ਖ਼ਾਲਸਾ ਪੰਥ  ਸਿਰਜਣ ਦਿਵਸ

ਖ਼ਾਲਸਾ ਪੰਥ  ਸਿਰਜਣ ਦਿਵਸ

"ਵਿਸਾਖੀ ਦਾ ਦਿਹਾੜਾ ਸਾਡੇ ਲਈ ਬੇਹੱਦ ਖਾਸ"

 ਜਉ ਤਉ ਪ੍ਰੇਮ ਖੇਲਣ ਕਾ ਚਾਉ ॥

ਸਿਰੁ ਧਰਿ ਤਲੀ ਗਲੀ ਮੇਰੀ ਆਉ ॥

ਇਤੁ ਮਾਰਗਿ ਪੈਰੁ ਧਰੀਜੈ ॥

ਸਿਰੁ ਦੀਜੈ ਕਾਣਿ ਨ ਕੀਜੈ ॥੨੦॥


ਇਹ ਸ਼ਬਦ ਵਿਸਾਖੀ ਵਾਲੇ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ ਆਖੇ ਜਦੋ ਉਨ੍ਹਾਂ ਅਨੰਦਪੁਰ ਸਾਹਿਬ (ਪੰਜਾਬ) ਦੀ ਧਰਤੀ ਤੇ 13 ਅਪ੍ਰੈਲ 1699ਈ: ਨੂੰ ਇਕ ਵਿਸ਼ਾਲ ਸਮਾਗ਼ਮ ਰੱਖਿਆ ਸੀ।ਉਨ੍ਹਾਂ ਵਲੋਂ ਇਸ ਦਿਨ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ। ਇਸ ਦਿਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਭਾਰੀ ਦੀਵਾਨ ਸਜੇ ਤੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ਼ਬਦ-ਕਿਰਤਨ ਦਾ ਅਨੰਦ ਮਾਨ ਰਿਹਾ ਸੀ। ਇਸ ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਜੇ ਦੀਵਾਨ (ਸਜੇ ਪੰਡਾਲ) 'ਚ ਆਪਣੀ ਕ੍ਰਿਪਾਨ ਮਿਆਨੋ ਬਾਹਰ ਕੱਢ ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਿਤ ਹੋ ਕੇ ਕਿਹਾ ਕਿ ਅੱਜ ਮੇਰੀ ਕ੍ਰਿਪਾਨ ਨੂੰ ਸਿਰਾਂ ਦੀ ਲੋੜ ਹੈ, ਕੋਈ ਹੈ, ਜੋ ਆਪਣਾ ਸੀਸ ਭੇਂਟਾ ਕਰ ਸਕਦਾ ਹੈ। ਇਹ ਵਾਕ ਸੁਣਦੇ ਹੀ ਸਜੇ ਦੀਵਾਨ 'ਚ ਚੁੱਪੀ ਛਾਂਅ ਗਈ, ਤੇ ਦੂਜੀ ਵਾਰ ਫਿਰ ਗੁਰੂ ਸਾਹਿਬ ਨੇ ਕਿਹਾ, ਕੋਈ ਹੈ, ਜੋ ਆਪਣਾ ਸੀਸ ਭੇਂਟਾ ਲਈ ਤਿਆਰ ਹੈ,ਪ੍ਰੰਤੂ ਸਾਰੇ ਪਾਸੇ ਚੁੱਪੀ ਛਾਂਈ ਹੋਈ ਸੀ। ਗੁਰੂ ਸਾਹਿਬ ਵਲੋਂ ਇਹਹੀ ਵਾਕ ਤੀਜੀ ਵਾਰ ਦੁਹਰਾਉਂਣ ਤੇ ਸਜੇ ਦੀਵਾਨ ਵਿੱਚੋ ਇੱਕ ਵਿਅਕਤੀ ਉੱਠਿਆ,ਇਹ ਸੀ ਭਾਈ ਦਇਆ ਰਾਮ ਜੀ , ਗੁਰੂ ਜੀ ਉਸ ਨੂੰ ਤੰਬੂ ਦੇ ਅੰਦਰ ਲੈ ਗਏ ਤੇ ਕੁਜ ਸਮਾਂ ਬੀਤਣ ਤੇ ਤੰਬੂ ਤੋਂ ਬਾਹਰ 'ਆ ਖੂਨ ਨਾਲ ਲੱਥ-ਪੱਥ ਕ੍ਰਿਪਾਨ ਹਵਾ ਵਿਚ ਲਹਿਰਾਈ ਤੇ ਸਜੇ ਦੀਵਾਨ "ਚ  ਬੈਠੀ ਸੰਗਤ ਤੋਂ ਇੱਕ ਸੀਸ ਭੇਂਟਾ ਦੀ ਹੋਰ ਮੰਗ ਕੀਤੀ, ਤਾਂ ਭਾਈ ਧਰਮ ਰਾਮ ਜੀ ਸੀਸ ਭੇਂਟਾ ਲਈ ਅੱਗੇ ਆਏ। ਇਸੇ ਤਰਾਂ ਗੁਰੂ ਜੀ ਨੇ ਤੰਬੂ ਤੋਂ ਫਿਰ ਬਾਹਰ ਆਏ ਤੇ ਤੀਜੇ ਸੀਸ ਦੀ ਮੰਗ ਕੀਤੀ , ਤਾਂ ਭਾਈ ਹਿੰਮਤ ਰਾਏ ਜੀ ਅੱਗੇ ਆਏ , ਚੋਥੀ ਵਾਰੀ ਸੀਸ ਭੇਂਟਾ ਦੀ ਮੰਗ ਤੇ, ਭਾਈ ਮੋਹਕਮ ਚੰਦ ਜੀ ਤੇ ਪੰਜਵੀ ਵਾਰੀ ਭਾਈ ਸਾਹਿਬ ਚੰਦ ਜੀ ਸੀਸ ਭੇਂਟਾ ਲਈ ਅੱਗੇ ਆਏ, ਕੁਝ ਸਮਾਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਭੇਂਟਾ ਕਰਨ ਵਾਲੇ ਪੰਜਾ ਸਿੱਖਾਂ ਨੂੰ ਸੁੰਦਰ ਸ਼ਸ਼ਤਰ-ਵਸਤਰ ਪਹਿਨਾਅ ਤੰਬੂ ਤੋਂ ਬਾਹਰ ਸੰਗਤਾਂ ਸਾਹਮਣੇ ਲਿਆਂਦਾ, ਗੁਰੂ ਜੀ ਨੇ ਸਰਬ-ਲੋਹ ਦੇ ਬਾਟੇ ਚ ਅੰਮ੍ਰਿਤ ਤਿਆਰ ਕਰ ਪੰਜਾ ਸਿੰਘਾ ਨੂੰ ਅੰਮ੍ਰਿਤ ਛਕਾ, ਜਾਤ-ਪਾਤ ਤੇ ਉਂਚ-ਨੀਚ ਦੇ ਬੰਦਨਾ ਤੋਂ ਮੁਕਤ ਕਰਦੇ ਹੋਏ, ਸਭ ਦੇ ਨਾਮ ਨਾਲ ਸਿੰਘ ਸ਼ਬਦ ਲਗਾਇਆ। ਇਹ  ਉਹ ਹੀ ਦਿਨ ਸੀ 13 ਅਪ੍ਰੈਲ 1699 ਈ: ਦਾ ਜਿਸ ਦਿਨ ਖਾਲਸੇ ਦਾ ਜਨਮ ਹੋਇਆ ਤੇ ਗੁਰੂ ਜੀ ਨੇ ਇਨ੍ਹਾਂ ਨੂੰ ਪੰਜ ਪਿਆਰਿਆ ਦੀ ਪਦਵੀ ਦਿੱਤੀ ਤੇ ਆਪ ਇਸੇ ਵਿਸਾਖੀ ਵਾਲੇ ਦਿਨ ਇਨ੍ਹਾਂ ਤੋਂ ਆਪ ਵੀ ਅੰਮ੍ਰਿਤ ਛਕਿਆ, ਖਾਲਸੇ ਦੀ ਸਾਜਣਾ ਨਾਲ ਇਕ ਨਵੀਂ ਲਹਿਰ ਦਾ ਵਿਕਾਸ ਹੋਇਆ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੀ ਜਨਮ ਭੂਮੀ ਵਜੋਂ ਪ੍ਰਸਿੱਧ ਹੋਈ। 



ਇਸੇ ਤਰਾਂ 13 ਅਪ੍ਰੈਲ 1919 ਈ: ਦਾ ਸ਼੍ਰੀ ਅੰਮ੍ਰਿਤਸਰ ਦੀ ਧਰਤੀ  ਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਦੂਰ- ਦੂਰ ਤੋਂ ਲੋਕ ਸ਼੍ਰੀ ਦਰਬਾਰ ਸਾਹਿਬ ਪੁਹੰਚੇ ਹੋਏ ਸਨ। ਇਸੇ ਦਿਨ ਦੇਸ਼ ਨੂੰ ਅੰਗ੍ਰੇਜ਼ ਹਕੂਮਤ ਤੋਂ ਅਜ਼ਾਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕ੍ਰਾਂਤੀ ਕਾਰੀਆਂ ਨੇ ਜੱਲ੍ਹਿਆਂਵਾਲਾ ਬਾਗ਼ ਵਿਖੇ ਇਕ ਸਭਾ ਬੁਲਾਈ, ਇਹ ਸਭਾ  ਡਾ. ਸੈਫ ਉਦ ਦਿਨ ਕਿਚਲੂ ਤੇ ਡਾ. ਸੱਤਪਾਲ ਜੀ ਦੀ ਰੀਹਾਈ ਅਤੇ ਅੰਗ੍ਰੇਜ਼ ਹਕੂਮਤ ਵਲੋਂ 10 ਮਾਰਚ 1919 ਈ: ਨੂੰ ਪਾਸ ਕੀਤੇ ਰੋਲਟ ਐਕਟ  ਜਿੱਸ ਨੂੰ ਭਾਰਤੀ ਲੋਕਾ ਵਲੋਂ ਕਾਲੇ ਕਾਨੂੰਨ ਦਾ ਨਾਮ ਦਿਤਾ ਗਿਆ ਸੀ ਦੇ ਸੰਬੰਧ ਵਿਚ ਇਕੱਠੇ ਹੋਏ ਸੀ, ਅੰਗ੍ਰੇਜ਼ ਹਕੂਮਤ ਨੇ ਭਾਰਤ ਵਿਚ ਉੱਠ ਰਹੀ ਅਜਾਦੀ ਦੀ ਲਹਿਰ ਨੂੰ ਦਬਾਉਣ ਦੇ ਮਕਸਦ ਲਈ ਰੋਲਟ ਐਕਟ ਕਾਨੂੰਨ ਰਾਹੀ ਇਹ ਅਧਿਕਾਰ ਮਿਲ ਗਿਆ ਸੀ, ਕਿ ਉਹ ਕਿਸੇ ਨੂੰ ਵੀ ਅਦਾਲਤੀ ਕਾਰਵਾਹੀ ਤੋਂ ਬਿਨਾਂ ਜੇਲ੍ਹ ਵਿਚ ਡੱਕ ਸਕਦੇ ਸਨ। ਭਾਰਤੀ ਲੋਕਾ ਨੇ ਇਸ ਰੋਲਟ ਐਕਟ ਵਿਰੁੱਧ ਇਕ ਹੋਕੇ ਵਿਰੋਧ ਕੀਤਾ। ਅੰਗ੍ਰੇਜ਼ ਹਕੂਮਤ ਨੂੰ ਇਹ ਨਾ ਪਸੰਦ ਹੋਣ ਕਾਰਣ, ਵਿਸਾਖੀ ਵਾਲੇ ਦਿਨ 13 ਅਪ੍ਰੈਲ 1919 ਈ: ਨੂੰ ਅੰਗ੍ਰੇਜ਼ ਜਨਰਲ ਰੋਜ਼ੀਨਲ੍ਡ ਡਾਇਰ  ਨੇ ਅੰਮ੍ਰਿਤਸਰ ਦੀ ਧਰਤੀ  ਤੇ  ਜੱਲ੍ਹਿਆਂਵਾਲਾ ਬਾਗ਼ ਵਿਖੇ ਕ੍ਰਾਂਤੀ ਕਾਰੀਆਂ ਵਲੋਂ ਕੀਤੀ ਜਾ ਰਹੀ ਸਭਾ (ਜਲਸੇ ) ਤੇ ਅੰਨੇਵਾਹ ਗੋਲੀ ਚਲਾ ਬਹੁਤ ਵੱਡਾ ਕਤਲੇਆਮ ਕੀਤਾ। ਜੱਲ੍ਹਿਆਂਵਾਲਾ ਬਾਗ਼ ਦਾ ਪੁਰਾਤਨ ਸੰਬੰਧ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਬਲਾਕ "ਚ ਪੈਂਦੇ ਪਿੰਡ ਜੱਲ੍ਹਾ ਨਾਲ ਵੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਇਕ ਅਉਦੇਦਾਰ ਹਿੰਮਤ ਸਿੰਘ ਸੀ ਜੋ ਕਿ ਪਿੰਡ ਜੱਲ੍ਹਾ ਨਾਲ ਸਬੰਧਤ ਸੀ, ਇਸ ਦੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਬਾਗ਼ ਰੂਪੀ ਇਕ ਜਮੀਨ ਦਾ ਟੁਕੜਾ ਸੀ ਜਿਸ ਵਿਚ ਫੁੱਲ,ਬੂਟਿਆਂ ਤੋਂ ਇਲਾਵਾ ਇਕ ਖੂਹ ਵੀ ਸੀ। ਇਨ੍ਹਾਂ ਦੇ ਪਰਿਵਾਰ ਨੂੰ ਜੱਲ੍ਹਿਆਂਵਾਲੇ ਕਿਹਾ ਜਾਂਦਾ ਜੋ ਸਮਾਂ ਬੀਤਣ ਦੇ ਨਾਲ ਇਸ ਬਾਗ  ਨੂੰ ਜੱਲ੍ਹਿਆਂਵਾਲਾ ਬਾਗ਼ ਕਿਹਾ ਜਾਣ ਲੱਗਾ।

13 ਅਪ੍ਰੈਲ 1919 ਈ: ਨੂੰ ਵਿਸਾਖੀ ਦਾ ਦਿਹਾੜਾ ਹੋਣ ਕਾਰਣ ਅੰਮ੍ਰਿਤਸਰ ਸ਼ਹਿਰ ਤੇ ਜੱਲ੍ਹਿਆਂਵਾਲਾ ਬਾਗ਼ ਵਿਚ ਚਹਿਲ -ਪਹਿਲ ਆਮ ਦਿਨਾ ਨਾਲੋਂ ਕਾਫੀ ਜ਼ਿਆਦਾ ਸੀ। ਬਾਅਦ ਦੁਪਿਹਰ ਤਕਰੀਬਨ ਚਾਰ ਵਜੇ ਕ੍ਰਾਂਤੀ ਕਾਰੀਆਂ ਦੀ ਸਭਾ ਸ਼ੁਰੂ ਹੋਈ ਤੇ ਇਸ ਦੌਰਾਨ ਜੱਲ੍ਹਿਆਂਵਾਲਾ ਬਾਗ਼ ਤੋਂ ਬਾਹਰ ਜਾਣ ਵਾਲੇ ਰਸਤੇ ਅੰਗ੍ਰੇਜ਼ ਹਕੂਮਤ ਦੇ ਫੌਜੀ ਦਸਤਿਆਂ ਨੇ ਬੰਦ ਕਰ , ਕਿਸੇ ਵੀ ਚਿਤਾਵਨੀ ਤੋਂ ਬਗੈਰ , ਸ਼ਾਂਤਮਈ ਚੱਲ ਰਹੀ ਸਭਾ 'ਚ  ਬੈਠੇ  ਨਿਹੱਥੇ ਬਜ਼ੁਰਗ, ਬੱਚੇ, ਨੋਜਵਾਨਾ ਤੇ ਔਰਤਾਂ ਤੇ ਤਾਬੜ-ਤੋੜ ਗੋਲੀ ਚਲਾ ਦਿੱਤੀ। ਇਹ ਗੋਲੀ ਤਕਰੀਬਨ ਦਸ ਮਿੰਟ ਬਿਨਾਂ ਰੁਕੇ ਚੱਲੀ, ਇਸ ਦੌਰਾਨ ਹੋਈ ਭਗਦੜ ਅਤੇ ਗੋਲੀਆਂ ਲੱਗਣ ਕਾਰਣ ਕਾਫੀ ਮੋਤਾ ਹੋਇਆ।

ਗੋਲੀ ਤੋਂ ਆਪਣੀ ਜਾਣ ਬਚਾਉਣ ਲਈ ਕਾਫੀ ਲੋਕਾ ਨੇ ਜੱਲ੍ਹਿਆਂਵਾਲਾ ਬਾਗ਼ ਵਿਚ ਬਣੇ ਖੂਹ ਵਿੱਚ ਛਾਲਾ  ਮਾਰ ਦਿੱਤੀਆਂ। 13 ਅਪ੍ਰੈਲ 1919 ਈ: ਦਾ ਵਿਸਾਖੀ ਵਾਲੇ ਦਿਨ ਵਾਪਰੇ ਇਸ ਖੂਨੀ ਸਾਕੇ ਨੂੰ ਤਕਰੀਬਨ ਉਨੀਆਂ ਸਾਲਾ ਦੇ ਇਕ ਮੁੱਛਫੁਟ ਗੱਬਰੂ ਨੇ ਆਪਣੀਆਂ ਅੱਖਾਂ ਵਿੱਚ ਕੈਦ ਕਰ ਲਿਆ ਸੀ। ਉਹ ਗੱਬਰੂ ਸੀ, ਸਰਦਾਰ ਊਧਮ ਸਿੰਘ ਜੋ ਉਸ ਸਮੇਂ ਸਭਾ ਵਿਚ ਸ਼ਾਮਿਲ ਸਨ। ਉਨ੍ਹਾਂ ਤਕਰੀਬਨ ਇੱਕੀ ਸਾਲ ਬਾਅਦ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਦਾ ਬਦਲਾ ਮਾਇਕਲ ਓਡਵਾਇਰ ਨੂੰ 13 ਮਾਰਚ 1940 ਈ : ਵਾਲੇ ਦਿਨ ਕੇਕਸਟਲ ਹਾਲ ਲੰਦਨ ਵਿਚ ਗੋਲੀ ਮਾਰ ਕੇ ਲਿਆ। ਇਸੇ ਲਈ ਜੱਲ੍ਹਿਆਂਵਾਲਾ ਬਾਗ਼ ਦਾ ਖੂਨੀ ਸਾਕਾ ਵਿਸਾਖੀ ਵਾਲੇ ਦਿਨ ਹੋਣ ਕਾਰਣ, ਵਿਸਾਖੀ ਨਾਲ ਗੂੜ੍ਹਾ ਸੰਬੰਧ ਹੈ। ਇਸੇ ਤਰਾਂ ਕਿਸਾਨ ਤੇ ਵਿਸਾਖ ਰੁੱਤ ਦਾ ਆਪਸ ਵਿਚ ਬੜਾ ਗੂੜ੍ਹਾ  ਸੰਬੰਧ ਹੈ। ਵਿਸਾਖ ਚੜ੍ਹਦੇ  ਹੀ ਖੇਤਾਂ 'ਚ ਪੂਰੇ ਜੋਬਨ ਤੇ ਆਇਆ ਫਸਲਾ ਵਾਤਾਵਰਨ ਵਿਚ ਆਪਣੀ ਖੂਬਸੁਰਤੀ ਵਿਛੋਦੀਆਂ ਨਾਜਰ ਆਉਂਦੀਆਂ ਹਨ। ਮੌਸਮ 'ਚ ਆਏ ਬਦਲਾ ਕਾਰਣ ਹਰੀਆਂ ਕਣਕਾਂ ਸੋਨੇ ਰੰਗੀ ਹੋ ਝੁਮਦੀਆਂ ਹਨ। ਦਿਨ -ਰਾਤ ਰਾਖੀ ਕਰਨ ਤੋਂ ਬਾਅਦ ਪੁੱਤਾ ਵਾਂਗੂ ਪਾਲੀ ਫ਼ਸਲ ਨੂੰ ਖੇਤਾਂ 'ਚ ਝੁਮਦੀਆਂ ਦੇਖ ਕਿਸਾਨਾ ਦੇ ਚਹਿਰੇ ਵੀ ਖਿੜ ਉੱਠਦੇ ਹਨ। ਕਣਕ ਦੀ ਫ਼ਸਲ ਵਿਸਾਖੀ ਤੱਕ ਪੱਕ ਕੇ ਵਾਢੀ ਲਈ ਤਿਆਰ ਹੋ ਜਾਂਦੀ ਹੈ। ਕਿਸਾਨਾਂ ਵਲੋਂ ਵਾਢੀ ਦੀ ਸ਼ੁਰੂਆਤ 13 ਅਪ੍ਰੈਲ ਵਿਸਾਖੀ ਵਾਲੇ ਦਿਨ ਕਰਣੀ ਸ਼ੁਭ ਮੰਨੀ ਜਾਂਦੀ ਹੈ। ਇਤਿਹਾਸਕ ਮਹੱਤਤਾ ਰੱਖਣ ਵਾਲਾ ਇਹ ਤਿਉਹਾਰ ਹਾੜੀ ਦੀ ਫ਼ਸਲ ਕਣਕ ਦਾ ਪੱਕ ਕੇ ਤਿਆਰ ਹੋਣ ਕਾਰਣ,ਕਿਸਾਨਾਂ ਦਾ ਫਸਲੀ ਤਿਉਹਾਰ ਵਜੋਂ ਵੀ ਮੰਨਿਆ ਤੇ ਹਰ ਸਾਲ ਵਿਸਾਖ ਮਹੀਨੇ ਦੀ ਸੰਗ੍ਰਾਦ ਨੂੰ  ਬੜੀ ਧੂਮਧਾਮ ਨਾਲ ਵਿਸਾਖੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ।

ਵਿਸਾਖ ਮਹੀਨਾ ਕਿਸਾਨਾ ਲਈ ਕਾਫੀ ਰੁਝੇਵਿਆਂ ਭਰਿਆ ਹੁੰਦਾ ਹੈ, ਕਣਕ ਦੀ ਵਾਢੀ ਮਗਰੋਂ , ਕਣਕ ਦੀ ਸਾਂਭ-ਸੰਭਾਲ,  ਮਾਲ-ਡੰਗਰਾਂ ਲਈ ਤੂੜੀ- ਤੰਦ ਦੀ ਸੰਭਾਲ, ਸ਼ਾਹੂਕਾਰਾ ਦਾ ਲੈਣ-ਦੇਣ ਕਰਨਾ ਆਦਿ। ਕਿਸਾਨ ਦੀ ਫ਼ਸਲ ਮੰਡੀ ਆਉਂਦੀ ਹੈ ਤਾ ਬਜਾਰਾਂ ਵਿਚ ਵੀ ਰੌਣਕ ਆ ਜਾਂਦੀ ਹੈ। ਖੇਤੀ ਨਾਲ ਹਜਾਰਾਂ ਹੀ ਲੋਕਾ ਦੇ ਰੁਜ਼ਗਾਰ ਜੁੜੇ ਹੋਏ ਹਨ। ਪੁਰਾਣੇ ਸਮਿਆਂ  'ਚ ਕਿਹਾ ਜਾਂਦਾ ਸੀ ਕਿ,   'ਉਤੱਮ ਖੇਤੀ, ਮੱਧਮ ਵਿਉਪਾਰ'  ਕਿਸਾਨ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਖੇਤੀ ਨੇ ਉਤੱਮ ਅਖਵਾਉਣ ਦਾ ਦਰਜਾ ਪਾਇਆ ਹੈ। 13 ਅਪ੍ਰੈਲ ਵਿਸਾਖੀ ਵਾਲੇ ਦਿਨ ਬਿਕ੍ਰਮੀ ਸੰਮਤ ਦੇ ਸ਼ੁਰੂ ਹੋਣ ਨਾਲ ਵਿਉਪਾਰੀ ਵਰਗ ਵੀ ਨਵੇਂ ਵਹੀਆਂ-ਖਾਤੇ ਖੋਲਦੇ ਹਨ।  ਵਿਸਾਖੀ ਦੇ ਇਸ ਤਿਉਹਾਰ ਦੇ ਨਾਲ ਸਾਡੇ ਇਤਿਹਾਸ ਦੇ ਅਨੇਕਾਂ ਪੰਨੇ ਜੁੜੇ ਹੋਏ ਹਨ। ਕਵੀ ਧਨੀ ਰਾਮ ਚਾਤ੍ਰਿਕ ਜੀ ਆਪਣੀ ਇਕ ਕਵਿਤਾ "ਚ ਪੰਜਾਬੀ ਸਭਿਆਚਾਰ ਦੇ ਰੰਗ ਨੂੰ ਇਉਂ  ਬਿਆਨ ਕਰਦੇ ਹਨ ;

ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,

ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।

ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,

ਬੇਰੀਆਂ ਲਿਫਾਈਆਂ ਟਹਿਣੀਆਂ ਦੇ ਭਾਰ ਨੇ ।

ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,

ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।

13 ਅਪ੍ਰੈਲ ਵਿਸਾਖੀ ਦਾ ਇਹ ਦਿਹਾੜਾ ਸਾਡੇ ਲਈ ਬੇਹੱਦ ਖਾਸ ਇਸ ਲਈ  ਵੀ ਹੈ ਕਿਉ ਕਿ ਇਸ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ, ਇਸ ਦਿਨ ਜੱਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ "ਚ ਅਨੇਕਾਂ ਸ਼ਹੀਦੀਆਂ ਹੋਈਆਂ ਅਤੇ ਖੇਤੀ ਸਾਡਾ ਮੁੱਖ ਕਿਤਾ ਹੋਣ ਕਾਰਣ ਇਸ ਵਿਸਾਖ ਮਹੀਨੇ ਫਸਲ ਦਾ ਆਉਣਾ ਵੀ ਖਾਸ ਅਹਿਮਿਅਤ ਰੱਖਦਾ ਹੈ।
 

 

ਹਰਮਨਪ੍ਰੀਤ ਸਿੰਘ,
ਸਰਹਿੰਦ, ਜ਼ਿਲ੍ਹਾ : ਫ਼ਤਹਿਗੜ੍ਹ ਸਾਹਿਬ,
ਸੰਪਰਕ : 9855010005.