ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਸਾਂਝ

ਗੁਰੂ ਗੋਬਿੰਦ ਸਿੰਘ ਜੀ ਤੇ ਬਹਾਦਰ ਸ਼ਾਹ ਦੀ ਸਾਂਝ

ਇਤਿਹਾਸ

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ


ਗੁਰੂ ਗੋਬਿੰਦ ਸਿੰਘ ਜੀ 1706 ਈਸਵੀ ਦੌਰਾਨ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਸਨ। ਇਸ ਸੰਬੰਧ ਵਿੱਚ ਉਹ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਵੀ ਲਿਖ ਚੁੱਕੇ ਸਨ। ਜਫ਼ਰਨਾਮਾ ਨੂੰ ਲਿਖੇ ਕਈ ਮਹੀਨੇ ਗੁਜ਼ਰ ਗਏ ਅਤੇ ਦੱਖਣ ਵਲੋਂ ਨਾ ਤਾਂ ਭਾਈ ਦਇਆ ਸਿੰਘ ਹੀ ਮੁੜੇ ਜੋ ਜਫ਼ਰਨਾਮਾ ਲੈ ਕੇ ਔਰੰਗਜ਼ੇਬ ਵਲ ਗਏ ਸਨ। ਨਾ ਹੀ ਬਾਦਸ਼ਾਹ ਔਰੰਗਜ਼ੇਬ ਵੱਲੋਂ ਕੋਈ ਖ਼ਬਰ ਮਿਲੀ ਤਾਂ ਆਪ ਬਾਦਸ਼ਾਹ ਔਰੰਗਜ਼ੇਬ ਨਾਲ ਗੱਲਬਾਤ ਕਰਨ ਲਈ ਦੱਖਣ ਵਲ ਤੁਰ ਪਏ। ਡਾ. ਗੰਡਾ ਸਿੰਘ ਲਿਖਦੇ ਹਨ ਕਿ ਗੁਰੂ ਜੀ ਸੰਮਤ 1763, ਕੱਤਕ ਸਦੀ  5 (30 ਅਕਤੂਬਰ ਸੰਨ 1706 ਈਸਵੀ) ਖੁਦ ਨੂੰ ਦੱਖਣ ਕੂਚ ਕੀਤਾ। 20 ਕੱਤਕ ਸੰਮਤ 1763 (21 ਅਕਤੂਬਰ ਸੰਨ 1706 ਈਸਵੀ ਦੇ ਹੁਕਮਨਾਮੇ ਵਿੱਚ ਗੁਰੂ ਜੀ ਲਿਖਦੇ ਹਨ ਕਿ ‘‘ਸਿਰੀ ਗੁਰੂ ਜੀ ਕੀ ਆਗਿਆ ਹੈ ਸਰਬਤਿ ਸੰਗਤਿ ਬੈਰਾੜਾਂ ਕੀ ਗੁਰੂ ਰਖੈਗਾ ਗੁਰੂ ਜਪਣਾ ਜਨਮੁ ਸਉਰੇਗਾ ਫੁਰਮਾਇਸ ਹੁਕਮ ਦੇਖਦਿਆ ਭੇਜਣੀ ਇਕੁ ਬੈਲ ਹਛਾ ਇਕੁ ਭਾਈ ਬਿਰਾਜੁ ਸਿੰਘ ਇਕੁ ਬੈਲ ਹਛਾ ਬੁਲਾਕੀ ਸਿੰਘ ਇਕੁ ਬੈਲ ਹਛਾ ਇਕੁ ਭਾਈ ਬਾਜ ਸਿੰਘ ਇਕੁ ਬੈਲੁ ਹਛਾ ਇਕੁ ਭਾਈ ਧਰਮ ਸਿੰਘ ਰੁਪੈ ਦਾ ਸਰਬਤਿ ਸੰਗਤਿ ਬੈਰਾੜਾਂ ਕੀ ਭਾਈ ਰੂਪੇ ਕੀ ਵਸਦੀ ਕੀ ਗੁਰੂ ਰਖੈਗਾ 4 ਬੈਲ ਚਾਰ ਹਛੈ ਬਹ ਲਾ ਨੋ ਭੇਜਣੇ ਹੁਕਮੁ ਦੇਖਦਿਆਂ ਮੇਰੀ ਤੁਸਾ ਉਪਰਿ ਖੁਸੀ ਹੈ ਅਸਾਂ ਦਖਣ ਨੋ ਕੂਚੁ ਕੀਤਾ ਹੈ ਜਿਨਿ ਸਿੱਖ ਸਾਰੇ ਨਾਲਿ ਚਲਣਾ ਹੋਇ ਤਿਨਿ ਹੁਕਮੁ ਦੇਖ ਦਿਆ ਹਜੂਰਿ ਆਵਣਾ ਮੇਰੀ ਤੁਸਾਂ ਉਪਰ ਖੁਸ਼ੀ ਹੈ ਤੁਸਾਡੀ ਗੁਰੂ ਜੀ ਤੁਸਾਂ ਦੀ ਰਖੇਗਾ ਸੰਮਤ 1723 ਮਿਤੀ ਕਤਕੋ 20 ਸਤਰਾਂ 9।1
ਗੁਰੂ ਸਾਹਿਬ ਬਾਦਸ਼ਾਹ ਨੂੰ ਮਿਲਣਾ ਇਸ ਲਈ ਚਾਹੁੰਦੇ ਸਨ ਤਾਂ ਜੋ ਔਰੰਗਜ਼ੇਬ ਨੂੰ ਹਕੀਕਤ ਸਮਝਾਈ ਜਾ ਸਕੇ। ਆਪ ਖੁਦ ਜਫ਼ਰਨਾਮਾ ਵਿਚ ਲਿਖਦੇ ਹਨ :-
ਕਿ ਤਸ਼ਰੀਫ਼ ਦਰ ਕਸਬਹ ਕਾਂਗੜ ਕੁਨਦ
ਵਜਾਂ-ਪਸ ਮੁਲਾਕਾਤ ਬਾਹਮ ਸਵਦ
ਕਿ ਜੇ ਬਾਦਸ਼ਾਹ ਔਰੰਗੇਜ਼ਬ ਕਾਂਗੜੇ ਕਸਬੇ ਵਿੱਚ ਆ ਜਾਵੇ ਤਾਂ ਗੱਲਬਾਤ ਨਿਪਟਾ ਲਈ ਜਾਵੇ।
ਇਸ ਜ਼ਫ਼ਰਨਾਮੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮੁਗਲ ਅਧਿਕਾਰੀਆਂ ਦੀਆਂ ਝੂਠੀਆਂ ਕਸਮਾਂ ਦਾ ਹਵਾਲਾ ਦਿੰਦੇ ਹਨ ਤੇ ਉਹ ਸ਼ਹਿਨਸ਼ਾਹ ਨੂੰ ਉਸ ਦੀ ਇਖਲਾਕੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੇ ਹਨ ਕਿ ਉਹ ਇਸ ਸੱਚ ਵੱਲ ਧਿਆਨ ਦੇਵੇ ਤੇ ਨਿਆਂ ਕਰੇ। ਇਸ ਚਿੱਠੀ ਵਿੱਚ ਗੁਰੂ ਜੀ ਨੇ ਬਾਦਸ਼ਾਹ ਨੂੰ ਉਸ ਵੱਲੋਂ ਹੋਏ ਜ਼ੁਲਮਾਂ ਤੇ ਬੇਇਨਸਾਫ਼ੀ ਬਾਰੇ ਯਾਦ ਕਰਵਾਇਆ ਅਤੇ ਲਿਖਿਆ ਕਿ ਉਹਨਾਂ ਦੇ ਪੁੱਤਰਾਂ ਤੋਂ ਇਲਾਵਾ ਉਹਨਾਂ ਦੇ ਬਹੁਤ ਸਾਰੇ ਸਿੱਖ ਮਾਰੇ ਗਏ ਸਨ ਪਰ ਫਿਰ ਵੀ ਉਹ ਅਜਿੱਤ ਸਨ।
ਚਿ ਮਰਦੀ ਕਿ ਅਖਗਰ ਖਮੋਸ਼ਾਂ ਕੰੁਨੀ। ਕਿ ਆਤਸ਼ ਦਮਾਂ ਰਾ ਫਰੋਜ਼ਾਂ ਕੁਨੀ।
(ਅਰਥਾਤ ਇਹ ਤੇਰੀ ਕੀ ਬਹਾਦਰੀ ਹੈ ਕਿ ਤੂੰ ਚੰਗਿਆੜੀਆਂ ਨੂੰ ਬੁਝਾਵੇਂ ਤੇ ਤੇਜ਼ ਅੱਗ ਨੂੰ ਹੋਰ ਵੱਧ ਭੜਕਾਵੇਂ)
ਇਸ ਦਾ ਭਾਵ ਇਹ ਸੀ ਕਿ ਜਿਹੜੀ ਅਜ਼ਾਦੀ ਦੀ ਲਹਿਰ ਗੁਰੂ ਜੀ ਨੇ ਆਰੰਭ ਕੀਤੀ ਸੀ ਉਹ ਇਕ ਵਿਸ਼ਾਲ ਲਹਿਰ ਬਣ ਗਈ ਸੀ। ਗੁਰੂ ਸਾਹਿਬ ਦਾ ਕਹਿਣਾ ਸੀ ਕਿ ਔਰੰਗਜ਼ੇਬ ਤੂੰ ਮੇਰੇ ਕੁਝ ਸਿੱਖਾਂ ਨੂੰ ਮਾਰ ਕੇ ਇਸ ਲਹਿਰ ਨੂੰ ਕੁਚਲ ਨਹੀਂ ਸਕਦਾ। ਇਸ ਸੁਨੇਹੇ ਨਾਲ ਬਜ਼ੁਰਗ ਬਾਦਸ਼ਾਹ ਔਰੰਗਜ਼ੇਬ ਸੋਚਣ ਲਈ ਮਜ਼ਬੂਰ ਹੋ ਗਿਆ। ਉਸ ਨੇ ਗੁਰੂ ਜੀ ਨੂੰ ਮਿਲਣ ਲਈ ਇੱਛਾ ਪ੍ਰਗਟ ਕੀਤੀ ਤੇ ਆਪਣੇ ਪਾਸ ਸੱਦਿਆ। ਔਰੰਗਜੇਬ ਨੇ ਲਾਹੌਰ ਦੇ ਗਵਰਨਰ ਮੁਨੀਮ ਖਾਨ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਪਰਕ ਬਣਾਵੇ ਅਤੇ ਉਹਨਾਂ ਦੇ ਦੱਖਣ ਦੇ ਸਫਰ ਬਾਰੇ ਸੁਰੱਖਿਅਤ ਇੰਤਜ਼ਾਮ ਕਰੇ। 1706 ਈਸਵੀ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਦਾ ਫੈਸਲਾ ਕੀਤਾ। ਗੁਰੂ ਗੋਬਿੰਦ ਸਿੰਘ ਦੱਖਣ ਨੂੰ ਜਾ ਹੀ ਰਹੇ ਸਨ, ਜਦੋਂ ਉਹ ਰਾਜਪੂਤਾਨੇ ਵਿੱਚ ਬਘੋਰ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਇਹ ਖ਼ਬਰ ਮਿਲੀ ਕਿ ਔਰੰਗਜ਼ੇਬ ਦੀ 1707 ਈਸਵੀ ਦੌਰਾਨ 20 ਫਰਵਰੀ ਦੇ ਆਖਰੀ ਹਫਤੇ ਅਹਿਮਦ ਨਗਰ ਵਿੱਚ ਮੌਤ ਹੋ ਗਈ ਹੈ। ਗੁਰੂ ਜੀ ਦਿੱਲੀ ਨੂੰ ਵਾਪਸ ਪਰਤ ਆਏ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਸਿਆਸੀ ਹਾਲਾਤ ਨੇ ਗੁਰੂ ਸਾਹਿਬ ਦੇ ਹੱਕ ਵਿੱਚ ਪਾਸਾ ਪਰਤਿਆ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਤਖਤ ਉੱਪਰ ਕਬਜ਼ੇ ਵਾਸਤੇ ਜਾਨਸ਼ੀਨਾਂ ਦਾ ਆਪਸ ਵਿੱਚ ਤਕਰਾਰ ਹੋ ਗਿਆ।
63 ਸਾਲਾ ਬਹਾਦਰ ਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਪਹਿਲਾਂ ਕਾਬਲ ਵਿੱਚ ਗਵਰਨਰ ਸੀ, ਜਦੋਂ ਉਸ ਨੂੰ ਪਤਾ ਲੱਗਾ ਕਿ ਔਰੰਗਜ਼ੇਬ ਸਖ਼ਤ ਬਿਮਾਰ ਹੈ ਤਾਂ ਉਹ ਪਖਤੂਨ ਦੇਸ ਵਿਚੋਂ ਪੰਜਾਬ ਹੁੰਦਾ ਹੋਇਆ ਦਿੱਲੀ ਵੱਲ ਜਾਣ ਲੱਗਾ। ਰਸਤੇ ਵਿਚ ਉਸ ਨੂੰ ਖ਼ਬਰ ਮਿਲੀ ਕਿ ਬਾਦਸ਼ਾਹ ਔਰੰਗਜ਼ੇਬ ਚਲ ਵਸਿਆ ਹੈ, ਉਸੇ ਵਕਤ ਉਸ ਦੇ ਭਰਾ ਆਜ਼ਮ ਨੇ ਦੱਖਣ ਵਿੱਚ ਆਪਣੇ ਆਪ ਨੂੰ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ। ਬਹਾਦਰ ਸ਼ਾਹ ਨੇ ਆਪਣੇ ਪੁੱਤਰਾਂ ਨੂੰ ਲਾਹੌਰ ਵਿੱਚ ਆ ਕੇ ਇਕੱਠੇ ਹੋਣ ਦਾ ਸੁਨੇਹਾ ਭੇਜਿਆ। ਬਹਾਦਰ ਸ਼ਾਹ ਨੇ ਸਿੰਧ ਦਰਿਆ ਪਾਰ ਕੀਤਾ ਅਤੇ ਲਾਹੌਰ ਤੋਂ 12 ਕੋਹ ਦੂਰੀ ਤੇ ਪੁਲ-ਏ-ਸ਼ਾਹ ਦੋਲਾ ਪਹੁੰਚ ਕੇ ਆਪਣੇ ਸਮਰੱਥਕਾਂ ਨੂੰ ਸੱਦ ਕੇ ਆਪਣੇ ਆਪ ਨੂੰ ਮੁਲਕ ਦਾ ਬਾਦਸ਼ਾਹ ਐਲਾਨ ਦਿੱਤਾ। ਤਿੰਨ ਮਈ 1707 ਈਸਵੀ ਨੂੰ ਉਹ ਲਾਹੌਰ ਸ਼ਹਿਰ ਪਹੁੰਚ ਗਿਆ, ਜਿੱਥੇ ਉਸ ਦੇ ਸਾਰੇ ਪੁੱਤਰ ਆ ਮਿਲੇ। ਅਪਰੈਲ 1707 ਈਸਵੀ ਵਿੱਚ ਬਹਾਦਰ ਸ਼ਾਹ ਲਾਹੌਰ ਦੇ ਸੂਬੇਦਾਰ ਮੁਨੀਮ ਖ਼ਾਨ ਨੂੰ ਮਿਲਿਆ। ਮੁਨੀਮ ਅਤੇ ਉਸ ਦੇ ਬੇਟੇ ਮੌਜ਼ੁੱਦੀਨ ਨੇ ਸ਼ਹਿਜ਼ਾਦੇ ਬਹਾਦਰ ਸ਼ਾਹ ਨੂੰ ਫੌਜੀ ਮਦਦ ਦੀ ਪੇਸ਼ਕਸ਼ ਕੀਤੀ। ਇਹ ਪਿਉ-ਪੁੱਤਰ ਤੁਰਕ ਸਨ। ਮੁਨੀਮ ਖਾਨ ਕੋਲੋਂ 28 ਲੱਖ ਰੁਪਏ ਲੈ ਕੇ ਬਹਾਦਰ ਸ਼ਾਹ ਨੇ 5 ਮਈ 1707 ਈਸਵੀ ਦੌਰਾਨ ਦਿੱਲੀ ਵਲ ਵਹੀਰਾਂ ਘੱਤ ਦਿੱਤੀਆਂ। ਸਰਹਿੰਦ ਪਹੁੰਚਣ ’ਤੇ ਇੱਥੋਂ ਦੇ ਸੂਬੇਦਾਰ ਵਜ਼ੀਰ ਖਾਨ ਨੇ ਅੱਠ ਲੱਖ ਰੁਪਏ ਨਜ਼ਰਾਨੇ ਵਜੋਂ ਦਿੱਤੇ। ਜਦੋਂ ਬਹਾਦਰ ਸ਼ਾਹ ਸੋਨੀਪਤ ਪਹੁੰਚਿਆ ਤਾਂ ਇੱਥੋਂ ਦੇ ਫੌਜਦਾਰ ਮਿਰਜਾ ਅਸਦ ਉਲਾ ਨੇ ਬਹੁਤ ਸਾਰਾ ਜੰਗੀ ਸਮਾਨ ਭੇਟ ਕੀਤਾ। ਬਹਾਦਰ ਸ਼ਾਹ 20 ਮਈ 1707 ਈਸਵੀ ਨੂੰ ਦਿੱਲੀ ਪਹੁੰਚ ਗਿਆ। ਦਿੱਲੀ ਦੇ ਫੌਜਦਾਰ ਮੁਹੰਮਦ ਯਾਰ ਖਾਨ ਨੇ ਕਿਲ੍ਹੇ ਦੀਆਂ ਚਾਬੀਆਂ ਬਹਾਦਰ ਸ਼ਾਹ ਦੇ ਹਵਾਲੇ ਕਰ ਦਿੱਤੀਆਂ।
ਜਦੋਂ ਬਹਾਦਰ ਸ਼ਾਹ ਆਗਰੇ ਪੁਹੰਚਿਆ ਤਾਂ ਕਿਲ੍ਹੇਦਾਰ ਬਾਕੀ ਖਾਂ ਨੇ ਕਿਲ੍ਹੇ ਦੀਆਂ ਚਾਬੀਆਂ ਬਾਦਸ਼ਾਹ ਦੇ ਹਵਾਲੇ ਕਰ ਦਿੱਤੀਆਂ। ਕਿਲ੍ਹੇ ਵਿੱਚ ਬਹੁਤ ਸਾਰਾ ਖਜਾਨਾ, ਸੋਨਾ ਮੌਜੂਦ ਸੀ। ਇਸ ਆਰਥਿਕਤਾ ਕਾਰਣ ਬਹਾਦਰ ਸ਼ਾਹ ਦੀ ਸਥਿਤੀ ਕਾਫੀ ਮਜ਼ਬੂਤ ਹੋ ਗਈ। ਬਹਾਦਰ ਸ਼ਾਹ ਦਾ ਆਗਰੇ ਉੱਪਰ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਸੀ।
ਬਹਾਦਰ ਸ਼ਾਹ ਨੇ ਆਜ਼ਮ ਸ਼ਾਹ ਨੂੰ ਇਕ ਪੱਤਰ ਲਿਖ ਕੇ ਸਮਝੌਤੇ ਦੀ ਪੇਸ਼ਕਸ਼ ਕੀਤੀ ਕਿ ਉਹ ਆਪਣੇ ਸਵਰਗਵਾਸੀ ਪਿਤਾ ਔਰੰਗਜ਼ੇਬ ਦੀ ਇੱਛਾ ਮੁਤਾਬਕ ਉਸ ਨੂੰ ਸੌਂਪਿਆ ਹੋਇਆ ਹਿੱਸਾ ਦੇਣ ਨੂੰ ਤਿਆਰ ਹੈ ਤੇ ਇਸ ਤੋਂ ਇਲਾਵਾ ਉਸ ਨੂੰ ਹੋਰ ਵੀ ਸੂਬੇ ਦਿੱਤੇ ਜਾ ਸਕਦੇ ਹਨ। ਪਰ ਸ਼ਰਤ ਇਹ ਹੈ ਕਿ ਉਹ ਉਸ ਨੂੰ ਬਾਦਸ਼ਾਹ ਪ੍ਰਵਾਨ ਕਰ ਲਵੇ।
ਇਸ ਦੇ ਜਵਾਬ ਵਿੱਚ ਆਜ਼ਮ ਸ਼ਾਹ ਨੇ ਕਿਹਾ ਕਿ ਇਕ ਦੇਸ ਵਿੱਚ ਦੋ ਬਾਦਸ਼ਾਹ ਨਹੀਂ ਰਹਿ ਸਕਦੇ ਭਾਵੇਂ ਕਿ ਦਸ ਫਕੀਰ ਇਕੋ ਕੰਬਲ ਵਿੱਚ ਸੌ ਸਕਦੇ ਹਨ? 2
ਇਸ ਟਕਰਾਅ ਦਾ ਗੁਰੂ ਸਾਹਿਬ ਨੂੰ ਗਿਆਨ ਸੀ। ਗੁਰੂ ਜੀ ਨੇ ਹੋਰਨਾਂ ਦੇ ਵਿਰੁਧ ਬਹਾਦਰ ਸ਼ਾਹ ਦੀ ਚੋਣ ਕੀਤੀ। ਪ੍ਰੋ. ਕਿਸ਼ਨ ਸਿੰਘ ਇਸ ਸਮਝੌਤੇ ਦਾ ਤਰਕ ਦਿੰਦੇ ਹੋਏ ਆਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਮਣੇ ਪੁਜ਼ੀਸ਼ਨ ਕੀ ਸੀ? ਲਹਿਰ ਦਾ ਤਣਿਆਂ ਤੱਕ ਜ਼ੋਰ ਲੱਗ ਚੁੱਕਾ ਸੀ। ਇਹ ਠੀਕ ਹੈ ਕਿ ਖਾਲਸਾ ਅਮਰ ਹੈ ਅਤੇ ਮੁਗਲਾਂ ਦੇ ਮਾਰਿਆਂ ਉਹ ਮਰ ਨਹੀਂ ਸੀ ਸਕਦਾ, ਪਰ ਅਨੰਦਪੁਰ ਦੇ ਕਿਲ੍ਹੇ ਵਿਚਲਾ ਖਾਲਸਾ ਸ਼ਹੀਦ ਹੋ ਚੁੱਕਾ ਸੀ। ਤੱਤੀ ਫੱਟੀ ਖਾਲਸੇ ਦੀ ਇਕ ਹੋਰ ਫੌਜ ਦੇ ਖੜੀ ਹੋਣ ਦਾ ਇਮਕਾਨ ਨਹੀਂ ਸੀ। ਸਿਆਸੀ ਲਹਿਰਾਂ ਦਾ ਆਪਣਾ ਤਾਲ ਹੁੰਦਾ ਹੈ। ਵੱਡੇ ਤੋਂ ਵੱਡਾ ਇਨਕਲਾਬੀ ਲੀਡਰ ਵੀ ਉਸ ਤਾਲ ਦੇ ਖਿਲਾਫ਼ ਨਹੀਂ ਜਾ ਸਕਦਾ। ਉਸ ਦੀ ਪ੍ਰਤਿਭਾ ਹੁੰਦੀ ਹੀ ਇਸ ਗੱਲ ਵਿੱਚ ਹੈ ਕਿ ਉਹ ਚੜ੍ਹਾਉ ਵਿੱਚ ਆਈ ਲਹਿਰ ਨੂੰ ਲੀਵਰ ਲਾਵੇ ਅਤੇ ਉਸ ਤੋਂ ਕੰਮ ਲਵੇ। ਗੁਰੂ ਸਾਹਿਬ ਮੁਗਲੀਆ ਰਾਜ-ਪ੍ਰਬੰਧ ਦੀਆਂ ਅੱਖਾਂ ਵਿੱਚ ਬਾਗੀ ਸਨ, ਮਫ਼ਰੂਰ ਸਨ। ਵਜੀਰ ਖਾਨ ਦੀ ਫੌਜ ਉਹਨਾਂ ਨੂੰ ਫੜਨ ਅਤੇ ਫੜ ਕੇ ਖਤਮ ਕਰਨ ਵਾਸਤੇ ਮਗਰ ਲੱਗੀ ਫਿਰਦੀ ਸੀ। ਗੁਰੂ ਸਾਹਿਬ ਤੇ ਲਹਿਰ ਦਾ ਇਸ ਪੁਜ਼ੀਸ਼ਨ ਵਿੱਚ ਹਿੱਤ ਕੀ ਸੀ? ਹਿੱਤ ਇਹ ਸੀ ਕਿ ਗੁਰੂ ਸਾਹਿਬ ਇਸ ਪੁਜ਼ੀਸ਼ਨ ਵਿਚੋਂ ਨਿਕਲਣ ਅਤੇ ਫੌਜ ਦੀ ਫੜੋ-ਫੜਾਈ ਮਗਰੋਂ ਲੱਥੇ। ਉਹ ਇਨਕਲਾਬੀ ਲੀਡਰ ਕਾਹਦਾ ਜਿਸ ਦੇ ਸਭ ਹਥਿਆਰ ਖਤਮ ਹੋ ਜਾਣ? ਜੋ ਪਹਿਲ ਹੀ ਨਾ ਕਰ ਸਕੇ? ਹਰ ਪਹਿਲੂ ਉੱਤੇ ਅਗਲਾ ਕਦਮ ਉਠਾਉਣ ਦੀ ਸ਼ਕਤੀ ਅਗਲੇ ਕੋਲ ਚਲੀ ਜਾਵੇ ਤਾਂ ਲੀਡਰ ਨਿਹੱਥਾ ਹੋ ਗਿਆ ਸਮਝੋ।3
ਸੋ ਇਹ ਗੁਰੂ ਦੀ ਰਾਜਨੀਤੀ ਸੀ ਕਿ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਬਹਾਦਰ ਸ਼ਾਹ ਦੇ ਨਾਲ ਸਾਂਝ ਪਾਉਣੀ ਤੇ ਮਦਦ ਕਰਨੀ।
ਪ੍ਰੋ. ਕਿਸ਼ਨ ਸਿੰਘ ਨੇ ਇਸ ਸੰਬੰਧ ਵਿੱਚ ਦੁਰੱਸਤ ਤਰਕ ਪੇਸ਼ ਕੀਤਾ ਹੈ ਜੋ ਕਿ ਇਤਿਹਾਸਕ ਸੱਚਾਈ ਹੈ। ਗੁਰੂ ਸਾਹਿਬ ਦੀ ਇਹੀ ਨੀਤੀ ਖਾਲਸਾ ਪੰਥ ਨੂੰ ਰਾਜ ਸੱਤਾ ਦਾ ਮਾਲਕ ਬਣਾਉਣ ਤੱਕ ਲੈ ਕੇ ਆਈ। ਇਤਿਹਾਸ ਵਿਚ ਜ਼ਿਕਰ ਮਿਲਦਾ ਹੈ ਕਿ ਬਹਾਦਰ ਸ਼ਾਹ ਭਾਈ ਨੰਦ ਲਾਲ ਰਾਹੀਂ ਗੁਰੂ ਸਾਹਿਬ ਕੋਲ ਮਦਦ ਲਈ ਸੰਪਰਕ ਕੀਤਾ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਮਜ਼ਬੂਤ ਕਰਨ ਦੇ ਲਈ ਸਟੇਟ ਦੀ ਰਾਜਨੀਤੀ ਵਿੱਚ ਦਖਲਅੰਦਾਜ਼ੀ ਕੀਤੀ। ਜਿਵੇਂ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖ ਲਹਿਰ ਨੂੰ ਅੱਗੇ ਮਜ਼ਬੂਤ ਕਰਨ ਦੇ ਲਈ ਜਹਾਂਗੀਰ ਦੇ ਦੋਸਤਾਨਾ ਰਵੱਈਏ ਨੂੰ ਕਬੂਲ ਕੀਤਾ, ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਹਾਦਰ ਸ਼ਾਹ ਦੇ ਦੋਸਤਾਨਾ ਸੰਬੰਧਾਂ ਨੂੰ ਕਬੂਲ ਕੀਤਾ। ਗੁਰੂ ਸਾਹਿਬ ਨੇ ਉਹੀ ਸਿਆਸੀ ਨੀਤੀ ਅਪਨਾਈ, ਜੋ ਗੁਰੂ ਹਰਿਗੋਬਿੰਦ ਸਾਹਿਬ ਸਮੇਂ ਸਿੱਖ ਲਹਿਰ ਨੇ ਪੈਂਤੜਾ ਲਿਆ ਸੀ। ਇਸ ਸਿਆਸੀ ਸਥਿਤੀ ਵਿੱਚ ਔਰੰਗਜ਼ੇਬ ਨੂੰ ਗੁਰੂ ਸਾਹਿਬ ਨਾਲ ਨੇੜਤਾ ਕਰਨਾ ਪੁਗਦਾ ਸੀ। ਔਰੰਗਜ਼ੇਬ ਉਸ ਸਮੇਂ ਹਿੰਦੁਸਤਾਨ ਵਿੱਚ ਹੋ ਰਹੀਆਂ ਬਗਾਵਤਾਂ ਕਰਕੇ ਕਮਜ਼ੋਰ ਪੈ ਚੁੱਕਾ ਸੀ। ਉਹ ਤਾਂ ਤਖ਼ਤ ਦੇ ਵਾਰਸਾਂ ਦਾ ਸੁਆਲ ਵੀ ਆਪਣੇ ਜਿਉਂਦੇ ਜੀ ਨਹੀਂ ਸੀ ਨਜਿੱਠ ਸਕਿਆ। ਇਸੇ ਕਾਰਣ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਔਰੰਗਜ਼ੇਬ ਦੇ ਸਾਹਿਬਜ਼ਾਦਿਆਂ ਵਿਚਾਲੇ ਤਖ਼ਤ ਦੀ ਮਾਲਕੀ ਨੂੰ ਲੈ ਕੇ ਝਗੜਾ ਖੜਾ ਹੋ ਗਿਆ।
ਕਵੀ ਸੈਨਾਪਤੀ ਨੇ ਲਿਖਿਆ ਹੈ ਕਿ ਔਰੰਗਜ਼ੇਬ ਦੇ ਮਰਨ ਉਪਰੰਤ ਉਸ ਦੇ ਛੋਟੇ ਪੁੱਤਰ ਆਜ਼ਮ ਸ਼ਾਹ (ਤਾਰਾ ਆਜ਼ਮ) ਨੇ ਤੁਰੰਤ ਹੀ ਦੱਖਣ ਵਿੱਚ ਆਪਣੇ ਆਪ ਨੂੰ ਦੇਸ ਦਾ ਬਾਦਸ਼ਾਹ ਐਲਾਨ ਦਿੱਤਾ ਸੀ। ਵੱਡਾ ਸਾਹਿਬਜ਼ਾਦਾ ਮੁਅੱਜ਼ਮ ਜਮਰੌਦ (ਦਰਿਆ ਸਿੰਧ ਤੋਂ ਪਰੇ) ਸੀ। ਇਸ ਨੇ ਵੀ ਆਪਣੇ ਆਪ ਨੂੰ ਬਾਦਸ਼ਾਹ ਐਲਾਨ ਕਰਕੇ ਦਿੱਲੀ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਜਦੋਂ ਸਾਹਿਬਜ਼ਾਦਾ ਮੁਅੱਜ਼ਮ ਜਿਹੜਾ ਕਿ ਬਾਦਸ਼ਾਹ ਬਣਨ ਬਾਅਦ ਬਹਾਦਰ ਸ਼ਾਹ ਬਣ ਗਿਆ, ਦਿੱਲੀ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਗੁਰੂ ਸਾਹਿਬ ਨੂੰ ਸੁਨੇਹਾ ਭੇਜ ਕੇ ਦਿੱਲੀ ਵਿਖੇ ਪਹੁੰਚਣ ਦੀ ਬੇਨਤੀ ਕਰ ਦਿੱਤੀ। ਇਹ ਬੇਨਤੀ ਇਹ ਸੀ ਕਿ ਗੁਰੂ ਸਾਹਿਬ ਉਸ ਨੂੰ ਅਸ਼ੀਰਵਾਦ ਦੇਣ ਤੇ ਇਸ ਜੰਗ ਵਿੱਚ ਉਹਨਾਂ ਦੀ ਮਦਦ ਕਰਨ। ਕਵੀ ਸੈਨਾਪਤਿ ਅਨੁਸਾਰ :
ਦਿੱਲੀ ਨਿਕਟਿ ਆਪ ਜਬ ਆਯੋ॥
ਲਿਖਾ ਕੀਓ ਪ੍ਰਬ ਪਾਸ ਪਠਾਇਓ॥
              ਦੋਹਰਾ
ਕਰਿ ਜੋਰੇ ਐਸੇ ਕਹਿਓ
ਨਿਮਨ ਬਿਲਮ ਨਹੀਂ ਲਾਇ॥
ਇਹ ਸੁਲਤਾਨੀ ਜੰਗ ਮੈ
ਤੁਮ ਪ੍ਰਭੁ ਹੋਹੁ ਸਹਾਇ॥

ਤਵਾਰੀਖ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਇਸੇ ਗੱਲ ਨੂੰ ਸਪੱਸ਼ਟ ਕਰਦਾ ਹੋਇਆ ਲਿਖਦਾ ਹੈ ਕਿ ਬਹਾਦਰ ਸ਼ਾਹ ਨੇ ਲਿਖਤੀ ਬੇਨਤੀ ਭੇਜ ਕੇ ਗੁਰੂ ਜੀ ਨੂੰ ਦਿੱਲੀ ਵਿੱਚ ਮਿਲਣ ਦੀ ਬੇਨਤੀ ਕੀਤੀ। ਜਦੋਂ ਗੁਰੂ ਜੀ ਨੂੰ ਬਹਾਦਰ ਸ਼ਾਹ ਦਾ ਇਹ ਪੱਤਰ ਮਿਲਿਆ ਤਾਂ ਉਸ ਦੇ ਜਵਾਬ ਵਿੱਚ ਗੁਰੂ ਸਾਹਿਬ ਨੇ ਲਿਖਤੀ ਪੱਤਰ ਭੇਜਦਿਆਂ ਅਸ਼ੀਰਵਾਦ ਦਿੱਤਾ।
‘ਬਹਾਦਰ ਸ਼ਾਹ ਨੂੰ ਕੋਈ ਸ਼ੰਕਾ ਨਹੀਂ ਰੱਖਣਾ ਚਾਹੀਦਾ। ਰਾਜਭਾਗ ਉਸੇ ਦਾ ਹੀ ਰਹੇਗਾ, ਇਹ ਸੁਣ ਕੇ ਬਹਾਦਰ ਸ਼ਾਹ ਦੇ ਮਨ ਵਿੱਚ ਸ਼ਾਂਤੀ ਆ ਗਈ।’ ਕਵੀ ਸੈਨਾਪਤਿ ਦੇ ਅਨੁਸਾਰ ਗੁਰੂ ਜੀ ਬਾਦਸ਼ਾਹ ਦੀ ਬੇਨਤੀ ਕਰਨ ਉਪਰੰਤ ਦਿੱਲੀ ਪਹੁੰਚ ਗਏ ਤੇ ਉਹਨਾਂ ਨੇ ਡੇਰਾ ਯਮੁਨਾ ਨਦੀ ਦੇ ਕੰਢੇ ਲਗਾ ਲਿਆ।
ਸ਼ਾਹ ਜਹਾਨਾ ਬਾਦਿ ਪ੍ਰਭੁ ਜਬ ਆਇ ਕੈ॥
ਕੋਤਕਿ ਕਰੇ ਅਪਾਰ ਪ੍ਰਭੁ ਬਿਗਸਾਇ ਕੈ॥
ਜਮਨਾ ਕੇ ਤਟ ਪਾਰ ਜਹਾਂ ਡੇਰਾ ਕੀਉ॥
ਜੀ ਕੀਨੋ ਸਿਸਟਿ ਉਧਾਰ ਦਰਸ ਐਸੇ ਦੀਉ॥
ਭਾਈ ਸੰਤੋਖ ਸਿੰਘ ਅਨੁਸਾਰ ਬਹਾਦਰ ਸ਼ਾਹ ਵੱਲੋਂ ਗੁਰੂ ਸਾਹਿਬ ਨੂੰ ਲਿਖਤੀ ਬੇਨਤੀ ਬਘੌਰ ਵਿਖੇ ਭੇਜੀ ਗਈ ਸੀ। ਇਸੇ ਕਰਕੇ ਗੁਰੂ ਜੀ ਬਘੌਰ ਤੋਂ ਸਿੱਧਾ ਦਿੱਲੀ ਪਹੁੰਚੇ ਸਨ। ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਭਾਈ ਧਰਮ ਸਿੰਘ ਦੀ ਅਗਵਾਈ ਵਿੱਚ ਪੰਜ ਸੌ ਸਿੰਘਾਂ ਦਾ ਜੱਥਾ ਭੇਜਿਆ ਸੀ ਤੇ ਇਹ ਵੀ ਕਿਹਾ ਸੀ ਕਿ ਲੋੜ ਪੈਣ ’ਤੇ ਉਹ ਖੁਦ ਫੌਜ ਲੈ ਕੇ ਇਸ ਯੁਧ ਵਿੱਚ ਬਹਾਦਰ ਸ਼ਾਹ ਦੀ ਮਦਦ ਕਰਨਗੇ। ਇਸ ਲਈ ਜਦੋਂ ਲੜਾਈ ਪੂਰੇ ਜੋਰਾਂ ’ਤੇ ਸੀ, ਗੁਰੂ ਜੀ ਨੇ ਅਗੰਮੀ ਸ਼ਹੀਦਾਂ ਦੀ ਬੇਅੰਤ ਫੌਜ ਲੈ ਕੇ ਮੈਦਾਨ ਵਿੱਚ ਆ ਗਏ ਸਨ। ਇਹਨਾਂ ਸ਼ਹੀਦਾਂ ਨੇ ਤਾਰਾ ਆਜ਼ਮ ਤੇ ਉਸ ਦੀ ਫੌਜ ਨੂੰ ਮਾਰ ਮੁਕਾਇਆ ਸੀ। ਬਹਾਦਰ ਸ਼ਾਹ ਦੀ ਜਿੱਤ ਹੋਈ, ਤਾਰਾ ਆਜ਼ਮ ਨੂੰ ਗੁਰੂ ਜੀ ਨੇ ਆਪਣੇ ਤੀਰ ਨਾਲ ਫੁੰਡ ਦਿੱਤਾ। ਗਿਆਨੀ ਗਿਆਨ ਸਿੰਘ ਅਨੁਸਾਰ ਗੁਰੂ ਜੀ ਨੇ ਪੰਜ ਸੌ ਮਲਵਈ ਸਿੰਘਾਂ ਦਾ ਜੱਥਾ ਵੀ ਭੇਜਿਆ ਸੀ।
ਸੋ 8 ਜੂਨ 1707 ਨੂੰ ਆਗਰੇ ਨੇੜੇ ਜਾਜੋ ਦੇ ਮੁਕਾਮ ’ਤੇ ਲੜਾਈ ਲੜੀ ਗਈ, ਜਿੱਥੇ ਬਹਾਦਰ ਸ਼ਾਹ ਜੇਤੂ ਹੋਇਆ।
ਪਿ੍ਰੰਸੀਪਲ ਤੇਜਾ ਸਿੰਘ ਤੇ ਡਾ. ਗੰਡਾ ਸਿੰਘ ਆਖਦੇ ਹਨ ਕਿ ਬਹਾਦਰ ਸ਼ਾਹ ਦੀ ਫੌਜ ਦੇ ਨਾਲ ਗੁਰੂ ਸਾਹਿਬ ਦੇ ਜਾਣ ਨੂੰ ਫੌਰਸਟਰ, ਕਨਿੰਘਮ ਅਤੇ ਇਲਫਿਨਸਟਨ ਵਰਗੇ ਲਿਖਾਰੀਆਂ ਨੇ ਗਲਤ ਢੰਗ ਨਾਲ ਪੇਸ਼ ਕੀਤਾ ਹੈ ਕਿ ਬਾਦਸ਼ਾਹ ਦੀ ਕਮਾਨ ਥੱਲੇ ਦੱਖਣ ਵਲ ਗਈ ਮੁਹਿੰਮ ਵਿੱਚ ਗੁਰੂ ਜੀ ਨੂੰ ਫੌਜੀ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਇਹ ਟਪਲਾ ਸਭ ਤੋਂ ਪਹਿਲਾਂ ਫੌਰਸਟਰ ਨੇ ਖਾਧਾ ਸੀ ਕਿ ਸਿੱਖ ਲੇਖਕ ਅਜਿਹਾ ਕਹਿੰਦੇ ਹਨ ਅਤੇ ਕਨਿੰਘਮ ਇਹ ਕਹਿਣ ਵਿੱਚ ਹੋਰ ਅੱਗੇ ਜਾਂਦਾ ਹੈ ਕਿ ਸਿੱਖ ਲਿਖਾਰੀ ਇਸ ਗੱਲ ’ਤੇ ਸਹਿਮਤ ਹਨ ਕਿ ਉਹਨਾਂ ਨੂੰ ਦੱਖਣ ਵਿੱਚ ਕਮਾਂਡਰ ਨਿਯੁਕਤ ਕੀਤਾ ਗਿਆ ਸੀ। ਇਹ ਕਿਹੜੇ ਸਿੱਖ ਲਿਖਾਰੀ ਹਨ, ਇਸ ਬਾਰੇ ਕਨਿੰਘਮ ਨੇ ਕੋਈ ਜ਼ਿਕਰ ਨਹੀਂ ਕੀਤਾ। ਇਹ ਸਾਰਾ ਕੁਝ ਕਿਆਸਰਾਈਆਂ ਉੱਪਰ ਆਧਾਰਿਤ ਹੈ। ਖਾਫ਼ੀ ਖਾਂ ਕੇਵਲ ਇਹੀ ਲਿਖਦਾ ਹੈ ਕਿ ਬਹਾਦਰ ਸ਼ਾਹ ਦੇ ਦੱਖਣ ਵੱਲ ਕੂਚ ਸਮੇਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਤਿੰਨ ਸੌ ਨੇਜਾ ਬਰਦਾਰਾਂ ਸਮੇਤ ਬਾਦਸ਼ਾਹ ਪਾਸ ਆਏ ਅਤੇ ਉਸ ਦੇ ਨਾਲ ਹੋ ਤੁਰੇ (ਦਰ ਰਕਾਬ ਰਫਾਕਤ ਨਮੂਦ)। ਪਰ ਤਾਰੀਖ-ਏ-ਬਹਾਦਰ ਸ਼ਾਹੀ ਤੋਂ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਇਸ ਵਿੱਚ ਲਿਖਿਆ ਹੋਇਆ ਹੈ ਕਿ “ਗੁਰੂ ਗੋਬਿੰਦ ਸਿੰਘ) ਜੋ (ਗੁਰੂ) ਨਾਨਕ ਦੇ ਉੱਤਰਾਧਿਕਾਰੀਆਂ ਵਿੱਚੋਂ ਹਨ, ਸ਼ਾਹੀ ਕੈਂਪ ਦੇ ਨਾਲ ਇਹਨਾਂ ਜ਼ਿਲ੍ਹਿਆਂ ਵਿੱਚ ਘੁੰਮਣ ਫਿਰਨ ਆਏ। ਉਹ ਲਗਾਤਾਰ ਸੰਸਾਰੀ ਲੋਕਾਂ, ਧਾਰਮਿਕ ਸ਼ਰਧਾਲੂਆਂ ਅਤੇ ਸਭ ਕਿਸਮ ਦੇ ਲੋਕਾਂ ਨੂੰ ਉਪਦੇਸ਼ ਦਿੰਦੇ ਸਨ, ਸਰਕਾਰੀ ਨੌਕਰੀ ਵਾਲੇ ਕਿਸੇ ਕਰਮਚਾਰੀ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਸੀ ਮਿਲ ਸਕਦੀ ਅਤੇ ਕਿਸੇ ਫੌਜੀ ਕਮਾਂਡਰ ਨੂੰ ਜੋ ਕਿਸੇ ਮੁਹਿੰਮ ਉੱਤੇ ਜਾ ਰਿਹਾ ਹੋਵੇ ਅਜਿਹੀ ਆਗਿਆ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਸੈਨਾਪਤਿ ਅਨੁਸਾਰ ਖਾਨਿ-ਖਨਾਨ ਨੂੰ ਮਿਲਣ ਦੀ ਗੱਲ ਸੁਣ ਕੇ ਬਹਾਦਰ ਸ਼ਾਹ ਨੇ ਹੈਰਾਨੀ ਪ੍ਰਗਟ ਕੀਤੀ ਕਿ ਗੁਰੂ ਸਾਹਿਬ ਨੇ ਮੈਨੂੰ ਕਿਉਂ ਦਰਸ਼ਨ ਨਹੀਂ ਦਿੱਤੇ ਅਤੇ ਨਾ ਹੀ ਮਿਲਣ ਲਈ ਸੁਨੇਹਾ ਭੇਜਿਆ। ਅਖਬਾਰਿ ਦਰਬਾਰ ਮੁਅੱਲਾ ਅਨੁਸਾਰ 23 ਜੁਲਾਈ ਸੰਨ 1707 ਨੂੰ ਬਾਦਸ਼ਾਹ ਬਹਾਦਰ ਸ਼ਾਹ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਹੋਈ ਜਿਸ ਵਿੱਚ ਗੁਰੂ ਸਾਹਿਬ ਸ਼ਸ਼ਤਰਾਂ ਸਮੇਤ ਪੁੱਜੇ ਅਤੇ ਉਹਨਾਂ ਨੂੰ ਬਾਦਸ਼ਾਹ ਵੱਲੋਂ ਜੋ ਖਿਲਅਤ ਦਿੱਤੀ ਗਈ ਉਸ ਨੂੰ ਉਹ ਜਾਂਦੀ ਵਾਰੀ ਖਾਸ-ਡਿਉੜੀ ਵਿੱਚ ਖੜੇ ਕੀਤੇ ਹੋਏ ਸਿੰਘ ਤੋਂ ਉਠਵਾ ਕੇ ਆਪਣੇ ਡੇਰੇ ਲੈ ਗਏ। ਇਹਨਾਂ ਦੋਹਾਂ ਗੱਲਾਂ ਤੋਂ ਸਪੱਸ਼ਟ ਹੈ ਕਿ ਬਾਦਸ਼ਾਹ ਨੇ ਗੁਰੂ ਸਾਹਿਬ ਨੂੰ ਇਕ ਧਾਰਮਿਕ ਆਗੂ ਦਾ ਸਨਮਾਨ ਦਿੱਤਾ ਸੀ। ਆਮ ਤੌਰ ’ਤੇ ਸ਼ਸ਼ਤਰਾਂ ਸਮੇਤ ਕਿਸੇ ਨੂੰ ਸ਼ਾਹੀ ਦਰਬਾਰ ਵਿੱਚ ਜਾਣ ਦੀ ਆਗਿਆ ਨਹੀਂ ਸੀ ਹੁੰਦੀ ਅਤੇ ਬਾਦਸ਼ਾਹ ਵਲੋਂ ਮਿਲੀ ਖਿਲਅਤ ਦਰਬਾਰ ਵਿਚ ਪਹਿਨੀ ਹੁੰਦੀ ਸੀ। ਸ਼ਾਹੀ ਦਰਬਾਰ ਦੇ ਅਖਬਾਰ ਅਤੇ ਗੁਰੂ ਸਾਹਿਬ 1 ਕਤਕ ਸੰਮਤ 1764 (2 ਅਕਤੂਬਰ ਸਨ 1707 ਈਸਵੀ) ਦੇ ਹੁਕਮਨਾਮੇ ਵਿੱਚ ਲਿਖਿਆ ਹੋਇਆ ਹੈ ਕਿ ਖਿਲਅਤ ਵਿੱਚ ਮਿਲੀ ਜੁੜਾਉ ਧੁਖਧੁਖੀ (ਪਦਕਿ ਮੁਰੱਸਹ) ਸਠ ਹਜ਼ਾਰ ਦੀ ਸੀ।10
ਸੈਨਾਪਤਿ ਲਿਖਦਾ ਹੈ :
ਚੜ੍ਹੀ ਕਮਾਨ ਸ਼ਸ਼ਤ੍ਰ ਸਬ ਸਾਰੇ।
ਕਲਗ਼ੀ ਛਬ ਹੈ ਅਪਰ ਅਪਾਰੇ।
ਲਟਕਟ ਚਲਤ ਤਰਾਂ ਚਲ ਆਏ।
ਸ਼ਾਹ ਪਾਸ ਬੈਠੇ ਇਮ ਜਾਏ॥
ਸ਼ਾਹ ਆਪ ਤਿਹ ਓਰ ਨਿਹਾਰਾ
ਦਰਸਨ ਦੇਖ ਭਯੋ ਮਤਵਾਰਾ।
ਤਨ ਮਨ ਧਨ ਤੇ ਅਨਿਕ ਬਿਕਾਨਾ
ਕਵਲ ਦੇਖਿ ਜੋ ਭਵਰ ਲੁਭਾਨਾ।
ਧੰਨ ਧੰਨ ਪ੍ਰਭ ਅਲਖ ਅਪਾਰਾ
ਨਿਹਚਲ ਕੀਨੋ ਰਾਜ ਹਮਾਰਾ।
ਦਯਾ ਧਾਰਿ ਹਮਰੇ ਘਰਿ ਆਏ।
ਤਖਤ ਬਖਤ ਤੁਮ ਤੇ ਪ੍ਰਭ ਪਾਏ।
ਕਲਗੀ ਅਉਰ ਧੁਗਧੁਗੀ ਆਨੀ।
ਖਿਲਅਤ ਏਕ ਸ਼ਾਹ ਮਨਮਾਨੀ।
ਸ਼ਾਹ ਪ੍ਰਭੂ ਕੋ ਭੇਟ ਚੜ੍ਹਾਈ।
ਖੁਸ਼ੀ ਕਰੋ ਤੁਮ ਸੋ ਬਨ ਆਈ।
ਤਾਹਿ ਸਮੈ ਪ੍ਰਭ ਨੇ ਫੁਰਮਾਯੋ।
ਅੰਦਰਿ ਸ਼ਾਹਿ ਪੈ ਸਿੰਘ ਬੁਲਾਯੋ।
ਬਸਤ੍ਰ ਤਾਹਿ ਪਾਸ ਉਠਵਾਏ।
ਬਿਦਾ ਭਏ ਪ੍ਰਭ ਡੇਰੇ ਆਏ।

ਗੁਰੂ ਜੀ ਇਸ ਮੁਲਾਕਾਤ ਤੋਂ ਪ੍ਰਸੰਨ ਸਨ ਕਿ ਮੁਗਲਾਂ ਨਾਲ ਬਹੁਤ ਪੁਰਾਣੇ ਮਤਭੇਦ ਖਤਮ ਹੋ ਜਾਣਗੇ। ਇਹ ਸਿੱਟਾ ਅਸੀਂ ਗੁਰੂ ਸਾਹਿਬ ਵੱਲੋਂ 2 ਅਕਤੂਬਰ 1707 ਦੀ ਧੋਲ ਦੀ ਸੰਗਤ ਵਲ ਲਿਖੀ ਚਿੱਠੀ ਦੇ ਕੁਝ ਲਫ਼ਜ਼ਾਂ ਤੋਂ ਕੱਢ ਸਕਦੇ ਹਾਂ। ਡਾ. ਗੰਡਾ ਸਿੰਘ ਲਿਖਦੇ ਹਨ ਕਿ ਲੜਾਈ ਤੋਂ ਡੇਢ ਮਹੀਨਾ ਬਾਅਦ ਬਹਾਦਰ ਸ਼ਾਹ ਦੇ ਸੱਦੇ ਪਰ 23 ਜੁਲਾਈ ਨੂੰ ਗੁਰੂ ਸਾਹਿਬ ਨੇ ਉਸ ਨਾਲ ਮੁਲਾਕਾਤ ਕੀਤੀ, ਜਿਸ ਮੌਕੇ ਪਰ ਬਾਦਸ਼ਾਹ ਨੇ ਇਕ ਵੱਡ-ਮੁੱਲੀ ਖਿਲਅਤ ਅਤੇ ਸੱਠ ਹਜ਼ਾਰ ਦੀ ਜੜਾਊ ਧੁਖਧੁਖੀ ਪੇਸ਼ ਕੀਤੀ, ਜਿਸ ਦਾ ਜ਼ਿਕਰ ਬਹਾਦੁਰ ਸ਼ਾਹ ਨਾਮੇ, ਅਖਬਾਰਿ-ਦਰਬਾਰਿ-ਮੁਅੱਲਾ ਤੇ ਹੁਕਮਨਾਮੇ 63 ਅਤੇ 64 ਵਿੱਚ ਹੈ। ਇਹ ਸਭ ਕੁਝ ਗੁਰੂ ਜੀ ਦੀ ਉਦਾਰ-ਚਿਤ ਸਹਾਇਤਾ ਲਈ ਸ਼ੁਕਰਾਨੇ ਵਜੋਂ ਸੀ। ਬਾਦਸ਼ਾਹ ਵੱਲੋਂ ਮਿਲੀ ਖਿਲਅਤ ਦੇ ਜ਼ਿਕਰ ਤੋਂ ਇਲਾਵਾ ਇਹਨਾਂ ਹੁਕਮਨਾਮਿਆਂ ਵਿੱਚ ਤਿੰਨ ਹੋਰ ਵਿਸ਼ੇਸ਼ ਗੱਲਾਂ ਦਾ ਜ਼ਿਕਰ ਹੈ :
1. ਹੋਰ ਭੀ ਕੰਮ ਗੁਰੂ ਦਾ ਸਦਕਾ ਸਭ ਹੋਤੇ ਹੈ।
2. ਅਸੀਂ ਭੀ ਥੋੜੇ ਹੀ ਦਿਨਾ ਨੋ ਆਵਤੇ ਹਾਂ।
3. ਜਦ ਅਸੀਂ ਕਹਿਲੂਰ ਆਵਤੇ ਤਦਿ ਸਰਬਤਿ ਖਾਲਸੇ ਹਥੀਆਰ ਬੰਨ੍ਹ ਕੇ ਹਜੂਰ ਆਵਣਾ।
‘ਹੋਰ ਭੀ ਕੰਮ’ ਜਿਹਨਾਂ ਦਾ ਜ਼ਿਕਰ ਗੁਰੂ ਜੀ ਨੇ ਇਹਨਾਂ ਹੁਕਮਨਾਮਿਆਂ ਵਿੱਚ ਮਿਲਦਾ ਹੈ। ਇਹਨਾਂ ਦਾ ਜ਼ਿਕਰ ਬਹਾਦਰ ਸ਼ਾਹ-ਨਾਮਾ, ਅਖਬਾਰਾਤਿ-ਦਰਬਾਰਿ-ਮੁਅੱਾਲਾ ਜਾਂ ਕਿਸੇ ਹੋਰ ਸਮਕਾਲੀ ਇਤਿਹਾਸ ਜਾਂ ਰਿਕਾਰਡ ਵਿੱਚ ਨਹੀਂ ਆਉਂਦਾ। ਪਰ ਇਹ ਸਪੱਸ਼ਟ ਹੈ ਕਿ ਇਹ ਕੰਮ ਪੰਜਾਬ ਅਤੇ ਸਿੱਖਾਂ ਦੇ ਬਾਦਸ਼ਾਹ ਨਾਲ ਸੰਬੰਧਾਂ ਬਾਰੇ ਸਨ ਕਿ ਕਿਵੇਂ ਇਹ ਚੰਗੇ ਅਤੇ ਅਮਨ ਅਮਾਨ ਵਾਲੇ ਹੋ ਸਕਦੇ ਹਨ। ਬਾਦਸ਼ਾਹ ਬਹਾਦਰ ਸ਼ਾਹ ਅਤੇ ਉਸ ਦੇ ਵੱਡੇ ਵਜ਼ੀਰ ਖਾਨਿ-ਖਨਾਨ ਮੁਨੀਮ ਖਾਨ ਨੇ ਆਪਣੀਆਂ ਮੁਲਾਕਾਤਾਂ ਵਿੱਚ ਗੁਰੂ ਜੀ ਨੂੰ ਕੀ ਵਾਅਦੇ ਅਤੇ ਭਰੋਸੇ ਦਿੱਤੇ ਸਨ, ਇਹਨਾਂ ਸੰਬੰਧੀ ਇਤਿਹਾਸਕਾਰ ਸਭ ਕੁਝ ਨਹੀਂ ਦੱਸਦੇ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਪਸ ਵਿੱਚ ਹੋਈਆਂ ਗੱਲਾਂਬਾਤਾਂ ਅਜਿਹੀਆਂ ਤਸੱਲੀਬਖਸ਼ ਸਨ ਕਿ ਗੁਰੂ ਜੀ ਨੂੰ ਪੂਰੀ ਪੂਰੀ ਆਸ ਬੱਝ ਗਈ ਸੀ ਕਿ ਉਹ ਛੇਤੀ ਹੀ ਅਨੰਦਪੁਰ ਨੂੰ ਮੁੜ ਪੈਣਗੇ। ਇਸ ਦਾ ਹਵਾਲਾ ਹੇਠ ਲਿਖੇ ਦੋ ਹੁਕਮਨਾਮਿਆਂ ਵਿੱਚ ਮੌਜੂਦ ਹੈ।
ਹੁਕਮਨਾਮਾ ਪਾਤਸ਼ਾਹ 10
ਕਤਕ 1, ਸੰਮਤ 1764 ਬਿ.
2 ਅਕਤੂਬਰ, 1707 ਈਸਵੀ
ੴ ਸਤਿਗੁਰੂ ਜੀ
ਸ੍ਰਬਤਿ ਸੰਗਤਿ ਧਉਲ ਕੀ ਤੁਸੀਂ ਮੇਰਾ ਖਾਲਸਾ ਹੋ ਗੁਰੂ ਰਖੈਗਾ। ਗੁਰੂ ਗੁਰੂ ਜਪਣਾ ਜਨਮ ਸਵਰੈਗਾ ਸ੍ਰਬ ਸੁਖ ਨਾਲ ਪਾਤਸ਼ਾਹ ਪਾਸਿ ਆਏ ਸਿਰੋਪਾਉ ਅਰੁ ਸਠਿ ਹਜ਼ਾਰ ਕੀ ਧੁਖਧੁਖੀ ਜੜਾਊ ਇਨਾਮ ਹੋਈ ਹੋਰ ਭੀ ਕੰਮੁ ਗੁਰੂ ਕਾ ਸਦਕਾ ਸਭ ਹੋਤੇ ਹੈ ਅਸੀ ਭੀ ਥੋੜੇ ਦਿਨਾ ਨੋ ਆਵਤੇ ਹਾ ਸ੍ਰਬਤਿ ਸੰਗਤ ਖਾਲਸੇ ਨੋ ਮੇਰਾ ਹੁਕਮ ਹੈ ਆਪਸ ਮੇ ਮੇਲੁ ਕਰਣਾ ਜਦਿ ਅਸੀ ਕਹਿਲੂਰ ਆਵਤੇ ਤਦਿ ਸ੍ਰਬਤਿ ਖਾਲਸੇ ਹਥੀਆਰ ਬੰਨਕੈ ਹਜੂਰਿ ਆਵਣਾ ਜੋ ਆਵੈਗਾ ਸੋ ਨਿਹਾਲੁ ਹੋਵੇਗਾ 2) ਦੁਇ ਤੋਲੇ ਸੋਨਾ ਤਿਸ ਕੇ ਰੁਪਯੈ 40) ਅਸਾ ਜਮਾਤਾ ਨੋ ਮਧਾ ਛਿਮਾਹੀ ਬਖਸੇ ਹੈਨਿ ਤੁਸਾ ਹੁਕਮ ਦੇਖਦਿਆ ਹੁੰਡੀ ਕਰਾਇ ਭੇਜਣੀ ਮੇਵੜੇ ਨੋ ਤੁਰਤੁ ਭੇਜਣਾ ਜੇ ਮੇਵੜਾ ਢਿਲ ਕਰੈ ਤਾਂ ਸੰਗਤਿ ਵਿਚੋਂ ਕਢਿ ਦੇਣਾ ਪੈਸੇ ਹੁੰਡੀ ਕਰਾਇ ਭੇਜਣੇ ਸੰਮਤ 1764 ਮਿਤੀ ਕਤਕੋ 1 ਮ.।11
ਪੁਸਤਕ ‘ ਗੁਰੂ ਦਾ ਬੰਦਾ ਵਿਚੋਂ                         (ਚਲਦਾ...)