''ਗੋਰਿਆਂ ਨਾਲੋਂ ਭਾਰਤੀ ਵਧੇਰੇ ਨਸਲਵਾਦੀ ਹਨ''

''ਗੋਰਿਆਂ ਨਾਲੋਂ ਭਾਰਤੀ ਵਧੇਰੇ ਨਸਲਵਾਦੀ ਹਨ''
ਅਰੁੰਧਤੀ ਰਾਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਬੀਤੇ ਦਿਨੀਂ ਅਮਰੀਕਨ ਪੁਲੀਸ ਵਲੋਂ ਅਫਰੀਕਾ-ਅਮਰੀਕੀ ਨਾਗਰਿਕ ਜਾਰਜ ਫਲਾਇਡ ਦੇ ਮਾਰੇ ਜਾਣ ਤੋਂ ਬਾਅਦ ਇੱਥੇ ਅੰਦੋਲਨ ਭੜਕ ਗਿਆ ਸੀ। 25 ਮਈ ਦੌਰਾਨ 46 ਸਾਲਾ ਫਲਾਈਡ ਦੀ ਗੋਰੇ ਪੁਲਿਸ ਅਧਿਕਾਰੀ, ਡੇਰੇਕ ਚੌਵਿਨ ਨੇ ਗਰਦਨ 'ਤੇ ਗੋਡਾ ਰੱਖ ਕੇ ਕਤਲ ਕਰ ਦਿੱਤਾ ਸੀ। ਬਹੁਤ ਸਾਰੇ ਜਾਣੇ-ਪਛਾਣੇ ਭਾਰਤੀਆਂ ਦੁਆਰਾ ਫਲਾਈਡ ਦੀ ਹੱਤਿਆ ਦਾ ਵਿਰੋਧ ਕੀਤਾ ਸੀ, ਪਰ ਇਸਦੇ ਉਲਟ ਭਾਰਤ ਵਿਚ ਮੁਸਲਮਾਨਾਂ ਤੇ ਦਲਿਤਾਂ ਉੱਪਰ ਹੋ ਰਹੇ ਅੱਤਿਆਚਾਰਾਂ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ। ਉਦਾਹਰਣ ਵਜੋਂ, ਨਵੰਬਰ 2019 ਤੋਂ ਮਾਰਚ 2020 ਦੇ ਵਿਚਾਲੇ ਚੱਲ ਰਹੇ ਸਿਟੀਜ਼ਨ ਸੋਧ ਐਕਟ ਵਿਰੁੱਧ ਦੇਸ਼ ਵਿਆਪੀ ਅੰਦੋਲਨ ਵਿਰੁੱਧ ਬੁੱÎਧੀਜੀਵੀਆਂ ਤੇ ਸਿਆਸਤਦਾਨਾਂ ਨੇ ਪੁਲਿਸ ਦੀ ਹਿੰਸਾ ਤੇ ਭੰਨਤੋੜ ਬਾਰੇ ਚੁੱਪ ਧਾਰਨ ਕੀਤੀ ਹੋਈ ਹੈ। ਇਸ ਬਾਰੇ ਅਰੁੰਧਤੀ ਰਾਏ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤੀ ਲੋਕ ਨਸਲਵਾਦ ਵੱਲ ਵੱਧ ਰਹੇ ਹਨ ਤੇ ਉਹ ਗੋਰਿਆਂ ਨਾਲੋਂ ਵੱਧ ਨਸਲਵਾਦੀ ਹੋ ਚੁੱਕੇ ਹਨ। ਇਸ ਦੇ ਪ੍ਰਮੁਖ ਅੰਸ਼ ਪਾਠਕਾਂ ਦੇ ਹਿੱਤ ਵਿਚ ਪੇਸ਼ ਕੀਤੇ ਜਾ ਰਹੇ ਹਨ।


ਸੁਆਲ-ਤੁਸੀਂ ਅਮਰੀਕਾ ਵਿਚ ਜਾਰਜ ਫਲਾਇਡ ਦੀ ਹੱਤਿਆ ਨੂੰ ਕਿੰਝ ਦੇਖਦੇ ਹੋ?
ਜੁਆਬ-ਮੈਂ ਸਮਝਦੀ ਹਾਂ ਕਿ ਨਸਲਵਾਦ, ਜਾਤੀਵਾਦ ਤੇ ਗੁਲਾਮੀ ਮਨੁੱਖੀ ਅਸਫਲਤਾਵਾਂ ਦੀਆਂ ਜੜ੍ਹਾਂ ਹਨ। ਇਸ ਨੂੰ ਬਹੁਤ ਹੀ ਸੂਖਮ ਢੰਗ ਨਾਲ ਜਾਂਚਣ ਦੀ ਲੋੜ ਹੈ। ਅਮਰੀਕਾ ਵਿੱਚ ਇੱਕ ਪੁਲਸ ਅਧਿਕਾਰੀ ਵੱਲੋਂ ਅਫ਼ਰੀਕੀ ਮੂਲ ਦੇ ਇੱਕ ਕਾਲੀ ਚਮੜੀ ਵਾਲੇ ਅਮਰੀਕੀ ਦੀ ਹੱਤਿਆ ਨੇ ਸਮੁੱਚੇ ਸੰਸਾਰ ਦੇ ਮਾਨਵਵਾਦੀਆਂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। 25 ਮਈ ਨੂੰ ਅਮਰੀਕੀ ਚੈਨਲਾਂ 'ਤੇ ਮਨੁੱਖੀ ਹਿਰਦੇ ਨੂੰ ਝੰਜੋੜਣ ਵਾਲਾ ਦ੍ਰਿਸ਼ ਵਾਰ-ਵਾਰ ਦਿਖਾਇਆ ਜਾ ਰਿਹਾ ਸੀ। ਇੱਕ ਪੁਲਸ ਕਾਰ ਦੇ ਪਿਛਲੇ ਪਾਸੇ ਇੱਕ ਕਾਲਾ ਆਦਮੀ ਜ਼ਮੀਨ 'ਤੇ ਮੂਧੇ ਮੂੰਹ ਸੁੱਟਿਆ ਹੋਇਆ ਸੀ। ਇੱਕ ਪੁਲਸ ਅਧਿਕਾਰੀ ਨੇ ਉਸ ਦੀ ਧੌਣ 'ਤੇ ਗੋਡਾ ਰੱਖਿਆ ਹੋਇਆ ਸੀ। ਦੋ ਹੋਰ ਪੁਲਸ ਅਧਿਕਾਰੀਆਂ ਨੇ ਵੀ ਉਸ ਨੂੰ ਨੱਪ ਕੇ ਰੱਖਿਆ ਹੋਇਆ ਸੀ। ਡੈਰੇਕ ਸ਼ੌਵਿਨ ਨਾਂਅ ਦੇ ਪੁਲਸ ਅਧਿਕਾਰੀ ਨੇ ਜਾਰਜ ਫਲਾਇਡ ਨਾਮ ਦੇ ਕਾਲੇ ਵਿਅਕਤੀ ਦੀ ਧੌਣ ਨੂੰ ਆਪਣੇ ਗੋਡੇ ਨਾਲ ਉਦੋਂ ਤੱਕ ਦਬਾ ਕੇ ਰੱਖਿਆ, ਜਦੋਂ ਤੱਕ ਅਂੈਬੂਲੈਂਸ ਨਹੀਂ ਆ ਗਈ। ਇਸ ਦੌਰਾਨ ਜ਼ਮੀਨ 'ਤੇ ਪਿਆ ਫਲਾਇਡ ਚੀਕਦਾ ਰਿਹਾ ਕਿ, ''ਮੈਨੂੰ ਸਾਹ ਨਹੀਂ ਆ ਰਿਹਾ, ਪਲੀਜ਼''  ਪਰ ਕਿਸੇ ਵੀ ਪੁਲਸ ਵਾਲੇ ਨੂੰ ਉਸ 'ਤੇ ਰਹਿਮ ਨਾ ਆਇਆ। ਆਖਰ ਫਲਾਇਡ ਨੇ ਦਮ ਘੁੱਟਣ ਨਾਲ ਦਮ ਤੋੜ ਦਿੱਤਾ।

ਜਾਰਜ ਫਲਾਇਡ ਦੀ ਬੇਰਹਿਮ ਹੱਤਿਆ ਦੀ ਖ਼ਬਰ ਦੇ ਫੈਲਦਿਆਂ ਹੀ ਸਮੁੱਚੇ ਅਮਰੀਕਾ ਵਿੱਚ ਲੋਕ ਸੜਕਾਂ 'ਤੇ ਨਿਕਲ ਆਏ। ਇਸ ਦੌਰਾਨ ਨਸਲਵਾਦੀ ਵਿਚਾਰਾਂ ਵਾਲੇ ਡੋਨਾਲਡ ਟਰੰਪ ਨੇ ਇਸ ਹੱਤਿਆ ਕਾਂਡ 'ਤੇ ਅਜਿਹੀ ਨਫ਼ਰਤ ਭਰਪੂਰ ਟਿੱਪਣੀ ਕਰ ਦਿੱਤੀ, ਜਿਸ ਨੇ ਅੱਗ 'ਤੇ ਪੈਟਰੋਲ ਛਿੜਕਣ ਦਾ ਕੰਮ ਕੀਤਾ। ਟਰੰਪ ਨੇ ਆਪਣੇ ਟਵਿਟਰ 'ਤੇ ਲਿਖਿਆ ਲੁੱਟਮਾਰ ਹੁੰਦੀ ਹੈ ਤਾਂ ਗੋਲੀਆਂ ਚਲਦੀਆਂ ਹਨ। ਇਸ ਤੋਂ ਸਪੱਸ਼ਟ ਹੈ ਕਿ ਸੱਤਾਧਾਰੀ ਹੀ ਨਸਲਵਾਦ ਨੂੰ ਉਤਸ਼ਾਹਿਤ ਕਰਦੇ ਹਨ।

ਅਸੀਂ ਇਨ੍ਹਾਂ ਸਮੂਹਕ ਤੌਰ 'ਤੇ ਜ਼ੁਲਮ ਵਿਰੁਧ ਅਤੇ ਪ੍ਰਦਰਸ਼ਨਾਂ ਦਾ ਸਮਰਥਨ ਤਾਂ ਹੀ ਕਰ ਸਕਦੇ ਹਾਂ ਜੇ ਅਸੀਂ ਇਮਾਨਦਾਰੀ ਨਾਲ ਆਪਣੇ ਕਿਰਦਾਰ ਤੇ ਕਦਰਾਂ-ਕੀਮਤਾਂ ਤੇ ਕੰਮਾਂ ਦਾ ਮੁਲਾਂਕਣ ਕਰੀਏ। ਅਸੀਂ ਭਾਰਤੀ ਲੋਕ ਇਕ ਬੀਮਾਰ ਸਮਾਜ ਵਿਚ ਰਹਿੰਦੇ ਹਾਂ ਜਿਸ ਵਿਚ ਭਾਈਚਾਰੇ ਅਤੇ ਏਕਤਾ ਦੀ ਭਾਵਨਾਵਾਂ ਲਈ ਕੋਈ ਥਾਂ ਨਹੀਂ ਹੈ।

ਸੁਆਲ-ਕੀ ਅਮਰੀਕਾ ਦਾ ''ਕੂ ਕਲਕਸ ਕਲਾਨ” ਅਤੇ ਭਾਰਤ ਦੇ ''ਗਊ ਰੱਖਿਅਕ ਹਿੰਦੂ” ਵਿਚਾਰਧਾਰਾ ਅਤੇ ਸਰਗਰਮੀਆਂ ਵਿਚ ਆਪਸੀ ਸਮਾਨਤਾ ਰੱਖਦੇ ਹਨ?
ਜੁਆਬ-ਬੇਸ਼ਕ ਇੱਥੇ ਸਮਾਨਤਾਵਾਂ ਹਨ। ਫਰਕ ਇਹ ਹੈ ਕਿ ਜਦੋਂ ''ਕੂ ਕਲਕਸ ਕਲਾਨ'' ਨੇ ਕਤਲੇਆਮ ਕੀਤੇ ਸਨ, ਤਾਂ ਇਸਦਾ ਵੱਖਰਾ ਅੰਦਾਜ਼ ਸੀ। ਆਰਐਸਐਸ ਵਾਂਗ ਕੂ ਕਲਕਸ ਕਲਾਨ ਅਮਰੀਕਾ ਦੀ ਸਭ ਤੋਂ ਪ੍ਰਭਾਵਸ਼ਾਲੀ ਸੰਸਥਾਵਾਂ ਵਿਚੋਂ ਇਕ ਹੁੰਦਾ ਸੀ। ਇਸਦੇ ਮੈਂਬਰ ਪੁਲਿਸ ਅਤੇ ਨਿਆਂਪਾਲਿਕਾ ਸਮੇਤ ਸਾਰੇ ਜਨਤਕ ਅਦਾਰਿਆਂ ਵਿੱਚ ਘੁਸਪੈਠ ਕਰ ਗਏ ਸਨ। ਕੂ ਕਲਕਸ ਕਲਾਨ ਦੁਆਰਾ ਕਤਲੇਆਮ ਸਿਰਫ ਕਤਲ ਨਹੀਂ ਸਨ - ਉਹ ਦਹਿਸ਼ਤਗਰਦੀ ਜ਼ਾਹਿਰ ਕਰਨ ਅਤੇ ਸਬਕ ਸਿਖਾਉਣ ਦੇ ਮੰਤਵ ਨਾਲ ਕੀਤੇ ਗਏ ਪ੍ਰਦਰਸ਼ਨ ਸਨ। ਕੂ ਕਲਕਸ ਕਲਾਨ ਉੱਪਰ ਪਾਬੰਦੀ ਲਗਾਉਣੀ ਓਨੀ ਹੀ ਜ਼ਰੂਰੀ ਹੈ, ਜਿੰਨੀ ਭਗਵੇਂ ਸੰਗਠਨਾਂ 'ਤੇ। ਭਗਵੇਂ ਕੱਟੜਵਾਦੀ ਸੰਗਠਨ ਦਲਿਤਾਂ, ਘੱਟ ਗਿਣਤੀਆਂ ਦੀਆਂ ਹੱਤਿਆਵਾਂ ਤੇ ਗੁੰਡਾਗਰਦੀ ਲਈ ਜ਼ਿੰਮੇਵਾਰ ਹਨ। ਸੁਰੇਖਾ ਭੋਤਮੰਗੇ ਅਤੇ ਉਸਦੇ ਪਰਿਵਾਰ ਨੂੰ ਯਾਦ ਕਰੋ। ਸੁਰੇਖਾ ਭੋਤਾਮੰਗੇ ਅਤੇ ਜਾਰਜ ਫਲਾਇਡ ਦੇ ਪਿਛੋਕੜ ਅਤੇ ਘਟਨਾਵਾਂ ਬਹੁਤ ਵੱਖਰੀਆਂ ਤੇ ਸਾਂਝੀਆਂ ਹਨ। ਸੁਰੇਖਾ ਭੋਤਮੰਗੇ ਅਤੇ ਉਸ ਦੇ ਪਰਿਵਾਰ ਨੂੰ ਉਸ ਦੇ ਆਪਣੇ ਪਿੰਡ ਦੇ ਲੋਕਾਂ ਨੇ ਵੀ ਮਾਰ ਦਿੱਤਾ ਸੀ। ਪੁਲਿਸ ਕਰਮਚਾਰੀ ਡੇਰੇਕ ਚੌਵਿਨ ਨੇ ਬਹੁਤ ਧਿਆਨ ਨਾਲ ਸੋਚਦੇ ਹੋਏ, ਜਾਰਜ ਫਲਾਇਡ ਦਾ ਕਤਲ ਕੀਤਾ। ਉਸ ਦੇ ਆਸ ਪਾਸ ਦਰਸ਼ਕ ਵੀ ਸਨ। ਉਹ ਇਹ ਵੀ ਜਾਣਦਾ ਸੀ ਕਿ ਉਸ ਨੂੰ ਫਿਲਮਾਇਆ ਜਾ ਰਿਹਾ ਸੀ। ਇਸ ਦੇ ਬਾਵਜੂਦ ਉਸਨੇ ਇਸ ਕਤਲ ਨੂੰ ਅੰਜਾਮ ਦਿੱਤਾ। ਉਸਦਾ ਮੰਨਣਾ ਸੀ ਕਿ ਉਹ ਇਸ ਕਤਲ ਕਰਨ ਦੇ ਬਾਵਜੂਦ ਵੀ ਸੁਰੱਖਿਅਤ ਹੈ ਅਤੇ ਉਸ ਨੂੰ ਸਜ਼ਾ ਨਹੀਂ ਹੋਵੇਗੀ। ਇਸ ਸਮੇਂ, ਉੱਚ ਅਹੁਦਿਆਂ 'ਤੇ ਅਜਿਹੇ ਲੋਕ ਹਨ ਜੋ ਗੋਰੇ ਹਨ। ਇਹੀ ਹਾਲ ਹਿੰਦੂ ਰਾਸ਼ਟਰਵਾਦੀਆਂ ਦਾ ਹੈ, ਜੋ ਮੁਸਲਮਾਨਾਂ ਤੇ ਦਲਿਤਾਂ ਉੱਪਰ ਹਮਲੇ ਕਰ ਰਹੇ ਹਨ। ਉਨ੍ਹਾਂ ਨੂੰ ਯਕੀਨ ਹੈ ਕਿ ਸੱਤਾਧਾਰੀ ਤੇ ਪੁਲੀਸ ਪ੍ਰਬੰਧ ਉਨ੍ਹਾਂ ਨੂੰ ਬਚਾਅ ਲੈਣਗੇ, ਕਿਉਂਕਿ ਉਨ੍ਹਾਂ ਉੱਪਰ ਉੱਚ ਜਾਤੀ ਲੋਕ ਹੀ ਬਿਰਾਜਮਾਨ ਹਨ। ਇਸ ਲਈ, ਦੋਵੇਂ ਸਫਲਤਾਪੂਰਵਕ ਅੱਗੇ ਵੱਧ ਰਹੇ ਹਨ।

ਮੈਂ ਸਮਝਦੀ ਹਾਂ ਕਿ ਭਾਰਤੀਆਂ ਦਾ ਨਸਲਵਾਦ ਗੋਰਿਆਂ ਦੇ ਨਸਲਵਾਦ ਨਾਲੋਂ ਕਿਤੇ ਜ਼ਾਲਮਾਨਾ ਹੈ। ਤੁਸੀਂ ਭਾਰਤੀ ਫ਼ਿਲਮਾਂ ਦੇਖੋ, ਇੰਝ ਜਾਪੇਗਾ ਕਿ ਜਿਵੇਂ ਇਹ ਗੋਰਿਆਂ ਦੇ ਨਸਲਵਾਦ ਨਾਲ ਭਰਪੂਰ ਹਨ। ਮੈਂ ਇਹ ਨਸਲਵਾਦੀ ਘਟਨਾਵਾਂ ਸੜਕਾਂ 'ਤੇ ਆਪਣੇ ਦੋਸਤਾਂ ਨਾਲ ਅੱਖੀ ਡਿੱਠੀਆਂ ਹਨ। ਸਾਲ 2014 ਵਿੱਚ, ਆਮ ਆਦਮੀ ਪਾਰਟੀ ਵੱਲੋਂ ਦਿੱਲੀ ਚੋਣਾਂ ਵਿੱਚ ਇੱਕ ਵੱਡਾ ਫ਼ਤਵਾ ਪ੍ਰਾਪਤ ਕਰਨ ਤੋਂ ਤੁਰੰਤ ਬਾਅਦ, ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੇ ਅੱਧੀ ਰਾਤ ਨੂੰ ਇੱਕ ਛਾਪਾ ਮਾਰਿਆ ਜਿਸ ਵਿੱਚ ਉਸ ਨੇ ਲੋਕਾਂ ਦੇ ਇਕੱਠ ਦੀ ਅਗਵਾਈ ਕੀਤੀ ਗਈ। ਦਿੱਲੀ ਦੇ ਖਿੜਕੀ ਖੇਤਰ ਵਿਚ, ਸਮੂਹ ਨੇ ''ਅਨੈਤਿਕ ਅਤੇ ਗੈਰਕਾਨੂੰਨੀ ਗਤੀਵਿਧੀਆਂ'' ਵਿਚ ਸ਼ਾਮਲ ਕਾਂਗੋ ਅਤੇ ਯੂਗਾਂਡਾ ਦੀਆਂ ਔਰਤਾਂ ਉੱਪਰ ਸਰੀਰਕ ਤੌਰ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਅਪਮਾਨਿਤ ਕੀਤਾ।

ਇਸੇ ਤਰ੍ਹਾਂ ਸਾਲ 2017 ਵਿਚ ਇਕ ਭੀੜ ਨੇ ਗ੍ਰੇਟਰ ਨੋਇਡਾ ਤੇ ਅਫਰੀਕੀ ਵਿਦਿਆਰਥੀਆਂ 'ਤੇ ਨਸ਼ੇ ਵੇਚਣ ਦਾ ਦੋਸ਼ ਲਾਉਂਦਿਆਂ ਹਮਲਾ ਕੀਤਾ ਸੀ। ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਸੀ। ਪਰ ਨੋਇਡਾ ਹਮਲੇ ਤੋਂ ਬਾਅਦ ਨਸਲਵਾਦ ਦੇ ਬਚਾਅ ਵਿਚ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਤਰੁਣ ਵਿਜੇ ਦੇ ਬਿਆਨ ਨੂੰ ਕੌਣ ਭੁੱਲ ਸਕਦਾ ਹੈ- ''ਜੇ ਅਸੀਂ ਨਸਲਵਾਦੀ ਹੁੰਦੇ ਤਾਂ ਪੂਰਾ ਦੱਖਣ ਭਾਰਤ ਸਾਡੇ ਨਾਲ ਕਿਉਂ ਹੁੰਦਾ? - ਤੁਸੀਂ ਤਾਮਿਲਾਂ ਨੂੰ ਜਾਣਦੇ ਹੋ, ਤੁਸੀਂ ਕੇਰਲਾ, ਕਰਨਾਟਕ ਅਤੇ ਆਂਧਰਾ ਨੂੰ ਜਾਣਦੇ ਹੋ - ਅਸੀਂ ਉਨ੍ਹਾਂ ਨਾਲ ਕਿਉਂ ਰਹਿੰਦੇ ਹਾਂ? ਉਹ ਸਾਡੇ ਨਾਲ ਕਿਉਂ ਰਹਿੰਦੇ ਹਨ?''

ਅਸਲ ਵਿਚ ਇਹ ਲੋਕ ਵਿਅਰਥ ਦਲੀਲਾਂ ਦਾ ਸਹਾਰਾ ਲੈ ਕੇ ਅਸਲ ਮੁੱਦੇ ਨੂੰ ਖਤਮ ਕਰਨਾ ਚਾਹੁੰਦੇ ਹਨ। ਇਹ ਇਕ ਸ਼ਾਤਰਾਨਾ ਤਰੀਕਾ ਹੈ। 

ਜਾਤੀਵਾਦ ਅਤੇ ਨਸਲਵਾਦ ਦੇ ਵੱਖੋ ਵੱਖਰੇ ਇਤਿਹਾਸ ਦੇ ਬਾਵਜੂਦ, ਇਹ ਦੋਵੇਂ ਬਹੁਤ ਵੱਖਰੇ ਨਹੀਂ ਹਨ। ਸਿਵਾਏ ਜਾਤੀਵਾਦ ਬ੍ਰਹਮਾ ਹੁਕਮ ਦਾ ਦਾਅਵਾ ਕਰਦਾ ਹੈ। ਇਸ ਲਈ ਮੈਨੂੰ ਲਗਦਾ ਹੈ ਕਿ ਇਹ ਧਾਰਮਿਕ ਵਿÎਧੀ ਸਦੀਆਂ ਤੋਂ ਦਲਿਤ ਲੋਕਾਂ ਦੇ ਸੰਘਰਸ਼ ਨੂੰ ਕਮਜ਼ੋਰ ਬਣਾਉਂਦੀ ਹੈ ਤੇ ਅੰਧ-ਵਿਸ਼ਵਾਸ ਵਿਚ ਫਸਾ ਕੇ ਉਨ੍ਹਾਂ ਦਾ ਮਨੋਬਲ ਤੋੜਦੀ ਹੈ।
ਅਮਰੀਕਾ ਵਿਚ ਜੋ ਅੰਦੋਲਨ ਹੋ ਰਿਹਾ ਹੈ, ਉਹ ਹੋਰ ਕਿਸੇ ਵੀ ਲਹਿਰ ਨਾਲੋਂ ਵਧੇਰੇ ਸ਼ਕਤੀਸ਼ਾਲੀ ਤੇ ਦਿਖਾਈ ਦੇਣ ਵਾਲਾ ਹੈ। ਭਾਰਤ ਦਾ ਨਸਲਵਾਦ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੜਤਾਲ ਦੇ ਰਾਡਾਰ ਤੋਂ ਬਾਹਰ ਹੈ ਅਤੇ ਬਹੁਤ ਸਾਰੇ ਜਾਣੇ-ਪਛਾਣੇ, ਸਤਿਕਾਰਤ ਬੁੱਧੀਜੀਵੀਆਂ ਅਤੇ ਵਿਦਵਾਨਾਂ ਨੇ ਵੀ ਇਸ ਨੂੰ ਇਸ ਨੂੰ ਆਪਣੀ ਸੋਚ ਦਾ ਆਧਾਰ ਬਣਾ ਕੇ ਜਾਤੀਵਾਦ ਦੀ ਵਿਰੋਧਤਾ ਨਹੀਂ ਕੀਤੀ।

ਸੁਆਲ-ਜਾਤੀਵਾਦ ਤੇ ਨਸਲਵਾਦ ਵਿਚ ਕੀ ਅੰਤਰ ਹੈ?
ਜੁਆਬ-ਜਾਤੀਵਾਦ ਜਾਂ ਨਸਲਵਾਦ ਦੇ ਵੱਖ-ਵੱਖ ਥਾਵਾਂ 'ਤੇ ਵੱਖ ਵੱਖ ਰੂਪ ਹਨ। ਉਦਾਹਰਣ ਵਜੋਂ, ਦੱਖਣੀ ਅਫਰੀਕਾ ਵਿੱਚ ਕਾਲੇ ਦੱਖਣੀ ਅਫਰੀਕਾ ਦੇ ਲੋਕ ਨਾਈਜੀਰੀਆ ਅਤੇ ਦੂਜੇ ਅਫਰੀਕੀ ਦੇਸ਼ਾਂ ਦੇ ਅਫਰੀਕੀ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਅਸੀਂ ਭਾਰਤ ਬਾਰੇ ਜਾਣਦੇ ਹਾਂ ਕਿ ਹਰ ਜਾਤੀ ਵਿਚ ਜਾਤੀਵਾਦ ਅਤੇ ਮਨੂੰਵਾਦ ਪ੍ਰਚਲਿਤ ਹੈ ਜਿਸ ਵਿਚ ਉਨ੍ਹਾਂ ਵਲੋਂ ਹੇਠਲੀ ਜਾਤੀ ਉੱਪਰ ਜ਼ੁਲਮ ਕੀਤਾ ਜਾਂਦਾ ਹੈ ਅਤੇ ਇਹ ਰੁਝਾਨ ਸਮਾਜ ਦੇ ਤਲ ਤੋਂ ਲੈ ਕੇ ਹੇਠਾਂ ਤੱਕ ਜਾਂਦਾ ਹੈ। ਇਥੋਂ ਤਕ ਕਿ ਰਾਜਨੀਤਿਕ ਸ਼੍ਰੇਣੀ ਵਿੱਚ ਵੀ ਇਸ ਦੇ ਪ੍ਰਭਾਵ ਹਨ। ਦਲਿਤਾਂ ਨੂੰ ਰਾਜਨੀਤੀ ਵਿਚ ਵੀ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਅਸੀਂ ਇਕ ਜਾਤੀਵਾਦੀ, ਹਿੰਦੂ ਰਾਸ਼ਟਰਵਾਦੀ ਦੇਸ਼ ਵਿਚ ਰਹਿੰਦੇ ਹਾਂ। ਭਾਰਤ ਵਿਚ ਹੀ ਮਨੂੰ ਦੀ ਮੂਰਤੀ ਰਾਜਸਥਾਨ ਹਾਈ ਕੋਰਟ ਦੇ ਬਿਲਕੁਲ ਸਾਹਮਣੇ ਸਥਾਪਿਤ ਕੀਤੀ ਗਈ ਹੈ, ਪਰ ਇਸ ਦਾ ਗਾਂਧੀਵਾਦੀਆਂ ਵਲੋਂ ਵਿਰੋਧ ਨਹੀਂ ਕੀਤਾ ਗਿਆ। ਇਸ ਦਾ ਸਾਫ ਅਰਥ ਹੈ ਕਿ ਭਾਰਤ ਵਿਚ ਜਾਤੀਵਾਦ ਦਾ ਬੋਲਬਾਲਾ ਹੈ। ਭਾਰਤ ਦੇ ਲੋਕ ਇਸ ਬਿਮਾਰੀ ਨੂੰ ਦੂਰ ਕਰਨ ਵਿਚ ਵੀ ਦਿਲਚਸਪੀ ਨਹੀਂ ਰੱਖਦੇ। ਅਸੀਂ ਕਦੋਂ ਅਜਿਹੀਆਂ ਮੂਰਤੀਆਂ ਨੂੰ ਇੱਥੇ ਹਟਾਵਾਂਗੇ, ਜੋ ਭਾਰਤੀ ਲੋਕਤੰਤਰ ਤੇ ਸਮਾਜ ਲਈ ਖਤਰਨਾਕ ਹਨ।

ਮੈਂ ਹੈਰਾਨ ਹਾਂ ਕਿ ਦਲਿਤ ਪੈਂਥਰਜ਼ ਵਰਗੀ ਜਥੇਬੰਦੀ ਨੇ ਇਨ੍ਹਾਂ ਜਾਤੀਵਾਦ ਨਾਲ ਸੰਬੰਧਿਤ ਨਵੇਂ ਸ਼ਾਸਕਾਂ ਨਾਲ ਹੱਥ ਮਿਲਾ ਲਿਆ ਹੈ। ਅਮਰੀਕਾ ਦੇ ਲੋਕ ਸਾਡੇ ਤੋਂ ਅੱਗੇ ਹਨ। ਉਨ੍ਹਾਂ ਵਿਚ ਨਸਲਵਾਦ ਵਿਰੁਧ ਬਗਾਵਤ  ਵਿਚ ਸੁਲਗ ਰਹੀ ਹੈ। ਉਹ ਅਸਲ ਵਿਚ ਲੰਬੇ ਸੰਘਰਸ਼ ਅਤੇ ਸੰਗਠਨ ਦੇ ਨਾਲ ਨਾਲ ਕਵਿਤਾ, ਕਲਾ, ਸੰਗੀਤ, ਸਾਹਿਤ ਤੇ ਇਤਿਹਾਸ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਅਫ਼ਰੀਕੀ ਅਮਰੀਕੀ ਆਪਣੀਆਂ ਕਹਾਣੀਆਂ ਸੁਣ ਰਹੇ ਅਤੇ ਦੱਸ ਰਹੇ ਹਨ। ਅਮਰੀਕੀ ਲੋਕਾਂ ਦੀ ਨਵੀਂ ਪੀੜ੍ਹੀ ਵਿੱਚ ਨਸਲੀ ਵੰਡ ਦੀ ਵਹਿਸ਼ੀ ਹੋਂਦ ਬਾਰੇ ਬਹੁਤ ਸ਼ਰਮ ਮਹਿਸੂਸ ਕਰਦੀ ਹੈ ਅਤੇ ਨਸਲਵਾਦ ਵਿਰੁਧ ਉਨ੍ਹਾਂ ਵਿਚ ਗੁੱਸਾ ਹੈ। ਗੋਰਿਆਂ ਦਾ ਕਾਲਿਆਂ ਦੇ ਹੱਕ ਵਿਚ ਆਉਣਾ ਇਸੇ ਸੋਚ ਦਾ ਨਤੀਜਾ ਹੈ। 

ਸੁਆਲ-ਕੀ ਤੁਹਾਨੂੰ ਲਗਦਾ ਹੈ ਕਿ ਕੋਵਿਡ -19 ਨਾਲ ਨਜਿੱਠਣ ਲਈ ਸਰਕਾਰ ਦੁਆਰਾ ਚੁੱਕੇ ਗਏ ਤਾਲਾਬੰਦ ਤੇ ਹੋਰ ਅਸਾਧਾਰਣ ਕਦਮ ਠੀਕ ਸਨ? ਜਾਂ ਕੀ ਇਹ ਜਲਦਬਾਜ਼ੀ ਵਾਲੀ ਕਾਰਵਾਈ ਸੀ ?
ਜੁਆਬ-ਭਾਰਤ ਵਿਚ ਕੋਵਿਦ -19 ਦਾ ਪਹਿਲਾ ਕੇਸ 30 ਜਨਵਰੀ ਨੂੰ ਦਰਜ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ ਵੱਲੋਂ 11 ਮਾਰਚ ਨੂੰ ਇਸ ਨੂੰ ਮਹਾਂਮਾਰੀ ਦੇ ਐਲਾਨ ਤੋਂ ਬਾਅਦ ਵੀ, ਭਾਰਤੀ ਸਿਹਤ ਮੰਤਰਾਲੇ ਨੇ ਕਿਹਾ ਕਿਹਾ ਸੀ ਕਿ ਸਿਹਤ-ਐਮਰਜੈਂਸੀ ਵਰਗੀ ਕੋਈ ਸਥਿਤੀ ਨਹੀਂ ਹੈ। ਜਦ ਕਿ ਭਾਰਤ ਸਰਕਾਰ ਨੂੰ ਇਸ ਸਥਿਤੀ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ ਬੰਦ ਕਰਨੇ ਚਾਹੀਦੇ ਸਨ ਅਤੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਅਲੱਗ ਰੱਖਿਆ ਜਾਣਾ ਚਾਹੀਦਾ ਸੀ। ਪਰ ਉਨ੍ਹਾਂ ਅਜਿਹਾ ਨਹੀਂ ਕੀਤਾ। ਸ਼ਾਇਦ ਇਸ ਦਾ ਕਾਰਨ ਟਰੰਪ ਦੀ ਪ੍ਰਸਤਾਵਿਤ ਯਾਤਰਾ ਸੀ। ਟਰੰਪ ਫਰਵਰੀ ਦੇ ਆਖਰੀ ਹਫਤੇ ਵਿੱਚ ਭਾਰਤ ਪਹੁੰਚੇ ਸਨ। ਨਮਸਤੇ ਟਰੰਪ ਵਰਗੇ ਸਮਾਗਮ ਵਿਚ ਹਿੱਸਾ ਲੈਣ ਲਈ ਹਜ਼ਾਰਾਂ ਲੋਕ ਅਮਰੀਕਾ ਤੋਂ ਮੁੰਬਈ ਤੇ ਅਹਿਮਦਾਬਾਦ ਗਏ ਅਤੇ ਸੈਂਕੜੇ ਹਜ਼ਾਰਾਂ ਨੇ ਇਸ ਵਿਚ ਹਿੱਸਾ ਲਿਆ। ਕੋਰੋਨਾਵਾਇਰਸ ਨੇ ਇਨ੍ਹਾਂ ਦੋਵਾਂ ਸ਼ਹਿਰਾਂ ਉੱਤੇ ਭਿਆਨਕ ਹਮਲਾ ਕੀਤਾ। ਕੀ ਇਹ ਸਿਰਫ ਇੱਕ ਇਤਫਾਕ ਹੈ?

ਤਬਲੀਗੀ ਜਮਾਤ ਦੇ ਕਲੰਕ ਅਤੇ ਨਮਸਤੇ ਟਰੰਪ ਦੀ ਮਹਿਮਾ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ? ਅਮੀਰ ਲੋਕਾਂ ਨੂੰ ਭਾਰਤ ਵਿਚ ਵਾਪਸ ਲਿਆਉਣ ਲਈ ਹਵਾਈ ਸੇਵਾ ਪ੍ਰਦਾਨ ਕੀਤੀ ਗਈ, ਪਰ ਮਜ਼ਦੂਰਾਂ ਲਈ ਆਵਾਜਾਈ ਦਾ ਕੋਈ ਸਾਧਨ ਉਪਲਬਧ ਨਹੀਂ ਕਰਵਾਇਆ ਗਿਆ। ਇਸ ਲਈ ਉਹ ਸਾਰੇ ਹਜ਼ਾਰਾਂ ਕਿਲੋਮੀਟਰ ਪੈਦਲ ਤੁਰ ਕੇ ਆਪਣੇ ਪਿੰਡ ਵਾਪਸ ਪਰਤ ਆਏ। ਸੈਂਕੜੇ ਹਜ਼ਾਰਾਂ ਗਰੀਬ ਕਿਰਤੀ ਲੋਕਾਂ ਨੂੰ ਜ਼ਬਰਦਸਤੀ ਕੁਆਰੰਟੀਨ ਕੈਂਪਾਂ ਵਿੱਚ ਰੱਖਿਆ ਗਿਆ ਅਤੇ ਫਿਰ ਕੁਝ ਸਮੇਂ ਬਾਅਦ ਇਜਾਜ਼ਤ ਜਾਰੀ ਕਰ ਦਿੱਤੀ ਗਈ। ਬੱਸਾਂ ਅਤੇ ਰੇਲ ਗੱਡੀਆਂ ਨੇ ਉਨ੍ਹਾਂ ਨੂੰ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ।

ਜਦੋਂ ਤਾਲਾਬੰਦੀ ਦਾ ਐਲਾਨ ਸਿਰਫ ਚਾਰ ਘੰਟਿਆਂ ਦੇ ਨੋਟਿਸ 'ਤੇ ਕੀਤਾ ਗਿਆ ਸੀ, ਦੇਸ਼ ਵਿਚ ਕੋਰੋਨਾ ਬਿਮਾਰੀ ਦੇ 545 ਮਾਮਲੇ ਸਨ ਅਤੇ ਉਦੋਂ ਤਕ 10 ਮੌਤਾਂ ਹੋ ਚੁੱਕੀਆਂ ਸਨ। ਇਹ ਕੱਟ-ਪੇਸਟ ਲੌਕਡਾਉਨ ਭਾਰਤ ਸਰਕਾਰ ਵਲੋਂ ਇਟਲੀ ਅਤੇ ਸਪੇਨ ਤੋਂ ਆਯਾਤ ਕੀਤਾ ਗਿਆ ਸੀ, ਜਿਸ ਨੇ ਇਸ ਨੂੰ ''ਸਮਾਜਕ ਦੂਰੀਆਂ'' ਲਈ ਲਾਗੂ ਕੀਤਾ ਸੀ। ਇਹ ਅਡੰਬਰ ਕਿਸੇ ਠੋਸ ਯੋਜਨਾ ਦੇ ਬਗੈਰ ਰਚਿਆ ਗਿਆ। ਤਾਲਾਬੰਦ ਮਨੁੱਖਤਾ ਵਿਰੁੱਧ ਅਪਰਾਧ ਤੋਂ ਘੱਟ ਨਹੀਂ ਹੈ।

ਭਾਰਤ ਵਿਚ ਸਿਰਫ ਅਮੀਰ ਲੋਕ ਹੀ ਸਰੀਰਕ ਦੂਰੀ ਬਣਾ ਸਕਦੇ ਹਨ। ਗਰੀਬ ਸਰੀਰਕ ਤੌਰ 'ਤੇ ਹਰ ਜਗ੍ਹਾ ਪਏ ਹੋਏ ਹਨ। ਝੁੱਗੀਆਂ, ਛੋਟੇ ਮਕਾਨ, ਅਣਅਧਿਕਾਰਤ ਕਲੋਨੀਆਂ ਵਿੱਚ ਉਹ ਇਕੱਠੇ ਰਹਿੰਦੇ ਹਨ। ਉਹ ਸਮਾਜਿਕ ਦੂਰੀਆਂ ਕਿੰਝ ਬਣਾਉਣ?

ਇਸ ਸਾਰੇ ਘਟਨਾਕ੍ਰਮ ਵਿੱਚ ਵੇਖਿਆ ਗਿਆ ਕਿ ਪ੍ਰਧਾਨ ਮੰਤਰੀ, ਜੋ ਚੋਣਾਂ ਜਿੱਤਣ ਦੇ ਮਾਮਲੇ ਵਿੱਚ ਬਹੁਤ ਹੁਸ਼ਿਆਰ ਹਨ, ਪਰ ਉਨ੍ਹਾਂ ਨੂੰ ਉਸ ਦੇਸ਼ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਸ ਦੇ ਉਹ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੇ ਇਸ ਬਾਰੇ ਮਾਹਿਰਾਂ ਦੀ ਰਾਇ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਸਨੇ 138 ਕਰੋੜ ਲੋਕਾਂ ਨੂੰ ਚਾਰ ਘੰਟਿਆਂ ਦੇ ਨੋਟਿਸ 'ਤੇ ਉਨ੍ਹਾਂ ਦੇ ਘਰਾਂ ਵਿੱਚ ਬੰਦ ਕਰ ਦਿੱਤਾ। ਕਿਉਂ? ਕਿਵੇਂ? ਕਿਉਂਕਿ ਇਹੀ ਉਹ ਕਰ ਸਕਦੇ ਸਨ। ਭਾਜਪਾ ਵਿੱਚ ਸਿਆਸਤਦਾਨ, ਨੌਕਰਸ਼ਾਹ, ਵਪਾਰੀ, ਉਦਯੋਗਪਤੀ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਸਹਿਯੋਗੀ ਬੋਲਣ ਤੋਂ ਡਰਦੇ ਹਨ। ਉਹ ਜਾਣਦੇ ਹਨ ਕਿ ਉਨ੍ਹਾਂ ਦਾ ਮਿਡਲ ਕਲਾਸ ਵਲੋਂ ਕਰੜਾ ਵਿਰੋਧ ਹੋਵੇਗਾ। ਉਨ੍ਹਾਂ ਦੇ ਦਿਮਾਗ ਜਾਂ ਤਾਂ ਡਰ ਨਾਲ ਭਰੇ ਹੋਏ ਹਨ ਜਾਂ ਉਹ ਪ੍ਰਧਾਨ ਮੰਤਰੀ ਨੂੰ ਖੁਸ਼ ਰੱਖਣ ਵਿਚ ਆਪਣੀ ਸਿਆਸਤ ਤੇ ਭਲਾ ਸਮਝਦੇ। ਹੁਣ ਤੁਸੀਂ ਦੇਖ ਸਕਦੇ ਹੋ ਕਿ ਭਾਰਤ ਕੋਰੋਨਾ ਵਾਇਰਸ ਕਾਰਨ ਪੰਜਵੇਂ ਨੰਬਰ 'ਤੇ ਪਹੁੰਚ ਗਿਆ ਹੈ। ਆਰਥਿਕਤਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਈ ਹੈ। ਲੋਕਾਂ ਦੀਆਂ ਨੌਕਰੀਆਂ ਚਲੀ ਗਈਆਂ ਹਨ।

ਜੇ ਅਸੀਂ ਪੱਛਮੀ ਦੇਸਾਂ ਵਾਂਗ ਟੈਸਟ ਕੀਤੇ ਹੁੰਦੇ ਤਾਂ ਭਾਰਤ ਕੋਰੋਨਾ ਵਾਇਰਸ ਕਾਰਨ ਬਹੁਤ ਅੱਗੇ ਹੁੰਦਾ। ਅੱਜ ਮੋਦੀ ਦੀ ਨੀਤੀਆਂ ਕਾਰਨ ਭਾਰਤ ਦੀ ਆਬਾਦੀ ਦਾ ਇੱਕ ਵੱਡਾ ਹਿੱਸਾ ਭੁੱਖਮਰੀ ਦੇ ਕਿਨਾਰੇ ਹੈ। ਪਰ ਮੋਦੀ ਅਜੇ ਵੀ ਰਾਫੇਲ ਲੜਾਕੂ ਜਹਾਜ਼ ਖਰੀਦਣ ਅਤੇ ਜੰਗਜੂ ਬਣਨ ਦੀ ਕੋਸ਼ਿਸ਼ ਵਿਚ ਹਨ।

ਮੋਦੀ ਤੇ ਗੋਦੀ ਮੀਡੀਆ ਇਸ ਸੰਕਟ ਤੋਂ ਬਚਾਉਣ ਲਈ ਫਿਰਕਾਪ੍ਰਸਤੀ ਦਾ ਨਰੇਟਿਵ ਸਿਰਜ ਰਿਹਾ ਹੈ। ਯਾਦ ਰਹੇ ਕਿ ਜਾਮੀਆ ਮਿਲੀਆ ਇਸਲਾਮੀਆ ਅਤੇ ਜੇਐਨਯੂ ਦੇ ਵਿਦਿਆਰਥੀਆਂ 'ਤੇ ਪੁਲਿਸ ਅਤੇ ਹਿੰਦੂਤਵ ਦੇ ਗੁੰਡਿਆਂ ਨੇ ਉਨ੍ਹਾਂ ਦੀਆਂ ਯੂਨੀਵਰਸਿਟੀਆਂ ਵਿਖੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਇਸ ਵਿਚ ਮੁੱਖ ਤੌਰ 'ਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਨ੍ਹਾਂ ਮੁਸਲਮਾਨ ਵਿਦਿਆਰਥੀਆਂ ਨੂੰ ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਦੇ ਦੋਸ਼ੀਆਂ ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ! ਇਹ ਭੀਮਾ-ਕੋਰੇਗਾਓਂ ਦੇ ਕਾਂਡ ਵਿਚ ਵਾਪਰਿਆ। ਇਸ ਵਿਚ ਭਾਰਤ ਦੇ ਕੁਝ ਸਰਵੋਤਮ ਵਕੀਲਾਂ, ਕਾਰਜਕਰਤਾਵਾਂ, ਅਧਿਆਪਕਾਂ ਅਤੇ ਬੁੱਧੀਜੀਵੀਆਂ ਨੂੰ ਬੇਬੁਨਿਆਦ ਦੋਸ਼ਾਂ ਦੇ ਆਧਾਰ ਤੇ ਜੇਲ੍ਹ ਭੇਜਿਆ ਗਿਆ ਹੈ।

ਮੈਂ ਸਮਝਦੀ ਹਾਂ ਕਿ ਇਹ ਸਭ ਫਾਸ਼ੀਵਾਦੀ ਵਿਚਾਰਧਾਰਾ ਹੈ। ਉੱਤਮਤਾ ਦਾ ਵਿਚਾਰ ਬ੍ਰਾਹਮਣਵਾਦ ਤੇ ਭੂਦੇਵ ਦੇ ਵਿਚਾਰ ਨਾਲੋਂ ਵੱਖਰਾ ਨਹੀਂ ਹੈ, ਜਿਸ ਅਨੁਸਾਰ ਬ੍ਰਾਹਮਣ ਧਰਤੀ ਦਾ ਦੇਵਤਾ ਹੈ। ਇਹ ਵੇਖਣਾ ਮੁਸ਼ਕਲ ਨਹੀਂ ਹੈ ਕਿ ਜਿਵੇਂ 'ਕੁਝ ਲੋਕ ਰੱਬੀ ਹੁਕਮ ਦੇ ਕਾਰਨ ਉੱਤਮ ਪੈਦਾ ਹੁੰਦੇ ਹਨ ਅਤੇ ਕੁਝ ਘਟੀਆ ਹੁੰਦੇ ਹਨ। ਇਹ ਸਭ ਲੱਛਣ ਫਾਸ਼ੀਵਾਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ। ਮੁਸਲਮਾਨਾਂ ਦਾ ਸਮਾਜਿਕ ਅਤੇ ਆਰਥਿਕ ਤੌਰ 'ਤੇ ਬਾਈਕਾਟ ਕੀਤਾ ਜਾ ਰਿਹਾ ਹੈ। ਗੋਦੀ ਮੀਡੀਆ ਕੋਰੋਨਾ ਜ਼ਿਹਾਦ ਵਰਗੇ ਹੈਸ਼ਟੈਗਾਂ ਨਾਲ ਖਬਰਾਂ ਪ੍ਰਸਾਰਿਤ ਕਰਦਾ ਹੈ। ਕੋਰੋਨਾ ਸੰਕਟ ਦੌਰਾਨ ਮੁਸਲਮਾਨਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਦੀਆਂ ਭਿਆਨਕ ਖ਼ਬਰਾਂ ਆ ਰਹੀਆਂ ਹਨ। ਭਾਜਪਾ ਨੇਤਾ ਕਪਿਲ ਮਿਸ਼ਰਾ ਮੁਸਲਮਾਨਾਂ ਵਿਰੁਧ ਜ਼ਹਿਰ ਉਗਲ ਚੁੱਕੇ ਹਨ ਅਤੇ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਜੋ ''ਦੇਸ਼ ਦੇ ਗੱਦਾਰੋ ਕੋ, ਗੋਲੀ ਮਾਰੋ ਸਾਲਾਂ ਕੋ'' ਵਰਗੇ ਨਾਅਰੇ ਲਗਾ ਚੁੱਕੇ ਹਨ, ਪਰ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ। ਜਦੋਂ ਉਹ ਵਿੱਤ ਮੰਤਰੀ ਦੇ ਕੋਲ ਬੈਠਦੇ ਹਨ ਅਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹਨ ਤਾਂ ਜਨਤਾ ਨੂੰ ਉਪਰੋਂ ਅਜਿਹੇ ਜ਼ਾਲਮਾਨਾ ਸੰਕੇਤ ਮਿਲ ਰਹੇ ਹਨ ਕਿ ਅਜਿਹੀ ਹਰਕਤਾਂ ਨਾਲ ਕੁਝ ਨਹੀਂ ਵਿਗੜਨ ਵਾਲਾ। 

ਇਹੀ ਸੁਨੇਹੇ ਸਮਾਜ ਵਿਚ ਹਿੰਸਾ ਫੈਲਾਉਂਦੇ ਹਨ ਤੇ ਭੀੜਾਂ ਦਾ ਸਭਿਆਚਾਰ ਸਿਰਜਦੇ ਹਨ। ਕੀ ਅਸੀਂ ਉਸ ਦ੍ਰਿਸ਼ ਨੂੰ ਭੁੱਲ ਸਕਦੇ ਹਾਂ ਜਦੋਂ ਫੈਜ਼ਾਨ, ਉਸ ਦੇ ਗਲੇ 'ਤੇ ਸੋਟੀ ਲੈ ਕੇ, ਪਹਿਲਾਂ ਪੁਲਿਸ ਨੇ ਉਸਨੂੰ ਰਾਸ਼ਟਰੀ ਗੀਤ ਗਾਉਣ ਲਈ ਮਜਬੂਰ ਕੀਤਾ ਅਤੇ ਫਿਰ ਸੜਕ 'ਤੇ ਮਰਨ ਲਈ ਛੱਡ ਦਿੱਤਾ? ਕੀ ਤੁਸੀਂ ਕਲਪਨਾ ਵੀ ਕਰ ਸਕਦੇ ਹੋ ਕਿ ਜੇ ਅਜਿਹਾ ਕੁਝ ਅਮਰੀਕਾ ਦੇ ਕਿਸੇ ਅਫਰੀਕੀ ਅਮਰੀਕੀ ਨਾਲ ਵਾਪਰਿਆ ਹੁੰਦਾ ਤਾਂ ਕੀ ਹੁੰਦਾ? ਸੋਚੋ ਸਾਡੀ ਸ਼ਰਮ ਕਿਥੇ ਗੁਆਚ ਗਈ ਹੈ?