ਅੱਜ ਦੀ ਔਰਤ ਸੁਰਖਿਅਤ  ਕਿਉਂ ਨਹੀਂ

ਅੱਜ ਦੀ ਔਰਤ ਸੁਰਖਿਅਤ  ਕਿਉਂ ਨਹੀਂ

ਨਾਰੀ ਜਗਤ

ਰਮਿੰਦਰ ਕੌਰ ਗਿਲ

ਅੱਜ ਦੀ ਔਰਤ, ਨਾ ਦੋਸਤ ਦੇ ਰੂਪ ਵਿਚ, ਨਾ ਪ੍ਰੇਮਿਕਾ ਦੇ ਰੂਪ ਵਿਚ ਨਾ ਪਤਨੀ ਦੇ ਰੂਪ ਵਿਚ ਅਤੇ ਨਾ ਹੀ ਨੂੰਹ ਦੇ ਰੂਪ ਵਿਚ ਸੁਰੱਖਿਅਤ ਹੈ,  ਭਾਵੇਂ ਕਿ ਔਰਤ ਇਕ ਧੀ, ਭੈਣ, ਪਤਨੀ, ਮਾਂ ਤੇ ਦਾਦੀ ਦੇ ਰੂਪ ਵਿਚ ਸਮਾਜ ਵਿਚ ਵਿਚਰਦੀ ਹੋਈ ਸਭ ਨੂੰ ਖ਼ੁਸ਼ੀਆਂ ਖੇੜਿਆਂ ਨਾਲ ਭਰਦੀ ਹੈ।ਬਿਨਾਂ ਸ਼ੱਕ ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਮਹਾਨਤਾ ਉਸ ਦੇਸ਼ ਦੀ ਔਰਤ ਦੀ ਸਥਿਤੀ ਉੱਤੇ ਨਿਰਭਰ ਕਰਦੀ ਹੈ। ਗ਼ੁਲਾਮ ਸੋਚ ਅਤੇ ਅੱਜ ਦੇ ਮਰਦ ਪ੍ਰਧਾਨ ਦੇਸ਼ ਦੀ ਔਰਤ ਕਦੀ ਵੀ ਸਮਾਜਿਕ ਉਸਾਰੀ ਵਿਚ ਭਾਗ ਨਹੀਂ ਲੈ ਸਕਦੀ। ਬਿਨਾਂ ਸ਼ੱਕ ਔਰਤਾਂ ਅੱਜ ਹਰ ਖੇਤਰ ਵਿਚ ਮਰਦਾਂ ਨੂੰ ਪਛਾੜ ਰਹੀਆਂ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਮਰਦਾਂ ਦੇ ਬਰਾਬਰ ਦਾ ਰੁਤਬਾ ਹਾਸਲ ਕਰਨ ਤੋਂ ਬਾਅਦ ਵੀ ਉਹ ਆਪਣੇ-ਆਪ ਨੂੰ ਕਿਤੇ ਵੀ ਸੁਰੱਖਿਅਤ ਨਹੀਂ ਸਮਝਦੀ। ਇਹ ਅਸੁਰੱਖਿਆ ਦੀ ਭਾਵਨਾ ਭਾਵੇਂ ਸੰਸਾਰ ਵਿਆਪੀ ਸਮੱਸਿਆ ਹੈ, ਪਰ ਭਾਰਤ ਵਰਗੇ ਦੇਸ਼ ਵਿਚ ਬਹੁਤ ਜ਼ਿਆਦਾ ਹੈ।ਬੀਤੇ ਤਿੰਨ-ਚਾਰ ਦਹਾਕਿਆਂ ਤੋਂ ਨੈਤਿਕ ਕਦਰਾਂ-ਕੀਮਤਾਂ ਵਿਚ ਇਸ ਕਦਰ ਗਿਰਾਵਟ ਆਈ ਹੈ ਕਿ ਕਿਸੇ ਵੀ ਰਿਸ਼ਤੇ ਵਿਚ ਮਾਣ-ਸਨਮਾਨ ਕਾਇਮ ਨਹੀਂ ਰਿਹਾ। ਦੂਜਾ ਕਾਰਨ ਸਾਡੀ ਅਮਨ-ਕਾਨੂੰਨ ਦੀ ਵਿਵਸਥਾ ਦਾ ਢਿੱਲੇ ਹੋਣਾ ਹੈ। ਔਰਤ ਨਾ ਤਾਂ ਜਨਮ ਤੋਂ ਪਹਿਲਾਂ ਸੁਰੱਖਿਅਤ ਹੈ ਤੇ ਨਾ ਹੀ ਜਨਮ ਤੋਂ ਬਾਅਦ। ਬੱਚੀ ਨੂੰ ਜਨਮ ਤੋਂ ਬਾਅਦ ਵੀ ਜੀਵਨ ਦੇ ਕਈ ਪੜਾਵਾਂ ਵਿਚੋਂ ਗੁਜ਼ਰਨਾ ਪੈਂਦਾ ਹੈ। ਸਕੂਲ ਤੋਂ ਲੈ ਕੇ ਕਾਲਜ, ਯੂਨੀਵਰਸਿਟੀ ਤੱਕ ਤਰ੍ਹਾਂ-ਤਰ੍ਹਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਬਾਜ਼ਾਰ ਵਿਚ, ਗਲੀ ਮੁਹੱਲੇ ਵਿਚ, ਸਫ਼ਰ ਦੌਰਾਨ, ਦਫ਼ਤਰਾਂ ਵਿਚ ਉਸ ਨੂੰ ਭੱਦੇ ਮਖੌਲ ਤੇ ਛੇੜਖਾਨੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਹਰ ਰੋਜ਼ ਛੇੜਖਾਨੀ ਅਤੇ ਜਬਰ ਜਨਾਹ ਦੀਆਂ ਘਟਨਾਵਾਂ, ਔਰਤ ਨੂੰ ਸੋਚਣ 'ਤੇ ਮਜਬੂਰ ਕਰਦੀਆਂ ਹਨ ਕਿ ਕਾਸ਼! ਉਹ ਇਸ ਦੁਨੀਆ ਵਿਚ ਕੁੜੀ ਬਣ ਕੇ ਜਨਮ ਨਾ ਲੈਂਦੀ ਤਾਂ ਚੰਗਾ ਸੀ।

ਅੱਜ ਦੀ ਔਰਤ, ਨਾ ਦੋਸਤ ਦੇ ਰੂਪ ਵਿਚ, ਨਾ ਪ੍ਰੇਮਿਕਾ ਦੇ ਰੂਪ ਵਿਚ ਨਾ ਪਤਨੀ ਦੇ ਰੂਪ ਵਿਚ ਅਤੇ ਨਾ ਹੀ ਨੂੰਹ ਦੇ ਰੂਪ ਵਿਚ ਸੁਰੱਖਿਅਤ ਹੈ। ਭਾਵੇਂ ਕਿ ਔਰਤ ਇਕ ਧੀ, ਭੈਣ, ਪਤਨੀ, ਮਾਂ ਤੇ ਦਾਦੀ ਦੇ ਰੂਪ ਵਿਚ ਸਮਾਜ ਵਿਚ ਵਿਚਰਦੀ ਹੋਈ ਸਭ ਨੂੰ ਖ਼ੁਸ਼ੀਆਂ ਖੇੜਿਆਂ ਨਾਲ ਭਰਦੀ ਹੈ।ਬੇਸ਼ੱਕ ਅੱਜ ਦੇ ਦੌਰ ਵਿਚ ਅਖ਼ਬਾਰਾਂ, ਟੀ.ਵੀ. ਚੈਨਲਾਂ ਤੇ ਕਿਤਾਬਾਂ ਵਿਚ ਔਰਤ ਤੇ ਮਰਦ ਦੀ ਬਰਾਬਰਤਾ ਦੀ ਗੱਲ ਕਹੀ ਜਾਂਦੀ ਹੈ, ਪਰ ਹਕੀਕਤ ਵਿਚ ਅਜਿਹਾ ਕੁਝ ਵੀ ਨਹੀਂ ਹੈ। ਅੱਜ 6 ਸਾਲਾਂ ਦੀਆਂ ਬੱਚੀਆਂ ਤੋਂ ਲੈ ਕੇ 70 ਸਾਲਾਂ ਦੀ ਔਰਤ ਤੱਕ ਵੀ ਮਹਿਫ਼ੂਜ ਨਹੀਂ ਹੈ। ਇਹ ਸਮੁੱਚੀ ਮਨੁੱਖ ਜਾਤੀ ਅਤੇ ਮੌਜੂਦਾ ਸਮਾਜ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਅੰਕੜਿਆਂ ਅਨੁਸਾਰ ਹਰ ਘੰਟੇ 4 ਜਾਂ 5 ਔਰਤਾਂ ਜਬਰ ਜਨਾਹ ਦਾ ਸ਼ਿਕਾਰ ਹੋ ਰਹੀਆਂ ਹਨ, ਇਹ ਸਾਡੇ ਲਈ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ।ਸੋ, ਅੱਜ ਦੇ ਦੌਰ ਵਿਚ ਅਸੁਰੱਖਿਆ ਦੇ ਡਰ ਨਾਲ ਜੂਝ ਰਹੀ ਔਰਤ ਮਾਨਸਿਕ ਤੇ ਸਰੀਰਕ ਰੂਪ ਵਿਚ ਕਦੀ ਵੀ ਸਿਹਤਮੰਦ ਨਹੀਂ ਰਹਿ ਸਕਦੀ ਅਤੇ ਨਾ ਹੀ ਇਕ ਵਧੀਆ ਸਮਾਜ ਦੀ ਸਿਰਜਣਾ ਵਿਚ ਆਪਣਾ ਅਹਿਮ ਯੋਗਦਾਨ ਪਾ ਸਕਦੀ ਹੈ।ਸਾਡਾ ਸਾਰਿਆਂ ਦਾ ਇਥੇ ਇਹ ਫ਼ਰਜ਼ ਬਣਦਾ ਹੈ ਕਿ ਔਰਤ ਭਾਵੇਂ ਧੀ, ਭੈਣ, ਮਾਂ ਜਾਂ ਪਤਨੀ ਦੇ ਰੂਪ ਵਿਚ ਹੋਵੇ, ਉਸ ਨੂੰ ਸਤਿਕਾਰ ਦੇਈਏ।

 

-ਸਾਇੰਸ ਮਿਸਟ੍ਰੈੱਸ, ਸ. ਹ. ਸ. ਝੰਡੇਰ, ਅੰਮ੍ਰਿਤਸਰ।