ਆਜ਼ਾਦੀ ਸੰਗਰਾਮ ਦਾ ਪਲੇਠਾ ਇਤਿਹਾਸਕ ਸੰਘਰਸ਼ -ਕੂਕਾ ਅੰਦੋਲਨ

ਆਜ਼ਾਦੀ ਸੰਗਰਾਮ ਦਾ ਪਲੇਠਾ ਇਤਿਹਾਸਕ ਸੰਘਰਸ਼ -ਕੂਕਾ ਅੰਦੋਲਨ

ਇਤਿਹਾਸ 

 ਪੁਸ਼ਪਿੰਦਰ ਕੌਰ ਚਾਨਾ

1849 ਈਸਵੀ ਵਿਚ ਭਾਰਤ ਪੂਰੀ ਤਰ੍ਹਾਂ ਗ਼ੁਲਾਮ ਹੋ ਗਿਆ ਸੀ। ਭਾਰਤ ਦੇ ਰਾਜੇ-ਮਹਾਰਾਜੇ ਅੰਗਰੇਜ਼ਾਂ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਸਨ। ਭਾਰਤ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜੇ ਜਾਣ ਦੀ ਸਥਿਤੀ ਨੂੰ ਬਾਬਾ ਰਾਮ ਸਿੰਘ ਜੀ ਨੇ ਫ਼ੌਜ ਵਿਚ ਨੌਕਰੀ ਕਰਦਿਆਂ ਨੇੜਿਓਂ ਦੇਖ ਲਿਆ ਸੀ। ਉਨ੍ਹਾਂ ਗ਼ੁਲਾਮੀ ਦੀ ਗੂੜ੍ਹੀ ਨੀਂਦ ਵਿਚ ਸੁੱਤੇ ਭਾਰਤੀਆਂ ਨੂੰ ਜਗਾਉਣ ਲਈ 12 ਅਪ੍ਰੈਲ 1857 ਈਸਵੀ ਨੂੰ ਭੈਣੀ ਸਾਹਿਬ ਦੀ ਧਰਤੀ 'ਤੇ ਪੰਜ ਪਿਆਰਿਆਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸੰਤ ਖ਼ਾਲਸੇ ਦੀ ਸਾਜਨਾ ਕਰਕੇ ਆਜ਼ਾਦੀ ਦਾ ਪ੍ਰਤੀਕ ਚਿੱਟਾ ਝੰਡਾ ਲਹਿਰਾ ਦਿੱਤਾ।

ਮਲੇਰਕੋਟਲੇ ਵਿਖੇ ਇਕ ਵੱਡੀ ਪੱਧਰ ਦਾ ਬੁੱਚੜਖਾਨਾ ਸੀ, ਜਿਥੋਂ ਦੇਸ਼ਾਂ-ਵਿਦੇਸ਼ਾਂ ਨੂੰ ਗਊ ਮਾਸ ਦੀ ਸਪਲਾਈ ਹੁੰਦੀ ਸੀ। 12 ਜਨਵਰੀ 1872 ਨੂੰ ਮਾਘੀ ਮੇਲੇ ਸਮੇਂ ਸ: ਹੀਰਾ ਸਿੰਘ ਅਤੇ ਸ: ਲਹਿਣਾ ਸਿੰਘ ਨੇ ਅੰਗਰੇਜ਼ਾਂ ਖਿਲਾਫ ਅਤੇ ਜੀਵ ਹੱਤਿਆ ਖਿਲਾਫ਼ ਇਕ ਹਥਿਆਰਬੰਦ ਵਿਦਰੋਹ ਕਰਨ ਦਾ ਨਿਸ਼ਚਾ ਕੀਤਾ। ਇਸੇ ਸਮੇਂ ਸਰਦਾਰ ਹੀਰਾ ਸਿੰਘ ਨੇ ਜ਼ਮੀਨ 'ਤੇ ਤਲਵਾਰ ਨਾਲ ਲਕੀਰ ਖਿੱਚ ਦਿੱਤੀ ਅਤੇ ਲਲਕਾਰ ਕੇ ਆਖਿਆ, 'ਜਿਸ ਨੇ ਦੇਸ਼ ਆਜ਼ਾਦੀ ਲਈ ਦੇਸ਼ ਤੋਂ ਕੁਰਬਾਨ ਹੋਣਾ ਹੈ, ਉਹ ਲਕੀਰ ਟੱਪ ਕੇ ਇਧਰ ਆ ਜਾਵੇ, ਬਾਕੀ ਲੋਕ ਘਰਾਂ ਨੂੰ ਚਲੇ ਜਾਣ।140 ਸਿੰਘ ਅਤੇ 2 ਬੀਬੀਆਂ ਲਕੀਰ ਟੱਪ ਗਏ। ਜਥੇ ਕੋਲ ਲੜਨ ਲਈ ਹਥਿਆਰ ਨਹੀਂ ਸਨ। ਤਲਵਾਰ 'ਤੇ ਉਸ ਵਕਤ ਪਾਬੰਦੀ ਲੱਗੀ ਹੋਈ ਸੀ। ਕਿਸੇ ਵਕਤ ਰੱਬੋਂ ਪਿੰਡ ਦੇ ਸ: ਬਦਨ ਸਿੰਘ ਨੇ ਬਾਬਾ ਰਾਮ ਸਿੰਘ ਨੂੰ ਆਖਿਆ ਸੀ ਕਿਸੇ ਵਕਤ ਕਿਸੇ ਕਿਸਮ ਦੀ ਪੰਥ ਨੂੰ ਲੋੜ ਹੋਵੇਗੀ ਤਾਂ ਮੇਰਾ ਸਭ ਕੁਝ ਤੁਹਾਡਾ ਹੈ, ਉਸ ਵਕਤ ਹੀਰਾ ਸਿੰਘ ਕੋਲ ਸੀ। ਉਸ ਕਹੀ ਗੱਲ ਮੁਤਾਬਕ ਬਲੀਦਾਨ ਦੇਣ ਤੁਰਿਆ ਜਥਾ ਸ: ਬਦਨ ਸਿੰਘ ਦੇ ਕਿਲੇ ਵਿਚ ਪਹੁੰਚ ਗਿਆ ਅਤੇ ਹਥਿਆਰ ਅਤੇ ਘੋੜਿਆਂ ਦੀ ਮੰਗ ਕੀਤੀ। ਸਰਦਾਰ ਨੇ ਨਾਂਹ ਕਰ ਦਿੱਤੀ। ਇਥੇ ਸਿੰਘਾਂ ਅਤੇ ਬਦਨ ਸਿੰਘ ਦੇ ਆਦਮੀਆਂ ਵਿਚ ਇਕ ਤਕੜੀ ਝੜਪ ਹੋ ਗਈ, ਜਿਸ ਵਿਚ ਬਦਨ ਸਿੰਘ ਦੇ ਦੋ ਆਦਮੀ ਅਤੇ ਦੋ ਸਿੰਘ ਮਾਰੇ ਗਏ। ਨਾਮਧਾਰੀ ਜਥੇ ਦੇ ਸਿੰਘ ਇਥੋਂ ਕੁਝ ਤਲਵਾਰਾਂ, ਬੰਦੂਕਾਂ, ਗੋਲੀ-ਬਾਰੂਦ ਅਤੇ ਘੋੜੇ ਲੈ ਗਏ ਅਤੇ 15 ਜਨਵਰੀ ਦੀ ਰਾਤ ਨੂੰ ਮਲੇਰਕੋਟਲੇ ਦੇ ਬੁੱਚੜਖਾਨੇ 'ਤੇ ਧਾਵਾ ਬੋਲ ਦਿੱਤਾ। ਲੜਾਈ ਵਿਚ 7 ਸਿੰਘ ਸ਼ਹੀਦ ਹੋ ਗਏ ਅਤੇ 8 ਬੁੱਚੜ ਮਾਰੇ ਗਏ। ਸਿੰਘਾਂ ਨੇ ਇਥੇ ਉਸ ਮੁਸਲਿਮ ਨੂੰ ਵੀ ਪਾਰ ਬੁਲਾ ਦਿੱਤਾ ਜਿਸ ਨੇ ਗੁਰਮੁੱਖ ਸਿੰਘ ਫਰਵਾਹੀ ਅੱਗੇ ਸ਼ੇਰਪੁਰ ਠਾਣੇ ਵਿਚ ਬਲਦ ਨੂੰ ਕਤਲ ਕਰਵਾਇਆ ਸੀ।

16 ਜਨਵਰੀ ਨੂੰ ਇਸ ਜਥੇ ਨੂੰ ਹੀਰਾ ਸਿੰਘ ਨੇ ਆਖਿਆ ਕਿ ਆਪਾਂ ਜੋ ਕਰਨ ਆਏ ਸੀ, ਕਰ ਲਿਆ ਹੈ, ਜਿਸ ਨੇ ਘਰਾਂ ਨੂੰ ਜਾਣਾ ਹੈ, ਜਾ ਸਕਦਾ ਹੈ, ਜਿਸ ਨੇ ਬਲੀਦਾਨ ਦੇਣਾ ਹੈ ਉਹੀ ਆਦਮੀ ਰੁਕੇ। ਜਥਾ ਪਿੰਡ ਭੂਦਨ ਦੇ ਥੇਹ 'ਤੇ ਰੁਕ ਗਿਆ। ਕੁਝ ਸਾਥੀ ਘਰਾਂ ਨੂੰ ਵੀ ਚਲੇ ਗਏ। 68 ਸਿੰਘ ਅਤੇ 2 ਬੀਬੀਆਂ ਦੇ ਜਥੇ ਨੂੰ ਅੰਗਰੇਜ਼ਾਂ ਨੇ ਗ੍ਰਿਫ਼ਤਾਰ ਕਰ ਲਿਆ। ਜਥੇ ਨੇ ਆਤਮ ਸਮਰਪਣ ਕਰ ਦਿੱਤਾ। 17 ਜਨਵਰੀ ਨੂੰ ਮਲੇਰਕੋਟਲੇ ਦੇ ਰੱਕੜ ਵਿਚ ਜਥੇ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਹੋ ਗਿਆ। ਅੰਗਰੇਜ਼ ਅਫ਼ਸਰ ਡਿਪਟੀ ਕਮਿਸ਼ਨਰ ਲੁਧਿਆਣਾ ਮਿ: ਐੱਲ. ਕਾਵਨ ਨੇ ਸ: ਹੀਰਾ ਸਿੰਘ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ? ਹਿੰਦ ਵਿਚ ਗਦਰ ਕਿਉਂ ਮਚਾਇਆ ਹੈ ਤਾਂ ਹੀਰਾ ਸਿੰਘ ਨੇ ਉੱਤਰ ਦਿੱਤਾ 'ਅਸੀਂ ਅੰਗਰੇਜ਼ੀ ਰਾਜ ਨਹੀਂ ਚਾਹੁੰਦੇ, ਅਸੀਂ ਆਪਣੇ ਭਾਈਆਂ ਦਾ ਰਾਜ ਚਾਹੁੰਦੇ ਹਾਂ। ਅਸੀਂ ਮੁਲਖ ਨੂੰ ਆਜ਼ਾਦ ਵੇਖਣਾ ਚਾਹੁੰਦੇ ਹਾਂ ਜ।'

ਅੰਗਰੇਜ਼ ਸਿੰਘਾਂ ਨੂੰ ਤੋਪਾਂ ਨਾਲ ਬੰਨ੍ਹ ਕੇ ਉਡਾਉਣ ਦਾ ਨਿਸਚਾ ਕਰ ਚੁੱਕਾ ਸੀ ਪਰ ਸਿੰਘਾਂ ਆਖਿਆ 'ਅਸੀਂ ਦੇਸ਼ ਲਈ ਕੁਰਬਾਨ ਹੋਣ ਆਏ ਹਾਂ, ਸਾਨੂੰ ਬੰਨ੍ਹਣ ਦੀ ਕੋਈ ਲੋੜ ਨਹੀਂ, ਅਸੀਂ ਛਾਤੀਆਂ ਤਾਣ ਕੇ ਸ਼ਹੀਦ ਹੋਵਾਂਗੇ।' 7 ਤੋਪਾਂ 7 ਵਾਰ ਚੱਲੀਆਂ ਅਤੇ 49 ਸਿੰਘ ਤੂੰਬਾ-ਤੂੰਬਾ ਹੋ ਉੱਡ ਗਏ।ਇਕ 12 ਸਾਲਾ ਬੱਚੇ ਬਿਸ਼ਨ ਸਿੰਘ ਨੂੰ ਦੇਖ ਕੇ ਮਿ: ਕਾਵਨ ਦੀ ਮੇਮ ਦਾ ਮਨ ਡੋਲ ਗਿਆ। ਉਸ ਨੇ ਕਾਵਨ ਨੂੰ ਆਖਿਆ ਕਿ ਇਸ ਨਿੱਕੇ ਬੱਚੇ ਨੂੰ ਕੀ ਪਤਾ ਹੈ ਇਸ ਨੂੰ ਛੱਡ ਦੇਣ। ਕਾਵਨ ਨੇ ਆਖਿਆ ਕਿ ਜੇ ਇਹ ਬੱਚਾ ਇਹ ਕਹਿ ਦੇਵੇ ਕਿ ਮੈਂ ਬਾਬਾ ਰਾਮ ਸਿੰਘ ਦਾ ਸਾਥ ਛੱਡਿਆ ਤਾਂ ਮੈਂ ਮੁਆਫ ਕਰ ਦੇਵਾਂਗਾ। ਬਿਸ਼ਨ ਸਿੰਘ ਨੂੰ ਇਹ ਗੱਲ ਕਾਵਨ ਦੇ ਕੰਨ ਵਿਚ ਆਖਣ ਲਈ ਮਨਾ ਲਿਆ ਤਾਂ ਕਾਵਨ ਨੇ ਜਦੋਂ ਆਪਣਾ ਕੰਨ ਬੱਚੇ ਦੇ ਮੂੰਹ ਨੇੜੇ ਗੱਲ ਸੁਣਨ ਲਈ ਕੀਤਾ ਤਾਂ ਬਿਸ਼ਨ ਸਿੰਘ ਨੇ ਕਾਵਨ ਦੀ ਦਾੜ੍ਹੀ ਨੂੰ ਏਨਾ ਜ਼ੋਰ ਨਾਲ ਫੜ ਕੇ ਖਿੱਚਿਆ ਕਿ ਕਾਵਨ ਨੂੰ ਆਪਣੀ ਜਾਨ ਖਤਰੇ ਵਿਚ ਜਾਪੀ। ਕਾਵਨ ਡਿੱਗ ਪਿਆ ਅਤੇ ਹਫੜਾ-ਦਫੜੀ ਮਚ ਗਈ। ਕੋਲ ਖੜ੍ਹੇ ਸਿਪਾਹੀਆਂ ਨੇ ਕਾਵਨ ਨੂੰ ਛੁਡਾ ਕੇ ਬਿਸ਼ਨ ਸਿੰਘ ਦੇ ਤਲਵਾਰਾਂ ਨਾਲ ਟੁਕੜੇ-ਟੁਕੜੇ ਕਰ ਦਿੱਤੇ।ਅਗਲੇ ਦਿਨ 18 ਜਨਵਰੀ ਨੂੰ ਕਮਿਸ਼ਨਰ ਫਾਰਸਥ ਕਰਨਲ ਗਫ਼ ਮਾਲੇਰਕੋਟਲਾ ਪਹੁੰਚਿਆ। ਉਸ ਨੇ ਮੁਕੱਦਮਾ ਤਿਆਰ ਕਰਕੇ 16 ਹੋਰ ਸਿੰਘਾਂ ਨੂੰ ਤੋਪਾਂ ਨਾਲ ਉਡਾ ਦਿੱਤਾ। ਇਸ ਜਥੇ ਵਿਚ ਇਕ ਮਧਰੇ ਕੱਦ ਦਾ ਵਰਿਆਮ ਸਿੰਘ ਸੀ ਜੋ ਕਿ ਮਹਾਰਾਜਾ ਪਟਿਆਲੇ ਦੇ ਪੁਰਖੇ ਪਿੰਡ ਮਹਿਰਾਜ ਦਾ ਸੀ। ਉਸ ਨੂੰ ਮਹਾਰਾਜਾ ਪਟਿਆਲਾ ਨੇ ਛੱਡ ਦੇਣ ਦੀ ਸਿਫਾਰਸ਼ ਕੀਤੀ ਕਿ ਇਸ ਨੂੰ ਮਧਰੇ ਕੱਦ ਦੇ ਬਹਾਨੇ ਮੁਆਫ ਕੀਤਾ ਜਾਵੇ ਪਰ ਯੋਧਾ ਵਰਿਆਮ ਸਿੰਘ ਪੈਰਾਂ ਹੇਠ ਇੱਟਾਂ ਰੋੜਿਆਂ ਦਾ ਢੇਰ ਬਣਾ ਕੇ ਉਸ ਉਪਰ ਖੜ੍ਹ ਗਿਆ ਪਰ ਅੰਗਰੇਜ਼ਾਂ ਦੀ ਅਧੀਨਗੀ ਨਹੀਂ ਮੰਨੀ। ਮਾਤਾ ਖੇਮ ਕੌਰ ਅਤੇ ਮਾਤਾ ਇੰਦ ਕੌਰ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਮਲੇਰਕੋਟਲਾ ਵਿਖੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਇੱਕ ਆਲੀਸ਼ਾਨ ਸ਼ਹੀਦੀ ਸਮਾਰਕ ਬਣਿਆ ਹੋਇਆ ਹੈ ਜਿਸ ਵਿਚ 66 ਫੁੱਟ ਉੱਚਾ 66 ਮੋਰੀਆਂ ਵਾਲਾ ਸਟੀਲ ਦਾ ਖੰਡਾ ਸ਼ਹੀਦਾਂ ਦੀ ਯਾਦ ਤਾਜ਼ਾ ਕਰਵਾਉਂਦਾ ਹੈ ।