ਪੰਜਾਬੀ ਦੀ ਸਾਂਝ ਦਾਣੇ ਭੁੰਨਣ ਵਾਲੀ ਭੱਠੀਆਂ 

ਪੰਜਾਬੀ ਦੀ ਸਾਂਝ ਦਾਣੇ ਭੁੰਨਣ ਵਾਲੀ ਭੱਠੀਆਂ 
ਕੜਾਹੀ ਵਿੱਚ ਰੇਤ ਗਰਮ ਕਰ ਕੇ ਉਸ ਵਿੱਚ ਦਾਣੇ ਸੁੱਟ ਦਾਤੀ ਨਾਲ ਹਿਲਾ ਹਿਲਾ ਕੇ ਦਾਣਿਆਂ ਨੂੰ ਰਾੜ੍ਹ ਲਿਆ ਜਾਂਦਾ ਹੈ
 
ਬਹੁਤਾ ਸਮਾਂ ਤਾਂ ਨਹੀਂ ਹੋਇਆ ਫਿਰ ਵੀ ਉਸ ਸਮੇਂ ਨੂੰ ਪੁਰਾਣਾ ਹੀ ਕਹਾਂਗੇ ਜਦੋਂ ਪਿੰਡ ਵਿੱਚ ਭੱਠੀ ਵਾਲਾ ਸਥਾਨ ਪਿੰਡ ਦੇ ਲੋਕ ਜੀਵਨ ਵਿੱਚ ਕੇਂਦਰੀ ਸਥਾਨ ਹੁੰਦਾ ਸੀ। ਸੱਥਾਂ ਅਤੇ ਖੂਹਾਂ ’ਤੇ ਲੱਗਣ ਵਾਲੀਆਂ ਰੌਣਕਾਂ ਵਾਂਗ ਭੱਠੀ ’ਤੇ ਵੀ ਖ਼ੂਬ ਰੌਣਕਾਂ ਲੱਗਦੀਆਂ ਸਨ।ਭੱਠੀ ਸਾਂਝੇ ਪੰਜਾਬ ਅਤੇ ਉਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਪਿੰਡਾਂ ਤੇ ਸ਼ਹਿਰਾਂ ਨਾਲ ਜੁੜੀ ਇੱਕ ਅਹਿਮ ਕਿੱਤਾਮੂਲਕ ਅਤੇ ਸੱਭਿਆਚਾਰਕ ਜਗ੍ਹਾ ਸੀ। ਜਦੋਂ ਮਨੁੱਖੀ ਸਮਾਜ ਵਿੱਚ ਭੁੰਨੇ ਦਾਣਿਆਂ ਦਾ ਖਾਣੇ ਦੀ ਇੱਕ ਮਦ ਵਜੋਂ ਪ੍ਰਚਲਣ ਹੋਇਆ ਉਦੋਂ ਤੋਂ ਹੀ ਭੱਠੀ ਨੇ ਆਰਥਿਕ ਤਾਣੇ ਬਾਣੇ ਵਿੱਚ ਆਪਣਾ ਸਥਾਨ ਬਣਾ ਲਿਆ ਸੀ। ਦਾਣੇ ਭੁੰਨਣ ਵਾਲੀ ਭੱਠੀ ਦੀ ਆਪਣੀ ਹੀ ਮਹੱਹਤਾ ਹੁੰਦੀ ਸੀ।  ਨਿਆਣੇ, ਸਿਆਣੇ, ਗੱਭਰੂ, ਅਤੇ ਮੁਟਿਆਰਾਂ ਦੁਪਿਹਰ ਢਲਦਿਆਂ  ਮੱਕੀ ਦੇ ਦਾਣੇ ਅਤੇ ਹੋਰ ਤਰਾਂ ਤਰਾਂ ਦੇ ਅਨਾਜਾਂ ਦੇ ਦਾਣੇ ਲੈ ਕੇ ਭੱਠੀ ਉੱਤੇ ਭਨਾਉਣ ਲਈ ਭੀੜ ਬਣਦੇ  ਸਨ,ਹਰ ਸ਼ਾਮ  ਭਾਗਾਂ ਵਾਲੀ ਹੁੰਦੀ ਸੀ ਭੱਠੀ ਦੀ ਰੌਣਕ ਬਣੀ ਰਹਿੰਦੀ ਸੀ। ਪੁਰਾਣੇ ਸਮਿਆਂ  ਵਿੱਚ ਭੁੰਨ ਕੇ ਖਾਣ ਵਾਲਾ ਆਨਾਜ  ਮੱਕੀ, ਛੋਲੇ,ਜੌਂ ,ਕਣਕ , ਬਾਜਰਾ ਆਦਿ ਹੀ ਲੋਕਾਂ ਲਈ ਖਾਣ ਦਾ ਮੁੱਖ ਪਦਾਰਥ ਹੁੰਦਾ ਸੀ। 
   ਬਹੁਤਾ ਸਮਾਂ ਤਾਂ ਨਹੀਂ ਹੋਇਆ ਫਿਰ ਵੀ ਉਸ ਸਮੇਂ ਨੂੰ ਪੁਰਾਣਾ ਹੀ ਕਹਾਂਗੇ ਜਦੋਂ ਪਿੰਡ ਵਿੱਚ ਭੱਠੀ ਵਾਲਾ ਸਥਾਨ ਪਿੰਡ ਦੇ ਲੋਕ ਜੀਵਨ ਵਿੱਚ ਕੇਂਦਰੀ ਸਥਾਨ ਹੁੰਦਾ ਸੀ। ਸੱਥਾਂ ਅਤੇ ਖੂਹਾਂ ’ਤੇ ਲੱਗਣ ਵਾਲੀਆਂ ਰੌਣਕਾਂ ਵਾਂਗ ਭੱਠੀ ’ਤੇ ਵੀ ਖ਼ੂਬ ਰੌਣਕਾਂ ਲੱਗਦੀਆਂ ਸਨ। ਭੱਠੀ ਜਿਵੇਂ ਇਸਦੇ ਨਾਂ ਤੋਂ ਹੀ ਸਪੱਸ਼ਟ ਹੈ ਤੰਦੂਰ ਵਾਂਗ ਅੱਗ ਬਾਲਣ/ਭਖਾਉਣ ਵਾਲਾ ਗੋਲਾਕਾਰ ਚੈਂਬਰ ਹੁੰਦਾ ਸੀ ਜਿਸਦਾ ਲਗਪਗ ਅੱਧਾ ਹਿੱਸਾ ਜ਼ਮੀਨ ਦੀ ਧਰਾਤਲ ਤੋਂ ਹੇਠਾਂ ਹੁੰਦਾ ਸੀ। ਭੱਠੀ ਦਾ ਮੂੰਹ ਜ਼ਮੀਨ ਦੀ ਸਤ੍ਹਾ ਤੋਂ ਮਾਮੂਲੀ ਜਿਹਾ ਉੱਚਾ ਜਾਂ ਬਰਾਬਰ ਰੱਖਿਆ ਜਾਂਦਾ ਸੀ ਜਿਸ ਉੱਤੇ ਕੜਾਹੀ ਟਿਕਾਈ ਜਾਂਦੀ ਸੀ। ਕੜਾਹੀ ਨੂੰ ਭੱਠੀ ਦੇ ਮੂੰਹ ’ਤੇ ਟਿਕਾ ਕੇ ਵਿੱਚ ਵਿਚਾਲੇ ਨਜ਼ਰ ਆਉਂਦੀਆਂ ਝੀਥਾਂ ਨੂੰ ਗਿੱਲੀ ਚੀਕਣੀ ਮਿੱਟੀ ਨਾਲ ਭਰ ਕੇ ਬੰਦ ਕਰ ਲਿਆ ਜਾਂਦਾ ਸੀ। ਅਜਿਹਾ ਕਰਨ ਨਾਲ ਭੱਠੀ ਵਿੱਚ ਬਲਦੀ ਅੱਗ ਤੇ ਉਸ ਦਾ ਸੇਕ ਅਜਾਈਂ ਨਹੀਂ ਸੀ ਜਾਂਦਾ। ਧੂੰਏਂ ਅਤੇ ਪੈਦਾ ਹੋਣ ਵਾਲੀਆਂ ਗੈਸਾਂ ਦੀ ਨਿਕਾਸੀ ਲਈ ਭੱਠੀ ਦੇ ਇੱਕ ਸਿਰੇ ’ਤੇ ਇੱਕ ਲੂੰਬੀ ਨਿਕਾਸੀ ਰਾਹ ਰੱਖ ਲਈ ਜਾਂਦੀ ਸੀ। ਭੱਠੀ ਵਿੱਚ ਬਾਲਣ ਵਾਸਤੇ ਸੁੱਕੇ ਬਾਲਣ ਦਾ ਪ੍ਰਬੰਧ ਕਰਨਾ ਜ਼ਰੂਰੀ ਹੁੰਦਾ ਸੀ। ਭੱਠੀ ਵਿੱਚ ਅੱਗ ਬਾਲਣ ਵਾਸਤੇ ਉਸ ਵਿੱਚ ਬਾਲਣ ਝੋਖਣ ਲਈ ਬਣਾਏ ਰਾਹ ਰਾਹੀਂ ਘਾਹ ਫੂਸ, ਸੁੱਕੇ ਪੱਤਿਆਂ, ਸੁੱਕੀਆਂ ਟਾਹਣੀਆਂ, ਛਿਟੀਆਂ, ਨਾੜਾਂ, ਸਰਕੰਡਿਆਂ, ਕਾਨਿਆਂ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਸੀ। ਭਠਿਆਰਨ ਨੂੰ ਅਜਿਹੀ ਬਾਲਣ ਸਮੱਗਰੀ ਦਾ ਅਗਾਊਂ ਪ੍ਰਬੰਧ ਕਰਨਾ ਪੈਂਦਾ ਸੀ। ਬਾਲਣ ਤੋਂ ਇਲਾਵਾ ਕੜਾਹੀ, ਮੋਟੀ ਰੇਤ, ਛਾਣਨੀ, ਦਾਤਰੀ, ਭੱਜਾ ਕੁੱਜਾ, ਬੈਠਣ ਲਈ ਬੋਰੀਆਂ, ਭੱਠੀ ਵਿੱਚ ਪਾਏ ਬਾਲਣ ਨੂੰ ਹਿਲਾਉਣ ਤੇ ਰੁਖ਼ ਸਿਰ ਕਰਨ ਲਈ ਲੰਬੀ ਛੜੀ ਆਦਿ ਸੰਦ ਭਠਿਆਰਨ ਕੋਲ ਹੁੰਦੇ ਸਨ।
ਭੱਠੀ ਤੇ ਦਾਣੇ ਭੁੰਨਣ ਦਾ ਕੰਮ ਆਮ ਤੌਰ 'ਤੇ ਮਹਿਰਾ ਪਰਵਾਰ ਦੀ ! ਔਰਤ ਕਰਦੀ ਹੈ, ਜਿਸ ਨੂੰ ਭੱਠੀ ਵਾਲੀ ਜਾਂ ਭਠਿਆਰਨ ਕਹਿੰਦੇ ਹਨ। ਕੜਾਹੀ ਵਿੱਚ ਰੇਤ ਗਰਮ ਕਰ ਕੇ ਉਸ ਵਿੱਚ ਦਾਣੇ ਸੁੱਟ ਦਾਤੀ ਨਾਲ ਹਿਲਾ ਹਿਲਾ ਕੇ ਦਾਣਿਆਂ ਨੂੰ ਰਾੜ੍ਹ ਲਿਆ ਜਾਂਦਾ ਹੈ।ਭੱਠੀ ਵਿੱਚ ਦਾਣੇ ਪਾਉਣ ਤੋਂ ਪਹਿਲਾਂ ਭਠਿਆਰਨ ਭਾੜੇ ਵਜੋਂ ‘ਚੁੰਗ ਕੱਢਦੀ,ਫਿਰ ਝਾਰਨੀ ਨਾਲ ਛਾਣ ਕੇ ਦਾਣੇ ਅਤੇ ਰੇਤ ਵੱਖ ਵੱਖ ਕਰ ਲਏ ਜਾਂਦੇ ਹਨ।ਛੋਲਿਆਂ ਦੇ ਦਾਣਿਆਂ ਨੂੰ ਭੁੰਨਣ ਪਿੱਛੋਂ ਉਹ ਵਿੱਚ  ਕੁੱਜਾ ਫੇਰਨਾ ਪੈਂਦਾ । ਇੰਜ ਛੋਲਿਆਂ ਦੇ ਛਿਲਕੇ ਵੀ ਕਾਫ਼ੀ ਹੱਦ ਤਕ ਲਹਿ ਜਾਂਦੇ ਸਨ ਤੇ ਦਾਣੇ ਦੋਫਾੜ ਵੀ ਹੋ ਜਾਂਦੇ ਸਨ। ਵਧੇਰੇ ਕਰਕੇ ਲੋਕ ਛੋਲੇ, ਮੱਕੀ ਦੇ ਸੁੱਕ ਚੁੱਕੇ ਜਾਂ ਪੱਕਣ ਲਈ ਤਿਆਰ ਦਾਣੇ, ਕਣਕ ਦੇ ਦਾਣੇ ਆਦਿ ਨੂੰ ਭੁੰਨਾਉਣਾ ਪਸੰਦ ਕਰਦੇ ਸਨ।ਦਾਣਿਆਂ ਨੂੰ ਕੜਾਹੀ ਵਿੱਚ ਪਾ ਕੇ ਭੁੰਨਣ ਤੋਂ ਪਹਿਲਾਂ ਭੱਠੀ ਵਾਲੀ ਕੱਚੇ ਦਾਣਿਆਂ ਵਿੱਚੋਂ ਦਾਣਿਆਂ ਦੀ ਲੱਪ ਭਰ ਕੇ  ਕੱਢਕੇ ਪਾਸੇ ਰੱਖ ਲੈਂਦੀ ਸੀ ਜਿਸ ਨੂੰ ਭਾੜਾ ਕਹਿੰਦੇ ਸੀ ਜੋ  ਦਾਣੇ ਭੁੰਨਾਉਣ ਦੇ ਬਦਲੇ ਭੱਠੀ ਵਾਲੀ ਨੂੰ ਉਸਦਾ ਮਿਹਨਤਾਨਾ ਦਾਣਿਆਂ ਦੇ ਰੂਪ ਵਿੱਚ ਹੁੰਦਾ ਸੀ।ਉਨ੍ਹਾਂ ਸਮਿਆਂ ਵਿੱਚ ਭਾੜਾ ਪੈਸਿਆਂ ਦੇ ਰੂਪ ਵਿੱਚ ਨਹੀਂ ਸੀ ਦਿੱਤਾ ਜਾਂਦਾ। ਇਕ ਵਾਰ ਕੜਾਹੀ ਵਿਚ ਭੁੱਜ ਜਾਣ ਜੋਗੇ ਦਾਣਿਆਂ ਨੂੰ ਪਰਾਗਾ ਕਿਹਾ ਜਾਂਦਾ ਸੀ। ਇਸੇ ਲਈ ਤਾਂ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਗੀਤ ਵਿਚ ਪਰਾਗੇ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ। 
ਤੈਨੂੰ ਦਿਆਂ ਹੰਝੂਆਂ ਦਾ ਭਾੜਾ,
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
ਭੱਠੀ ਵਾਲੀਏ ਚੰਬੇ ਦੀਏ ਡਾਲੀਏ
ਨੀ ਪੀੜਾਂ ਦਾ ਪਰਾਗਾ ਭੁੰਨ ਦੇ
ਭੱਠੀ ਵਾਲੀਏ ।
 ਪੰਜਾਬੀ ਸੱਭਿਆਚਾਰ ਵਿੱਚ ਭੱਠੀ ਨਾਲ ਸੰਬੰਧੀ ਕੁਝ ਲੋਕ ਗੀਤ ਦਾ  ਜ਼ਿਕਰ ਇਸ ਪ੍ਰਕਾਰ ਹੈ 
 ‘‘ਲੈ ਜਾ ਛੱਲੀਆਂ, ਭੁੰਨਾ ਲਈ ਦਾਣੇ          
ਪੰਜਾਬੀ ਲੋਕ ਜੀਵਨ ਵਿੱਚ ਲੋਹੜੀ ਵਾਲੇ ਦਿਨ ਦਾਣੇ ਭੁੰਨਣ/ਭੁੰਨਾਉਣ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਉਸ ਦਿਨ ਸਵੇਰ ਤੋਂ ਹੀ ਭਠਿਆਰਨ ਭੱਠੀ ਤਪਾ ਕੇ ਦਾਣੇ ਭੁੰਨਣ ਲਈ ਬੈਠ ਜਾਂਦੀ ਸੀ। ਜਿਨ੍ਹਾਂ ਘਰਾਂ ਨੇ ਲੋਹੜੀ ਪਾਉਣੀ ਹੁੰਦੀ ਸੀ, ਉਹ ਸੁਆਣੀਆਂ ਸਵੇਰ ਤੋਂ ਹੀ ਸੁੱਕੀ ਮੱਕੀ ਦੇ ਦਾਣੇ ਭੁੰਨਾਉਣ ਲਈ ਭੱਠੀ ’ਤੇ ਪਹੁੰਚ ਜਾਂਦੀਆਂ ਸਨ। ਉਨ੍ਹਾਂ ਸਮਿਆਂ ਵਿੱਚ ਮੱਕੀ ਦੇ ਭੁੰਨੇ ਦਾਣਿਆਂ ਅਤੇ ਗੁੜ ਦੀ ਲੋਹੜੀ ਵੰਡੀ ਜਾਂਦੀ ਸੀ। ਲੋਹੜੀ ਵਾਲੇ ਦਿਨ ਸਵੇਰ ਤੋਂ ਲੈ ਕੇ ਦੇਰ ਸ਼ਾਮ ਤਕ ਭੱਠੀ ਵਾਲੀ ਆਪਣੀ ਭੱਠੀ ਉੱਪਰ ਦਾਣੇ ਭੁੰਨਦੀ ਰਹਿੰਦੀ ਸੀ ਤੇ ਭੱਠੀ ਉੱਪਰ ਸਾਰਾ ਦਿਨ ਰੌਣਕ ਲੱਗੀ ਰਹਿੰਦੀ ਸੀ। ਭੱਠੀ ਬਣਾਉਣ ਲਈ ਅਜਿਹੇ ਸਥਾਨ ਦੀ ਚੋਣ ਕੀਤੀ ਜਾਂਦੀ ਸੀ ਜੋ ਵਧੇਰੇ ਹਾਲਤਾਂ ਵਿੱਚ ਪਿੰਡ ਦਾ ਕੇਂਦਰੀ ਸਥਾਨ ਹੁੰਦਾ ਸੀ ਤੇ ਬਹੁਤੇ ਲੋਕਾਂ ਦੀ ਪਹੁੰਚ ਵਿੱਚ ਹੁੰਦਾ ਸੀ। 
ਹੁਣ ਤਾਂ ਦਾਣੇ ਵੀ ਬਿਜਲੀ ਦੀਆਂ ਭੱਠੀਆਂ ਵਿਚ ਭੁੱਜਦੇ ਹਨ ਜਿਨ੍ਹਾਂ ਨੂੰ ਪੌਪ ਕੌਰਨ ਆਖਦੇ ਹਨ। ਇਨ੍ਹਾਂ ਦੇ ਲਿਫਾਫਿਆਂ ਵਿਚ ਪੈਕਟ ਬਣ ਕੇ ਸ਼ਹਿਰਾਂ ਦੀਆਂ ਦੁਕਾਨਾਂ, ਫੜੀ ਵਾਲਿਆਂ, ਰੇਹੜੀ ਵਾਲਿਆਂ ਕੋਲ ਤਾਂ ਮਿਲਦੇ ਹੀ ਹਨ, ਹੁਣ ਤਾਂ ਪਿੰਡਾਂ ਦੀਆਂ ਦੁਕਾਨਾਂ ’ਤੇ ਵੀ ਇਹ ਪੈਕਟ ਮਿਲਣ ਲੱਗ ਪਏ ਹਨ।ਭੱਠੀਆਂ ਦੇ ਦਾਣੇ ਭੁੰਨਣ ਤਾਂ ਲੋਕ ਭੁੱਲ ਹੀ ਚੁੱਕੇ ਹਨ, ਨੀਵੀ ਪੀੜੀ ਨੂੰ ਤਾਂ ਇਸ ਵਾਰੇ ਬਿਲਕੁਲ ਵੀ ਨਹੀ ਪਤਾ। ਪਰ ਹੁਣ ਵੀ ਕੀ ਪੁਰਾਣੇ ਬੁਜਗਰ ਸਰਦੀਆਂ ਦੇ ਦਿਨਾਂ ਵਿੱਚ ਭੱਠੀਆਂ ’ਤੇ ਲੱਗਣ ਵਾਲੀਆਂ ਰੌਣਕਾਂ ਨੂੰ ਲੋਕ ਅਜੇ ਵੀ ਯਾਦ ਕਰਦੇ ਹਨ। ਭੱਠੀਆਂ ’ਤੇ ਦਾਣੇ ਭੁੰਨਾਉਣੇ ਤਾਂ ਹੁਣ ਬੀਤੇ ਦੀ ਕਹਾਣੀ ਬਣ ਚੁੱਕੇ ਹਨ
 
✍✍ ਰਵਨਜੋਤ ਕੌਰ ਸਿੱਧੂ ਰਾਵੀ