ਕਾਲੇ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ 3 ਗੋਰਿਆਂ ਨੂੰ ਉਮਰ ਭਰ ਲਈ ਜੇਲ੍ਹ ਵਿਚ ਕੀਤਾ ਬੰਦ, ਨਹੀਂ ਹੋਵੇਗੀ ਜਮਾਨਤ

ਕਾਲੇ ਵਿਅਕਤੀ ਦੇ ਕਤਲ ਦੇ ਮਾਮਲੇ ਵਿਚ 3 ਗੋਰਿਆਂ ਨੂੰ ਉਮਰ ਭਰ ਲਈ ਜੇਲ੍ਹ ਵਿਚ ਕੀਤਾ ਬੰਦ, ਨਹੀਂ ਹੋਵੇਗੀ ਜਮਾਨਤ
ਕੈਪਸ਼ਨ : ਅਦਾਲਤ ਵਿਚ ਸੁਣਵਾਈ ਦੌਰਾਨ ਵਿਚਾਲੇ ਆਰਬਰੀ ਦਾ ਪਿਤਾ ਮਾਰਕਸ ਨਜਰ ਆ ਰਿਹਾ ਹੈ

ਅੰਮ੍ਰਿਤਸਰ ਟਾਈਮਜ਼ 

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਦੱਖਣੀ ਜਾਰਜੀਆ ਵਿਚ 25 ਸਾਲਾ  ਕਾਲੇ ਵਿਅਕਤੀ ਅਹਮਦ ਆਰਬਰੀ ਦੀ ਹੱਤਿਆ ਦੇ ਮਾਮਲੇ ਵਿਚ ਇਕ ਅਦਾਲਤ ਨੇ 3 ਗੋਰੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਜਿਨ੍ਹਾਂ ਵਿਚੋਂ ਦੋ ਦੀ ਜ਼ਮਾਨਤ ਹੋਣ ਦੀ ਸੰਭਾਵਨਾ ਨਹੀਂ ਹੈ। ਅਦਾਲਤ ਨੇ ਟਰਾਵਿਸ ਮੈਕਮਾਈਕਲ (35), ਉਸ ਦੇ ਪਿਤਾ ਗਰੇਗਰੀ ਮੈਕਮਾਈਕਲ (66) ਤੇ ਉਨ੍ਹਾਂ ਦੇ ਗਵਾਂਢੀ ਵਿਲੀਅਮ ਰੋਡੀ ਬਰਾਈਨ (52) ਨੂੰ ਨਵੰਬਰ ਵਿਚ ਆਰਬਰੀ ਦੀ ਹੱਤਿਆ ਸਮੇਤ ਹੋਰ ਕਈ ਦੋਸ਼ਾਂ ਤਹਿਤ ਦੋਸ਼ੀ ਕਰਾਰ ਦਿੱਤਾ ਸੀ। ਜੱਜ ਟਿਮੌਥੀ ਵਾਲਮਸਲੇ ਨੇ ਟਰਾਵਿਸ ਮੈਕਮਾਈਕਲ ਤੇ ਗਰੇਗਰੀ ਮੈਕਮਾਈਕਲ ਨੂੰ ਬਿਨਾਂ ਜ਼ਮਾਨਤ ਦੀ ਸੰਭਾਵਨਾ ਦੇ  ਉਮਰ ਭਰ ਜੇਲ੍ਹ ਜਦ ਕਿ ਬਰਾਈਨ ਨੂੰ ਜ਼ਮਾਨਤ ਦੀ ਸੰਭਾਵਨਾ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਪਰੰਤੂ ਜਾਰਜੀਆ ਦੇ ਕਨੂੰਨ ਤਹਿਤ ਬਰਾਈਨ 30 ਸਾਲ ਦੀ ਸਜ਼ਾ ਕੱਟਣ ਉਪੰਰਤ ਹੀ ਜਮਾਨਤ ਲਈ ਦਰਖਾਸਤ ਦੇ ਸਕੇਗਾ। ਆਰਬਰੀ  ਦੀ 23 ਫਰਵਰੀ 2020 ਨੂੰ ਹੱਤਿਆ ਕਰ ਦਿੱਤੀ ਗਈ ਸੀ। ਦੋਸ਼ੀਆਂ ਨੇ ਉਸ ਦਾ ਪਿੱਛਾ ਕੀਤਾ ਤੇ ਦੌੜਾ ਦੌੜਾ ਕੇ ਉਸ ਨੂੰ ਜਾਨੋਂ ਮਾਰ ਦਿੱਤਾ। ਜੱਜ ਨੇ ਹੱਤਿਆ ਦੇ ਦ੍ਰਿਸ਼ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਵੱਖਰੀ ਤਰਾਂ ਦਾ ਮਾਮਲਾ ਹੈ ਜਦੋਂ ਡਰਦਾ ਮਾਰਾ ਨੌਜਵਾਨ ਆਰਬਰੀ ਆਪਣੀ ਜਾਨ ਬਚਾਉਣ ਲਈ ਇਧਰ ਉਧਰ ਭੱਜ ਰਿਹਾ ਸੀ ਤਾਂ ਦੋਸ਼ੀਆਂ ਨੇ ਉਸ ਦਾ ਪਿੱਛਾ ਕਰਕੇ ਉਸ ਦੀ ਬੇਰਹਿਮੀ ਨਾਲ ਹੱਤਿਆ  ਕਰ ਦਿੱਤੀ। ਅਦਾਲਤ ਵਿਚ ਮੌਜੂਦ ਆਰਬਰੀ ਦੇ ਮਾਤਾ-ਪਿਤਾ ਨੇ ਸਜ਼ਾ ਉਪਰ ਤਸੱਲੀ ਪ੍ਰਗਟ ਕੀਤੀ ਹੈ ਜਦ ਕਿ ਸਜ਼ਾ ਸੁਣਾਏ ਜਾਣ ਉਪਰੰਤ ਦੋਸ਼ੀਆਂ ਦੇ ਚੇਹਰੇ 'ਤੇ ਪ੍ਰਤਖ ਤੌਰ 'ਤੇ ਪ੍ਰੇਸ਼ਾਨੀ ਵਿਖਾਈ ਦੇ ਰਹੀ ਸੀ।