ਅਜ਼ੀਯਤ ਦੀ ਜ਼ਿੰਦਗੀ ਜਿਉਂਦਾ ਮਨੁੱਖ

ਅਜ਼ੀਯਤ ਦੀ ਜ਼ਿੰਦਗੀ ਜਿਉਂਦਾ ਮਨੁੱਖ

ਚਿੰਤਾ ਰੋਗ 

ਸੰਸਾਰ ਵਿੱਚ ਚਿੰਤਾ ਰੋਗ ਬਹੁਤ ਵੱਧ ਚੁੱਕਾ ਹੈ। ਹਰ ਕਿਸੇ ਨੂੰ ਕੋਈ ਨਾ ਕੋਈ ਚਿੰਤਾ ਲੱਗੀ ਹੀ ਰਹਿੰਦੀ ਹੈ। ਚਿੰਤਾ ਅੱਜ ਕੱਲ ਮਨੁੱਖੀ ਜੀਵਨ ਦਾ ਇੱਕ ਅੰਗ ਬਣ ਗਈ ਹੈ। ਚਿੰਤਾ ਇੱਕ ਭੈੜੀ, ਤਬਾਹ ਤੇ ਨਾਸ਼ ਕਰ ਦੇਣ ਵਾਲੀ ਆਦਤ ਹੈ, ਜਿਹੜੀ ਕਿ ਮਨੁੱਖ ਨੇ ਸੱਭਿਅਤਾ ਦੇ ਦੌਰਾਨ ਵਿੱਚ ਆਪਣੇ ਗਲ ਪਾ ਲਈ ਹੈ। ਸੱਭਿਅਤਾ ਦੇ ਆਉਣ ਤੋਂ ਪਹਿਲਾਂ ਮਨੁੱਖੀ ਜੀਵਨ ਵਿੱਚ ਵਿੱਚ ਚਿੰਤਾ ਦਾ ਨਾਮ ਨਿਸ਼ਾਨ ਨਹੀਂ ਸੀ। ਜੰਗਲਾਂ ਅਤੇ ਗੁਫ਼ਾਵਾਂ ਵਿੱਚ ਰਹਿਣ ਵਾਲਾ ਨੰਗ - ਮਨੁੰਗਾ  ਪ੍ਰਾਚੀਨ ਮਨੁੱਖ ਕਦੇ ਚਿੰਤਾ ਨਹੀਂ ਸੀ ਕਰਦਾ ਅਤੇ ਨਾ ਹੀ ਉਸਨੂੰ ਪਤਾ ਸੀ ਕਿ ਚਿੰਤਾ ਕੀ ਹੈ। ਉਹ ਸਦਾ ਖੁਸ਼ ਤੇ ਸੰਤੁਸ਼ਟ ਰਹਿੰਦਾ ਸੀ। ਜੇ ਕਿਤੇ ਪ੍ਰਾਚੀਨ ਮਨੱਖ ਵੀ ਚਿੰਤਤ ਹੁੰਦਾ ਤਾਂ ਸੱਚ ਜਾਣੋ ਕਿ ਮਨੁੱਖੀ ਨਸਲ ਇਸ ਵੇਲੇ ਤਕ ਧਰਤੀ ਤੋਂ ਕਦੇ ਦੀ ਅਲੋਪ ਹੋ ਚੁੱਕੀ ਹੁੰਦੀ। ਅਸਲ ਵਿੱਚ ਚਿੰਤਾ ਅੱਜ ਕੱਲ ਦੇ ਗੁੰਝਲਦਾਰ ਜੀਵਨ ਦਾ ਫਲ ਹੈ।ਗੁੰਝਲਦਾਰ ਜੀਵਨ ਦੇ ਕਾਰਨ ਹਰ ਆਦਮੀ ਦੀਆਂ ਆਪਣੀਆਂ ਆਪਣੀਆਂ ਸਮੱਸਿਆਵਾਂ ਤੇ ਔਕੜਾਂ ਹਨ। ਪਰ ਚਿੰਤਾ ਕਰਨਾ ਕਿਸੇ ਔਕੜ ਦਾ ਹੱਲ ਨਹੀਂ। ਇਸ ਨਾਲ ਔਕੜਾਂ ਹੋਰ ਵੱਧਦੀਆਂ ਹਨ। 

ਅੱਜ ਕੱਲ ਮਨੁੱਖ ਦੀ ਸਫਲਤਾ ਅਸਫਲਤਾ ਕੇਵਲ ਉਸਦੇ ਬਲ ਅਤੇ ਹਿੰਮਤ ਤੇ ਹੀ ਨਿਰਭਰ ਨਹੀਂ, ਇਹ ਨਵੀਆਂ ਤਾਕਤਾਂ ਉੱਤੇ ਵੀ ਨਿਰਭਰ ਹੈ। ਜਿਹੜੀਆਂ ਕਿ ਵਰਤਮਾਨ ਸੱਭਿਅਤਾ ਦੇ ਨਾਲ ਨਾਲ ਪੈਦਾ ਹੋ ਰਹੀਆਂ ਹਨ। ਅੱਜ ਕੱਲ ਦਾ ਮਨੁੱਖ ਕੋਈ ਕੰਮ ਵੀ ਇਕੱਲਾ ਨਹੀਂ ਕਰ ਸਕਦਾ। ਉਹ ਕੀ ਕਮਾਵੇਗਾ ਅਤੇ ਕੀ ਖਾਵੇਗਾ, ਇਹ ਉਸਦੀ ਕਲਾ, ਮਿਹਨਤ ਜਾਂ ਕੰਮ ਤੇ ਨਿਰਭਰ ਨਹੀਂ ਬਲਕਿ ਉਸਦੇ ਇਰਦ ਗਿਰਦ ਦੀਆਂ ਸਮਾਜਿਕ ਅਤੇ ਆਰਥਿਕ ਤਾਕਤਾਂ ਉੱਪਰ ਨਿਰਭਰ ਹੈ। ਨਵੀ ਸੱਭਿਅਤਾ ਨੇ ਜਿੱਥੇ ਬਹੁਤ ਤਰ੍ਹਾਂ ਦੇ ਸੁੱਖ ਅਰਾਮ ਦਿੱਤੇ ਹਨ, ਉੱਥੇ ਮਨੁੱਖ ਦਾ ਲਹੂ ਪੀਣ ਵਾਲੀ ਚਿੰਤਾ ਵੀ ਸਾਡੀ ਝੋਲੀ ਪਾ ਦਿੱਤੀ।

ਚਿੰਤਾ ਜੀਵਨ ਦੇ ਹਰ ਪਹਿਲੂ ਉੱਪਰ ਅਸਰ ਪਾ ਰਹੀ ਹੈ। ਇਹ ਮਨੁੱਖ ਦੇ ਪਰਿਵਾਰਿਕ ਅਤੇ ਸਮਾਜਿਕ ਸੰਬੰਧਾਂ ਨੂੰ ਵਿਗਾੜ ਰਹੀ ਹੈ। ਜਿਵੇਂ ਜਿਵੇਂ ਵਰਤਮਾਨ ਸੱਭਿਅਤਾ ਅਗਾਂਹ ਵੱਧ ਰਹੀ ਹੈ, ਤਿਉਂ ਤਿਉਂ ਚਿੰਤਾ ਵੀ ਵੱਧਦੀ ਜਾ ਰਹੀ ਹੈ। ਸੱਭਿਅਤਾ ਅਤੇ ਚਿੰਤਾ ਦੋਵੇਂ ਨਾਲ ਨਾਲ ਹੀ ਚੱਲਦੀਆਂ ਹਨ, ਫ਼ਰਕ ਸਿਰਫ਼ ਏਨਾ ਹੈ ਕਿ ਸੱਭਿਅਤਾ ਅੱਗੇ ਹੋ ਤੁਰਦੀ ਹੈ ਅਤੇ ਚਿੰਤਾ ਉਸਦੇ ਪਿੱਛੇ  ਪਿੱਛੇ । ਚਿੰਤਾ ਇੱਕ ਬਹੁਤ ਹੀ ਨਕਾਰੀ ਅਤੇ ਹਾਨੀਕਾਰਕ ਆਦਤ ਹੈ, ਜਿਹੜੀ ਮਨੁੱਖ ਅਣਭੋਲ ਹੀ ਆਪਣੇ ਗਲ ਪਾ ਲੈਂਦਾ ਹੈ। ਜੇਕਰ ਚਿੰਤਾ ਦੇ ਮੁੱਲ ਦਾ ਅਨੁਮਾਨ ਲਗਾਉਣਾ ਹੋਵੇ ਤਾਂ ਡਾਕਟਰਾਂ, ਨਰਸਾਂ ਅਤੇ ਹਸਪਤਾਲਾਂ ਦੇ ਤੁਸੀਂ ਉਹ ਬਿੱਲ ਵੇਖੋ ਜਿਹੜੇ ਚਿੰਤਾ ਰੋਗੀ ਨੂੰ ਦੇਣੇ ਪੈਂਦੇ ਹਨ। ਇਸਦਾ ਹਾਨੀਕਾਰਕ ਅਸਰ ਵੇਖਣਾ ਹੋਵੇ ਤਾਂ ਉਹ ਸੁਨਿਹਰੀ ਮੌਕੇ ਵੇਖੋ ਜਿਹੜੇ ਕਿ ਚਿੰਤਾਵਾਨ ਆਪਣੇ ਹੱਥੋਂ ਗਵਾ ਬਾਕੀ  ਦੁਨੀਆਂ ਤੋਂ ਪਿੱਛੇ ਰਹਿ ਚੁੱਕਾ ਹੁੰਦਾ।  ਚਿੰਤਾ ਸੱਭਿਅਤਾ ਤੋਂ ਪੈਦਾ ਹੁੰਦੀ ਹੈ। ਇਸ ਲਈ ਚਿੰਤਾ ਨੂੰ ਦੂਰ ਕਰਨ ਦੇ ਦੋ ਹੀ ਤਰੀਕੇ ਹਨ, ਜਾਂ ਤਾਂ ਸੱਭਿਅਤਾ ਬਦਲ ਦੇਈਏ ਜਾਂ ਫਿਰ ਸੱਭਿਅਤਾ ਦੇ ਨਾਲ ਨਾਲ ਆਪਣੇ ਆਪ ਨੂੰ ਬਦਲ ਲਈਏ। ਹੁਣ ਏਥੇ ਇਹ ਗੱਲ ਵੀ ਗੌਰ ਫਰਮਾਉਣ ਵਾਲੀ ਹੈ ਕਿ ਸੱਭਿਅਤਾ ਨੂੰ ਅਸੀਂ ਬਦਲ ਨਹੀਂ ਸਕਦੇ, ਕਿਉਂਕਿ ਇਹ ਸਾਡੀ ਤਾਕਤ ਤੋਂ ਬਾਹਰ ਦੀ ਗੱਲ ਹੈ। ਇਸ ਲਈ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਆਪਣੇ ਆਪ ਨੂੰ ਹੀ ਬਦਲਣਾ ਪਵੇਗਾ। ਕਈ ਵਾਰ ਮਨੁੱਖ ਦੀ ਜਿੰਦਗੀ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ  ਉਹਨਾਂ ਨੂੰ ਬਦਲਣਾ ਮਨੁੱਖੀ ਹਸਤੀ ਤੋਂ ਬਾਹਰ ਹੁੰਦਾ ਹੈ, ਜਦੋਂ ਅਸੀਂ ਹਲਾਤਾਂ ਨੂੰ ਬਦਲਣ ਵਿੱਚ ਨਾਕਾਮਯਾਬ ਹੁੰਦੇ ਹਾਂ ਤਾਂ ਚਿੰਤਾ ਕਰਨ ਦੀ ਬਜਾਇ ਆਪਣੇ ਆਪ ਨੂੰ ਉਹਨਾਂ ਦੇ ਅਨੁਸਾਰ ਬਦਲ ਲੈਣਾ, ਹਾਰ ਨਹੀਂ ਬਲਕਿ ਜਿੱਤ ਅਖਵਾਉਂਦਾ ਹੈ। ਸਾਨੂੰ ਇੱਕ ਸਿਆਣੇ ਜਰਨੈਲ ਦੀ ਤਰ੍ਹਾਂ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਸੂਝਵਾਨ ਜਰਨੈਲ ਹੀ ਜਾਣਦਾ ਹੈ ਕਿ ਕਿਸ ਵੇਲੇ ਪਛਾਂਹ ਮੁੜਨ ਵਿੱਚ ਉਸਦੀ ਫ਼ੌਜ ਦਾ ਲਾਭ ਹੈ। 

ਜੇਕਰ ਅਸੀਂ ਜੀਵਨ ਯੁੱਧ ਨੂੰ ਚੰਗੀ ਤਰ੍ਹਾਂ ਲੜਨਾ ਹੈ ਤਾਂ ਸਾਨੂੰ ਘੱਟ ਤੋਂ ਘੱਟ ਚਿੰਤਾ ਕਰਨੀ ਚਾਹੀਦੀ ਹੈ। ਮਨੁੱਖ ਕੋਲ ਤਿੰਨ ਰਸਤੇ ਹੁੰਦੇ ਹਨ, ਜਾਂ ਤਾਂ ਹਲਾਤਾਂ ਨੂੰ ਬਦਲ ਲਵੇ, ਜਾਂ ਫਿਰ ਹਾਲਾਤਾਂ ਬਾਰੇ ਸੋਚ ਕੇ ਚਿੰਤਾ ਕਰੇ ਜਾਂ ਫਿਰ ਹਾਲਾਤਾਂ ਨਾਲ ਸਮਝੌਤਾ ਕਰੇ ਅਤੇ ਜਿੰਨਾ ਹਲਾਤਾਂ ਨੂੰ ਬਦਲ ਨਹੀਂ ਸਕਦਾ ਉਹਨਾਂ ਵਿਚੋਂ ਹੀ ਖੁਸ਼ੀ ਲੱਭਣ ਦਾ ਯਤਨ ਕਰੇ।ਜੋ ਸਾਡੇ ਅਤੇ ਸਾਡੇ ਪਰਿਵਾਰ ਲਈ ਬਹੁਤ ਲਾਭਦਾਇਕ ਹੋਵੇਗੀ। ਅਖੀਰ ਵਿੱਚ ਫਿਰ ਦੁਹਰਾ ਦੇਣਾ ਚਾਹਾਂਗੀ ਕਿ ਨਵੀ ਸੱਭਿਅਤਾ ਅਤੇ ਵਿਕਾਸ ਜੋ ਸਮੇਂ ਦੀ ਚਿੰਤਾ ਦਾ ਮੂਲ ਕਾਰਨ ਹੈ, ਇਸ ਨੂੰ ਨਾ ਤਾਂ ਅਸੀਂ ਬਦਲ ਸਕਦੇ ਹਾਂ ਤੇ ਨਾ ਹੀ ਉੱਕਾ ਖਤਮ ਕਰ ਸਕਦੇ ਹਾਂ। ਇਸ ਲਈ ਸਿਆਣਪ ਇਸੇ ਵਿੱਚ ਹੈ ਕਿ ਅਸੀਂ ਨਵੀਂ ਸੱਭਿਅਤਾ ਦੇ ਵਿਕਾਸ ਤੋਂ ਪੈਦਾ ਹੋ ਰਹੇ ਨਵੇਂ ਹਾਲਾਤਾਂ ਦੇ ਅਨੁਸਾਰ ਆਪਣੇ ਆਪ ਵਿੱਚ ਤਬਦੀਲੀ ਲੈਕੇ ਆਈਏ ਤਾਂ ਜੋ ਵੱਧ ਰਹੀਆਂ ਬੇਲੋੜੀਆਂ ਚਿੰਤਾਵਾਂ ਅਤੇ ਹਾਨੀਕਾਰਕ ਬੋਝ ਤੋ ਕੁਝ ਹੱਦ ਤਕ ਬਚ ਸਕੀਏ। 

yes  ਹਰਕੀਰਤ ਕੌਰ 

       9779118066