ਬੱਚੀ ਆਸਿਫਾ ਦੇ ਬਲਾਤਕਾਰ ਅਤੇ ਕਤਲ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਬੱਚੀ ਆਸਿਫਾ ਦੇ ਬਲਾਤਕਾਰ ਅਤੇ ਕਤਲ ਮਾਮਲੇ 'ਚ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਪਠਾਨਕੋਟ: ਪਠਾਨਕੋਟ ਅਦਾਲਤ ਵਿੱਚ ਅੱਜ ਆਸੀਫਾ (ਕਠੂਆ) ਬਲਾਤਕਾਰ ਅਤੇ ਕਤਲ ਮਾਮਲੇ 'ਚ ਅਹਿਮ ਫੈਂਸਲਾ ਸੁਣਾਉਂਦਿਆਂ 6 ਦੋਸ਼ੀਆਂ ਵਿੱਚੋਂ 3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਬਾਕੀ ਤਿੰਨ ਦੋਸ਼ੀਆਂ ਨੂੰ ਸਬੂਤ ਮਿਟਾਉਣ ਵਿੱਚ ਮਦਦ ਕਰਨ ਲਈ 5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 

ਤਿੰਨ ਦੋਸ਼ੀਆਂ ਸੰਜੀ ਰਾਮ, ਪਰਵੇਸ਼ ਕੁਮਾਰ ਅਤੇ ਦੀਪਕ ਖਜੂਰੀਆ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਅਦਾਲਤ ਨੇ ਮੁੱਖ ਦੋਸ਼ੀ ਸੰਜੀ ਰਾਮ ਦੇ ਪੁੱਤਰ ਵਿਸ਼ਾਲ ਨੂੰ ਬਰੀ ਕਰ ਦਿੱਤਾ ਹੈ। 

ਜ਼ਿਕਰਯੋਗ ਹੈ ਕਿ ਜੰਮੂ ਦੇ ਕਠੂਆ ਵਿੱਚ 10 ਜਨਵਰੀ, 2018 ਨੂੰ ਉਪਰੋਕਤ ਦੋਸ਼ੀਆਂ ਨੇ ਗੁੱਜਰ ਪਰਿਵਾਰ ਦੀ 8 ਸਾਲਾ ਬੱਚੀ ਆਸਿਫਾ ਨੂੰ ਅਗਵਾ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਨੂੰ ਸਥਾਨਕ ਮੰਦਿਰ ਵਿੱਚ ਰੱਖਿਆ ਗਿਆ ਜਿੱਥੇ ਉਸ ਨਾਲ ਲਗਾਤਾਰ ਚਾਰ ਦਿਨ ਬਲਾਤਕਾਰ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ ਸੀ। 

ਸੁਪਰੀਮ ਕੋਰਟ ਦੇ ਹੁਕਮਾਂ ਨਾਲ ਇਹ ਮਾਮਲਾ ਪਠਾਨਕੋਟ ਦੀ ਅਦਾਲਤ ਵਿੱਚ ਤਬਦੀਲ ਕੀਤਾ ਗਿਆ ਸੀ ਕਿਉਂਕਿ ਕਠੂਆ ਵਿੱਚ ਹਿੰਦੁਤਵੀਆਂ ਦਾ ਹਜ਼ੂਮ ਬਲਾਤਕਾਰੀਆਂ ਦੇ ਪੱਖ ਵਿੱਚ ਖੜ੍ਹ ਗਿਆ ਸੀ ਤੇ ਵਕੀਲਾਂ ਵੱਲੋਂ ਵੀ ਬਲਾਤਕਾਰੀਆਂ ਦਾ ਪੱਖ ਪੂਰਿਆ ਜਾ ਰਿਹਾ ਸੀ। 

ਸੰਜੀ ਰਾਮ ਮੰਦਿਰ ਦਾ ਮੁੱਖ ਪੁਜਾਰੀ ਸੀ, ਜਦਕਿ ਪਰਵੇਸ਼ ਕੁਮਾਰ ਉਸਦਾ ਭਤੀਜਾ ਹੈ ਤੇ ਦੀਪਕ ਖਜੂਰੀਆ ਪੁਲਿਸ ਮੁਲਾਜ਼ਮ ਹੈ। ਇਹਨਾਂ ਤਿੰਨਾਂ ਨੂੰ ਕਤਲ ਲਈ ਉਮਰ ਕੈਦ ਅਤੇ 1 ਲੱਖ ਦਾ ਜ਼ੁਰਮਾਨਾ ਸਜ਼ਾ ਵਜੋਂ ਸੁਣਾਇਆ ਗਿਆ ਹੈ ਜਦਕਿ ਸਮੂਹਿਕ ਬਲਾਤਕਾਰ ਲਈ ਇਹਨਾਂ ਤਿੰਨਾਂ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਇਸ ਦੋਸ਼ ਵਿੱਚ ਇਹਨਾਂ ਦਾ ਸਹਿਯੋਗ ਕਰਨ ਵਾਲੇ ਸਬ ਇੰਸਪੈਕਟਰ ਅਨੰਦ ਦੱਤਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਪੁਲਿਸ ਮੁਲਾਜ਼ਮ ਸੁਰਿੰਦਰ ਵਰਮਾ ਨੂੰ ਸਬੂਤ ਖਤਮ ਕਰਨ ਦੇ ਦੋਸ਼ ਹੇਠ 5 ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਇਸ ਮਾਮਲੇ ਵਿੱਚ ਅੱਠਵਾਂ ਦੋਸ਼ੀ ਜੋ ਨਬਾਲਗ ਹੈ ਉਸ ਖਿਲਾਫ ਕਠੂਆ ਵਿੱਚ ਮਾਮਲਾ ਚੱਲ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ