ਕਸ਼ਮੀਰ ਵਿੱਚ ਬਾਹਰੀ ਟਰੱਕਾਂ 'ਤੇ ਹਮਲਿਆਂ ਦਾ ਕਸ਼ਮੀਰੀ ਖਾੜਕੂਆਂ 'ਤੇ ਦੋਸ਼ ਪਰ ਸ਼ੱਕ ਭਾਰਤੀ ਅਜੈਂਸੀਆਂ 'ਤੇ

ਕਸ਼ਮੀਰ ਵਿੱਚ ਬਾਹਰੀ ਟਰੱਕਾਂ 'ਤੇ ਹਮਲਿਆਂ ਦਾ ਕਸ਼ਮੀਰੀ ਖਾੜਕੂਆਂ 'ਤੇ ਦੋਸ਼ ਪਰ ਸ਼ੱਕ ਭਾਰਤੀ ਅਜੈਂਸੀਆਂ 'ਤੇ

ਚੰਡੀਗੜ੍ਹ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਭਾਰਤੀ ਫੌਜੀਆਂ ਦੇ ਦਹਿਸ਼ਤੀ ਸਾਏ ਹੇਠ ਵਿਚਰ ਰਹੇ ਕਸ਼ਮੀਰ ਸਬੰਧੀ ਬਿਲਕੁਲ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਕਿ ਕਸ਼ਮੀਰੀ ਖਾੜਕੂ ਸੇਬ ਵਪਾਰ ਨੂੰ ਰੋਕਣ ਲਈ ਬਾਹਰੀ ਟਰੱਕਾਂ 'ਤੇ ਹਮਲਾ ਕਰ ਰਹੇ ਹਨ। ਜਦੋਂ ਕਿ ਕਸ਼ਮੀਰ ਦੇ ਲੰਬੇ ਹਥਿਆਰਬੰਦ ਅਜ਼ਾਦੀ ਸੰਘਰਸ਼ ਵਿੱਚ ਕਦੇ ਵੀ ਖਾੜਕੂਆਂ ਨੇ ਵਪਾਰ ਨੂੰ ਨਿਸ਼ਾਨਾ ਨਹੀਂ ਬਣਾਇਆ। ਪਿਛਲੇ 10 ਦਿਨਾਂ ਵਿੱਚ ਅਜਿਹੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ ਜਿਹਨਾਂ ਵਿੱਚ 2 ਪੰਜਾਬੀ ਟਰੱਕਾਂ ਅਤੇ 1 ਰਾਜਸਥਾਨ ਦੇ ਟਰੱਕ 'ਤੇ ਹਮਲਾ ਕੀਤਾ ਗਿਆ ਹੈ ਜਿਹਨਾਂ ਵਿੱਚ 1 ਪੰਜਾਬੀ ਡਰਾਈਵਰ ਅਤੇ 1 ਰਾਜਸਥਾਨੀ ਡਰਾਈਵਰ ਦੀ ਮੌਤ ਹੋ ਚੁੱਕੀ ਹੈ। 

ਕਸ਼ਮੀਰ ਬੀਤੇ ਲੰਬੇ ਸਮੇਂ ਤੋਂ ਜੰਗ ਦਾ ਮੈਦਾਨ ਬਣਿਆ ਹੋਇਆ ਹੈ ਜਿੱਥੇ ਆਮ ਕਸ਼ਮੀਰੀ ਲੋਕ ਭਾਰਤ ਦੀਆਂ ਫੌਜਾਂ ਖਿਲਾਫ ਹਥਿਆਰਬੰਦ ਅਤੇ ਸੜਕਾਂ ਦੀ, ਦੋਵੇਂ ਲੜਾਈਆਂ ਲੜ ਰਹੇ ਹਨ। ਭਾਰਤ ਸਰਕਾਰ ਵੱਲੋਂ 6 ਅਗਸਤ ਨੂੰ ਧਾਰਾ 370 ਖਤਮ ਕਰਕੇ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਕਸ਼ਮੀਰ ਵਿੱਚ ਇੱਕ ਹੈਰਾਨਕੁੰਨ ਖਾਮੋਸ਼ੀ ਪਸਰ ਗਈ ਹੈ ਜਿੱਥੇ ਲੋਕ ਹੁਣ ਨਾ ਸੜਕਾਂ 'ਤੇ ਆ ਰਹੇ ਹਨ, ਨਾ ਹੀ ਕਸ਼ਮੀਰੀ ਖਾੜਕੂਆਂ ਵੱਲੋਂ ਭਾਰਤੀ ਫੌਜ 'ਤੇ ਕੋਈ ਵੱਡੇ ਹਮਲੇ ਕੀਤੇ ਗਏ। ਇਹ ਇੱਕ ਵੱਖਰੀ ਤਰ੍ਹਾਂ ਦਾ ਵਿਰੋਧ ਹੈ ਜੋ ਕਿਸੇ ਵੀ ਸਮੇਂ ਜਵਾਲਾਮੁਖੀ ਵਾਂਗ ਫਟਕੇ ਕਸ਼ਮੀਰ ਦੀਆਂ ਸੜਕਾਂ 'ਤੇ ਆ ਸਕਦਾ ਹੈ। 

ਜਦੋਂ ਇੱਕ ਪਾਸੇ ਭਾਰਤ ਸਰਕਾਰ ਨੇ ਕਸ਼ਮੀਰ ਦੇ ਚੱਪੇ-ਚੱਪੇ 'ਤੇ ਆਪਣੀ ਫੌਜ ਲਾ ਕੇ ਅਤੇ ਕਸ਼ਮੀਰੀ ਸਿਆਸੀ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਕਸ਼ਮੀਰ ਨੂੰ ਜੇਲ੍ਹ ਬਣਾ ਦਿੱਤਾ ਹੈ ਤੇ ਕਸ਼ਮੀਰ ਵਿੱਚ ਇੰਟਰਨੈਟ ਬੰਦ ਕਰਕੇ ਕਸ਼ਮੀਰ ਨੂੰ ਰਹਿੰਦੀ ਦੁਨੀਆ ਨਾਲੋਂ ਤੋੜ ਦਿੱਤਾ ਹੈ ਅਤੇ ਕਸ਼ਮੀਰ ਦੇ ਅਖਬਾਰਾਂ ਦੀਆਂ ਵੈਬਸਾਈਟਾਂ 6 ਅਗਸਤ ਤੋਂ ਬੰਦ ਹਨ ਤਾਂ ਘਟ ਰਹੀਆਂ ਘਟਨਾਵਾਂ ਬਾਰੇ ਭਾਰਤੀ ਮੀਡੀਆ ਇੱਕ ਪਾਸੜ ਦ੍ਰਿਸ਼ ਪੇਸ਼ ਕਰਨ ਵਿੱਚ ਕਾਮਯਾਬ ਹੋ ਰਿਹਾ ਹੈ। 

ਭਾਰਤੀ ਮੁੱਖ ਧਾਰਾ ਦੀਆਂ ਅਖਬਾਰਾਂ ਨੇ ਕਸ਼ਮੀਰੀ ਹਥਿਆਰਬੰਦ ਸੰਘਰਸ਼ ਦੇ ਇਤਿਹਾਸਕ ਪਿਛੋਕੜ ਨੂੰ ਵਾਚੇ ਬਿਨ੍ਹਾਂ ਹੀ ਸਰਕਾਰੀ ਤੰਤਰ ਰਾਹੀਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਇਹਨਾਂ ਕਤਲਾਂ ਦਾ ਦੋਸ਼ ਖਾੜਕੂਆਂ ਸਿਰ ਮੜ੍ਹ ਦਿੱਤਾ ਹੈ ਜਦਕਿ ਅੱਜ ਤੱਕ ਕਿਸੇ ਵੀ ਖਾੜਕੂ ਜਥੇਬੰਦੀ ਨੇ ਇਹਨਾਂ ਕਤਲਾਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। 

ਵਾਪਰੀਆਂ ਘਟਨਾਵਾਂ ਵਿੱਚ ਬੀਤੇ ਕੱਲ੍ਹ ਸ਼ੋਪੀਆਂ ਜ਼ਿਲ੍ਹੇ ਅੰਦਰ ਰਾਜਸਥਾਨ ਨੰਬਰ ਵਾਲੇ ਟਰੱਕ ਨੂੰ ਅੱਗ ਲਾ ਦਿੱਤੀ ਗਈ ਤੇ ਮੁਸਲਿਮ ਡਰਾਈਵਰ ਇਲਿਆਸ ਖਾਨ ਦਾ ਕਤਲ ਕਰ ਦਿੱਤਾ ਗਿਆ। ਕਤਲ ਹੋਏ ਦੂਜੇ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਇੱਕ ਹੋਰ ਹਮਲੇ ਵਿੱਚ ਪੰਜਾਬ ਨਾਲ ਸਬੰਧਿਤ ਸਿੱਖ ਡਰਾਈਵਰ ਜੀਵਨ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸ਼੍ਰੀਨਗਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। 

ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਫਲ ਵਪਾਰੀ ਚਰਨਜੀਤ ਸਿੰਘ ਦਾ ਕਤਲ ਹੋ ਗਿਆ ਸੀ ਜਿਸ ਦਾ ਦੋਸ਼ ਵੀ ਖਾੜਕੂਆਂ ਸਿਰ ਲਾਇਆ ਗਿਆ ਸੀ, ਪਰ ਕਿਸੇ ਵੀ ਜਥੇਬੰਦੀ ਨੇ ਉਸ ਕਤਲ ਦੀ ਵੀ ਜ਼ਿੰਮੇਵਾਰੀ ਨਹੀਂ ਲਈ ਸੀ।

ਜੰਮੂ ਕਸ਼ਮੀਰ ਸਟੂਡੈਂਟ ਐਸੋਸੀਏਸ਼ਨ ਦੇ ਇੱਕ ਆਗੂ ਨੇ ਅੰਮ੍ਰਿਤਸਰ ਟਾਈਮਜ਼ ਨੂੰ ਦੱਸਿਆ ਕਿ ਇਹ ਕਾਰਵਾਈਆਂ ਭਾਰਤੀ ਅਜੈਂਸੀਆਂ ਵੱਲੋਂ ਕਸ਼ਮੀਰ ਦੇ ਅਜ਼ਾਦੀ ਸੰਘਰਸ਼ ਨੂੰ ਬਦਨਾਮ ਕਰਨ ਲਈ ਅਤੇ ਕਸ਼ਮੀਰੀ ਵਪਾਰ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਕਸ਼ਮੀਰ ਦਾ ਹਰ ਵਰਗ ਅਤੇ ਹਰ ਵਪਾਰੀ ਕਸ਼ਮੀਰ ਦੇ ਅਜ਼ਾਦੀ ਸੰਘਰਸ਼ ਦਾ ਸਮਰਥਕ ਹੈ, ਪਰ ਭਾਰਤੀ ਅਜੈਂਸੀਆਂ ਕਸ਼ਮੀਰ ਦੇ ਲੋਕਾਂ ਦੇ ਵਪਾਰ ਦਾ ਨੁਕਸਾਨ ਕਰ ਕੇ ਕਸ਼ਮੀਰੀ ਲੋਕਾਂ ਨੂੰ ਸਮਰਪਣ ਲਈ ਮਜ਼ਬੂਰ ਕਰਾੳੇਣਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਕਸ਼ਮੀਰੀ ਲੋਕ ਭਾਰਤੀ ਅਜੈਂਸੀਆਂ ਦੇ ਇਸ ਮਨਸੂਬੇ ਨੂੰ ਕਦੇ ਪੂਰਾ ਨਹੀਂ ਹੋਣ ਦੇਣਗੇ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।