ਇਕ ਹਿੰਦੂ ਰਾਸ਼ਟਰ ਦੀ ਸਿਰਜਣਾ: ਮੋਦੀ ਤਾਨਾਸ਼ਾਹੀ ਅੱਗੇ ਭਾਰਤੀ ਜਮਹੂਰੀਅਤ ਠੁੱਸ (ਅਰੁੰਧਤੀ ਰਾਇ)

ਇਕ ਹਿੰਦੂ ਰਾਸ਼ਟਰ ਦੀ ਸਿਰਜਣਾ: ਮੋਦੀ ਤਾਨਾਸ਼ਾਹੀ ਅੱਗੇ ਭਾਰਤੀ ਜਮਹੂਰੀਅਤ ਠੁੱਸ (ਅਰੁੰਧਤੀ ਰਾਇ)

ਅਰੁੰਧਤੀ ਰਾਇ
ਭਾਰਤ ਵਿਚ ਸਾਮਾਜਿਕ, ਪਰਾਇਵਰਨ, ਨਿਆਂ ਦੇ ਲਈ ਪੂੰਜੀਵਾਦ ਤੇ ਸਮਰਾਜਵਾਦ ਵਿਰੋਧੀ ਮਹਾਨ ਅੰਦੋਲਨ ਵੱਡੇ ਵੱਡੇ ਡੈਮ, ਨਿੱਜੀਕਰਨ, ਨਦੀਆਂ ਤੇ ਜੰਗਲਾਂ ਦੀ ਲੁੱਟ ਦੇ ਖਿਲਾਫ਼ ਵੱਡੇ ਪੈਮਾਨੇ 'ਤੇ ਹੋ ਰਹੇ ਹਨ। ਮੂਲ ਨਿਵਾਸੀਆਂ ਦੀ ਉਨ੍ਹਾਂ ਦੀ ਜਮੀਨ ਤੋਂ ਬੇਦਖਲੀ ਖਿਲਾਫ਼ ਮਾਰਚ ਹੁਣ ਸੁੰਨ ਪੈ ਗਏ ਹਨ। ਇਸ ਸਾਲ 17 ਸਤੰਬਰ ਨੂੰ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 69ਵੇਂ ਜਨਮ ਦਿਨ ਦੇ ਮੌਕੇ 'ਤੇ ਖੁਦ ਨੂੰ ਪਾਣੀ ਵਿਚ ਵੜ ਕੇ ਸਰਦਾਰ ਸਰੋਵਰ ਵੰਨ ਤੋਹਫੇ ਵਿਚ ਦਿੱਤਾ, ਉਸੇ ਸਮੇਂ ਇਸ ਬੰਨ੍ਹ ਦੇ ਖਿਲਾਫ਼ 30 ਸਾਲਾਂ ਤੋਂ ਵੀ ਜ਼ਿਆਦਾ ਅਰਸੇ ਤੱਕ ਲੋਹਾ ਲੈਣ ਵਾਲੇ ਹਜ਼ਾਰਾਂ ਹਜ਼ਾਰ ਪੇਂਡੂ ਲੋਕ ਆਪਣੇ ਘਰਾਂ ਨੂੰ ਜਲ ਸਮਾਧੀ ਵਿਚ ਲੈਂਦੇ ਦੇਖ ਰਹੇ ਹਨ। ਇਹ ਕਿੰਨਾ ਭਿਆਨਕ ਨਜ਼ਾਰਾ ਹੈ। ਭਾਰਤ ਵਿਚ ਅੱਜ ਇਕ ਭੂਤ ਦਾ ਪਰਛਾਵਾਂ ਦਿਨ ਦਿਹਾੜੇ ਸਾਡੇ ਉੱਪਰ ਮੰਡਰਾ ਰਿਹਾ ਹੈ। ਖਤਰਾ ਏਨਾ ਵੱਡਾ ਹੈ ਕਿ ਖੁਦ ਸਾਡੇ ਲਈ ਇਸ ਦੇ ਆਕਾਰ ਦੀ ਬਦਲਦੀ ਸ਼ਕਲ ਨੂੰ ਸਮਝ ਸਕਣਾ ਤੇ ਇਸ ਨੂੰ ਦੱਸਣਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ। ਫਿਲਹਾਲ ਕਸ਼ਮੀਰ ਘਾਟੀ ਦੇ 70 ਲੱਖ ਲੋਕ ਜਿਨ੍ਹਾਂ ਵਿਚ ਕਈ ਲੋਕ ਭਾਰਤ ਦੇ ਨਾਗਰਿਕ ਵਜੋਂ ਨਹੀਂ ਰਹਿਣਾ ਚਾਹੁੰਦੇ। ਉਹ ਆਜ਼ਾਦ ਕਸ਼ਮੀਰ ਚਾਹੁੰਦੇ ਹਨ। ਉਨ੍ਹਾਂ ਨੇ ਦਹਾਕਿਆਂ ਤੱਕ ਆਪਣੇ ਆਤਮ ਨਿਰਣੈ ਦੇ ਅਧਿਕਾਰ ਦੀ ਲੜਾਈ ਲੜੀ ਹੈ। ਹੁਣ ਇਹ ਕਸ਼ਮੀਰ ਵਿਚ ਬੰਦੀ ਬਣ ਕੇ ਡਿਜ਼ੀਟਲ ਇੰਡੀਆ ਤੇ ਫੌਜ ਦੇ ਪਹਿਰੇ ਵਿਚ ਰਹਿ ਰਹੇ ਹਨ। ਅਸਾਮ ਵਿਚ 20 ਲੱਖ ਲੋਕ ਭਾਰਤ ਦਾ ਹਿੱਸਾ ਬਣਨਾ ਚਾਹੁੰਦੇ ਹਨ। ਆਪਣਾ ਨਾਮ ਐਨ ਆਰ ਸੀ ਵਿਚ ਦਰਜਾ ਨਾ ਪਾ ਕੇ ਦੇਸ਼ ਨਿਕਾਲੇ ਸੰਬੰਧੀ ਖਤਰੇ ਦਾ ਸਾਹਮਣਾ ਕਰ ਰਹੇ ਹਨ। ਮੋਦੀ ਸਰਕਾਰ ਨੇ ਐਨਆਰਸੀ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ ਦਾ ਆਪਣਾ ਇਰਾਦਾ ਜ਼ਾਹਿਰ ਕਰ ਦਿੱਤਾ ਹੈ। ਇਸ ਦੇ ਲਈ ਕਾਨੂੰਨ ਬਣਾਇਆ ਜਾ ਰਿਹਾ ਹੈ। ਬਹੁਤ ਸਾਰੇ ਮੁਸਲਮਾਨ ਦੇਸ਼ ਵਿਚੋਂ ਕੱਢ ਦਿੱਤੇ ਜਾਣਗੇ। ਪਰ ਅਜਿਹੀ ਕਾਰਵਾਈ ਹਿੰਦੂਆਂ ਖਿਲਾਫ਼ ਨਹੀਂ ਹੋਵੇਗੀ। ਇਹ ਐਲਾਨ ਮੋਦੀ ਸਰਕਾਰ ਨੇ ਕਰ ਦਿੱਤਾ ਹੋਇਆ ਹੈ।

ਐਨ.ਆਰ.ਸੀ. ਦਾ ਮਤਲਬ ਸ਼ਹਿਰੀਆਂ ਲਈ ਰਾਸ਼ਟਰੀ ਰਜਿਸਟਰ ਵਿਚ ਨਾਂਵਾਂ ਦਾ ਦਾਖ਼ਲ ਹੋਣਾ ਹੈ। ਭਾਰਤ ਵਰਗੇ ਮੁਲਕ ਵਿਚ ਜਿਥੇ ਪਹਿਲਾਂ ਹੀ ਅਨੇਕਾਂ ਅਨੇਕ ਸਮੱਸਿਆਵਾਂ ਸਾਹਮਣੇ ਹਨ। ਜਿਥੇ ਦੇਸ਼ ਦੇ ਬਹੁਗਿਣਤੀ ਲੋਕਾਂ ਨੂੰ ਵਧੀਆ ਜਿਊਣ ਦੀਆਂ ਸਹੂਲਤਾਂ ਪ੍ਰਾਪਤ ਨਹੀਂ ਹਨ, ਜਿਥੇ ਕਰੋੜਾਂ ਹੀ ਲੋਕ ਜੀਵਨ ਦੀਆਂ ਮੁਢਲੀਆਂ ਲੋੜਾਂ ਲਈ ਤਰਸਦੇ ਹਨ, ਉਥੇ ਅਜਿਹੀ ਗੱਲ ਕਰਨਾ ਭਾਰਤ ਨੂੰ ਇਕ ਹੋਰ ਖਾਈ ਵਿਚ ਧੱਕਣ ਦੇ ਬਰਾਬਰ ਹੈ। ਪੱਛਮੀ ਮੁਲਕਾਂ ਦੇ ਅਮੀਰ ਲੋਕ ਸੰਭਾਵਿਤ ਜਲਵਾਯੂ, ਪਰਲੋ, ਭੁੱਖਮਰੀ ਦੀਆਂ ਮੁਸੀਬਤਾਂ ਤੋਂ ਬਚਣ ਲਈ ਆਪਣਾ ਇੰਤਜ਼ਾਮ ਕਰਨ ਲੱਗ ਪਏ ਹਨ। ਇਹ ਲੋਕ ਬੰਕਰ ਬਣਾ ਕੇ ਸਾਫ ਪਾਣੀ ਤੇ ਖਾਣਾ ਇਕੱਠਾ ਕਰ ਰਹੇ ਹਨ। ਗਰੀਬ ਮੁਲਕਾਂ ਵਿਚ ਦੁਨੀਆਂ ਦੀ ਪੰਜਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਹੋਣ ਦੇ ਬਾਵਜੂਦ ਭਾਰਤ ਸ਼ਰਮਨਾਕ ਹੱਦ ਤੱਕ ਹੁਣ ਵੀ ਗਰੀਬ ਤੇ ਭੁੱਖਾ ਹੈ। ਇੱਥੇ ਵੀ ਅਲੱਗ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। 5 ਅਗਸਤ 2019 ਨੂੰ ਭਾਰਤ ਸਰਕਾਰ ਨੇ ਕਸ਼ਮੀਰ ਉੱਪਰ ਕਬਜ਼ਾ ਕਰ ਲਿਆ। ਕਬਜ਼ੇ ਦੀ ਇਹ ਕਾਰਵਾਈ ਭਾਰਤ ਦੇ ਡੂੰਘੇ ਜਲ ਸੰਕਟ ਨਾਲ ਜੁੜੀ ਹੋਈ ਹੈ ਤੇ ਉਹ ਇੱਥੋਂ ਦੇ ਕੁਦਰਤੀ ਭੰਡਾਰਾਂ ਤੇ ਨਦੀਆਂ ਨੂੰ ਕਬਜੇ ਵਿਚ ਲੈਣਾ ਚਾਹੁੰਦੀ ਹੈ।

ਭਾਰਤ ਦਾ ਸੰਵਿਧਾਨ ਦੇਸ਼ ਨੂੰ ਧਰਮ ਨਿਰਪੱਖ ਸਮਾਜਵਾਦੀ, ਗਣਤੰਤਰ ਕਹਿੰਦਾ ਹੈ। ਅਸੀਂ ਧਰਮ ਨਿਰਪੱਖਤਾ ਨੂੰ ਦੁਨੀਆਂ ਤੋਂ ਜ਼ਰਾ ਅਲੱਗ ਤਰੀਕੇ ਨਾਲ ਪਰਭਾਸ਼ਿਤ ਕਰਦੇ ਹਾਂ। ਸਾਡੇ ਲਈ ਇਸ ਦੇ ਅਰਥ ਹਨ ਕਿ ਕਾਨੂੰਨ  ਦੇ ਸਾਹਮਣੇ ਸਾਰੇ ਧਰਮ ਬਰਾਬਰ ਹਨ। ਪਰ ਵਿਹਾਰ ਵਿਚ ਭਾਰਤ ਨਾ ਕਦੀ ਧਰਮ ਨਿਰਪੱਖ ਸੀ, ਨਾ ਕਦੀ ਸਮਾਜਵਾਦੀ, ਇਸ ਨੇ ਹਮੇਸ਼ਾ ਉੱਚੀ ਜਾਤੀਆਂ ਦੇ ਹਿੰਦੂ ਰਾਜ ਦੀ ਤਰ੍ਹਾਂ ਕੰਮ ਕੀਤਾ। ਇਹ ਅਜਿਹੀ ਕਾਰਵਾਈ ਹੈ, ਜੋ ਹਿੰਦੋਸਤਾਨ ਨੂੰ ਹਿੰਦੂਸਤਾਨ ਬਣਾਉਂਦੀ ਹੈ। ਇਹ ਭਾਰਤੀ ਸਿਆਸਤਦਾਨਾਂ ਦਾ ਢੋਂਗ ਹੈ।

ਮਈ 2019 ਦੌਰਾਨ ਆਮ ਚੋਣਾਂ ਵਿਚ ਦੂਸਰੀ ਵਾਰ ਜਿੱਤਣ ਤੋਂ ਬਾਅਦ ਭਾਸ਼ਣ ਦਿੰਦੇ ਹੋਏ ਨਰਿੰਦਰ ਮੋਦੀ ਨੇ ਘੁਮੰਡ ਨਾਲ ਕਿਹਾ ਕਿ ਕੋਈ ਨੇਤਾ ਜਾਂ ਰਾਜਨੀਤਕ ਦਲ ਆਪਣੇ ਚੋਣ ਪ੍ਰਚਾਰ ਵਿਚ ਧਰਮ ਨਿਰਪੱਖਤਾ ਸ਼ਬਦ ਇਸਤੇਮਾਲ ਦੀ ਹਿੰਮਤ ਨਹੀਂ ਕਰ ਸਕਿਆ। ਮੋਦੀ ਨੇ ਕਿਹਾ ਧਰਮ ਨਿਰਪੱਖਤਾ ਦਾ ਟੈਂਕ ਖਾਲੀ ਹੋ ਗਿਆ ਹੈ। ਮੋਦੀ ਦੇ ਕਹਿਣ ਦਾ ਭਾਵ ਇਹੀ ਹੈ ਕਿ ਧਰਮ ਨਿਰਪੱਖਤਾ ਹੁਣ ਇਤਿਹਾਸ ਬਣ ਗਿਆ ਹੈ। ਅਰਥਾਤ ਹਿੰਦੂ ਰਾਸ਼ਟਰਵਾਦ ਵਲ ਕਦਮ ਵਧ ਚੁੱਕੇ ਹਨ। ਅਸਲ ਵਿਚ ਭਾਰਤ ਇਕ ਦੇਸ਼ ਨਹੀਂ, ਇਹ ਇੱਕ ਮਹਾਂਦੀਪ ਹੈ। ਯੂਰਪ ਦੀ ਤੁਲਨਾ ਵਿਚ ਇੱਥੇ ਕਈ ਸਾਰੀਆਂ ਭਾਸ਼ਾਵਾਂ, ਕਈ ਸਭਿਅਤਾਵਾਂ, ਕਈ ਆਦਿਵਾਸੀ ਤੇ ਕਈ ਕੌਮਾਂ ਤੇ ਧਰਮ ਮੌਜੂਦ ਹਨ। ਪਰ ਮੋਦੀ ਸਰਕਾਰ ਹਿੰਦੂ ਸ੍ਰੇਸ਼ਠਤਾ ਨੂੰ ਲਾਗੂ ਕਰਕੇ ਸਾਰੀਆਂ ਸਭਿਅਤਾਵਾਂ ਤੇ ਕੌਮਾਂ ਨੂੰ ਹਿੰਦੂ ਧਰਮ ਦਾ ਅੰਗ ਬਣਾਉਣਾ ਚਾਹੁੰਦੀ ਹੈ। ਇਸੇ ਲਈ ਸੰਘ ਪਰਿਵਾਰ ਵਲੋਂ ਇਕ ਰਾਸ਼ਟਰ ਇਕ ਭਾਸ਼ਾ, ਇਕ ਧਰਮ ਤੇ ਇਕ ਸੰਵਿਧਾਨ ਦੇ ਸਲੋਗਨ ਉਚਾਰੇ ਜਾ ਰਹੇ ਹਨ।

ਮੈਂ ਸੰਘ ਪਰਿਵਾਰ ਦੀ ਗੱਲ ਕਰ ਰਹੀ ਹਾਂ, ਜਿਸ ਦੀ ਸਥਾਪਨਾ 1925 ਦੌਰਾਨ ਹੋਈ, ਜੋ ਕਿ ਭਾਰਤੀ ਜਨਤਾ ਪਾਰਟੀ ਦਾ ਸਿਰਜਣਹਾਰ ਹੈ। ਸੰਘ ਪਰਿਵਾਰ ਦੇ ਸੰਸਥਾਪਕ ਅਤੇ ਮੋਢੀ ਜਰਮਨ ਤੇ ਇਟਾਲੀਅਨ ਫਾਸ਼ੀਵਾਦ ਤੋਂ ਪ੍ਰਭਾਵਿਤ ਲੋਕ ਸਨ। ਇਹ ਲੋਕ ਭਾਰਤ ਦੇ ਮੁਸਲਮਾਨਾਂ ਨੂੰ ਜਰਮਨ ਦੇ ਯਹੂਦੀਆਂ ਦੀ ਤਰ੍ਹਾਂ ਮੰਨਦੇ ਹਨ ਤੇ ਉਨ੍ਹਾਂ ਦਾ ਪੂਰਨ ਯਕੀਨ ਹੈ ਕਿ ਹਿੰਦੂ ਹਿੰਦੂਸਤਾਨ ਵਿਚ ਮੁਸਲਮਾਨਾਂ ਦੀ ਕੋਈ ਜਗ੍ਹਾ ਨਹੀਂ। ਅੱਜ ਆਰ ਐਸ ਐਸ ਗਿਰਗਿਟ ਦੀ ਤਰ੍ਹਾਂ ਰੰਗ ਬਦਲ ਕੇ ਇਹ ਦਾਅਵਾ ਕਰਦਾ ਹੈ ਕਿ ਉਹ ਇਸ ਵਿਚਾਰ ਨੂੰ ਨਹੀਂ ਮੰਨਦਾ, ਪਰ ਉਸ ਦੀ ਨਜ਼ਰ ਵਿਚ ਮੁਸਲਮਾਨ ਪੱਕੇ ਧੋਖੇਬਾਜ਼ ਬਾਹਰੀ ਲੋਕ ਹਨ। ਇਹ ਉੱਚੇ ਨਾਅਰੇ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਜਨਤਕ ਭਾਸ਼ਣਾਂ ਵਿਚ ਵਾਰ-ਵਾਰ ਸੁਣਾਈ ਦੇ ਰਹੇ ਹਨ ਤੇ ਦੰਗਾ ਫਸਾਦ ਕਰਨ ਵਾਲੀ ਭਗਵੀਂ ਭੀੜ ਵਿਚਾਲੇ ਇਹ ਨਾਅਰਾ ਵਾਰ-ਵਾਰ ਗੂੰਜਦਾ ਹੈ। ਮਿਸਾਲ ਦੇ ਲਈ ਇਨ੍ਹਾਂ ਦਾ ਇਕ ਨਾਅਰਾ ਹੈ, ਮੁਸਲਮਾਨਾਂ ਦਾ ਇਕ ਸਥਾਨ, ਕਬਰਸਤਾਨ ਜਾਂ ਪਾਕਿਸਤਾਨ। ਇਸ ਸਾਲ ਅਕਤੂਬਰ ਵਿਚ ਆਰ ਐਸ ਐਸ ਦੇ ਸਰਵਉੱਚ ਨੇਤਾ ਮੋਹਨ ਭਾਗਵਤ ਨੇ ਕਿਹਾ ਕਿ ਹਿੰਦੁਸਤਾਨ ਇਕ ਹਿੰਦੂ ਰਾਸ਼ਟਰ ਹੈ ਤੇ ਇਸ ਗੱਲ ਨਾਲ ਕੋਈ ਸਮਝੋਤਾ ਨਹੀਂ ਹੋ ਸਕਦਾ। ਇਹ ਵਿਚਾਰ ਭਾਰਤ ਨਾਲ ਸੰਬੰਧਿਤ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਨੂੰ ਤੇਜ਼ਾਬ ਵਿਚ ਬਦਲ ਦਿੰਦਾ ਹੈ। ਇਸ ਭਗਵੇਂਵਾਦ ਦੀ ਪੇਸ਼ਕਾਰੀ ਇਹੀ ਹੈ ਕਿ ਯੁਗਾਂ ਯੁਗਾਂ ਤੋਂ ਹਿੰਦੂ ਮੁਸਲਮ ਸ਼ਾਸ਼ਕਾਂ ਦੇ ਜ਼ੁਲਮਾਂ ਦਾ ਸ਼ਿਕਾਰ ਰਹੇ ਹਨ। ਆਰ ਐਸ ਐਸ ਦੇ ਪ੍ਰਮੁਖ ਇਤਿਹਾਸਕ ਪ੍ਰੋਜੈਕਟ ਦਾ ਹਿੱਸਾ ਹੈ ਕਿ ਮੁਸਲਮਾਨ ਸ਼ਾਸ਼ਕਾਂ ਨੂੰ ਨਫ਼ਰਤ ਤੇ ਜ਼ੁਲਮ ਦੇ ਪਾਤਰ ਦੱਸਣਾ। ਸੱਚਾਈ ਇਹ ਹੈ ਕਿ ਲੱਖਾਂ ਭਾਰਤੀ ਮੁਸਲਮਾਨ ਇਨ੍ਹਾਂ ਜਾਤੀਆਂ ਦੇ ਲੋਕਾਂ 'ਤੇ ਵੰਸ਼ਜ਼ ਹਨ, ਜੋ ਖਤਰਨਾਕ ਤੇ ਜ਼ਾਲਮਾਨਾ ਜਾਤੀਵਾਦੀ ਸਿਸਟਮ ਤੋਂ ਬਚਣ ਦੇ ਲਈ ਮੁਸਲਮਾਨ ਬਣ ਗਏ ਸਨ। ਧਰਮ ਤਬਦੀਲੀ ਦੀ ਇਹ ਘਬਰਾਹਟ 1920 ਦੇ ਦਹਾਕੇ ਵਿਚ ਆਰ ਐਸ ਐਸ ਦੀ ਸਿਰਜਣਾ ਦਾ ਕਾਰਨ ਬਣੀ। ਇਨ੍ਹਾਂ ਸੰਗਠਨਾਂ ਦਾ ਮੁਖ ਉਦੇਸ਼ ਤੇ ਰਣਨੀਤੀ ਧਰਮ ਦੇ ਨਾਮ 'ਤੇ ਦੰਗੇ ਭੜਕਾਉਣਾ ਹੈ ਅਤੇ ਦੇਸ਼ਭਗਤੀ ਦੇ ਝੰਡੇ ਚੁੱਕ ਕੇ ਹਮਲੇ ਕਰਨਾ ਹੈ। ਇਹ ਭਗਵੀਂ ਮੁਹਿੰਮ ਦਾ ਕੇਂਦਰੀ ਕੰਮ ਹੈ।

ਨਾਜੀ ਜਰਮਨੀ ਆਪਣੀ ਸੋਚ ਨੂੰ ਇਕ ਮਹਾਂਦੀਪ ਵਿਚ ਲਾਗੂ ਕਰਨਾ ਚਾਹੁੰਦਾ ਸੀ, ਪਰ ਆਰ ਐਸ ਐਸ ਪੂਰੇ ਭਾਰਤ ਦੀਆਂ ਸੰਸਕ੍ਰਿਤੀਆਂ ਨੂੰ ਤਬਾਹ ਕਰਕੇ ਇਕ ਰਾਸ਼ਟਰ ਸਿਰਜਣਾ ਚਾਹੁੰਦਾ ਹੈ। ਭਾਰਤ ਵਿਚ ਸੰਘ ਪਰਿਵਾਰ ਦੀਆਂ 57 ਹਜ਼ਾਰ ਸ਼ਾਖਾਵਾਂ ਹਨ, 6 ਲੱਖ ਸਮਰਪਿਤ ਹਥਿਆਰਬੰਦ ਸਵੈ ਸੇਵਕ ਹਨ। ਇਸ ਦੇ ਸਕੂਲਾਂ ਵਿਚ ਲੱਖਾਂ ਬੱਚੇ ਪੜ੍ਹਦੇ ਹਨ। ਆਪਣਾ ਹੈਲਥ ਮਿਸ਼ਨ ਹੈ, ਮਜ਼ਦੂਰ ਸੰਗਠਨ ਹੈ, ਕਿਸਾਨ ਸੰਗਠਨ ਹੈ, ਮੀਡੀਆ ਹੈ ਤੇ ਔਰਤਾਂ ਦਾ ਸੰਗਠਨ ਹੈ। ਹੁਣੇ ਜਿਹੇ ਸੰਘ ਨੇ ਐਲਾਨ ਕੀਤਾ ਕਿ ਭਾਰਤੀ ਫੌਜ ਵਿਚ ਭਰਤੀ ਹੋਣ ਦੇ ਇਛੁਕ ਲੋਕਾਂ ਦੇ ਲਈ ਟ੍ਰੇਨਿੰਗ ਸਕੂਲ ਖੋਲ੍ਹੇਗਾ। ਇਸ ਦੇ ਭਗਵੇਂ ਝੰਡੇ ਹੇਠਾਂ ਅਜਿਹੇ ਅਨੇਕਾਂ ਨਵੇਂ ਫਿਰਕੂ ਸੰਗਠਨਾਂ ਦਾ ਮੇਲਾ ਲਗ ਗਿਆ, ਜਿਸ ਨੂੰ ਮਿਲਾ ਕੇ ਸੰਘ ਪਰਿਵਾਰ ਕਿਹਾ  ਜਾਂਦਾ ਹੈ। ਇਹ ਸੰਗਠਨ ਘੱਟ ਗਿਣਤੀਆਂ ਉੱਪਰ ਹਮਲਿਆਂ ਲਈ ਜ਼ਿੰਮੇਵਾਰ ਹੈ। ਪਿਛਲੇ ਸਾਲਾਂ ਦੌਰਾਨ ਇਨ੍ਹਾਂ ਨੇ ਹਜ਼ਾਰਾਂ ਲੋਕ ਕਤਲ ਕੀਤੇ ਹਨ ਤੇ ਇਨ੍ਹਾਂ ਦੀ ਗਿਣਤੀ ਕਿਸੇ ਨੂੰ ਨਹੀਂ ਪਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ ਐਸ ਐਸ ਦੇ ਮੈਂਬਰ ਹਨ ਤੇ ਆਰ ਐਸ ਐਸ ਦੀ ਖੋਜ ਹਨ। ਹਾਲਾਂ ਕਿ ਉਹ ਬ੍ਰਾਹਮਣ ਨਹੀਂ, ਪਰ ਮੋਦੀ ਨੇ ਹੋਰਾਂ ਦੇ ਮੁਕਾਬਲੇ ਆਰ ਐਸ ਐਸ ਨੂੰ ਭਾਰਤ ਦਾ ਸਭ ਤੋਂ ਤਾਕਤਵਰ ਸੰਗਠਨ ਬਣਾ ਦਿੱਤਾ ਹੈ। ਮੋਦੀ ਦਾ ਰਾਜਨੀਤਕ ਕੈਰੀਅਰ ਅਮਰੀਕਾ ਵਿਚ 9/11 ਦੇ ਹਮਲਿਆਂ ਦੇ ਕੁਝ ਹਮਲਿਆਂ ਬਾਅਦ ਅਕਤੂਬਰ 2001 ਵਿਚ ਸ਼ੁਰੂ ਹੋਇਆ। ਭਾਜਪਾ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਹਟਾ ਕੇ ਮੋਦੀ ਨੂੰ ਉਸ ਦੀ ਜਗ੍ਹਾ ਨਿਯੁਕਤ ਕਰ ਦਿੱਤਾ। ਉਨ੍ਹਾਂ ਦੇ ਰਾਜਕਾਲ ਦੌਰਾਨ ਪਹਿਲੇ ਤਿੰਨ ਮਹੀਨਿਆਂ ਦੇ ਅੰਦਰ ਕਿ ਰਹੱਸਮਈ ਹਿੰਸਾ ਹੋਈ, ਜਿਸ ਵਿਚ ਇਕ ਰੇਲ ਕੋਚ ਵਿਚ ਸਵਾਰ ਹਿੰਦੂ ਤੀਰਥ ਯਾਤਰੀਆਂ ਨੂੰ ਸਾੜ ਦਿੱਤਾ ਗਿਆ। ਇਸ ਦਾ ਬਦਲਾ ਲੈਣ ਦੇ ਲਈ ਹਿੰਦੂਆਂ ਦੀ ਬੇਲਗਾਮ ਭੀੜ ਨੇ ਖਤਰਨਾਕ ਤਾਂਡਵ ਕੀਤਾ। ਇਕ ਅੰਦਾਜ਼ੇ ਮੁਤਾਬਕ 25 ਹਜ਼ਾਰ ਮੁਸਲਮਾਨਾਂ ਨੂੰ ਕਤਲ ਕਰ ਦਿੱਤਾ ਗਿਆ। ਇਸ ਦੇ ਤੁਰੰਤ ਬਾਅਦ ਮੋਦੀ ਨੇ ਵਿਧਾਨ ਸਭਾ ਚੋਣਾਂ ਦਾ ਐਲਾਨ ਕ ਦਿੱਤਾ ਤੇ ਚੋਣ ਜਿੱਤ ਗਏ ਤੇ ਉਹ ਹਿੰਦੂ ਸਮਾਜ ਦੇ ਸਮਰਾਟ ਬਣ ਗਏ।

ਇਸ ਦੇ ਬਾਅਦ ਉਹ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਬਣੇ। 2014 ਦੌਰਾਨ ਭਾਜਪਾ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਲਈ ਉਮੀਦਵਾਰ ਦੇ ਤੌਰ 'ਤੇ ਇਹ ਚੋਣ ਵੀ ਮੁਸਲਿਮ ਨਸਲਕੁਸ਼ੀ ਦੇ ਆਲੇ-ਦੁਆਲੇ ਲੜੀ ਗਈ। ਪਰ ਇਸ ਵਾਰ ਇਸ ਦਾ ਕੇਂਦਰ ਉੱਤਰ ਪ੍ਰਦੇਸ਼ ਦਾ ਮੁਜੱਫਰਨਗਰ ਸੀ। ਰਾਈਟਰ ਸਮਾਚਾਰ ਏਜੰਸੀ ਦੇ ਇਕ ਪੱਤਰਕਾਰ ਨੇ ਜਦ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੂੰ 2002 ਦੇ ਹੱਤਿਆ ਕਾਂਡ 'ਤੇ ਪਛਤਾਵਾ ਹੈ ਤਾਂ ਨਰਿੰਦਰ ਮੋਦੀ ਨੇ ਪੂਰੇ ਈਮਾਨਦਾਰੀ ਨਾਲ ਜਵਾਬ ਦਿੱਤਾ ਕਿ ਜੇਕਰ ਦੁਰਘਟਨਾ ਵਸ ਕੋਈ ਕੁੱਤਾ ਉਸ ਦੀ ਗੱਡੀ ਹੇਠ ਮਰ ਜਾਂਦਾ ਹੈ ਤਾਂ ਇਸ ਦਾ ਵੀ ਉਨ੍ਹਾਂ ਨੂੰ ਪਛਤਾਵਾ ਹੋਵੇਗਾ?

ਨਰਿੰਦਰ ਮੋਦੀ ਦਾ ਇਹ ਪ੍ਰਵਚਨ ਸੰਘ ਪਰਿਵਾਰ ਦੀ ਸ਼ੁੱਧ ਜ਼ੁਬਾਨ ਸੀ। ਜਦ ਮੋਦੀ ਨੇ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਸਹੁੰ ਚੁੱਕੀ ਤਾਂ ਸਿਰਫ ਹਿੰਦੂ ਰਾਸ਼ਟਰਵਾਦੀਆਂ ਨੇ ਜਸ਼ਨ ਹੀ ਨਹੀਂ ਮਨਾਇਆ, ਬਲਕਿ ਭਾਰਤ ਦੇ ਜਾਣੇ ਪਛਾਣੇ ਕਾਰਪੋਰੇਟ ਉਦਯੋਗਪਤੀਆਂ ਨੇ ਵੀ ਮੋਦੀ ਦੀ ਸੱਤਾ ਦਾ ਸਵਾਗਤ ਕੀਤਾ। ਭਾਰਤ ਦੇ ਕਈ ਉਦਾਰਵਾਦੀ ਤੇ ਕੌਮਾਂਤਰੀ ਮੀਡੀਆ ਨੇ ਉਮੀਦ ਤੇ ਤਰੱਕੀ ਦੀ ਮਿਸਾਲ ਦੇ ਤੌਰ 'ਤੇ ਇਸ ਜਸ਼ਨ ਨੂੰ ਮਨਾਇਆ। ਇਨ੍ਹਾਂ ਲੋਕਾਂ ਨੂੰ ਮੋਦੀ ਵਿਚ ਭਗਵਾਂ ਸੂਟ ਪਹਿਨਣ ਵਾਲਾ ਮਸੀਹਾ ਨਜ਼ਰ ਆਇਆ, ਜੋ ਭਾਰਤ ਦੀ ਪ੍ਰਾਚੀਨ ਅਤੇ ਆਧੁਨਿਕ ਸਭਿਅਤਾ ਦਾ ਮਿਸ਼ਰਨ ਹੈ। ਮੋਦੀ ਨੂੰ ਹਿੰਦੂ ਰਾਸ਼ਟਰਵਾਦ ਤੇ ਬੇਲਗਾਮ ਮੁਕਤ ਬਜ਼ਾਰ ਪੂੰਜੀਵਾਦ ਦੇ ਪ੍ਰਤੀਕ ਦੇ ਰੂਪ ਵਿਚ ਦੇਖਿਆ ਗਿਆ। ਮੋਦੀ ਨੇ ਇਸ ਨੋਟਬੰਦੀ ਨੂੰ ਭ੍ਰਿਸ਼ਟਾਚਾਰ ਤੇ ਅੱਤਵਾਦੀਆਂ ਨੂੰ ਮਿਲ ਰਹੀ ਫੰਡਿੰਗ ਦੇ ਖਿਲਾਫ ਸਰਜੀਕਲ ਸਟ੍ਰਾਈਕ ਦੱਸਿਆ। ਇਹ ਸ਼ੁੱਧ ਰੂਪ ਵਿਚ ਭਗਵਾਂ ਅਰਥ ਸ਼ਾਸ਼ਤਰ ਸੀ ਤੇ ਇਹ ਨੀਕ ਹਕੀਮ ਭਗਵਾਂ ਨੁਸਖਾ ਇਕ ਅਰਬ ਦੀ ਜਨਤਾ 'ਤੇ ਥੋਪਿਆ ਗਿਆ। ਇਨ੍ਹਾਂ ਸਾਲਾਂ ਦੌਰਾਨ ਮੋਦੀ ਨੇ ਹਿੰਦੂ ਰਾਸ਼ਟਰਵਾਦ ਦੇ ਮੋਰਚੇ ਉੱਪਰ ਚੰਗਾ ਪ੍ਰਦਰਸ਼ਨ ਕੀਤਾ, ਪਰ ਮੁਕਤ ਵਪਾਰ ਦੇ ਮੋਰਚੇ 'ਤੇ ਬੁਰੀ ਤਰ੍ਹਾਂ ਅਸਫਲ ਹੋਏ। ਗਲਤੀਆਂ ਤੇ ਗਲਤੀਆਂ ਕਰਕੇ ਮੋਦੀ ਦੇ ਆਰਥਿਕ ਤੰਤਰ ਨੂੰ ਬੁਰੀ ਤਰ੍ਹਾਂ ਉਜਾੜ ਦਿੱਤਾ।

ਮੋਦੀ ਦੀ ਕਿਰਪਾ ਕਾਰਨ ਰਾਤੋਂ ਰਾਤ ਕਈ ਨੌਕਰੀਆਂ ਗਾਇਬ ਹੋ ਗਈਆਂ। ਨਿਰਮਾਣ ਉਦਯੋਗ ਠੱਪ ਹੋ ਗਏ ਤੇ ਛੋਟੇ ਕਾਰੋਬਾਰ ਬੰਦ ਹੋ ਗਏ। ਅਸੀਂ ਬੜੀ ਮਾਸੂਮੀਅਤ ਨਾਲ ਮੰਨ ਲਿਆ ਕਿ ਮੋਦੀ ਯੁੱਗ ਦੇ ਅੰਤ ਦੀ ਸ਼ੁਰੂਆਤ ਹੈ। ਪਰ ਅਸੀਂ ਲੋਕ ਗਲਤ ਸਾਬਤ ਹੋਏ। ਲੋਕਾਂ ਨੇ ਜਸ਼ਨ ਮਨਾਇਆ, ਉਨ੍ਹਾਂ ਨੂੰ ਦਰਦ ਹੋਇਆ ਪਰ ਉਨ੍ਹਾਂ ਨੇ ਦਰਦ ਦਾ ਮਜ਼ਾ ਲਿਆ। ਇਹ ਦਰਦ ਭਗਵੇਂਵਾਦ ਵਲੋਂ ਦਿੱਤੀ ਮਿੱਠੀ ਗੋਲੀ ਵਿਚ ਗਾਇਬ ਹੋਇਆ ਕਿ ਮਹਾਨ ਹਿੰਦੂ-ਹਿੰਦੁਸਤਾਨ ਦਾ ਜਨਮ ਹੋਵੇਗਾ। ਕਈ ਅਰਥ ਸ਼ਾਸਤਰੀਆਂ ਨੇ ਨੋਟਬੰਦੀ ਤੇ ਜੀਐਸਟੀ ਨੂੰ ਚਲਦੀ ਕਾਰ ਦੇ ਪਹੀਆਂ ਵਿਚ ਗੋਲੀ ਮਾਰਨ ਵਰਗਾ ਵਰਤਾਰਾ ਦੱਸਿਆ। ਮੋਦੀ ਨੇ ਜੀਐਸਟੀ ਨੂੰ ਇਕ ਰਾਸ਼ਟਰ ਇਕ ਘਰ ਦੇ ਵਾਅਦੇ ਦਾ ਮਹੂਰਤ ਰੂਪ ਦੱਸਿਆ। ਬਹੁਤਿਆਂ ਨੇ ਕਿਹਾ ਕਿ ਸਰਕਾਰ ਦੁਆਰਾ ਜਾਰੀ ਆਰਥਿਕ ਵਿਕਾਸ ਦੇ ਅੰਕੜੇ ਜੋ ਪਹਿਲਾਂ ਹੀ ਕਾਫੀ ਨਿਰਾਸ਼ਾਜਨਕ ਹਨ ਤੇ ਹੁਣ ਜੀਐਸਟੀ ਵਰਗੇ ਪ੍ਰੋਗਰਾਮ ਭਾਰਤ ਦੀ ਅਰਥ ਵਿਵਸਥਾ ਦਾ ਬੇੜਾ ਗਰਕ ਕਰਨਗੇ। ਹੁਣ ਸਰਕਾਰ ਵੀ ਮੰਨਦੀ ਹੈ ਕਿ ਬੇਰੁਜ਼ਗਾਰੀ 45 ਸਾਲ ਵਿਚ ਇਸ ਵਕਤ ਸਭ ਤੋਂ ਜ਼ਿਆਦਾ ਹੈ।

2019 ਦੇ ਵਿਸ਼ਵ ਭੁੱਖ ਸੂਚਿਕ ਅੰਕ ਵਿਚ 117 ਦੇਸਾਂ ਵਿਚ ਭਾਰਤ 102ਵੇਂ ਨੰਬਰ 'ਤੇ ਹੈ। ਇਸ ਸੂਚਕ ਅੰਕ ਵਿਚ ਨੇਪਾਲ 73ਵੇਂ, ਬੰਗਲਾਦੇਸ 88ਵੇਂ, ਪਾਕਿਸਤਾਨ 94 ਨੰਬਰ 'ਤੇ ਹੈ। ਪਰ ਨੋਟ ਬੰਦੀ ਕੇਵਲ ਆਰਥਿਕ ਮਾਮਲਿਆਂ ਦੇ ਲਈ ਨਹੀਂ, ਇਹ ਲੋਕਾਂ ਦੀ ਵਫਾਦਾਰੀ ਦਾ ਇਮਤਿਹਾਨ ਸੀ। ਇਹ ਲੋਕਾਂ ਦੀ ਮੁਹੱਬਤ ਦਾ ਅਜਿਹਾ ਸਬੂਤ ਸੀ, ਜੋ ਮਹਾਨ ਨੇਤਾ ਭਾਰਤੀਆਂ ਕੋਲੋਂ ਮੰਗ ਰਿਹਾ ਸੀ। ਉਹ ਪੁੱਛ ਰਿਹਾ ਸੀ ਕਿ ਅਸੀਂ ਲੋਕ ਉਸ ਦੇ ਪਿੱਛੇ ਚੱਲਣ ਨੂੰ ਤਿਆਰ ਹਾਂ? ਕੀ ਉਸ ਨੂੰ ਪਿਆਰ ਕਰਦੇ ਰਹਾਂਗੇ? ਭਾਵੇਂ ਕੁਝ ਵੀ ਕਰਦਾ ਰਹੇ? ਅਸੀਂ ਇਸ ਇਮਤਿਹਾਨ ਵਿਚ ਅਵਲ ਦਰਜੇ ਨਾਲ ਪਾਸ ਹੋ ਗਏ। ਜਿਸ ਵਕਤ ਅਸੀਂ ਲੋਕਾਂ ਨੇ ਨੋਟਬੰਦੀ ਨੂੰ ਕਬੂਲ ਕੀਤਾ, ਉਸ ਵਕਤ ਅਸੀਂ ਆਪਣੇ ਆਪ ਨੂੰ ਬੋਨਾ ਬਣਾ ਲਿਆ ਤੇ ਘਟੀਆ ਤਾਨਾਸ਼ਾਹੀ ਦੇ ਅੱਗੇ ਗੋਡੇ ਟੇਕ ਦਿੱਤੇ। ਪਰ ਜੋ ਭਾਰਤ ਲਈ ਬੁਰਾ ਸੀ, ਉਹ ਭਾਜਪਾ ਦੇ ਲਈ ਚੰਗਾ ਸਾਬਤ ਹੋਇਆ। 2016-17 ਦੇ ਦਰਮਿਆਨ ਜਦ ਅਰਥ ਤੰਤਰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਢੇਰੀ ਹੋ ਰਿਹਾ ਸੀ, ਭਾਜਪਾ ਦੁਨੀਆਂ ਦੀ ਸਭ ਤੋਂ ਅਮੀਰ ਰਾਜਨੀਤਕ ਪਾਰਟੀ ਬਣ ਗਈ। ਇਸ ਦੀ ਕਮਾਈ ਵਿਚ 81ਫੀਸਦੀ ਵਾਧਾ ਹੋਇਆ, ਉਹ ਆਪਣੀ ਨੇੜਲੀ ਵਿਰੋਧੀ ਪਾਰਟੀ ਕਾਂਗਰਸ ਤੋਂ ਪੰਜ ਗੁਣਾਂ ਅਮੀਰ ਪਾਰਟੀ ਬਣ ਗਈ, ਜਿਸ ਦੀ ਕਮਾਈ ਵਿਚ 14 ਫੀਸਦੀ ਦੀ ਗਿਰਾਵਟ ਆਈ। ਛੋਟੀਆਂ ਪਾਰਟੀਆਂ ਦਿਵਾਲੀਆ ਹੋ ਗਈਆਂ। ਮਹੱਤਵਪੂਰਨ ਰਾਜ ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਜਿੱਤ ਮਿਲੀ ਤੇ 2019 ਦੀ ਆਮ ਚੋਣ ਉਸ ਦੇ ਲਈ ਫਰਾਰੀ ਕਾਰ ਤੇ ਪੁਰਾਣੀ ਸਾਈਕਲ ਦੀ ਰੇਸ ਵਰਗੀ ਸੋਖੀ ਸਾਬਤ ਹੋਈ। ਇਸ ਪਿਛੇ ਕਾਰਨ ਇਹ ਹੈ ਕਿ ਇਹ ਚੋਣਾਂ ਮਾਇਆ ਦੀ ਸ਼ਕਤੀ ਦੇ ਸਿਰ 'ਤੇ ਲੜੀਆਂ ਗਈਆਂ ਤੇ ਸੱਤਾ ਤੇ ਪੂੰਜੀ ਇਕ ਹੀ ਸਿੱਕੇ ਦੇ ਦੋ ਪਹਿਲੂ ਦੀ ਤਰ੍ਹਾਂ ਭਾਜਪਾ ਨੇ ਸਿਰਜ ਦਿੱਤੇ। ਇਸ ਤੋਂ ਜਾਪਦਾ ਹੈ ਕਿ ਨੇੜਲੇ ਭਵਿੱਖ ਵਿਚ ਮੁਕਤ ਅਤੇ ਨਿਰਪੱਖ ਚੋਣਾਂ ਨਹੀਂ ਹੋਣਗੀਆਂ।

ਮੋਦੀ ਦੇ ਦੂਸਰੇ ਕਾਰਜਕਾਲ ਵਿਚ ਸੰਘ ਪਰਿਵਾਰ ਨੇ ਆਪਣੀ ਖੇਡ ਨੂੰ ਪਹਿਲਾਂ ਤੋਂ ਜ਼ਿਆਦਾ ਵੱਡਾ ਬਣਾ ਲਿਆ। ਹੁਣ ਇਹ ਸੰਗਠਨ ਇਕ ਸ਼ੈਡੋ ਸਟੇਟ ਜਾਂ ਸਮਾਨਾਂਤਰ ਸਰਕਾਰ ਨਹੀਂ, ਬਲਕਿ ਅਸਲੀ ਸਟੇਟ ਹੈ। ਦਿਨ-ਬ- ਦਿਨ ਸਾਡੇ ਕੋਲ ਅਦਾਲਤਾਂ, ਮੀਡੀਆ, ਪੁਲੀਸ, ਖੁਫੀਆ ਏਜੰਸੀਆਂ ਉੱਪਰ ਸੰਘੀ ਕੰਟਰੋਲ ਦੇ ਉਦਾਹਰਣ ਸਾਹਮਣੇ ਆ ਰਹੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਸੰਘ ਸੁਰੱਖਿਆ ਦਸਤਿਆਂ ਵਿਚ ਵੀ ਕਿਸੇ ਹੱਦ ਤੱਕ ਪ੍ਰਭਾਵ ਰੱਖਦਾ ਹੈ। ਵਿਦੇਸ਼ੀ ਕੂਟਨੀਤਕ ਤੇ ਰਾਜਨੀਤਕ ਇਸ ਦੇ ਨਾਗਪੁਰ ਸਥਿਤ ਹੈਡਕੁਆਰਟਰ ਵਿਚ ਜਾ ਕੇ ਬਾ-ਅਦਬ ਹਾਜ਼ਰੀ ਲਗਾਉਂਦੇ ਹਨ। ਚਾਰ ਸੌ ਤੋਂ ਜ਼ਿਆਦਾ ਟੀਵੀ ਸਮਾਚਾਰ ਚੈਨਲਾਂ, ਲੱਖਾਂ ਵਟਸਐਪ ਗਰੁੱਪਾਂ ਤੇ ਟਿਕ ਟਾਕ ਵੀਡੀਓ ਨੇ ਜਨਤਾ ਨੂੰ ਮੋਦੀ ਪੂਜਾ, ਹਿੰਦੀ, ਹਿੰਦੂ ਤੇ ਹਿੰਦੁਸਤਾਨ ਦੇ ਨਸ਼ੇ ਵਿਚ ਡੋਬ ਕੇ ਰੱਖਿਆ ਹੋਇਆ ਹੈ।
ਤਿੰਨ ਨਵੰਬਰ ਨੂੰ ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਦੁਨੀਆਂ ਦੇ ਸਭ ਤੋਂ ਮਹੱਤਵਪੂਰਨ ਕਹੇ ਜਾ ਰਹੇ ਮਾਮਲੇ 'ਤੇ ਫੈਸਲਾ ਸੁਣਾਇਆ। 6 ਦਸੰਬਰ 1992 ਨੂੰ ਅਯੁੱਧਿਆ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਭਾਜਪਾ ਨੇਤਾਵਾਂ ਦੀ ਅਗਵਾਈ ਵਿਚ ਭਗਵੇਂਵਾਦੀਆਂ ਦੀ ਹਿੰਸਕ ਭੀੜ ਨੇ ਸਾਢੇ ਚਾਰ ਸੌ ਸਾਲ ਪੁਰਾਣੀ ਇਕ ਮਸਜਿਦ ਨੂੰ ਢਹਿ ਢੇਰੀ ਕਰ ਦਿੱਤਾ। ਇਨ੍ਹਾਂ ਦਾ ਦਾਅਵਾ ਸੀ ਕਿ ਇਹ ਮਸਜਿਦ ਬਾਬਰੀ ਮਸਜਿਦ ਇਕ ਮੰਦਰ ਦੇ ਖੰਡਹਰਾਂ 'ਤੇ ਬਣਾਈ ਗਈ ਸੀ, ਜੋ ਭਗਵਾਨ ਰਾਮ ਚੰਦਰ ਦਾ ਜਨਮ ਸਥਾਨ ਸੀ। ਮਸਜਿਦ ਢਾਹੇ ਜਾਣ ਦੇ ਬਾਅਦ ਹੋਈ ਫਿਰਕੂ ਹਿੰਸਾ ਵਿਚ ਦੋ ਹਜ਼ਾਰ ਤੋਂ ਜ਼ਿਆਦਾ ਮੁਸਲਮਾਨ ਮਾਰੇ ਗਏ। ਨੌ ਨਵੰਬਰ ਦੇ ਫੈਸਲੇ ਵਿਚ ਅਦਾਲਤ ਨੇ ਕਿਹਾ ਕਿ ਕਾਨੂੰਨੀ ਤੌਰ 'ਤੇ ਮੁਸਲਮ ਮਸਜਿਦ 'ਤੇ ਆਪਣਾ ਇਕੋ ਇਕ ਨਿਰੰਤਰ ਮਾਲਕੀ ਹੱਕ ਸਾਬਤ ਨਹੀਂ ਕਰ ਸਕੇ। ਅਦਾਲਤ ਨੇ ਇਸ ਸਥਾਨ ਨੂੰ ਇਕ ਟਰੱਸਟ ਦੇ ਹਵਾਲੇ ਕਰ ਦਿੱਤਾ। ਇਸ ਦਾ ਗਠਨ ਭਾਜਪਾ ਸਰਕਾਰ ਕਰੇਗੀ ਤੇ ਇਸ ਨੂੰ ਮੰਦਰ ਬਣਾਉਣ ਦਾ ਜ਼ਿੰਮਾ ਸੌਂਪ ਦਿੱਤਾ। ਫੈਸਲੇ ਦਾ ਵਿਰੋਧ ਕਰਨ ਵਾਲੇ ਲੋਕਾਂ ਦੀਆਂ ਵੱਡੇ ਪੱਧਰ 'ਤੇ ਗ੍ਰਿਫ਼ਤਾਰੀਆਂ ਹੋਈਆਂ। ਹਿੰਦੂ ਪ੍ਰੀਸ਼ਦ ਨੇ ਆਪਣੇ ਪੁਰਾਣੇ ਬਿਆਨ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਕਿ ਹੁਣ ਉਹ ਦੂਸਰੀਆਂ ਮਸਜਿਦਾਂ 'ਤੇ ਦਾਅਵਾ ਕਰੇਗੀ। ਇਹ ਇਕ ਖਤਰਨਾਕ ਅੰਤਹੀਣ ਮੁਹਿੰਮ ਬਣ ਸਕਦੀ ਹੈ।

ਮਾਇਆ ਦਾ ਪ੍ਰਭਾਵ ਤੇ ਭਗਵਾਂ ਫਾਸ਼ੀਵਾਦ
ਬੇਸ਼ੁਮਾਰ ਮਾਇਆ ਤੇ ਫੰਡ ਦੇ ਰਾਹੀਂ ਭਾਜਪਾ ਨੇ ਆਪਣੇ ਵਿਰੋਧੀਆਂ ਨੂੰ ਆਪਣੇ ਨਾਲ ਮਿਲਾਇਆ, ਖਰੀਦਿਆ ਜਾਂ ਕੁਚਲ ਦਿੱਤਾ। ਇਸ ਦਾ ਸਭ ਤੋਂ ਵੱਡਾ ਨੁਕਸਾਨ ਉੱਤਰ ਪ੍ਰਦੇਸ਼ ਤੇ ਬਿਹਾਰ ਵਿਚ ਦਲਿਤ ਤੇ ਦੂਸਰੀਆਂ ਅਧਿਕਾਰਹੀਣ ਜਾਤੀਆਂ ਦੇ ਆਧਾਰ ਵਾਲੀਆਂ ਪਾਰਟੀਆਂ ਨੂੰ ਹੋਇਆ। ਇਨ੍ਹਾਂ ਪਾਰਟੀਆਂ (ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਜਨਤਾ ਦਲ ਤੇ ਸਮਾਜਵਾਦੀ ਪਾਰਟੀ) ਦੇ ਪਰੰਪਰਿਕ ਸਮਰਥਕਾਂ ਦਾ ਵੱਡਾ ਹਿੱਸਾ ਭਾਜਪਾ ਵਿਚ ਸ਼ਾਮਲ ਹੋ ਗਿਆ। ਇਸ ਨੂੰ ਹਾਸਲ ਕਰਨ ਦੇ ਲਈ ਭਾਜਪਾ ਨੇ ਦਲਿਤ ਤੇ ਪੱਛੜੀ ਜਾਤੀਆਂ ਦੇ ਅੰਦਰ ਮੌਜੂਦ ਜਾਤੀ ਦੀ ਊਚ-ਨੀਚ ਦਾ ਫਾਇਦਾ ਉਠਾਇਆ ਹੈ। ਇਨ੍ਹਾਂ ਜਾਤੀਆਂ ਦੇ ਅੰਦਰ ਊਚ-ਨੀਚ ਦਾ ਆਪਣਾ ਹੀ ਇਕ ਬ੍ਰਹਿਮੰਡ ਹੈ। ਜਾਤੀ ਦੇ ਬਾਰੇ ਭਾਜਪਾ ਦੀ ਡੂੰਘਾ ਤੇ ਸਾਜ਼ਿਸ਼ੀ ਸਮਝ ਅਤੇ ਆਵਾਰਾ ਪੂੰਜੀ ਨੇ ਜਾਤੀ ਰਾਜਨੀਤੀ ਦੇ ਪੁਰਾਣੇ ਚੁਣਾਵੀ ਸਮੀਕਰਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।

ਦੇਸ਼ ਧ੍ਰੋਹੀ ਖਲਨਾਇਕਾਂ ਦੀ ਇਕ ਹੋਰ ਸ਼੍ਰੇਣੀ ਜਿਸ ਵਿਚ ਮਨੁੱਖੀ ਅਧਿਕਾਰ ਸੰਗਠਨ, ਵਕੀਲ, ਵਿਦਿਆਰਥੀ, ਅਧਿਆਪਕ ਤੇ 'ਸ਼ਹਿਰੀ ਨਕਸਲਵਾਦੀ' ਆਉਂਦੇ ਹਨ। ਇਨ੍ਹਾਂ ਲੋਕਾਂ ਨੂੰ ਬਦਨਾਮ ਕੀਤਾ ਗਿਆ, ਜੇਲ੍ਹਾਂ ਵਿਚ ਸੁੱਟਿਆ ਗਿਆ ਤੇ ਕਾਨੂੰਨੀ ਮਾਮਲਿਆਂ ਵਿਚ ਫਸਾ ਦਿੱਤਾ ਗਿਆ। ਦਲਿਤ ਤੇ ਪੱਛੜੀ ਜਾਤੀ ਦੇ ਵੋਟਾਂ ਨੂੰ ਆਪਣੇ ਪਾਸੇ ਆਕਰਸ਼ਿਤ ਕਰ ਲੈਣ ਤੋਂ ਬਾਅਦ ਭਾਜਪਾ ਨੇ ਸਿੱਖਿਆ ਤੇ ਸਿਹਤ ਖੇਤਰਾਂ ਦੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਇਆ ਗਿਆ ਤੇ ਉਹ ਤੇਜੀ ਦੇ ਨਾਲ ਰਾਖਵਾਂਕਰਨ ਤੋਂ ਮਿਲਣ ਵਾਲੇ ਫਾਇਦਿਆਂ ਨੂੰ ਖਤਮ ਕਰ ਰਹੀ ਹੈ। ਉਹ ਪੱਛੜੀ ਜਾਤੀ ਦੇ ਲੋਕਾਂ ਨੂੰ ਰੁਜ਼ਗਾਰ ਤੇ ਸਿੱਖਿਆ ਸੰਸਥਾਵਾਂ ਤੋਂ ਬਾਹਰ ਕਰ ਰਹੀ ਹੈ। ਇਸ ਵਿਚਾਲੇ ਰਾਸ਼ਟਰੀ ਅਪਰਾਧ ਰਿਕਾਰਡ ਬਿਉਰੋ ਤੋਂ ਪਤਾ ਚੱਲਦਾ ਹੈ ਕਿ ਦਲਿਤਾਂ ਦੇ ਖਿਲਾਫ਼ ਅੱਤਿਆਚਾਰ ਕਈ ਗੁਣਾਂ ਵਧ ਚੁੱਕੇ ਹਨ, ਜਿਸ ਵਿਚ ਮੌਬ ਲਿਚਿੰਗ, ਖੁੱਲ੍ਹੇਆਮ ਕੁੱਟਮਾਰ ਤੇ ਬਲਾਤਕਾਰ ਸ਼ਾਮਲ ਹਨ। ਇਸ ਸਾਲ ਸਤੰਬਰ ਵਿਚ ਜਦ ਗੇਟਰਸ ਫਾਊਡੇਸ਼ਨ ਨੇ ਮੋਦੀ ਨੂੰ ਭਾਰਤ ਨੂੰ ਖੁੱਲ੍ਹੇ ਵਿਚ ਸ਼ੌਚ ਮੁਕਤ ਕਰਨ ਦੇ ਲਈ ਸਨਮਾਨਿਤ ਕੀਤਾ, ਉਸ ਵਕਤ ਖੁਲ੍ਹੇ ਵਿਚ ਸ਼ੌਚ ਕਰਨ ਦੇ ਲਈ ਦੋ ਦਲਿਤ ਬੱਚੀਆਂ ਨੂੰ ਮਾਰ ਦਿੱਤਾ ਗਿਆ। ਕਿਸੇ ਪ੍ਰਧਾਨ ਮੰਤਰੀ ਨੂੰ ਸਫਾਈ ਦੇ ਲਈ ਸਨਮਾਨਿਤ ਕਰਨਾ ਜਦ ਕਿ ਲੱਖਾਂ ਦਲਿਤ ਅਜੇ ਵੀ ਹੱਥਾਂ ਵਿਚ ਕੂੜਾ ਚੁੱਕ ਰਹੇ ਹਨ ਤਾਂ ਇਹ ਜਮਹੂਰੀਅਤ ਨਾਲ ਵੱਡਾ ਮਜ਼ਾਕ ਹੈ।

ਧਾਰਮਿਕ ਘੱਟ ਗਿਣਤੀਆਂ ਤੇ ਖੁੱਲ੍ਹੇ ਆਮ ਹਮਲਿਆਂ ਤੋਂ ਇਲਾਵਾ ਅੱਜ ਅਸੀਂ ਜਿਸ ਸਥਿਤੀ ਵਿਚੋਂ ਗੁਜਰ ਰਹੇ ਹਾਂ, ਉਹ ਇਹ ਹੈ ਵਰਗ ਅਤੇ ਜਾਤੀ ਯੁੱਧ ਭਿਅੰਕਰ ਰੂਪ ਵਿਚ ਪ੍ਰਗਟ ਹੋ ਰਿਹਾ ਹੈ। 26 ਸਤੰਬਰ 2019 ਨੂੰ ਭਾਰਤ ਵਾਲੇ ਕਸ਼ਮੀਰ ਦੇ ਸ੍ਰੀਨਗਰ ਵਿਚ ਕਸ਼ਮੀਰੀ ਮਰਦਾਂ ਨੇ ਜਲੂਸ ਕੱਢਿਆ। ਇਸ ਦੌਰਾਨ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਤੇ ਵਿਸ਼ਵ ਨੇਤਾਵਾਂ ਤੋਂ ਭਾਰਤ ਸਰਕਾਰ ਦੇ 5 ਅਗਸਤ ਦੇ ਫੈਸਲੇ ਦਾ ਵਿਰੋਧ ਕਰਨ ਦੀ ਅਪੀਲ ਕੀਤੀ, ਜਿਸ ਦੇ ਤਹਿਤ ਜੰਮੂ-ਕਸ਼ਮੀਰ ਤੋਂ ਖੁਦਮੁਖਤਿਆਰੀ 370 ਧਾਰਾ ਨੂੰ ਖੋਹ ਲਿਆ ਗਿਆ। ਵਿਸ਼ਵ ਭਰ ਦੇ ਨੇਤਾ ਕੁਝ ਮਹੀਨੇ ਪਹਿਲਾਂ ਸੰਯੁਕਤ ਰਾਸ਼ਟਰ ਮਹਾਂ ਸਭਾ ਮੀਟਿੰਗ ਦੇ ਲਈ ਇਕੱਠੇ ਹੋਏ, ਜੋ 30 ਸਤੰਬਰ ਤੱਕ ਚੱਲਣਾ ਸੀ। ਇਸ ਦੌਰਾਨ ਕਸ਼ਮੀਰੀ ਮਰਦਾਂ ਨੇ ਮਸ਼ਾਲਾਂ ਨਾਲ ਜਲੂਸ ਕੱਢਿਆ, ਨਾਅਰੇਬਾਜ਼ੀ ਕੀਤੀ ਤੇ ਆਪਣੇ ਅਧਿਕਾਰਾਂ ਦੀ ਮੰਗ ਕੀਤੀ। ਇੱਥੇ ਜ਼ਿਕਰਯੋਗ ਹੈ ਕਿ 5 ਅਗਸਤ 2019 ਦੌਰਾਨ ਭਾਰਤੀ ਸੰਸਦ 'ਇਨਸਟੂਮੈਂਟ ਆਫ ਇਕਸੇਸ਼ਨ' ਦੀਆਂ ਉਨ੍ਹਾਂ ਬੁਨਿਆਦੀ ਸ਼ਰਤਾਂ ਨੂੰ ਇਕਪਾਸੜ ਤੌਰ 'ਤੇ ਤੋੜ ਦਿੱਤਾ, ਜਿਸ ਦੇ ਆਧਾਰ 'ਤੇ 1947 ਦੌਰਾਨ ਜੰਮੂ ਤੇ ਕਸ਼ਮੀਰ ਦੀ ਸਾਬਕਾ ਰਿਆਸਤ ਭਾਰਤ ਵਿਚ ਸ਼ਾਮਲ ਹੋਣ ਦੇ ਲਈ ਤਿਆਰ ਹੋਈ ਸੀ। ਸੰਸਦ ਨੇ ਜੰਮੂ-ਕਸ਼ਮੀਰ ਤੋਂ ਰਾਜ ਦਾ ਦਰਜਾ ਤੇ ਉਸ ਖਾਸ ਹੈਸੀਅਤ ਨੂੰ ਖੋਹ ਲਿਆ, ਜਿਸ ਵਿਚ ਰਾਜ ਨੂੰ ਆਪਣਾ ਸੰਵਿਧਾਨ ਤੇ ਆਪਣਾ ਝੰਡਾ ਰੱਖਣ ਦਾ ਅਧਿਕਾਰ ਵੀ ਸ਼ਾਮਲ ਸੀ। ਰਾਜ ਦਾ ਦਰਜਾ ਖੋਹ ਲੈਣ ਦਾ ਇਕ ਮਤਲਬ ਇਹ ਵੀ ਹੈ ਕਿ ਭਾਰਤੀ ਸੰਵਿਧਾਨ ਦੀ ਧਾਰਾ 35-ਏ ਨੂੰ ਖਤਮ ਕਰ ਦਿੱਤਾ ਜਾਣਾ, ਜਿਸ ਵਿਚ ਇਸ ਜੰਮੂ-ਕਸ਼ਮੀਰ ਦੇ ਰਾਜ ਦੇ ਲੋਕਾਂ ਨੂੰ ਉਹ ਅਧਿਕਾਰ ਤੇ ਵਿਸ਼ੇਸ਼ ਅਧਿਕਾਰ ਹਾਸਲ ਸਨ, ਜੋ ਉਨ੍ਹਾਂ ਨੂੰ ਆਪਣੇ ਰਾਜ ਦਾ ਪ੍ਰਬੰਧਕ ਬਣਾਉਂਦੇ ਸਨ। ਇਸ ਦੀ ਤਿਆਰੀ ਦੇ ਤੌਰ 'ਤੇ ਸਰਕਾਰ ਨੇ  ਇੱਥੇ ਪਹਿਲਾਂ ਤੋਂ ਹੀ ਮੌਜੂਦ ਹਜ਼ਾਰਾਂ ਫੌਜੀਆਂ ਦੇ ਇਲਾਵਾ 50 ਹਜ਼ਾਰ ਫੌਜੀ ਹੋਰ ਤੈਨਾਤ ਕਰ ਦਿੱਤੇ।

4 ਅਗਸਤ ਦੀ ਰਾਤ ਨੂੰ ਕਸ਼ਮੀਰ ਘਾਟੀ ਦੇ ਯਾਤਰੂਆਂ ਤੇ ਤੀਰਥ ਯਾਤਰੀਆਂ ਨੂੰ ਕੱਢ ਦਿੱਤਾ ਗਿਆ। ਸਕੂਲਾਂ ਤੇ ਬਜ਼ਾਰਾਂ ਨੂੰ ਬੰਦ ਕਰ ਦਿੱਤਾ ਗਿਆ। 4 ਹਜ਼ਾਰ ਤੋਂ ਜ਼ਿਆਦਾ ਕਸ਼ਮੀਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਲੋਕਾਂ ਵਿਚ ਸਿਆਸਤਦਾਨ, ਕਾਰੋਬਾਰੀ, ਵਕੀਲ, ਸਥਾਨਕ ਨੇਤਾ, ਵਿਦਿਆਰਥੀ ਤੇ ਤਿੰਨ ਸਾਬਕਾ ਮੁੱਖ ਮੰਤਰੀ ਸ਼ਾਮਲ ਸਨ। ਕਸ਼ਮੀਰ ਦਾ ਸਾਰਾ ਰਾਜਨੀਤਕ ਵਰਗ ਜਿਸ ਵਿਚ ਭਾਰਤ ਦੇ ਪ੍ਰਤੀ ਵਫਾਦਾਰ ਲੋਕ ਸ਼ਾਮਲ ਸਨ, ਸਭ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੱਧੀ ਰਾਤ ਨੂੰ ਇੰਟਰਨੈੱਟ ਬੰਦ ਕਰ ਦਿੱਤਾ ਤੇ ਟੈਲੀਫੋਨ ਖਾਮੋਸ਼ ਹੋ ਗਏ।

ਰਾਜਨੀਤਕ ਪਾਖੰਡ ਨੂੰ ਮਜ਼ਬੂਤ ਬਣਾਉਣ ਦੇ ਲਈ ਸੰਘ ਪਰਿਵਾਰ ਅਤੇ ਭਾਜਪਾ ਦੀ ਇਕ ਖਾਸ ਰਣਨੀਤੀ ਲੰਮੇ ਸਮੇਂ ਤੱਕ ਬੜੀ ਤੇਜ਼ੀ ਨਾਲ ਚੱਲ ਰਹੀ ਹੈ। ਇਨ੍ਹਾਂ ਲੋਕਾਂ ਦੀ ਰਸੋਈ ਵਿਚ ਧੀਮੀ ਅੱਗ ਦੇ ਰੱਖੇ ਹੋਏ ਬਹੁਤ ਸਾਰੇ ਕੜਾਹੇ ਤਿਆਰ ਹਨ, ਜਿਨ੍ਹਾਂ ਵਿਚ ਜ਼ਰੂਰਤ ਪੈਣ 'ਤੇ ਤੁਰੰਤ ਉਬਾਲ ਲਿਆਂਦਾ ਜਾ ਸਕਦਾ ਹੈ। ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਜਾਣਾ ਪੂਰੇ ਭਾਰਤ ਵਿਚ ਐਨਆਰਸੀ ਲਾਗੂ ਕਰਨ ਦਾ ਵਾਅਦਾ ਅਯੁਧਿਆ ਵਿਚ ਬਾਬਰੀ ਮਸਜਿਦ ਦੇ ਢਹਿ ਢੇਰੀ ਹੋਣ ਤੋਂ ਬਾਅਦ ਰਾਮ ਮੰਦਰ ਦਾ ਨਿਰਮਾਣ ਸੰਘ ਪਰਿਵਾਰ ਤੇ ਭਾਜਪਾ ਦੀ ਰਸੋਈ ਵਿਚ ਚੁੱਲ੍ਹਿਆਂ 'ਤੇ ਚੜ੍ਹਾਏ ਹੋਏ ਕੜਾਹੇ ਹਨ। ਇਸ ਵਿਚ ਬੱਸ ਏਨਾ ਹੀ ਕਰਨਾ ਹੈ ਕਿ ਫੜ-ਫੜਾਉਂਦੀ ਭਾਵਨਾ ਨੂੰ ਬਲਦੀ ਤੀਲੀ ਦਿਖਾਉਣ ਦੇ ਲਈ ਇਕ ਦੁਸ਼ਮਣ ਨੂੰ ਟਾਰਗੇਟ ਕਰਨਾ ਤੇ ਜੰਗ ਦੇ ਕੁੱਤਿਆਂ ਨੂੰ ਉਨ੍ਹਾਂ 'ਤੇ ਛੱਡ ਦੇਣਾ ਹੈ। ਇਨ੍ਹਾਂ ਦੇ ਕਈ ਦੁਸ਼ਮਣ ਹਨ : ਪਾਕਿਸਤਾਨੀ ਜੇਹਾਦੀ, ਕਸ਼ਮੀਰੀ ਅੱਤਵਾਦੀ, ਬੰਗਲਾਦੇਸੀ ਘੁਸਪੈਠੀਏ ਤੇ ਭਾਰਤ ਦੇ ਤਕਰੀਬਨ 20 ਕਰੋੜ ਮੁਸਲਮਾਨ, ਜਿਨ੍ਹਾਂ 'ਤੇ ਕਿਸੇ ਵਕਤ ਦੇਸ ਦੇ ਗੱਦਾਰ ਤੇ ਪਾਕਿਸਤਾਨ ਦੇ ਸਮਰਥਕ ਹੋਣ ਦਾ ਦੋਸ਼ ਲਗਾਇਆ ਜਾ ਸਕਦਾ ਹੈ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।