ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼

ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼

  ਰਣਜੀਤ ਸਿੰਘ ਕੁਕੀ

ਇਹ ਗੱਲ ਪੂਰੀ ਤਰਾਂ ਸਪੱਸ਼ਟ ਹੈ ਕਿ ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਨੇ ਹੀ ਅਮਰੀਕਾ ਨੂੰ ਮਹਾਨ ਅਤੇ ਚੰਗਾ ਬਣਾਉਣ ਵਿਚ ਭੂਮਿਕਾ ਅਦਾ ਕੀਤੀ।ਅਮਰੀਕਾ ਦੇ ਰਾਜਨੀਤਿਕ ਮਾਹਿਰ, ਦਾਰਸ਼ਨਿਕ ਅਤੇ “ਅਜ਼ਾਦੀ ਦੀ ਘੋਸ਼ਣਾ” ਦੇ ਪ੍ਰਮੁੱਖ ਲੇਖਕ, ਥਾਮਸ ਜੈਫਰਸਨ ਨੇ “ਖੁਸ਼ੀ ਦੀ ਤਲਾਸ਼” ਵਾਕਅੰਸ਼ ਅੰਗਰੇਜ਼ ਦਾਰਸ਼ਨਿਕ ਜੌਹਨ ਲਾੱਕ ਤੋਂ ਲਿਆ ਅਤੇ ਇਸ ਨੂੰ ਲੋਕਾਂ ਦੀ ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਦੇ ਰੂਪ ਵਿਚ ਲੋਕਾਂ ਦੇ ਮੁੱਢਲੇ ਅਧਿਕਾਰ ਵਜੋਂ “ਅਜ਼ਾਦੀ ਦੀ ਘੋਸ਼ਣਾ” ਵਿਚ ਸ਼ਾਮਿਲ ਕੀਤਾ।ਇਹ ਵਾਕਅੰਸ਼ ਮਨੁੱਖ ਲਈ ਤਿੰਨ ਮੁੱਢਲੇ ਅਧਿਕਾਰਾਂ ਦੀ ਉਦਾਹਰਣ ਦਿੰਦਾ ਹੈ ਜਿਸ ਬਾਰੇ ਘੋਸ਼ਣਾ ਵਿਚ ਕਿਹਾ ਗਿਆ ਹੈ ਕਿ ਇਹ ਸਾਰੇ ਅਧਿਕਾਰ ਮਨੁੱਖਾਂ ਨੂੰ ਰਚਨਹਾਰ ਦੁਆਰਾ ਪ੍ਰਦਾਨ ਕੀਤੇ ਗਏ ਹਨ।ਇਹਨਾਂ ਅਧਿਕਾਰਾਂ ਦੀ ਰਾਖੀ ਕਰਨ ਲਈ ਹੀ ਸਰਕਾਰਾਂ ਨੂੰ ਬਣਾਇਆ ਜਾਂਦਾ ਹੈ।੨੦ ਮਾਰਚ ੨੦੨੦ ਨੂੰ ਸੰਯੁਕਤ ਰਾਸ਼ਟਰ ਨੇ ਵੀ ਸਰਵਸੰਮਤੀ ਨਾਲ ਖੁਸ਼ੀ, ਇਸ ਦੇ ਪਿੱਛੇ ਕੰਮ ਕਰਨ ਵਾਲੇ ਵਿਚਾਰ ਅਤੇ ਖੁਸ਼ੀ ਦੀ ਤਲਾਸ਼ ਨੂੰ ਮਨੁੱਖਾਂ ਦੇ ਅੰਤਰਾਰਸ਼ਟਰੀ ਅਧਿਕਾਰ ਵਜੋਂ ਪ੍ਰਵਾਨਿਤ ਕੀਤਾ।ਪੂਰੇ ਵਿਸ਼ਵ ਦੇ ਕਾਰਕੁੰਨਾਂ ਅਤੇ ਅਜ਼ਾਦੀ ਘੁਲਾਟੀਏ ਅਕਸਰ ਹੀ ਅਮਰੀਕਾ ਦੀ ਅਜ਼ਾਦੀ ਦੀ ਘੋਸ਼ਣਾ ਵਿਚੋਂ ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਵਾਕਅੰਸ਼ ਦਾ ਹਵਾਲਾ ਦਿੰਦੇ ਹਨ।ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਮਨੁੱਖ ਦੇ ਮੁੱਢਲੇ ਅਧਿਕਾਰ ਹਨ।ਕਿਸੇ ਵੀ ਵਿਅਕਤੀ ਨੂੰ ਉਸ ਦੀ ਜ਼ਿੰਦਗੀ ਜਿਉਣ ਦੇ ਅਧਿਕਾਰ ਤੋਂ ਵਾਂਝਾ ਨਹੀ ਰੱਖਿਆ ਜਾ ਸਕਦਾ। ਉਹ ਜਿਸ ਤਰਾਂ ਚਾਹੇ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਅਜ਼ਾਦ ਹੈ ਅਤੇ ਉਸ ਨੂੰ ਵਿਅਕਤੀਗਤ ਰੂਪ ਵਿਚ ਖੁਸ਼ੀ ਦੀ ਤਲਾਸ਼ ਕਰਨ ਦਾ ਵੀ ਪੂਰਾ ਅਧਿਕਾਰ ਹੈ। ਸੰਵਿਧਾਨ ਦੀ ਪ੍ਰਸਤਾਵਨਾ ਵਿਚ ਕਿਹਾ ਗਿਆ ਹੈ ਕਿ ਜਦੋਂ ਸਰਕਾਰ ਲੋਕਾਂ ਦੇ ਇਹਨਾਂ ਮੁੱਢਲੇ ਅਧਿਕਾਰਾਂ ਵਿਚ ਦਖ਼ਲਅੰਦਾਜ਼ੀ ਕਰਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਸਰਕਾਰ ਬਦਲਣ ਦਾ ਪੂਰਾ ਅਧਿਕਾਰ ਹੈ। ਸਰਕਾਰ ਦੀ ਪ੍ਰਾਥਮਿਕਤਾ ਹੀ ਨਾਗਰਿਕਾਂ ਦੇ ਇਹਨਾਂ ਸਾਰੇ ਅਧਿਕਾਰਾਂ ਦੀ ਰਾਖੀ ਕਰਨ ਦੀ ਹੋਣੀ ਚਾਹੀਦੀ ਹੈ।

ਨਾਗਰਿਕਾਂ ਦੇ ਹੋਰ ਸਾਰੇ ਅਧਿਕਾਰਾਂ ਦੀ ਤਰਾਂ ਹੀ ਇਹਨਾਂ ਤਿੰਨ ਅਧਿਕਾਰਾਂ ਵਿਚ ਵੀ ਜ਼ਿੰਮੇਵਾਰੀ ਨਿਹਿਤ ਹੁੰਦੀ ਹੈ ਅਤੇ ਇਹ ਅਧਿਕਾਰ ਸੀਮਿਤ ਹੁੰਦੇ ਹਨ।ਕਿਉਂਕਿ ਅਸੀਮਿਤ ਰੂਪ ਵਿਚ ਅਧਿਕਾਰਾਂ ਦਾ ਹੋਣਾ ਵੀ ਅਰਾਜਕਤਾ ਨੂੰ ਜਨਮ ਦਿੰਦਾ ਹੈ।ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਦੇ ਇਹ ਮੁੱਢਲੇ ਅਧਿਕਾਰ ਅਮੂਰਤ ਰੂਪ ਵਿਚ ਹੁੰਦੇ ਹਨ।ਅਸਲ ਵਿਚ ਸਾਰੇ ਅਧਿਕਾਰ ਹੀ ਮਨੁੱਖ ਦੀ ਕਲਪਨਾ ਦਾ ਹੀ ਰੂਪ ਹਨ।ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਜਿਹੇ ਸ਼ਕਤੀਸ਼ਾਲੀ ਅਤੇ ਅਰਥ-ਭਰਪੂਰ ਸ਼ਬਦਾਂ ਨੇ ਹੀ ਅਮਰੀਕਾ ਅਤੇ ਵਿਸ਼ਵ ਦੇ ਹੋਰ ਹਿੱਸਿਆਂ ਵਿਚ ਲੋਕਤੰਤਰ ਨੂੰ ਇਕ ਮਜਬੂਤ ਪਲੇਟਫਾਰਮ ਪ੍ਰਦਾਨ ਕੀਤਾ।ਫਰਾਂਸ ਵਿਚ ਇਸ ਨੂੰ ਅਜ਼ਾਦੀ, ਬਰਾਬਰਤਾ ਅਤੇ ਭਾਈਚਾਰੇ ਦੇ ਨਾਅਰੇ ਦੇ ਰੂਪ ਵਿਚ ਜਾਣਿਆ ਜਾਂਦਾ ਹੈ।ਜਰਮਨੀ ਵਿਚ ਇਹ ਏਕਤਾ, ਨਿਆਂ ਅਤੇ ਅਜ਼ਾਦੀ ਦੇ ਰੂਪ ਵਿਚ ਪ੍ਰਸਿੱਧ ਹੈ।ਕਾਮਨਵੇਲਥ ਦੇਸ਼ਾਂ, ਕਨੇਡਾ ਅਤੇ ਅਸਟ੍ਰੇਲੀਆ ਵਿਚ ਇਸ ਅਧਿਕਾਰ ਨੂੰ ਸ਼ਾਂਤੀ, ਵਿਵਸਥਾ ਅਤੇ ਚੰਗੀ ਸਰਕਾਰ ਦੇ ਰੂਪ ਵਿਚ ਮਾਨਤਾ ਪ੍ਰਾਪਤ ਹੈ।ਇਹ ਵਾਕਅੰਸ਼ ਜਪਾਨ ਦੇ 1947 ਦੇ ਸੰਵਿਧਾਨ ਦੇ ਅਧਿਆਇ 111, ਅਨੁਛੇਦ 13 ਵਿਚ ਸ਼ਾਿਮਲ ਕੀਤਾ ਗਿਆ।ਇਸੇ ਤਰਾਂ ਹੀ ਵੀਅਤਨਾਮ ਦੀ ਗਣਤੰਤਰਿਕ ਲੋਕਤੰਤਰ ਵਜੋਂ ਘੋਸ਼ਣਾ ਸਮੇਂ ਇਹਨਾਂ ਅਧਿਕਾਰਾਂ ਨੂੰ ੧੯੪੫ ਦੀ ਅਜ਼ਾਦੀ ਦੀ ਘੋਸ਼ਣਾ ਵਿਚ ਸ਼ਾਮਿਲ ਕੀਤਾ ਗਿਆ।ਭਾਰਤੀ ਸੰਵਿਧਾਨ ਦਾ ਅਨੁਛੇਦ ੨੧ ਜ਼ਿੰਦਗੀ ਅਤੇ ਅਜ਼ਾਦੀ ਦਾ ਅਧਿਕਾਰ ਤਾਂ ਪ੍ਰਦਾਨ ਕਰਦਾ ਹੈ, ਪਰ ਇਸ ਵਿਚ ਖੁਸ਼ੀ ਦੀ ਤਲਾਸ਼ ਸ਼ਾਮਿਲ ਨਹੀਂ ਹੈ।ਬਸਤੀਵਾਦੀ ਸ਼ਾਸਨ ਦੌਰਾਨ ਪ੍ਰਮੁੱਖ ਨੇਤਾ ਸੁਭਾਸ਼ ਚੰਦਰ ਬੋਸ ਨੇ ਅਜ਼ਾਦ ਹਿੰਦ ਫੌਜ ਦੀ ਘੋਸ਼ਣਾ ਕੀਤੀ। ਉਸ ਦਾ ਅਮਰੀਕੀ ਘੋਸ਼ਣਾ ਉੱਪਰ ਯਕੀਨ ਸੀ ਅਤੇ ਉਹ ਆਪਣੀ ਸਰਕਾਰ ਨੂੰ ਪੂਰੇ ਮੁਲ਼ਕ ਦੇ ਖੁਸ਼ੀ ਦੀ ਤਲਾਸ਼ ਵਿਚ ਲਗਾਉਣ ਵਿਚ ਯਕੀਨ ਰੱਖਦਾ ਸੀ।ਸਰਵਉੱਚ ਅਦਾਲਤ ਦੇ ਇਹ ਹਾਲੀਆ ਫੈਸਲੇ ਵਿਚ ਇਹ ਕਿਹਾ ਗਿਆ, “ਜਿਸ ਤਰਾਂ ਸੰਵਿਧਾਨ ਹਰ ਵਿਅਕਤੀ ਨੂੰ ਅਜ਼ਾਦੀ ਦਾ ਮੁੱਢਲਾ ਅਧਿਕਾਰ ਪ੍ਰਦਾਨ ਕਰਦਾ ਹੈ, ਉਸੇ ਤਰਾਂ ਹੀ ਹਰ ਵਿਅਕਤੀ ਖੁਸ਼ੀ ਦੀ ਤਲਾਸ਼ ਲਈ ਵਿਅਕਤੀਗਤ ਫੈਸਲਾ ਲੈਣ ਲਈ ਅਜ਼ਾਦ ਹੈ।ਇਕ ਵਿਅਕਤੀ ਦੀ ਅਜ਼ਾਦੀ ਦੇ ਘਾਣ ਤੋਂ ਵੱਡਾ ਹੋਰ ਕੋਈ ਘਾਣ ਨਹੀਂ ਹੈ।”

ਸਤਾਰ੍ਹਵੀਂ ਸਦੀ ਦੇ ਪ੍ਰਸਿੱਧ ਅੰਗਰੇਜ਼ ਦਾਰਸ਼ਨਿਕ ਜੌਹਨ ਲੌਕ, ਜਿਸ ਦੀਆਂ ਰਾਜਨੀਤਿਕ ਲਿਖਤਾਂ ਨੇ ਖਾਸ ਤੌਰ ਤੇ ਫਰਾਂਸੀਸੀ ਅਤੇ ਅਮਰੀਕੀ ਇਨਕਲਾਬ ਦੀ ਨੀਂਹ ਰੱਖੀ, ਨੇ ਆਪਣੀ ਪੁਸਤਕ “ਮਨੁੱਖੀ ਸਮਝ ਨਾਲ ਸੰਬੰਧਿਤ ” (ਕਨਸਰਨਿੰਗ ਹਿਊਮਨ ਅੰਡਰਸਟੇਂਡਿੰਗ) ਵਿਚ ਖੁਸ਼ੀ ਦੀ ਤਲਾਸ਼ ਵਾਕਅੰਸ਼ ਦੀ ਵਰਤੋਂ ਕੀਤੀ।ਬਾਅਦ ਵਿਚ ਥਾਮਸ ਜੈਫਰਸਨ ਨੇ ਇਸ ਨੂੰ ਲੋਕਾਂ ਦੀ ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਦੇ ਰੂਪ ਵਿਚ ਲੋਕਾਂ ਦੇ ਮੁੱਢਲੇ ਅਧਿਕਾਰ ਵਜੋਂ “ਅਜ਼ਾਦੀ ਦੀ ਘੋਸ਼ਣਾ” ਵਿਚ ਸ਼ਾਮਿਲ ਕੀਤਾ।ਲੌਕ ਦਾ ਖੁਸ਼ੀ ਦਾ ਸੰਕਲਪ ਪ੍ਰਾਚੀਨ ਯੂਨਾਨੀ ਦਾਰਸ਼ਨਿਕਾਂ ਅਰਸਤੂ ਅਤੇ ਐਪੀਕਿਊਰੀਅਸ ਤੋਂ ਪ੍ਰਭਾਵਿਤ ਸੀ।ਲੌਕ ਕਾਲਪਨਿਕ ਖੁਸ਼ੀ ਅਤੇ ਅਸਲ ਖੁਸ਼ੀ ਵਿਚ ਭਿੰਨਤਾ ਕਰਦਾ ਹੈ।ਲੌਕ ਦੁਆਰਾ ਪ੍ਰਸਤਾਵਿਤ ਅਤੇ ਬਾਅਦ ਵਿਚ ਜੈਫਰਸਨ ਦੁਆਰਾ ਪ੍ਰਚਾਰਿਤ ਖੁਸ਼ੀ ਦੀ ਤਲਾਸ਼ ਮਹਿਜ਼ ਸੁਖ ਅਤੇ ਸਵੈ-ਹਿੱਤਾਂ ਦੀ ਤਲਾਸ਼ ਨਹੀਂ ਹੈ।ਇਹ ਆਪਣੇ ਫੈਸਲੇ ਲੈਣ ਦੀ ਅਜ਼ਾਦੀ ਹੈ ਜਿਸ ਵਿਚ ਬੌਧਿਕ ਅਤੇ ਨੈਤਿਕ ਕੋਸ਼ਿਸ਼ਾਂ ਸ਼ਾਮਿਲ ਹੁੰਦੀਆਂ ਹਨ।ਖੁਸ਼ੀ ਦੀ ਤਲਾਸ਼ ਹੀ ਅਸਲ ਵਿਚ ਅਜ਼ਾਦੀ ਦੀ ਨੀਂਹ ਹੈ।ਬੌਧਿਕ ਖਸਲਤ ਦੀ ਸਭ ਤੋਂ ਉੱਚ ਸੰਪੂੁਰਨਤਾ ਸਹੀ ਅਤੇ ਠੋਸ ਖੁਸ਼ੀ ਦੀ ਲਗਾਤਾਰ ਅਤੇ ਸੁਚੇਤ ਤਲਾਸ਼ ਹੈ ਨਾ ਕਿ ਕਾਲਪਨਿਕ ਖੁਸ਼ੀ ਨੂੰ ਸਹੀ ਸਮਝ ਲੈਣਾ।ਇਹ ਕਿਸੇ ਵੀ ਵਿਅਕਤੀ ਦੀ ਅਜ਼ਾਦੀ ਦੀ ਅਸਲ ਨੀਂਹ ਹੈ।ਖੁਸ਼ੀ ਦੀ ਤਲਾਸ਼ ਹੀ ਵਿਅਕਤੀ ਨੂੰ ਆਪਣੀ ਪ੍ਰਵਿਰਤੀ ਤੋਂ ਉੱਪਰ ਉੱਠਣ ਲਈ ਪ੍ਰੇਰਦੀ ਹੈ, ਇਸ ਲਈ ਇਹ ਨੈਤਿਕਤਾ ਅਤੇ ਸੱਭਿਅਤਾ ਦੀ ਨੀਂਹ ਬਣਦੀ ਹੈ।ਹਰ ਵਿਅਕਤੀ ਦੀ ਆਪਣੀ ਖੁਸ਼ੀ ਦੀ ਤਲਾਸ਼ ਹੁੰਦੀ ਹੈ। ਸਰਕਾਰਾਂ ਤੋਂ ਇਹ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਇਸ ਵਿਚ ਦਖ਼ਲ ਨਹੀਂ ਦੇਣਗੀਆਂ।ਹਰ ਵਿਅਕਤੀ ਕੋਲ ਅਜ਼ਾਦੀ ਹੋਣੀ ਚਾਹੀਦੀ ਹੈ, ਆਪਣੀ ਤਰਾਂ ਨਾਲ ਜ਼ਿੰਦਗੀ ਜਿਉਣ ਅਤੇ ਖੁਸ਼ੀ ਨੂੰ ਅਨੁਭਵ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ।ਅਜ਼ਾਦੀ ਦਾ ਮੁੱਢਲ਼ਾ ਅਧਿਕਾਰ ਖੁਸ਼ੀ ਦੀ ਤਲਾਸ਼ ਵਿਚ ਹੀ ਨਿਹਤ ਹੈ।ਖੁਸ਼ੀ ਦੀ ਤਲਾਸ਼ ਹੀ ਰਾਜਨੀਤਿਕ ਅਜ਼ਾਦੀ ਦਾ ਵੀ ਅਧਾਰ ਬਣਦੀ ਹੈ।ਅਜ਼ਾਦੀ ਬੇਲੋੜੀਦੀਆਂ ਰੋਕਾਂ ਤੋਂ ਅਜ਼ਾਦ ਹੋਣ ਦੀ ਸਥਿਤੀ ਅਤੇ ਆਪਣੀ ਜ਼ਿੰਦਗੀ ਨੂੰ ਖੁੱਲਕੇ ਜਿਉਣ ਦੀ ਖੁੱਲ ਹੈ।ਖੁਸ਼ੀ ਦੀ ਤਲਾਸ਼ ਕਰਨਾ ਜ਼ਿੰਦਗੀ ਦੀ ਕੀਮਤ ਅਤੇ ਚੋਣ ਨੂੰ ਪਹਿਚਾਨਣਾ ਹੈ।ਵਿਸ਼ਵ ਭਰ ਵਿਚ ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਨੇ ਲੱਖਾਂ ਲੋਕਾਂ ਨੂੰ ਪ੍ਰੇਰਨਾ ਦਿੱੱਤੀ ਹੈ।ਜ਼ਿੰਦਗੀ ਦਾ ਅਧਿਕਾਰ ਜ਼ਿੰਦਾਦਿਲੀ, ਵਧਣ-ਫੁੱਲਣ ਅਤੇ ਜਿਉਣ ਦਾ ਅਧਿਕਾਰ ਹੈ।ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਦੀ ਮਹੱਤਵ ਨੂੰ ਪਹਿਚਾਨਣਾ ਅਸਲ ਵਿਚ ਮਨੁੱਖਤਾ, ਹਲੀਮੀ ਅਤੇ ਤਾਲਮੇਲ ਦੇ ਮਹੱਤਵ ਨੂੰ ਪਹਿਚਾਨਣਾ ਹੈ।

ਮਨੁੱਖਤਾ ਮਨੁੱਖ ਹੋਣ ਦਾ ਸਮੂਹਿਕ ਮਨੁੱਖੀ ਅਨੁਭਵ ਹੈ।ਹਲੀਮੀ ਇਕ ਮਨੱੁਖ ਦੀ ਹੌਂਦ ਦਾ ਜਮੀਨੀਪਣ ਹੈ।ਤਾਲਮੇਲ ਜ਼ਿੰਦਗੀ ਨੂੰ ਜੋੜ ਕੇ ਰੱਖਣ ਦਾ ਸਹਿਯੋਗ ਹੈ।ਸੱਭਿਅਤਾ ਲੋਕਾਂ ਦੁਆਰਾ ਸੰਵਾਦ ਰਾਹੀ ਬਣਾਏ ਭਾਈਚਾਰਿਆਂ ਵਿਚੋਂ ਪੈਦਾ ਹੁੰਦੀ ਹੈ। ਹਰ ਸੱਭਿਅਤਾ ਦੀ ਕੋਰ ਵਿਚ ਆਪਣੀਆਂ ਉਹਨਾਂ ਕਦਰਾਂ-ਕੀਮਤਾਂ ਨੂੰ ਲੈ ਕੇ ਸੰਵਾਦ ਚੱਲਦਾ ਰਹਿਣਾ ਚਾਹੀਦਾ ਹੈ ਜੋ ਕਿ ਲੋਕਾਂ ਨੂੰ ਜੋੜ ਕੇ ਰੱਖਦੀਆਂ ਹਨ ਅਤੇ ਇਹ ਹੀ ਲੋਕਾਂ ਨੂੰ ਯਕੀਨ ਦੁਆਂਉਦੀਆਂ ਹਨ ਕਿ ਇਹ ਕਦਰਾਂ-ਕੀਮਤਾਂ ਜ਼ਿੰਦਗੀ ਦਾ ਅਰਥ ਤਲਾਸ਼ਣ ਲਈ ਜ਼ਰੂਰੀ ਹਨ।ਵਿਅਕਤੀ ਨੂੰ ਜੀਵਨ ਅਤੇ ਮੌਤ ਦੇ ਅਧਿਕਾਰ ਉੱਪਰ ਵੀ ਸੁਆਲ ਉਠਾਇਆ ਗਿਆ ਹੈ।ਸਮੇਂ ਦੇ ਨਾਲ ਅਜ਼ਾਦੀ ਦੇ ਸੰਕਲਪ ਨੂੰ ਅਨੈਤਿਕ ਅਜ਼ਾਦੀ ਨਾਲ ਜੋੜ ਲਿਆ ਗਿਆ ਹੈ ਜਿਸ ਵਿਚ ਜ਼ਿੰਦਗੀ ਦਾ ਇਕੋ ਇਕ ਮਕਸਦ ਬੇਰੋਕ ਵਿਅਕਤੀਗਤ ਅਜ਼ਾਦੀ ਮਾਨਣਾ ਹੈ ਅਤੇ ਖੁਸ਼ੀ ਦੀ ਤਲਾਸ਼ ਨੂੰ ਵੀ ਸਮੂਹਿਕ ਭਲਾਈ ਲਈ ਨਹੀਂ ਸਗੋਂ ਇਸ ਨੂੰ ਸਮਾਜ-ਵਿਰੋਧੀ ਵਿਅਕਤੀਵਾਦ ਨਾਲ ਜੋੜ ਲਿਆ ਗਿਆ ਹੈ।ਕਿਸੇ ਵੀ ਸੱਭਿਅਤਾ ਨੂੰ ਬਚਾਈ ਰੱਖਣ ਲਈ ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਦੇ ਸਹੀ ਅਰਥਾਂ ਨੂੰ ਪਛਾਣਨਾ ਜਰੂਰੀ ਹੈ।ਉਨ੍ਹਾਂ ਦੇ ਸਾਂਝੇ ਉਦੇਸ਼ਾਂ ਨੂੰ ਪਛਾਣਨਾ ਜਰੂਰੀ ਹੈ, ਉਸੇ ਨੇ ਹੀ ਇਕ ਮੁਲ਼ਕ ਦੀ ਨੈਤਿਕ ਏਕਤਾ ਦਾ ਅਧਾਰ ਬਣਨਾ ਹੈ।ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਦੇ ਉਦੇਸ਼ਾਂ ਨੂੰ ਕੁਦਰਤੀ ਕਾਨੂੰਨ ਦੇ ਪੱਖ ਤੋਂ ਵੇਖਿਆ ਜਾਣਾ ਚਾਹੀਦਾ ਹੈ।ਕੁਦਰਤੀ ਕਾਨੂੰਨ ਇਸ ਉੱਪਰ ਜ਼ੋਰ ਦਿੰਦਾ ਹੈ ਕਿ ਅਧਿਕਾਰ ਮਨੁੱਖੀ ਪ੍ਰਵਿਰਤੀ ਦਾ ਅਸਲ ਹਨ।ਪੂਰੇ ਵਿਸ਼ਵ ਵਿਚ ਮਨੁੱਖੀ ਪ੍ਰਵਿਰਤੀ ਵਿਆਪਕ ਅਤੇ ਨਾ-ਬਦਲਣ ਵਾਲੀ ਹੈ।ਇਹ ਇਕ ਯਥਾਰਥਕ ਪ੍ਰਸੰਗ ਹੈ ਜਿਸ ਨੂੰ ਤਰਕ ਰਾਹੀ ਸਮਝਿਆ ਜਾ ਸਕਦਾ ਹੈ।ਆਧੁਨਿਕ ਦਰਸ਼ਨ ਨੇ ਸਰਵ-ਵਿਆਪਕ ਮਨੁੱਖੀ ਪ੍ਰਵਿਰਤੀ ਦੇ ਸੰਕਲਪ ਨੂੰ ਖਤਮ ਕਰ ਦਿੱਤਾ ਹੈ। ਅਧਿਕਾਰਾਂ ਨੂੰ ਹੁਣ ਵਸਤੂਗਤ ਨੈਤਿਕ ਸੰਬੰਧਾਂ ਦੇ ਆਧਾਰ ਤੇ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਅਧਿਕਾਰ ਹੁਣ ਜਿਆਦਾ ਨਿੱਜੀ ਪ੍ਰਾਥਮਿਕਤਾ ਵਿਚੋਂ ਪੈਦਾ ਹੁੰਦੇ ਹਨ ਜਿਹਨਾਂ ਨੂੰ ਹਰ ਪ੍ਰਕਾਰ ਦੀ ਦਖ਼ਲਅੰਦਾਜ਼ੀ ਤੋਂ ਬਚਾਉਣ ਦੀ ਜ਼ਰੂਰਤ ਹੈ।ਮਨੁੱਖੀ ਪ੍ਰਵਿਰਤੀ ਦੇ ਯਥਾਰਥਕ ਪ੍ਰਸੰਗ ਨੂੰ ਧਿਆਨ ਵਿਚ ਲਏ ਬਗੈਰ ਅਧਿਕਾਰਾਂ ਦਾ ਵਿਚਾਰ ਅਰਥ ਤੋਂ ਸੱਖਣਾ ਹੋ ਜਾਂਦਾ ਹੈ ਜਿਸ ਉੱਪਰ ਵਿਅਕਤੀ ਦੀਆਂ ਬਹੁਤ ਅਮੂਰਤ ਪ੍ਰਾਥਮਿਕਤਾਵਾਂ ਅਧਾਰਿਤ ਹੁੰਦੀਆਂ ਹਨ।ਖੁਸ਼ੀ ਦੇ ਸੰਕਲਪ ਵਿਚ ੧੭੭੬ ਤੋਂ ਬਾਅਦ ਮਹੱਤਵਪੂਰਨ ਤਬਦੀਲੀ ਆਈ ਹੈ।ਹੁਣ ਇਸ ਸੰਕਲਪ ਨੂੰ ਚੰਗੀ ਜ਼ਿੰਦਗੀ ਜਿੳੇੁਣ ਦੇ ਸੰਦਰਭ ਵਿਚ ਲਿਆ ਜਾਂਦਾ ਹੈ ਅਤੇ ਇਸ ਸੰਕਲਪ ਨੂੰ ਉਨਾਂ ਲੋਕਾਂ ਦੁਆਰਾ ਹਥਿਆ ਲਿਆ ਗਿਆ ਹੈ ਜੋ ਜ਼ਿੰਦਗੀ ਨੂੰ ਮਹਿਜ਼ ਐਸ਼-ਪ੍ਰਸਤੀ, ਅਰਾਮ ਅਤੇ ਦੁਨਿਆਵੀ ਪ੍ਰਾਪਤੀਆਂ ਦੇ ਸੰਦਰਭ ਵਿਚ ਸਮਝਦੇ ਹਨ।ਖੁਸ਼ੀ ਨੂੰ ਹੁਣ ਉਪਭੋਗਤਾ ਨਾਲ ਜੋੜ ਦਿੱਤਾ ਗਿਆ ਹੈ।

ਯੂਨਾਨੀ ਦਾਰਸ਼ਨਿਕਾਂ ਖਾਸ ਕਰਕੇ ਅਰਸਤੂ ਨੇ ਚੰਗੀ ਜ਼ਿੰਦਗੀ ਨੂੰ ਹੀ ਸੰਪੂਰਨ, ਅਰਥ-ਭਰਪੂਰ ਅਤੇ ਗੁਣਵੱਤਾ ਵਾਲੀ ਜ਼ਿੰਦਗੀ ਮੰਨਿਆ ਹੈ ਜੋ ਸਿਰਫ ਸਵੈ ਦੇ ਫਾਇਦੇ ਲਈ ਨਹੀਂ ਹੁੰਦੀ ਬਲਕਿ ਇਸ ਦਾ ਸੰਬੰਧ ਪੂਰੇ ਸਮਾਜ ਦੀ ਭਲਾਈ ਨਾਲ ਹੁੰਦਾ ਹੈ।ਉਨ੍ਹਾਂ ਦਾ ਮੰਨਣਾ ਸੀ ਕਿ ਸਭ ਤੋਂ ਮਹੱਤਵਪੂਰਨ ਗੁਣ ਉਹੀ ਹਨ ਜੋ ਦੂਜਿਆਂ ਦੇ ਭਲੇ ਲਈ ਵੀ ਹੋਣ।ਜ਼ਿੰਦਗੀ ਅਸਲ ਵਿਚ ਇਕ ਅਰਥ ਦੀ ਤਲਾਸ਼ ਹੀ ਹੈ ਜੋ ਕਿ ਮਨੁੱਖਾਂ ਲਈ ਅੱਗੇ ਵਧਣ ਦੀ ਪ੍ਰਮੁੱਖ ਪ੍ਰੇਰਣਾ ਬਣਦੀ ਹੈ।ਯੂਨਾਨੀ ਦਾਰਸ਼ਨਿਕਾਂ ਦੀ ਸਮਝ ਵਿਚ ਅਰਥ-ਭਰਪੂਰ ਜ਼ਿੰਦਗੀ ਵਿਚ ਦੋ ਸੰਕਲਪ ਸ਼ਾਮਿਲ ਹੁੰਦੇ ਹਨ: ਯੁਡੇਮੋਨੀਆ, ਜਿਸ ਦਾ ਅਰਥ ਹੈ ਅੰਦਰੂਨੀ ਤੰਦਰੁਸਤੀ, ਪ੍ਰਫੁੱਲਤਾ, ਜ਼ਿੰਦਾਦਿਲ ਰਹਿਣ ਦੀ ਸਥਿਤੀ, ਤਰਕਪੂਰਣ ਜ਼ਿੰਦਗੀ ਅਤੇ ਮਨੁੱਖ ਦੀ ਅਰਥ ਤਲਾਸ਼ਣ ਦੀ ਪ੍ਰਵਿਰਤੀ।ਮਨੁੱਖੀ ਜ਼ਿੰਦਗੀ ਦੇ ਮਾੜੇ ਅਤੇ ਚੰਗੇ ਸਮਿਆਂ ਦੇ ਅਨੁਭਵ ਹੀ ਯੂਡੇਮੋਨੀਆ ਵਿਚ ਸਹਾਈ ਹੁੰਦੇ ਹਨ ਜਦੋਂਕਿ ਸਿਰਫ ਸੁਖਾਵੇਂ ਅਤੇ ਚੰਗੇ ਅਨੁਭਵਾਂ ਦੀ ਤਲਾਸ਼ ਖੁਸ਼ੀ ਦੇਣ ਵਿਚ ਹੀ ਸਹਾਈ ਹੁੰਦੀ ਹੈ।ਤਤਕਾਲੀਨ ਪੱਛਮੀ ਅਨੁਭਵ ਦੀ ਦ੍ਰਿਸ਼ਟੀ ਤੋਂ ਦੇਖਦਿਆਂ ਇਹ ਸਮਝ ਆਉਂਦਾ ਹੈ ਕਿ ਖੁਸ਼ੀ ਦੀ ਸਥਿਤੀ ਨੇ ਅਸਲ ਵਿਚ ਮਹਿਜ਼ ਸੁਖਵਾਦ ਦਾ ਰੂਪ ਧਾਰਨ ਕਰ ਲਿਆ ਹੈ।ਇਸ ਦੇ ਮੁਕਾਬਲਤਨ, ਸਹੀ ਅਰਥਾਂ ਵਿਚ ਖੁਸ਼ੀ ਯੂਡੇਮੋਨੀਆ ਦਾ ਪ੍ਰਗਟਾਵਾ ਹੁੰਦਾ ਹੈ ਜਿਸ ਵਿਚ ਗਹਿਰੇ ਅਰਥ ਹੁੰਦੇ ਹਨ ਅਤੇ ਜੋ ਬਾਹਰੀ ਉਦੇਸ਼ਾਂ ਦੀ ਬਜਾਇ ਅੰਦਰੂਨੀ ਉਦੇਸ਼ਾਂ ਤੋਂ ਪ੍ਰੇਰਿਤ ਹੁੰਦਾ ਹੈ।ਜ਼ਿੰਦਗੀ, ਅਜ਼ਾਦੀ ਅਤੇ ਖੁਸ਼ੀ ਦੀ ਤਲਾਸ਼ ਅਸਲ ਵਿਚ ਜ਼ਿੰਦਗੀ ਦੇ ਅਰਥਾਂ ਦੀ ਤਲਾਸ਼ ਦਾ ਹੀ ਹਿੱਸਾ ਹਨ ਅਤੇ ਇਹ ਸਮਝਣ ਦੀ ਲੋੜ ਹੈ ਕਿ ਇਹ ਮਹਿਜ਼ ਉਦੇਸ਼ ਜਾਂ ਆਪਣੇ ਆਪ ਵਿਚ ਅੰਤ ਨਹੀਂ ਹੈ।