ਸ਼ਿਕਾਗੋ ਵਿਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ- ਅਨੇਕਾਂ ਜ਼ਖਮੀ

ਸ਼ਿਕਾਗੋ ਵਿਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਝੜਪ- ਅਨੇਕਾਂ ਜ਼ਖਮੀ

ਸ਼ਿਕਾਗੋ (ਹੁਸਨ ਲੜੋਆ ਬੰਗਾ): ਸਥਾਨਕ ਗਰਾਂਟ ਪਾਰਕ ਵਿਚ ਦਰਜਨ ਦੇ ਕਰੀਬ ਸੰਸਥਾਵਾਂ ਵੱਲੋਂ ਅਯੋਜਿਤ "ਬਲੈਕ ਮੂਲਵਾਸੀ ਇਕਜੁੱਟਤਾ ਰੈਲੀ" ਤੋਂ ਬਾਅਦ ਕੁਝ ਪ੍ਰਦਰਸ਼ਨਕਾਰੀਆਂ ਨੇ ਕ੍ਰਿਸਟੋਫਰ ਕੋਲੰਬਸ ਦਾ ਬੁੱਤ ਡੇਗਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਪੁਲਿਸ ਨਾਲ ਹੋਈ ਝੜਪ ਵਿਚ ਅਨੇਕਾਂ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ।

ਪੁਲਿਸ ਅਨੁਸਾਰ ਪ੍ਰਦਰਸ਼ਨਕਾਰੀਆਂ ਨੇ ਪੱਥਰਾਂ ਤੇ ਬੋਤਲਾਂ ਨਾਲ ਪੁਲਿਸ ਅਧਿਕਾਰੀਆਂ ਉਪਰ ਹਮਲਾ ਕੀਤਾ। ਉਪਰੰਤ ਪੁਲਿਸ ਨੇ ਕਾਰਵਾਈ ਕਰਕੇ 12 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ। ਜ਼ਖਮੀਆਂ ਵਿਚ 18 ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ। ਕੁਝ ਜ਼ਖਮੀ ਹਸਪਤਾਲਾਂ ਵਿਚ ਵੀ ਪੁੱਜੇ ਹਨ। ਸ਼ਿਕਾਗੋ ਪੁਲਿਸ ਸੁਪਰਡੈਂਟ ਨੇ ਟਵਿਟਰ ਉਪਰ ਲਿਖਿਆ ਹੈ ਕਿ ਅਸੀਂ ਪ੍ਰਦਰਸ਼ਨਕਾਰੀਆਂ ਨਾਲ  ਉਲਝਣਾ ਨਹੀਂ ਸੀ ਚਹੁੰਦੇ ਪਰ ਕਾਨੂੰਨ ਤੋੜਿਆ ਜਾ ਰਿਹਾ ਸੀ ਤਾਂ ਸਾਡੀ ਵਚਨਬੱਧਤਾ ਨੇ ਕਾਨੂੰਨ ਦਾ ਰਾਜ ਕਾਇਮ ਰਖਣ ਲਈ ਕਾਰਵਾਈ ਕਰਨ ਲਈ ਸਾਨੂੰ ਮਜਬੂਰ ਕਰ ਦਿੱਤਾ। 

ਸੋਸ਼ਲ ਮੀਡੀਆ ਉਪਰ ਜਾਰੀ ਵੀਡੀਓ ਵਿਚ ਸਾਫ ਨਜਰ ਆ ਰਿਹਾ ਹੈ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਉਪਰ ਲਾਠੀਚਾਰਜ ਕਰ ਰਹੀ ਹੈ ਤੇ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ। ਚਸ਼ਮਦੀਦ ਗਵਾਹਾਂ ਅਨੁਸਾਰ ਉਨਾਂ ਨੇ ਬਹੁਤ ਸਾਰੇ ਲੋਕਾਂ ਦੇ ਸਿਰਾਂ ਵਿਚ ਖੂਨ ਵਹਿੰਦਾ ਵੇਖਿਆ ਹੈ। ਗ੍ਰਿਫ਼ਤਾਰ ਵਿਅਕਤੀਆਂ ਵਿਰੁੱਧ ਪੁਲਿਸ 'ਤੇ ਹਮਲਾ ਕਰਨ ਸਮੇਤ ਹੋਰ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਜਾਣਗੇ।