ਪੰਜਾਬੀ ਸਖਸ਼ੀਅਤਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਫੈਡਰਿਕ ਦਲੀਪ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਕੀਤਾ ਯਾਦ

ਪੰਜਾਬੀ ਸਖਸ਼ੀਅਤਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਬੇਟੇ ਫੈਡਰਿਕ ਦਲੀਪ ਸਿੰਘ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਕੀਤਾ ਯਾਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ- ਮਹਾਰਾਜਾ ਦਲੀਪ ਸਿੰਘ ਤੇ ਉਨ੍ਹਾਂ ਦੇ ਬੱਚਿਆਂ ਨੂੰ ਯੂ.ਕੇ. ਦੇ ਸ਼ਹਿਰ ਥੈਟਫੋਰਡ ਵਿਖੇ ਫੈਡਰਿਕ ਦਲੀਪ ਸਿੰਘ ਦੇ ਉਸ ਘਰ ਵਿਚ ਯਾਦ ਕੀਤਾ ਗਿਆ, ਜਿਸ ਨੂੰ ਉਹ ਸਥਾਨਕ ਕੌਂਸਲ ਨੂੰ ਅਜਾਇਬ ਘਰ ਬਣਾਉਣ ਲਈ ਦਾਨ ਕਰ ਗਏ ਸਨ ।ਸੇਂਟ ਐਂਡਰਿਊ ਐਂਡ ਸੇਂਟ ਪੈਟਰਿਕ ਚਰਚ ਐਲਵੀਡਨ ਵਿਖੇ ਅਤੇ ਥੈਟਫੋਰਡ ਦੇ ਸੈਂਟਰ ਵਿਚ ਸਥਾਪਿਤ ਮਹਾਰਾਜਾ ਦਲੀਪ ਸਿੰਘ ਦੀ ਯਾਦਗਰ 'ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਇਸ ਮੌਕੇ ਉੱਘੇ ਗਾਇਕ ਤੇ ਲੇਖਕ ਬੀਰ ਸਿੰਘ ਨੇ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਸਾਰੀ ਉਮਰ ਆਪਣੇ ਪੰਜਾਬ ਦੇ ਲੋਕਾਂ ਨੂੰ ਮਿਲਣ ਲਈ ਪੰਜਾਬ ਵਾਪਸ ਜਾਣ ਲਈ ਜੱਦੋ ਜਹਿਦ ਕਰਦਾ ਰਿਹਾ ਤੇ ਅੱਜ ਪੰਜਾਬੀ ਉਨ੍ਹਾਂ ਨੂੰ ਮਿਲਣ ਲਈ ਇੱਥੇ ਆ ਰਹੇ ਹਨ । ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵਿਸ਼ੇਸ਼ ਜਾਂ ਕੌਮ ਪਾਸੋਂ ਉਸ ਦੀ ਬੋਲੀ, ਵਿਰਸਾ ਅਤੇ ਸੱਭਿਆਚਾਰ ਖੋਹ ਲਵੋ, ਉਹ ਖ਼ੁਦ-ਬ-ਖ਼ੁਦ ਖਤਮ ਹੋ ਜਾਵੇਗਾ ।ਅਜਿਹਾ ਕੁਝ ਹੀ ਪੰਜਾਬ ਦੇ ਆਖਰੀ ਬਾਦਸ਼ਾਹ ਨਾਲ ਹੋਇਆ । ਮੇਅਰ ਮਾਈਕ ਬਰਿੰਡੇਲ, ਬਰੈਕਲੈਂਡ ਕੌਂਸਲ ਚੇਅਰਮੈਨ ਰੋਏਬਰੇਮ, ਸਿੱਖ ਇਤਿਹਾਸਕਾਰ ਪੀਟਰ ਬੈਂਸ ਨੇ ਕੈਥਰੀਨ ਦਲੀਪ ਸਿੰਘ ਸਮੇਤ ਇਤਿਹਾਸਕ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਗੈਵਿਨ ਬੈਂਸ, ਇੰਦੀ ਸੰਧੂ, ਸ਼ਮਿੰਦਰ ਸਿੰਘ ਬੇਦੀ, ਜਗਦੇਵ ਸਿੰਘ ਵਿਰਦੀ, ਤਜਿੰਦਰ ਚੇਤਲ, ਕੌਂਸਲਰ ਸਟੂਅਰਟ ਰਾਈਟ, ਓਲੀਵਰ ਬੋਨ ਆਦਿ ਹਾਜ਼ਰ ਸਨ । ਪੀਟਰ ਬੈਂਸ ਨੇ ਇਸ ਮੌਕੇ ਮਹਾਰਾਣੀ ਜਿੰਦ ਕੌਰ ਦੇ ਨਾਮ ਵਾਲਾ 150 ਸਾਲ ਤੱਕ ਅਣਗੌਲੇ ਰਹੇ ਉਨ੍ਹਾਂ ਦੀ ਕਬਰ 'ਤੇ ਲੱਗੇ ਪੱਥਰ ਨੂੰ ਪ੍ਰਾਪਤ ਕਰਨ ਦੀ ਵਿਥਿਆ ਬਾਰੇ ਜਾਣਕਾਰੀ ਦਿੱਤੀ ।