ਸੁਖਜਿੰਦਰ ਸਿੰਘ ਰੰਧਾਵਾ ਦਾ ਵਿਅੰਗ , ਜੇ ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼

ਸੁਖਜਿੰਦਰ ਸਿੰਘ ਰੰਧਾਵਾ ਦਾ ਵਿਅੰਗ , ਜੇ ਜੇਲ੍ਹਾਂ ਤੋਂ ਨਹੀਂ ਡਰਦਾ ਅਕਾਲੀ ਦਲ ਤਾਂ ਮਜੀਠੀਆ ਨੂੰ ਕਰੇ ਪੇਸ਼

*ਹਾਈ ਕੋਰਟ ਵਿਚ ਪੈਂਡਿੰਗ ਰਿਪੋਰਟ ਦੇ ਆਧਾਰ ਤੇ ਕਾਰਵਾਈ ਹੋਈ                                       *ਮਜੀਠੀਆ ਦੀ ਜਲਦੀ ਹੀ ਗ੍ਰਿਫ਼ਤਾਰੀ ਹੋਵੇਗੀ

  ਵਿਸ਼ੇਸ਼ ਗਲਬਾਤ

 ਪੰਜਾਬ ਦੀ ਰਾਜਨੀਤੀ ਵਿਚ ਪਿਛਲੇ ਕਈ ਸਾਲਾਂ ਤੋਂ ਵੱਡਾ ਮੁੱਦਾ ਬਣੇ ਹੋਏ ਸਿੰਥੈਟਿਕ ਡਰੱਗਜ਼ ਮਾਮਲੇ ਵਿਚ ਚੋਣਾਂ ਦੇ ਨਜ਼ਦੀਕ ਆ ਕੇ ਇਕ ਵਾਰ ਫਿਰ ਤੋਂ ਵੱਡੀ ਹਲਚਲ ਮਚੀ ਹੋਈ ਹੈ। ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਪੁਲਸ ਐਕਸ਼ਨ ਮੋਡ ਵਿਚ ਛਾਪੇ ਮਾਰ ਰਹੀ ਹੈ। ਇਸ ਸਾਰੇ ਸਥਿਤੀ ਤੇ ਉੱਪ ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਮਹਿਕਮਾ ਵੀ ਹੈ, ਨਾਲਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼...

ਅੰਮ੍ਰਿਤਸਰ ਟਾਈਮਜ ਬਿਉਰੋ

ਸਵਾਲ: ਬਹੁਤ ਦਬਾਅ ਸੀ ਇਸ ਕਾਰਵਾਈ ਲਈ। ਅਕਸਰ ਕਿਹਾ ਜਾਂਦਾ ਸੀ ਕਿ ਪੰਜਾਬ ਸਰਕਾਰ ਵੱਡੀਆਂ ਮੱਛੀਆਂ ਨਹੀਂ ਫੜ੍ਹਦੀ, ਤੁਸੀਂ ਖ਼ੁਦ ਵੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਮਾਮਲਾ ਚੁੱਕਦੇ ਰਹੇ। ਹੁਣ ਕੀ?

ਜਵਾਬ: ਨਹੀਂ, ਕੋਈ ਦਬਾਅ ਨਹੀਂ ਸੀ, ਵਿਰੋਧੀ ਕੁਝ ਵੀ ਕਹਿਣ। ਇਹ ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਬੰਦ ਸੀ, ਜਿਸ ਬਾਰੇ ਕੁਝ ਹੀ ਦਿਨ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਅਦਾਲਤ ਵੱਲੋਂ ਪੰਜਾਬ ਸਰਕਾਰ ਨੂੰ ਕਾਰਵਾਈ ਕਰਨ ਤੋਂ ਨਹੀਂ ਰੋਕਿਆ ਗਿਆ ਹੈ। ਬਦਕਿਸਮਤੀ ਨਾਲ ਕਹਿਣਾ ਚਾਹਾਂਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਸਾਨੂੰ ਇਹੀ ਕਿਹਾ ਜਾਂਦਾ ਰਿਹਾ ਸੀ ਕਿ ਇਸ ਮਾਮਲੇ ਵਿਚ ਕੁਝ ਨਹੀਂ ਹੋ ਸਕਦਾ। ਮੈਂ ਪੱਤਰ ਵੀ ਲਿਖੇ ਸਨ, ਜਿਨ੍ਹਾਂ ਦਾ ਜਵਾਬ ਕਦੇ ਕੈਪਟਨ ਨੇ ਖ਼ੁਦ ਨਹੀਂ ਦਿੱਤਾ, ਸਗੋਂ ਸੇਵਾ ਮੁਕਤ ਆਈ. ਏ. ਐੱਸ. ਅਫ਼ਸਰ ਸੁਰੇਸ਼ ਕੁਮਾਰ ਦਿੰਦੇ ਰਹੇ ਸਨ। ਅਸਲ ਵਿਚ ਕੈਪਟਨ ਹੀ ਇਸ ਮਾਮਲੇ ਵਿਚ ਕਾਰਵਾਈ ਨਹੀਂ ਕਰਨਾ ਚਾਹੁੰਦੇ ਸਨ।

ਸਵਾਲ: ਕੁਝ ਹੀ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀ ਕਿ ਉਨ੍ਹਾਂ ਤੇ ਗਲਤ ਇਲਜ਼ਾਮ ਲਗਾਏ ਜਾਂਦੇ ਰਹੇ ਸਨ। ਕੈਪਟਨ ਕਹਿੰਦੇ ਹਨ ਕਿ ਹੁਣ ਦੋ ਮਹੀਨੇ ਤੋਂ ਉੱਤੇ ਸਮਾਂ ਹੋ ਚੁੱਕਿਆ ਹੈ ਸੀ. ਐੱਮ. ਬਦਲੇ, ਫਿਰ ਵੀ ਮਜੀਠੀਆ ਤੇ ਕੁਝ ਨਹੀਂ ਕਰ ਸਕੇ?

ਜਵਾਬ: ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ। ਲੋਕਾਂ ਨੇ ਉਨ੍ਹਾਂ ਨੂੰ ਇਸ ਕੰਮ ਲਈ ਸਾਢੇ ਚਾਰ ਸਾਲ ਦਾ ਸਮਾਂ ਦਿੱਤਾ ਸੀ ਉਦੋਂ ਕਿਉਂ ਨਹੀਂ ਕੀਤਾ ਕੁਝ। ਸਾਡੇ ਤੇ ਸਵਾਲ ਉਠਾ ਰਹੇ ਹਨ, ਸਾਨੂੰ 2 ਮਹੀਨੇ ਹੀ ਮਿਲੇ ਅਤੇ ਕੈਪਟਨ ਸਾਹਿਬ ਵੇਖ ਲੈਣ ਕਿ ਅਸੀਂ ਤਾਂ ਕਰ ਵਿਖਾਇਆ ਹੈ। ਉਂਝ ਵੀ ਹੁਣ ਕੈ. ਅਮਰਿੰਦਰ ਦੀ ਉਮਰ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰਦਾ।

ਸਵਾਲ: ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਰਾਜਨੀਤਕ ਰੰਜਿਸ਼ ਦਾ ਹੈ, ਕਈ ਪੁਲਸ ਅਧਿਕਾਰੀਆਂ ਵੱਲੋਂ ਕਾਰਵਾਈ ਕਰਨ ਤੋਂ ਇਨਕਾਰ ਕਰਨ ਕਾਰਨ ਆਖਿਰਕਾਰ ਡੀ. ਜੀ. ਪੀ. ਨੂੰ ਬਦਲ ਕੇ ਹੀ ਇਹ ਮਾਮਲਾ ਦਰਜ ਕਰਵਾਇਆ ਗਿਆ ਹੈ?

ਜਵਾਬ: ਪੁਰਾਣੀ ਕਹਾਵਤ ਹੈ, ਚੋਰ ਦੀ ਦਾੜੀ ਵਿਚ ਤਿਣਕਾ। ਪੰਜਾਬ ਦੇ ਲੋਕਾਂ ਨੂੰ ਸਭ ਕੁਝ ਪਤਾ ਹੈ। ਇਹ ਕਿਸੇ ਵੀ ਤਰ੍ਹਾਂ ਰਾਜਨੀਤਕ ਰੰਜਿਸ਼ ਦੀ ਕਾਰਵਾਈ ਨਹੀਂ ਹੈ। ਹਾਈ ਕੋਰਟ ਵਿਚ ਪੈਂਡਿੰਗ ਰਿਪੋਰਟ ਦੇ ਆਧਾਰ ਤੇ ਕਾਰਵਾਈ ਹੋਈ ਹੈ। ਅਕਾਲੀ ਨੇਤਾ ਨੂੰ ਲੱਗਦਾ ਸੀ ਕਿ ਐੱਸ. ਟੀ. ਐੱਫ. ਰਿਪੋਰਟ ਚ ਉਨ੍ਹਾਂ ਦਾ ਨਾਮ ਗਲਤ ਤਰੀਕੇ ਨਾਲ ਪਾਇਆ ਗਿਆ ਹੈ ਤਾਂ ਉਨ੍ਹਾਂ ਨੂੰ ਅਦਾਲਤ ਚ ਜਾਣਾ ਚਾਹੀਦਾ ਸੀ। ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਗਠਜੋੜ ਸਾਥੀ ਭਾਜਪਾਈ ਵੀ ਕਹਿਣ ਲੱਗੇ ਹਨ ਕਿ ਸੂਬੇ ਚ ਕਿਸੇ ਦੇ ਨਾਮ ਤੇ ਵੀ ਨਸ਼ੇ ਦਾ ਨਾਮ ਚੱਲਦਾ ਸੀ। ਉਥੇ ਹੀ, ਇਸ ਮਾਮਲੇ ਚ ਜਿਸ ਨੇ ਕਾਰਵਾਈ ਨਹੀਂ ਕੀਤੀ ਅਤੇ ਲਟਕਾਈ ਰੱਖੀ, ਉਹ ਕੈਪਟਨ ਅਮਰਿੰਦਰ ਹੁਣ ਭਾਜਪਾ ਦੇ ਨਾਲ ਜੁੜ ਗਏ ਹਨ ਅਤੇ ਸਾਨੂੰ ਜਿੰਨਾ ਵੀ ਘੱਟ ਸਮਾਂ ਮਿਲਿਆ, ਉਸੇ ਵਿਚ ਅਸੀਂ ਕਰ ਵਿਖਾਇਆ ਹੈ।

 ਸਵਾਲ: ਐੱਫ਼. ਆਈ. ਆਰ. ਦਰਜ ਹੋ ਗਈ ਹੈ, ਹੁਣ ਅੱਗੇ ਗ੍ਰਿਫ਼ਤਾਰੀ ਦਾ ਕੀ ਹੋਵੇਗਾ?

ਜਵਾਬ: ਵੇਖੋ ਕਾਨੂੰਨ ਦਾ ਕੰਮ ਤੈਅ ਹੈ। ਐੱਫ. ਆਈ. ਆਰ. ਦਰਜ ਹੁੰਦੀ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਅਤੇ ਫਿਰ ਮਾਮਲਾ ਅਦਾਲਤ ਚ ਜਾਂਦਾ ਹੈ। ਇਸ ਮਾਮਲੇ ਚ ਵੀ ਅਜਿਹਾ ਹੀ ਹੋਵੇਗਾ। ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ, ਐੱਸ. ਆਈ. ਟੀ. ਦਾ ਗਠਨ ਵੀ ਕਰ ਦਿੱਤਾ ਹੈ ਅਤੇ ਸਾਡੀਆਂ ਟੀਮਾਂ ਮਜੀਠੀਆ ਨੂੰ ਲੱਭ ਰਹੀਆਂ ਹਨ। ਕਈ ਜਗ੍ਹਾ ਛਾਪੇਮਾਰੀ ਕੀਤੀ ਗਈ ਹੈ ਪਰ ਅਜੇ ਤਕ ਮਜੀਠੀਆ ਹੱਥ ਨਹੀਂ ਲੱਗੇ ਹਨ। ਪਤਾ ਲੱਗਿਆ ਹੈ ਕਿ ਸਕਿਓਰਿਟੀ ਟੀਮ ਨੂੰ ਵੀ ਕੋਈ ਜਾਣਕਾਰੀ ਦਿੱਤੇ ਬਿਨਾਂ ਹੀ ਮਜੀਠੀਆ ਕਿਤੇ ਨਿਕਲ ਗਏ ਹਨ ਪਰ ਇੰਨਾ ਤੈਅ ਹੈ ਕਿ ਅਸੀਂ ਜਲਦੀ ਹੀ ਗ੍ਰਿਫ਼ਤਾਰੀ ਕਰਨ ਵਿਚ ਕਾਮਯਾਬ ਹੋ ਜਾਵਾਂਗੇ। ਕਾਨੂੰਨ ਆਪਣਾ ਕੰਮ ਕਰੇਗਾ, ਐੱਫ. ਆਈ. ਆਰ. ਦਰਜ ਹੋਈ ਹੈ ਤਾਂ ਗ੍ਰਿਫ਼ਤਾਰੀ ਵੀ ਹੋਵੇਗੀ। 

ਸਵਾਲ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਹੈ ਕਿ ਇਹ ਵੇਂਡੇਟਾ ਪਾਲੀਟਿਕਸ ਤਹਿਤ ਦਰਜ ਕੀਤਾ ਗਿਆ ਹੈ ਪਰ ਅਕਾਲੀ ਦਲ ਜੇਲ੍ਹਾਂ ਤੋਂ ਨਹੀਂ ਡਰਦਾ ?

ਜਵਾਬ: ਜੇਕਰ ਜੇਲ੍ਹਾਂ ਤੋਂ ਡਰ ਨਹੀਂ ਲੱਗਦਾ ਤਾਂ ਕਿਉਂ ਲੁਕਣਮੀਟੀ ਚੱਲ ਰਹੀ ਹੈ। ਬਾਦਲ ਸਾਹਿਬ ਨੂੰ ਕਹੋ ਕਿ ਮਜੀਠੀਆ ਨੂੰ ਪੇਸ਼ ਕਰ ਦੇਣ। ਅਦਾਲਤ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਉਂਝ ਮੈਂ ਤਾਂ ਕਹਾਂਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਮਾਮਲੇ ਵਿਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਜੀਠੀਆ ਉਹੀ ਵਿਅਕਤੀ ਹੈ, ਜਿਸ ਨੇ ਅਕਾਲੀ ਦਲ ਨੂੰ ਦਾਗਦਾਰ ਕੀਤਾ ਹੈ। ਜੇਕਰ ਲੱਗਦਾ ਸੀ ਕਿ ਇਹ ਰਿਪੋਰਟ ਗਲਤ ਹੈ ਤਾਂ ਹਾਈ ਕੋਰਟ ਵਿਚ ਕਿਉਂ ਨਹੀਂ ਕਿਹਾ ਕਿ ਐੱਸ. ਟੀ. ਐੱਫ. ਨੇ ਗਲਤ ਰਿਪੋਰਟ ਬਣਾਈ ਹੈ। 

ਸਵਾਲ: ਏ. ਡੀ. ਜੀ. ਪੀ. ਐੱਸ. ਕੇ. ਅਸਥਾਨਾ ਦੀ ਰਿਪੋਰਟ ਲੀਕ ਹੋਈ, ਉਸ ਦਾ ਕੀ ਹੋਇਆ ?

ਜਵਾਬ: ਉਹ ਮਾਮਲਾ ਵੀ ਕਾਫ਼ੀ ਗੰਭੀਰ ਹੈ। ਐੱਫ. ਆਈ. ਆਰ. ਦਰਜ ਹੋ ਚੁੱਕੀ ਹੈ ਅਤੇ ਉਸ ਮਾਮਲੇ ਵਿਚ ਵੀ ਛੇਤੀ ਹੀ ਅਸਲੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਸਵਾਲ:  ਤੁਹਾਡੇ ਸਾਥੀ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਕੀ ਕਹੋਗੇ ?

ਜਵਾਬ: ਰਾਣਾ ਗੁਰਮੀਤ ਸਿੰਘ ਸੋਢੀ ਦਾ ਤਾਂ ਕਾਫ਼ੀ ਪਹਿਲਾਂ ਤੋਂ ਹੀ ਪਤਾ ਚੱਲ ਗਿਆ ਸੀ। ਕੈਪਟਨ ਦੇ ਕਰੀਬੀ ਸਨ ਪਰ ਕੈਪਟਨ ਦੀ ਹੀ ਸਰਕਾਰ ਦੌਰਾਨ ਉਨ੍ਹਾਂ ਖ਼ਿਲਾਫ਼ ਡਬਲ ਮੁਆਵਜ਼ਾ ਲੈਣ ਦਾ ਕੇਸ ਬਣ ਗਿਆ। ਕਾਂਗਰਸ ਵਿਚ ਸਨ ਤਦ ਤਕ ਦਾਗੀ ਸਨ ਅਤੇ ਹੁਣ ਸ਼ਾਇਦ ਭਾਜਪਾ ਵਿਚ ਜਾ ਕੇ ਪਾਕ-ਸਾਫ਼ ਹੋ ਜਾਣਗੇ। 

ਸਵਾਲ: ਚੋਣਾਂ ਨੇੜੇ ਆਈਆਂ ਤਾਂ ਇਕ ਵਾਰ ਫਿਰ ਤੋਂ ਬੇਅਦਬੀ ਦੇ ਮਾਮਲੇ ਸਾਹਮਣੇ ਆਉਣ ਲੱਗੇ ਹਨ। ਕੀ ਅੰਮ੍ਰਿਤਸਰ ਮਾਮਲੇ ਦੀ ਰਿਪੋਰਟ ਜਮ੍ਹਾ ਹੋਈ ਹੈ?

ਜਵਾਬ: ਹੋਣਾ ਇਹ ਚਾਹੀਦਾ ਹੈ ਕਿ ਸਾਰੇ ਰਾਜਨੀਤਕ ਦਲ ਮਿਲ-ਬੈਠ ਕੇ ਇਸ ਗੰਭੀਰ ਮਾਮਲੇ ਵਿਚ ਸਮਾਜਿਕ ਤੌਰ ਤੇ ਵੱਡੀ ਮੁਹਿੰਮ ਚਲਾਉਣ, ਤਾਂ ਕਿ ਕਿਸੇ ਵੀ ਧਾਰਮਿਕ ਥਾਂ ਤੇ ਬੇਅਦਬੀ ਵਰਗੀਆਂ ਘਟਨਾਵਾਂ ਨਾ ਹੋਣ। ਰਹੀ ਗੱਲ ਅੰਮ੍ਰਿਤਸਰ ਸਥਿਤ ਦਰਬਾਰ ਸਾਹਿਬ ਵਿਚ ਹੋਈ ਘਟਨਾ ਦੀ ਤਾਂ ਸਾਨੂੰ ਉਮੀਦ ਸੀ ਕਿ ਛੇਤੀ ਹੀ ਮੁਲਜ਼ਮ ਦੀ ਪਛਾਣ ਹੋ ਜਾਵੇਗੀ ਪਰ ਨਾ ਮੁਲਜ਼ਮ ਕੋਲ ਮੋਬਾਇਲ ਫੋਨ ਮਿਲਿਆ, ਨਾ ਹੀ ਕੋਈ ਪਛਾਣ ਪੱਤਰ ਅਤੇ ਨਾ ਹੀ ਉਸ ਦੀਆਂ ਉਂਗਲੀਆਂ ਦੇ ਪ੍ਰਿੰਟ ਹੀ ਹਾਸਲ ਹੋ ਸਕੇ, ਜਿਸ ਨਾਲ ਉਸਦੀ ਸ਼ਨਾਖਤ ਹੋ ਸਕਦੀ। ਹੁਣ ਪੁਲਸ ਕਈ ਤਰੀਕਿਆਂ ਨਾਲ ਉਸ ਦੀ ਪਛਾਣ ਦਾ ਪਤਾ ਲਗਾਉਣ ਵਿਚ ਲੱਗੀ ਹੈ ਅਤੇ ਪਛਾਣ ਹੁੰਦੇ ਹੀ ਅੱਗੇ ਦੀਆਂ ਕੜੀਆਂ ਜੁੜ ਜਾਣਗੀਆਂ।