ਸੌਂਕਣ ਤੋਂ ਛੁਟਕਾਰੇ ਵਾਲੇ ‘ਕੌਤਕੀ’ ਬਾਬੇ!

ਸੌਂਕਣ ਤੋਂ ਛੁਟਕਾਰੇ ਵਾਲੇ ‘ਕੌਤਕੀ’ ਬਾਬੇ!

ਹਡ ਬੀਤੀ

ਸੁਰਜੀਤ ਭਗਤ

ਜ਼ਿੰਦਗੀ ਦੀ ਕਿਤਾਬ ਦੀ ਵਰਕ-ਗਿਰਦਾਨੀ ਕਰਦਿਆਂ ਕਈ ਮਹੱਤਵਪੂਰਨ ਘਟਨਾਵਾਂ ਯਾਦ ਆ ਜਾਂਦੀਆਂ ਹਨ, ਜੋ ਆਪਣੇ ਲਈ ਨਹੀਂ ਸਗੋਂ ਲੋਕਾਈ ਲਈ ਵੀ ਇਕ ਸਬਕ ਹੋ ਨਿੱਬੜਦੀਆਂ ਹਨ। ਕਈ ਵਰ੍ਹੇ ਪਹਿਲਾਂ ਦੀ ਗੱਲ ਹੈ। ਵਿਦੇਸ਼ ਵਿਚ ਰਹਿ ਰਹੇ ਗੂੜੇ ਮਿੱਤਰ ਨੇ ਫੋਨ ਕਰ ਕੇ ਦੱਸਿਆ ਕਿ ਉੁਸ ਦਾ ਛੋਟਾ ਭਰਾ ਇਕ ਧੀ ਦਾ ਪਿਤਾ ਹੈ, ਕੋਈ ਕੰਮ ਨਹੀਂ ਕਰਦਾ ਤੇ ਨਾ ਹੀ ਕਈ- ਕਈ ਦਿਨ ਘਰ ਵੜਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਉਹ ਕਿਸੇ ਬਾਹਰੀ ਔਰਤ ਦੇ ਚੱਕਰ ਵਿਚ ਫਸ ਗਿਆ ਹੈ, ਜੋ ਉਸ ਨੂੰ ਘਰ ਨਹੀਂ ਆਉਣ ਦਿੰਦੀ। ਉਸ ਦੀ ਬਜ਼ੁਰਗ ਮਾਂ ਵੀ ਆਪਣੇ ਮੁੰਡੇ ਦੀਆਂ ਹਰਕਤਾਂ ਤੋਂ ਬੇਹੱਦ ਦੁਖੀ ਹੈ। ਪੱਤਰਕਾਰ ਦੇ ਤੌਰ ’ਤੇ ਇਲਾਕੇ ਵਿਚ ਮੇਰੀ ਕਾਫ਼ੀ ਪੁੱਛ ਪ੍ਰਤੀਤ ਸੀ। ਇਸ ਲਈ ਉਸ ਨੂੰ ਇਹ ਆਸ ਹੀ ਨਹੀਂ ਸਗੋਂ ਪੂਰਾ ਯਕੀਨ ਵੀ ਸੀ ਕਿ ਮੈਂ ਆਪਣਾ ਅਸਰ ਰਸੂਖ਼ ਵਰਤ ਕੇ ਉਨ੍ਹਾਂ ਨੂੰ ਇਸ ਖ਼ਲਜਗਣ ਵਿਚੋਂ ਕੱਢ ਲਵਾਂਗਾ।ਸ਼ਾਮ ਨੂੰ ਸੈਰ ਕਰਦਿਆਂ ਮੈਂ ਉਨ੍ਹਾਂ ਦੇ ਘਰ ਜਾ ਪੁੱਜਾ ਤਾਂ ਉਸ ਦੀ ਪਤਨੀ ਤੇ ਮਾਂ ਨੇ ਆਪਣੀ ਵਿਥਿਆ ਸੁਣਾਉਣੀ ਸ਼ੁਰੂ ਕੀਤੀ। ਸਹਿਮੀ ਹੋਈ ਛੋਟੀ ਬੱਚੀ ਸਾਹ ਰੋਕ ਕੇ ਆਪਣੇ ਪਾਪਾ ਬਾਰੇ ਸਭ ਕੁਝ ਗਹੁ ਨਾਲ ਸੁਣ ਰਹੀ ਸੀ। ਸਾਰੀ ਗੱਲ ਸਮਝਣ ਉਪਰੰਤ ਉਸ ਓਪਰੀ ਔਰਤ ਨੂੰ ਦੋ- ਤਿੰਨ ਦਿਨ ਬਾਅਦ ਜਦੋਂ ਮੈਂ ਮਿਲਣ ਲਈ ਗਿਆ ਤਾਂ ਪਹਿਲੀ ਹੀ ਨਜ਼ਰੇ ਉਹ ਮੈਨੂੰ ਸਧਾਰਨ ਨਹੀਂ ਸਗੋਂ ਦਾਤ ਵਰਗੀ ਤਿੱਖੀ ਕੋਈ ਸ਼ੈਅ ਲੱਗੀ।

ਸਬੱਬ ਨਾਲ ਭਾਈ ਸਾਹਿਬ ਵੀ ਉੱਥੇ ਹੀ ਕੋਲ ਕੁਰਸੀ ਤੇ ਬਿਰਾਜਮਾਨ ਸਨ। ਉਸ ਕੋਲ ਮੇਰੇ ਹਰ ਸਵਾਲ ਦਾ ਜਵਾਬ ਪਹਿਲਾਂ ਹੀ ਮੌਜੂਦ ਸੀ ਤੇ ਉਹ ਮੈਨੂੰ ਗੱਲ ਵੀ ਪੂਰੀ ਨਹੀਂ ਸੀ ਕਰਨ ਦੇ ਰਹੀ। ਉਸ ਦਾ ਕਹਿਣਾ ਸੀ ਕਿ ਤੁਹਾਡੇ ਇਸ ਭਾਈ ਸਾਹਿਬ ਨੇ ਮੇਰੇ ਕੋਲੋਂ 3 ਲੱਖ ਰੁਪਏ ਕੰਮਕਾਜ ਲਈ ਉਧਾਰੇ ਲਏ ਹੋਏ ਹਨ ਤੇ ਜਿੰਨੀ ਦੇਰ ਤਕ ਇਹ ਕਰਜ਼ਾ ਉਸ ਨੂੰ ਵਾਪਸ ਨਹੀਂ ਮਿਲਦਾ, ਓਨੀ ਦੇਰ ਤਕ ਉਹ ਉਸ ਨੂੰ ਘਰ ਵਾਪਸ ਨਹੀਂ ਜਾਣ ਦੇਵੇਗੀ। ਉਸ ਦਾ ਇਹ ਵੀ ਕਹਿਣਾ ਸੀ ਕਿ ਉਹ ਤਾਂ ਉਸ ਨੂੰ ਖੁੱਲ੍ਹਾ ਖ਼ਰਚਾ ਦੇ ਕੇ ਮਹਿੰਗੇ ਸੂਟ- ਬੂਟ ਪਹਿਨਾ ਕੇ ਪੂਰੀ ਐਸ਼ ਕਰਵਾ ਰਹੀ ਹੈ ਜਦਕਿ ਮੈਨੂੰ ਪਤਾ ਸੀ ਕਿ ਇਹ ਸਾਰਾ ਕੁਝ ਝੂਠ ਦੇ ਪੁਲੰਦੇ ਤੋਂ ਵੱਧ ਕੁਝ ਨਹੀਂ ਸੀ ਤੇ ਮੈਂ ਸਾਰਾ ਕੁਝ ਜਾਣਦਾ ਹੋਇਆ ਵੀ ਬੇਵੱਸ ਸਾਂ। ਕਾਰਨ ਇਹ ਕਿ ਭਾਈ ਸਾਹਿਬ ਵੀ ਮੇਰੇ ਵੱਲ ਵੇਖਣ ਦੀ ਬਜਾਏ ਉਸ ਬੀਬੀ ਦੇ ਹੱਕ ਚ ਹੀ ਹੁੰਗਾਰਾ ਭਰ ਰਹੇ ਸਨ।ਪਰਿਵਾਰ ਵੱਲੋਂ ਪੁਲਿਸ ਤਕ ਕੀਤੀ ਗਈ ਪਹੁੰਚ ਵੀ ਬਸ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੀ ਸਾਬਿਤ ਹੋਈ। ਮੈਂ ਪਰਿਵਾਰ ਦੇ ਲਗਾਤਾਰ ਸੰਪਰਕ ਵਿਚ ਸਾਂ। ਉਨ੍ਹਾਂ ਦਾ ਹਰ ਕਿਸੇ ਤੋਂ ਯਕੀਨ ਉੱਠ ਚੁੱਕਾ ਸੀ। ਉਹ ਸਥਾਨਕ ਟੀਵੀ ਚੈਨਲ ਤੋਂ ਕਿਸੇ ਬਾਬੇ ਦੀ ਚਲਦੀ ਮਸ਼ਹੂਰੀ ਵੇਖ ਚੁੱਕੇ ਸਨ ਜੋ ਵਸ਼ੀਕਰਨ, ਮੁੱਠ ਕਰਨੀ, ਵਿਆਹ ਚ ਦੇਰੀ, ਆਪਹੁਦਰੀ ਹੋਈ ਔਲਾਦ ਤੇ ਸੌਂਕਣ ਤੋਂ ਛੁਟਕਾਰਾ ਆਦਿ ਦਾ ਸ਼ਰਤੀਆ ਇਲਾਜ ਕਰਨ ਦਾ ਦਾਅਵਾ ਕਰਦਾ ਸੀ। ਉਨ੍ਹਾਂ ਨੂੰ ਭਲਾ ਹੋਰ ਕੀ ਚਾਹੀਦਾ ਸੀ? ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਅੱਗੇ ਹਿਮਾਲਾ ਪਰਬਤ ਜਿੱਡੀ ਖੜ੍ਹੀ ਮੁਸੀਬਤ ਸੌਂਕਣਤੋਂ ਛੁਟਕਾਰਾ ਤਾਂ ਸਿਰਫ਼ ਬਾਬਾ ਜੀ ਹੀ ਕਰਵਾ ਸਕਦੇ ਹਨ। ਸੋ ਮੇਰੇ ਲੱਖ ਮਨ੍ਹਾ ਕਰਨ ਦੇ ਬਾਵਜੂਦ ਦੋਵੇਂ ਸੱਸ-ਨੂੰਹ ਬਾਬਾ ਜੀ ਦੇ ਦਰਬਾਰ ਵਿਚ ਜਾ ਹਾਜ਼ਰ ਹੋਈਆਂ। ਵਾਹਵਾ ਮੂੰਹ ਮੱਥੇ ਲੱਗਦੀ ਭਰ ਜਵਾਨ ਨੂੰਹ ਤੇ ਦੁਖੀ ਬਜ਼ੁੁਰਗ ਸੱਸ ਦੋਵੇਂ ਹੀ ਬਾਬੇ ਨੂੰ ਚੰਗੀਆਂ ਸਾਮੀਆਂ ਜਾਪੀਆਂ।  ਕੁਝ ਦਿਨ ਦੇ ਓਹੜ- ਪੋਹੜ ਮਗਰੋਂ ਬਾਬੇ ਨੇ ਆਪਣਾ ਮਾਸਟਰ ਸਟਰੋਕ ਖੇਡਿਆ। ਉਸ ਨੇ ਕਿਹਾ ਕਿ ਉਹ ਉਨ੍ਹਾਂ ਦਾ ਮਸਲਾ ਪੱਕੇ ਤੌਰ ਤੇ ਹੱਲ ਕਰ ਸਕਦਾ ਹੈ ਜੇ ਉਹ ਉਸ ਦੇ ਕਹਿਣ ਤੇ ਇਕ ਉਪਾਅ ਕਰਨ। ਹੈ ਜ਼ਰਾ ਮਹਿੰਗਾ ਪਰ ਕੰਮ ਸਿੱਕੇ ਬੰਦ ਹੋਉੂ। ਉਪਾਅ ਇਹ ਸੀ ਕਿ ਉਹ ਇਕ ਨਿਸ਼ਚਿਤ ਦਿਨ ਅਤੇ ਸਮੇਂ ਤੇ ਸ਼ਹਿਰ ’ਚ ਵਗਦੀ ਨਹਿਰ ਦੇ ਕਿਨਾਰੇ ਸਵਾ ਤੋਲਾ ਸੋਨਾ ਤੇ ਕੁਝ ਹੋਰ ਨਿੱਕ-ਸੁੱਕ ਲੈ ਕੇ ਪਹੁੰਚਣ। ਉੁਹ ਉੱਥੇ ਪੂਜਾ ਕਰੇਗਾ ਤੇ ਇਸ ਦੌਰਾਨ ਉਹ ਸੋਨਾ ਤੇ ਹੋਰ ਨਿੱਕ- ਸੁੱਕ ਲੈ ਕੇ ਮਿੱਟੀ ਦੇ ਕੋਰੇ ਕੁੱਜੇ ਵਿਚ ਪਾ ਕੇ ਉਸ ਦੇ ਹਵਾਲੇ ਕਰ ਕੇ ਮੱਥਾ ਟੇਕ ਕੇ ਪਿੱਛੇ ਨਾ ਵੇਖਣ ਤੇ ਚੁੱਪਚਾਪ ਬਿਨ੍ਹਾਂ ਪਿੱਛੇ ਝਾਕਿਆਂ ਵਾਪਸ ਘਰ ਚਲੇ ਜਾਣ ਤੇ ਦਰਵਾਜ਼ਾ ਖੋਲ੍ਹ ਕੇ ਸਿੱਧੇ ਹੀ ਅੰਦਰ ਦਾਖ਼ਲ ਹੋਣ। ਉਨ੍ਹਾਂ ਨੇ ਅਜਿਹਾ ਹੀ ਕੀਤਾ। ਮੇਰੇ ਵਾਰ- ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਇਹ ਸਾਰਾ ਕੁਝ ਕਰਨ ਦੀ ਭਿਣਕ ਹੀ ਨਹੀਂ ਪੈਣ ਦਿੱਤੀ।ਮੈਨੂੰ ਸ਼ੱਕ ਹੀ ਨਹੀਂ ਸਗੋਂ ਪੂਰਾ ਯਕੀਨ ਸੀ ਕਿ ਸੋਨਾ ਤੇ ਹੋਰ ਸਾਰਾ ਕੁਝ ਲੈ ਕੇ ਬਾਬਾ ਸਹਿਜੇ ਹੀ ਉੱਥੋਂ ਖਿਸਕ ਜਾਵੇਗਾ ਕਿਉਂਕਿ ਵਹਿਮਾਂ ਦੀਆਂ ਮਾਰੀਆਂ ਇਨ੍ਹਾਂ ਸੱਸ-ਨੂੰਹ ਨੇ ਤਾਂ ਆਉਣ- ਜਾਣ ਦਾ ਸਾਲਮ ਰਿਕਸ਼ਾ ਕਰਵਾ ਕੇ ਨਹਿਰ ਤੇ ਜਾਣਾ ਸੀ। ਪਿੱਛੇ ਮੁੜ ਕੇ ਨਾ ਵੇਖਣ ਕਾਰਨ ਬਾਬੇ ਨੇ ਫੌਰਨ ਹੀ ਉੱਥੋਂ ਫੁਰਰ ਹੋ ਜਾਣਾ ਸੀ। ਉਨ੍ਹਾਂ ਨੂੰ ਯਕੀਨ ਸੀ ਕਿ ਹੁਣ ਦੁਨੀਆ ਦੀ ਕੋਈ ਵੀ ਤਾਕਤ ਬਾਬਾ ਜੀ ਦੀ ਸ਼ਕਤੀ ਅੱਗੇ ਨਹੀਂ ਟਿਕ ਸਕੇਗੀ ਤੇ ਉਨ੍ਹਾਂ ਦਾ ਸੌਂਕਣ ਵਾਲਾ ਮਸਲਾ ਹੁਣ ਹੱਲ ਹੋ ਜਾਵੇਗਾ। ਬਾਬਿਆਂ ਵਿਰੁੱਧ ਮੇਰੇ ਵੱਲੋਂ ਦਿੱਤੀਆਂ ਠੋਸ ਦਲੀਲਾਂ ਵੀ ਉਨ੍ਹਾਂ ਅੱਗੇ ਕਾਗ਼ਜ਼ ਦੇ ਉੱਡਦੇ ਟੁਕੜਿਆਂ ਵਰਗੀਆਂ ਹੋ ਕੇ ਰਹਿ ਗਈਆਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਇਕ ਵਾਰੀ ਸਾਡਾ ਮੁੰਡਾ ਬੰਦਾ ਬਣ ਜਾਵੇ, ਸੋਨੇ ਦਾ ਕੀ ਏ, ਇਹ ਤਾਂ ਫਿਰ ਵੀ ਬਣ ਜਾਊ। ਮੈਂ ਜਾਣਦਾ ਸਾਂ ਕਿ ਪਰਿਵਾਰ ਦੀ ਮਾਲੀ ਹਾਲਤ ਚੰਗੀ ਨਹੀਂ ਪਰ ਮੇਰੀਆਂ ਗੱਲਾਂ ਸਭ ਨੂੰ ਮਾੜੀਆਂ ਲੱਗ ਰਹੀਆਂ ਸਨ।

ਕਈ ਦਿਨ ਬੀਤ ਗਏ, ਹਫ਼ਤੇ ਲੰਘ ਗਏ ਪਰ ਊਠ ਦਾ ਬੁੱਲ੍ਹ ਨਾ ਡਿੱਗਾ। ਦੋਵੇਂ ਸੱਸ-ਨੂੰਹ ਹਰ ਵੇਲੇ ਦਰਵਾਜ਼ਾ ਖੜਕਣ ਦਾ ਇੰਤਜ਼ਾਰ ਕਰਦੀਆਂ ਰਹੀਆਂ ਪਰ ਮੁੰਡਾ ਘਰ ਨਾ ਪਰਤਿਆ। ਸੱਸ ਦੇ ਜ਼ੋਰ ਦੇਣ ਤੇ ਬੜੀ ਆਸ ਨਾਲ ਨੂੰਹ ਨੇ ਕਰਵਾ ਚੌਥ ਦਾ ਵਰਤ ਵੀ ਰੱਖ ਲਿਆ। ਭੈਣ ਵੀਰਾਂਵਾਲੀ ਦੀ ਕਰਵਾ ਚੌਥ ਵਾਲੀ ਕਥਾ ਸੁਣਨ ਤੋਂ ਬਾਅਦ ਸ਼ਾਮੀਂ ਨੂੰਹ ਸੱਜ-ਧੱਜ ਕੇ ਦਰਵਾਜ਼ੇ ਵੱਲ ਵੇਖਦੀ ਰਹੀ ਪਰ ਪਤੀ ਦੇਵ ਨਾ ਬਹੁੜੇ। ਦੇਰ ਰਾਤ ਜਦੋਂ ਉਸ ਨੂੰ ਨੀਂਦ ਦਾ ਝੋਂਕਾ ਕਦੋਂ ਆਇਆ, ਪਤਾ ਹੀ ਨਾ ਲੱਗਾ ਤੇ ਸਵੇਰੇ ਦਿਨ ਚੜ੍ਹੇ ਹੀ ਉਸ ਦੀ ਅੱਖ ਖੁੱਲ੍ਹੀ।ਕੁਝ ਨਾ ਕਰ ਸਕਣ ਕਾਰਨ ਬੇਵੱਸ ਹੋਇਆ ਮੈੈਂ ਖ਼ੁਦ ਬੇਹੱਦ ਪਰੇਸ਼ਾਨ ਸਾਂ ਜਦਕਿ ਦੋ- ਤਿੰਨ ਮਹੀਨੇ ਬੀਤਣ ਤੇ ਵੀ ਪਰਿਵਾਰ ਦਾ ਬਾਬਾ ਜੀ ਉੱਤੇ ਅਜੇ ਅਟੁੱਟ ਵਿਸ਼ਵਾਸ ਕਾਇਮ ਸੀ। ਕਈ ਦਿਨਾਂ ਬਾਅਦ ਉੱਧਰੋਂ ਲੰਘਦਾ ਮੈਂ ਫਿਰ ਉਨ੍ਹਾਂ ਦੇ ਘਰ ਗਿਆ ਤਾਂ ਪੁੱਛਣ ਤੇ ਨੂੰਹ ਨੇ ਦੱਸਿਆ ਕਿ ਬਾਬੇ-ਬੂਬੇ ਬੱਸ ਐਵੇਂ ਹੀ ਹੁੰਦੇ ਹਨ। ਉਨ੍ਹਾਂ ਦੀ ਸੋਚ ਚ ਆਈ ਅਚਾਨਕ ਤਬਦੀਲੀ ਤੋਂ ਹੈਰਾਨ ਪਰੇਸ਼ਾਨ ਹੋਏ ਨੇ ਮੈਂ ਪੁੱਛਿਆ,‘ ਕੀ ਹੋ ਗਿਆ ਹੁਣ? ਗਏ ਨੀ ਉਸ ਕੋਲ ?’ ‘‘ਗਏ ਸਾਂ, ਉਹ ਤਾਂ ਕੁਝ ਹੋਰ ਹੀ ਕਹਿੰਦਾ ਸੀ।’’ ਉਸ ਨੇ ਨੀਵੀਂ ਪਾਉਂਦਿਆਂ ਜਵਾਬ ਦਿੱਤਾ। ‘‘ਕੀ?’’ ਮੈਂ ਉਤਸੁਕਤਾ ਨਾਲ ਪੁੱਛਿਆ। ‘‘ਕੀ ਦੱਸਾਂ ਜੀ?’’ ਉਸ ਨੇ ਮੂੰਹ ਹੋਰ ਨੀਵਾਂ ਕਰਦਿਆਂ ਆਪਣੀਆਂ ਨਜ਼ਰਾਂ ਪੈਰਾਂ ਵਿਚ ਗੱਡ ਲਈਆਂ। ਉਸ ਦੇ ਕੁਝ ਦੱਸੇ ਬਿਨਾਂ ਹੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੀ ਤੇ ਮੈਂ ਖ਼ੁਦ ਨੂੰ ਧਰਤੀ ਚ ਗੱਡਿਆ ਮਹਿਸੂਸ ਕਰ ਰਿਹਾ ਸਾਂ।