ਅਜ਼ਰਬੇਜ਼ਾਨ ਅਤੇ ਅਰਮੀਨੀਆ ਦਰਮਿਆਨ ਜੰਗ ਸ਼ੁਰੂ ਹੋਈ

ਅਜ਼ਰਬੇਜ਼ਾਨ ਅਤੇ ਅਰਮੀਨੀਆ ਦਰਮਿਆਨ ਜੰਗ ਸ਼ੁਰੂ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ
ਅਰਮੀਨੀਆ ਅਤੇ ਅਜ਼ਰਬੇਜ਼ਾਨ ਦੇਸ਼ਾਂ ਦਰਮਿਆਨ ਵਿਵਾਦਤ ਇਲਾਕੇ ਵਿਚ ਜੰਗ ਸ਼ੁਰੂ ਹੋ ਗਈ ਹੈ। ਇਹ ਦੋਵੇਂ ਮੁਲਕ ਕਿਸੇ ਸਮੇਂ ਸੋਵੀਅਤ ਯੂਨੀਅਨ ਦਾ ਹਿੱਸਾ ਸਨ। ਇਹਨਾਂ ਦੋਵਾਂ ਮੁਲਕਾਂ ਦਰਮਿਆਨ ਨਾਗੋਰਨੋ-ਕਾਰਾਬਾਖ ਇਲਾਕੇ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਹ ਇਲਾਕਾ ਕਾਗਜ਼ੀ ਤੌਰ 'ਤੇ ਅਜ਼ਰਬੇਜ਼ਾਨ ਦੇ ਕਬਜ਼ੇ ਵਿਚ ਹੈ ਪਰ ਇਸ 'ਤੇ ਜ਼ਮੀਨੀ ਕਬਜ਼ਾ ਅਰਮੀਨੀਅਨਾਂ ਦਾ ਹੈ। 

1990 ਵਿਚ ਇਹ ਵਿਵਾਦ ਦੀ ਸ਼ੁਰੂਆਤ ਹੋਈ ਸੀ, ਤੇ ਉਸ ਸਮੇਂ ਹੋਈ ਲੜਾਈ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ। ਪ੍ਰਾਪਤ ਰਿਪੋਰਟਾਂ ਮੁਤਾਬਕ ਹੁਣ ਐਤਵਾਰ ਨੂੰ ਸ਼ੁਰੂ ਹੋਈ ਜੰਗ ਵਿਚ 24 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਅਜ਼ਰਬੇਜ਼ਾਨ ਦੇ ਰਾਸ਼ਟਰਪਤੀ ਇਲਹਾਮ ਅਲੀਏਵ ਨੇ ਐਤਵਾਰ ਨੂੰ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹਨਾਂ ਦਾ ਦੇਸ਼ ਇਸ ਇਲਾਕੇ 'ਤੇ ਕਬਜ਼ਾ ਕਰ ਲਏਗਾ। 

ਅਰਮੀਨੀਆ ਦੇ ਪ੍ਰਧਾਨ ਮੰਤਰੀ ਨਿਕੋਲ ਪਾਸ਼ੀਨਯਾਨ ਨੇ ਆਪਣੀ ਫੌਜ ਨੂੰ ਜੰਗ ਲਈ ਨਿਕਲਣ ਦਾ ਸੁਨੇਹਾ ਦਿੱਤਾ। 

ਅਜ਼ਰਬੇਜ਼ਾਨ, ਅਰਮੀਨੀਆ ਅਤੇ ਨਾਗੋਰਨੋ-ਕਾਰਾਬਾਖ ਵਿਚ ਫੌਜੀ ਕਾਨੂੰਨ ਲਾਗੂ ਕਰ ਦਿੱਤਾ ਗਿਆ ਹੈ। 

ਇਸ ਇਲਾਕੇ ਵਿਚ ਲੱਗੀ ਕੋਈ ਵੱਡੀ ਜੰਗ ਦੁਨੀਆ ਦੀ ਤੇਲ ਸਪਲਾਈ ਨੂੰ ਵੱਡੇ ਤੌਰ 'ਤੇ ਪ੍ਰਭਾਵਤ ਕਰ ਸਕਦੀ ਹੈ ਕਿਉਂਕਿ ਦੁਨੀਆ ਦੀ ਮੰਡੀ ਵਿਚ ਪਹੁੰਚਣ ਵਾਲੇ ਤੇਲ ਦਾ ਵੱਡਾ ਹਿੱਸਾ ਕੈਸਪੀਅਨ ਸਾਗਰ ਤੋਂ ਪਾਇਪਾਂ ਰਾਹੀਂ ਇਹਨਾਂ ਦੇਸ਼ਾਂ ਵਿਚੋਂ ਹੀ ਲੰਘਦਾ ਹੈ। 

ਤੁਰਕੀ ਦੇ ਰਾਸ਼ਟਰਪਤੀ ਰਿਸਿਪ ਤਾਈਪ ਏਰਡੋਗਨ ਨੇ ਇਸ ਜੰਗ ਵਿਚ ਅਜ਼ਰਬੇਜ਼ਾਨ ਦੀ ਹਰ ਮਦਦ ਕਰਨ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਦੁਨੀਆ ਨੂੰ ਇਸ ਸਮੇਂ ਅਜ਼ਰਬੇਜ਼ਾਨ ਦੀ ਮਦਦ ਕਰਨੀ ਚਾਹੀਦੀ ਹੈ। ਦੱਸ ਦਈਏ ਕਿ ਅਜ਼ਰਬੇਜ਼ਾਨ ਦੀ ਅਬਾਦੀ ਮੂਲ ਤੌਰ 'ਤੇ ਤੁਰਕੀ ਲੋਕਾਂ ਦੀ ਹੈ ਅਤੇ ਤੁਰਕੀ ਨਾਲ ਅਜ਼ਰਬੇਜ਼ਾਨ ਦੀ ਬਹੁਤ ਨੇੜਲੇ ਸਬੰਧ ਹਨ।

ਦੂਜੇ ਪਾਸੇ ਅਰਮੀਨੀਆ ਦੀ ਪਿੱਠ 'ਤੇ ਰੂਸ ਦਾ ਹੱਥ ਮੰਨਿਆ ਜਾ ਰਿਹਾ ਹੈ ਜੋ ਅਰਮੀਨੀਆ ਦਾ ਹਰ ਪੱਖੋਂ ਭਾਈਵਾਲ ਹੈ। ਰੂਸ ਨੇ ਤੁਰੰਤ ਜੰਗ ਬੰਦੀ ਦੀ ਮੰਗ ਕੀਤੀ ਹੈ ਅਤੇ ਗੱਲਬਾਤ ਦਾ ਸੱਦਾ ਦਿੱਤਾ ਹੈ।

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਅਓ ਗੁਤਰਸ ਨੇ ਜੰਗ 'ਤੇ ਫਿਕਰਮੰਦੀ ਪ੍ਰਗਟ ਕਰਦਿਆਂ ਦੋਵਾਂ ਧਿਰਾਂ ਨੂੰ ਜੰਗ ਬੰਦੀ ਦੀ ਅਪੀਲ ਕੀਤੀ ਹੈ।

ਫਰਾਂਸ ਨੇ ਵੀ ਜੰਗ ਰੋਕ ਕੇ ਗੱਲਬਾਤ ਕਰਨ ਦੀ ਸਲਾਹ ਦਿੱਤੀ ਹੈ। ਦੋਵਾਂ ਦੇਸ਼ਾਂ ਨਾਲ ਸਾਂਝੀ ਹੱਦ ਵਾਲੇ ਇਰਾਨ ਨੇ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਲਈ ਵਿਚੋਲਗੀ ਕਰਨ ਦਾ ਸੱਦਾ ਦਿੱਤਾ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਚਾਹੁੰਦਾ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਜੰਗ ਰੁਕ ਜਾਵੇ।

ਨਾਗੋਰਨੋ-ਕਾਰਾਬਾਖ ਇਲਾਕੇ ਵਿਚ ਬਾਗੀਆਂ ਦੇ ਇਲਾਕੇ ਵਿਚ ਹਮਲੇ ਤੋਂ ਇਹ ਜੰਗ ਮਘੀ ਹੈ। ਬਾਗੀਆਂ ਨੇ ਦੱਸਿਆ ਕਿ ਅਰਮੀਨੀਆ ਦੇ ਹਮਲੇ ਵਿਚ 18 ਲੋਕ ਮਾਰੇ ਗਏ ਜਿਹਨਾਂ ਵਿਚ ਉਹਨਾਂ ਦੇ 16 ਜਵਾਨ, ਇਕ ਔਰਤ ਅਤੇ ਇਕ ਬੱਚਾ ਸ਼ਾਮਲ ਹਨ ਜਦਕਿ 100 ਦੇ ਕਰੀਬ ਲੋਕ ਜ਼ਖਮੀ ਹੋਏ।

ਅਰਮੀਨੀਆ ਨੇ ਅਜ਼ਰਬੇਜ਼ਾਨ ਦੇ ਦੋ ਹੈਲੀਕਾਪਟਰ ਅਤੇ ਤਿੰਨ ਡਰੋਨ ਸੁੱਟਣ ਦਾ ਦਾਅਵਾ ਕੀਤਾ ਹੈ ਅਤੇ ਤਿੰਨ ਟੈਂਕ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਅਜ਼ਰਬੇਜ਼ਾਨ ਦੇ ਰੱਖਿਆ ਮੰਤਰੀ ਨੇ ਇਕ ਹੈਲੀਕਾਪਟਰ ਦੇ ਤਬਾਹ ਹੋਣ ਦੀ ਗੱਲ ਮੰਨਦਿਆਂ ਕਿਹਾ ਕਿ ਅਰਮੀਨੀਆ ਦੇ 12 ਏਅਰ ਡਿਫੈਂਸ ਸਿਸਟਮ ਤਬਾਹ ਕਰ ਦਿੱਤੇ ਗਏ ਹਨ। 

ਨਾਗੋਰਨੋ-ਕਾਰਾਬਾਖ ਇਲਾਕਾ ਇਕ ਪਹਾੜੀ ਇਲਾਕਾ ਹੈ ਜਿਸਦਾ ਖੇਤਰਫਲ 4400 ਵਰਗ ਕਿਲੋਮੀਟਰ ਹੈ। ਇੱਥੇ ਮੁੱਖ ਅਬਾਦੀ ਤੁਰਕ ਮੁਸਲਮਾਨਾਂ ਅਤੇ ਇਸਾਈ ਅਰਮੀਨੀਅਨਾਂ ਦੀ ਹੈ। ਸੋਵੀਅਤ ਯੂਨੀਅਨ ਦੇ ਸਮੇਂ ਇਹ ਇਲਾਕਾ ਅਜ਼ਰਬੇਜ਼ਾਨ ਵਿਚ ਇਕ ਖੁਦਮੁਖਤਿਆਰ ਇਲਾਕਾ ਸੀ। ਕੌਮਾਂਤਰੀ ਮਾਨਤਾ ਮੁਤਾਬਕ ਇਸ ਨੂੰ ਹੁਣ ਅਜ਼ਰਬੇਜ਼ਾਨ ਦਾ ਇਲਾਕਾ ਮੰਨ ਲਿਆ ਗਿਆ ਹੈ।