੰਗਲਵਾਰ ਨੂੰ ਵੀ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਚੱਲੀਆਂ। ਬੁੱਧਵਾਰ ਨੂੰ ਤਾਂ ਕੁਦਰਤ ਦੀ ਮਾਰ ਜ਼ਿਆਦਾ ਭਾਰੀ ਹੋ ਗਈ। 

ਹੁਸ਼ਿਆਰਪੁਰ ਜ਼ਿਲ੍ਹੇ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਦਸੂਹਾ ਅਤੇ ਮੁਕੇਰੀਆਂ ਦੇ ਕਈ ਪਿੰਡਾਂ ਵਿੱਚ ਗੜੇ ਪਏ। ਇਸ ਨਾਲ ਸਬਜ਼ੀਆਂ ਅਤੇ ਸੂਰਜਮੁਖੀ ਦੀ ਫਸਲ ਬਰਬਾਦ ਹੋ ਗਈ। ਇਸੇ ਤਰ੍ਹਾਂ ਸੌਰ ਉਰਜਾ ਦੇ ਪੈਨਲ ਵੀ ਬੁਰੀ ਤਰ੍ਹਾਂ ਤਬਾਹ ਹੋ ਗਏ। ਸੰਗਰੂਰ ਅਤੇ ਬਰਨਾਲਾ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਦੋਹਾਂ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਵਿੱਚ ਗੜੇ ਪਏ। ਦੋਹਾਂ ਜ਼ਿਲ੍ਹਿਆਂ ਵਿੱਚ ਦੇਰ ਸ਼ਾਮ ਤੱਕ ਮੀਂਹ ਜਾਰੀ ਸੀ ਤੇ ਕਣਕ ਦੀ ਫਸਲ ਵਿੱਚ ਪਾਣੀ ਭਰ ਗਿਆ ਹੈ। 

ਫ਼ਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਅਤੇ ਜੈਤੋ ਖੇਤਰਾਂ ਵਿੱਚ ਭਾਰੀ ਬਾਰਿਸ਼ ਹੋਣ ਦੀਆਂ ਰਿਪੋਰਟਾਂ ਹਨ। ਇਨ੍ਹਾਂ ਖੇਤਰਾਂ ਵਿੱਚ ਵੀ ਕਣਕ ਦੀ ਫਸਲ ਵਿਛ ਗਈ ਹੈ। ਮਲੋਟ ਖੇਤਰ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਣ ਸਬੰਧੀ ਮੌਸਮ ਮਾਹਿਰਾਂ ਵੱਲੋਂ ਰਿਪੋਰਟ ਦਿੱਤੀ ਗਈ ਹੈ। ਰੋਪੜ ਜ਼ਿਲ੍ਹੇ ਵਿੱਚ ਵੀ ਮੀਂਹ ਤੇ ਗੜੇ ਪਏ ਹਨ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਖੇਤਰ ਵਿੱਚ ਜ਼ਿਆਦਾ ਮੀਂਹ ਪੈਣ ਦੀਆਂ ਰਿਪੋਰਟਾਂ ਹਾਸਲ ਹੋਈਆਂ ਹਨ। ਬੇਮੌਸਮੇ ਮੀਂਹ ਕਾਰਨ ਕਣਕ ਦੀ ਵਾਢੀ ਦਾ ਕੰਮ ਇਕ ਦਮ ਰੁਕ ਗਿਆ ਹੈ ਅਤੇ ਖੇਤਾਂ ਦੇ ਸੁੱਕਣ ਤੋਂ ਬਾਅਦ ਹੀ ਵਾਢੀ ਮੁੜ ਸ਼ੁਰੂ ਹੋ ਸਕੇਗੀ।

15 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ: ਬਾਦਲ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਸ੍ਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਮੁਆਫੀ ਉਤੇ ਕੀਤੇ ਵਿਸ਼ਵਾਸਘਾਤ ਮਗਰੋਂ ਸੂਬੇ ਦੇ ਕਿਸਾਨ ਪਹਿਲਾਂ ਹੀ ਆਰਥਿਕ ਦੁਸ਼ਵਾਰੀਆਂ ਦਾ ਸਾਹਮਣਾ ਕਰ ਰਹੇ ਹਨ।