ਖਾਲਸਾ ਪੰਥ ਦਾ ਕੋਹਿਨੂਰ ਹੀਰਾ ਭਾਈ ਗੁਰਜੰਟ ਸਿੰਘ :ਇਕ ਸ਼ਰਧਾਂਜਲੀ

ਖਾਲਸਾ ਪੰਥ ਦਾ ਕੋਹਿਨੂਰ ਹੀਰਾ ਭਾਈ ਗੁਰਜੰਟ ਸਿੰਘ :ਇਕ ਸ਼ਰਧਾਂਜਲੀ

ਇਸ  ਨਰੇਟਿਵ ਦੇ ਅਹਿਮ ਫੀਚਰਜ਼ ਉਤੇ ਕਦੇ ਫਿਰ ਵਿਚਾਰ ਕਰਾਂਗੇ।

ਜਿਸ ਦਿਨ ਭਾਈ ਗੁਰਜੰਟ ਸਿੰਘ ਸ਼ਹੀਦ ਹੋਏ, ਉਸ ਦਿਨ ਭਾਈ ਪਰਮਜੀਤ ਸਿੰਘ ਪੰਜਵੜ,ਭਾਈ ਦਲਜੀਤ ਸਿੰਘ,ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਚੰਡੀਗੜ੍ਹ ਵਿੱਚ ਸਾਡੇ ਕੋਲ ਠਹਿਰੇ ਹੋਏ ਸਨ। ਇਕ ਹੋਰ ਸਿੰਘ ਯੂ ਪੀ ਤੋਂ ਕਿਸੇ ਜਥੇਬੰਦੀ ਦਾ ਮੁਖੀ ਵੀ ਨਾਲ ਹੀ ਸੀ। ਸ਼ਹੀਦ ਬਾਰੇ ਖਬਰ ਜਦੋਂ ਮੈਂ ਸੁਣਾਈ, ਮਾਹੌਲ ਇਕ ਦਮ ਉਦਾਸ ਹੋ ਗਿਆ। ਮੈਂ ਭਾਈ ਦਲਜੀਤ ਸਿੰਘ ਨੂੰ ਇਸ ਹਦ ਤਕ ਉਦਾਸ ਕਦੇ ਨਹੀਂ ਸੀ ਵੇਖਿਆ। ਖਾਲਸਾ ਪੰਥ ਦਾ ਇਕ ਵੱਡਾ ਥੰਮ ਡਿੱਗ ਗਿਆ ਸੀ ਅਤੇ ਅਸੀਂ ਸਾਰੇ ਗੁਰਜੰਟ ਨਾਲ ਬਿਤਾਈਆਂ ਯਾਦਾਂ ਸਾਂਝੀਆਂ ਕਰਨ ਲਗ ਪਏ। ਪੰਜਵੜ ਅਤੇ ਸੁਲਤਾਨਵਿੰਡ ਦੀਆਂ ਅਖਾਂ ਵਿੱਚ ਹੰਝੂ ਸਨ। ਪਰ ਮੈਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਦਲਜੀਤ  ਦਾ ਅੰਦਰ ਰੋ ਰਿਹਾ ਸੀ। ਛੇਤੀ ਹੀ ਉਦਾਸੀ ਖਤਮ ਹੋ ਗਈ ਅਤੇ ਹਾਸੇ ਦਾ ਮਾਹੌਲ ਸ਼ੁਰੂ ਹੋ ਗਿਆ। ਮੈਨੂੰ ਯਾਦ  ਆਇਆ ਕਿ 18ਵੀਂ ਸਦੀ ਦੇ ਸੰਘਰਸ਼ ਵਿੱਚ ਵੀ  ਕਿਸੇ ਵਡੇ ਸਿੰਘ ਦੇ ਵਿਛੋੜੇ ਪਿੱਛੋਂ  ਥੋੜੇ ਚਿਰ ਦੀ ਉਦਾਸੀ ਪਿਛੋਂ ਸਿੰਘਾਂ ਵਿੱਚ ਹਾਸਿਆਂ ਦੀ ਛਣਕਾਹਟ ਸ਼ੁਰੂ ਹੋ ਜਾਂਦੀ ਸੀ ਜਿਵੇਂ ਸ਼ਹਾਦਤ ਅਕਾਲ ਪੁਰਖ ਦੇ ਭਾਣੇ ਵਿਚ ਸਾਧਾਰਨ ਜਿਹੀ ਘਟਨਾ ਹੋਵੇ। 

ਗੁਰਜੰਟ ਦੀਆਂ ਗਲਾਂ ਦਲਜੀਤ ਨੇ ਸਨਾਉਣੀਆਂ ਸ਼ੁਰੂ ਕਰ ਦਿਤੀਆਂ।ਉਸ ਦੇ ਐਕਸ਼ਨ ਕਰਨ ਦੇ ਤਰੀਕੇ, ਐਕਸ਼ਨ ਵਿੱਚ ਖੁਦ ਅਗਵਾਈ ਕਰਨੀ, ਐਕਸ਼ਨ ਦੌਰਾਨ ਵੀ ਕਿਸੇ ਵੱਡੇ ਸਹਿਜ ਵਿੱਚ ਵਿਚਰਨਾ ਅਤੇ ਸਾਥੀਆਂ ਨਾਲ ਪਿਆਰ ਕਰਨਾ ਅਤੇ ਦਲੇਰੀ ਦੀਆਂ ਗਲਾਂ-ਉਸ ਦੀ ਪਿਆਰੀ ਜ਼ਿੰਦਗੀ ਦਾ ਹਿੱਸਾ ਸਨ। ਮੈਂ  ਜਿੰਨੀ ਵਾਰ ਵੀ ਉਸ ਨੂੰ ਮਿਲਿਆ, ਇਕ ਚਾਅ ਅਤੇ ਖੁਸ਼ੀ ਚੜ ਜਾਂਦੀ ਅਤੇ ਹੈਰਾਨੀ ਹੋ ਜਾਂਦੀ ਕਿ ਬਿਨਾਂ ਕਿਸੇ ਸਿਖਲਾਈ ਤੋਂ ਹਥਿਆਰਾਂ ਦੀ ਸੁਚੱਜੀ, ਸੂਖਮ ਵਰਤੋਂ ਸਾਡੀ ਕੌਮ ਨੂੰ ਕਿਵੇਂ ਆ ਜਾਂਦੀ ਹੈ। ਅਜ ਜਦੋਂ ਇਸ ਨਿਰਾਲੇ ਜਰਨੈਲ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਜੁਝਾਰੂ ਲਹਿਰ ਦੀਆਂ ਯਾਦਾਂ ਅੰਮ੍ਰਿਤ ਵੇਲੇ ਦੀ ਸਵੇਰ ਵਾਂਗ ਤਾਜ਼ੀਆਂ ਹੋ ਗਈਆਂ ਹਨ। ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਜਿਸ ਖਾਲਿਸਤਾਨ ਦੇ  ਨਿਸ਼ਾਨੇ ਲਈ ਉਹ ਲੜੇ, ਉਸ ਨਿਸ਼ਾਨੇ ਨੂੰ ਨਾਂ ਤਾਂ ਭੁਲੀਏ,ਨਾ ਹੀ ਉਸ ਨਿਸ਼ਾਨੇ ਨੂੰ ਬਦਲੀਆਂ ਹਾਲਤਾਂ ਦਾ ਬਹਾਨਾ ਲਾ ਕੇ ਪੇਤਲਾ ਕਰੀਏ,ਨਾ ਹੀ ਹਾਲਤਾਂ ਦਾ ਗੁਲਾਮ ਬਣ ਕੇ ਆਪਣੀ ਬੁੱਧੀ ਨੂੰ ਇਸ ਪਵਿੱਤਰ ਨਿਸ਼ਾਨੇ ਦਾ ਵਿਰੋਧ ਕਰਨ ਵਿੱਚ ਵਰਤਣ ਦਾ ਗੁਨਾਹ ਕਰੀਏ।ਮੈਂ ਜਦੋਂ ਵੀ ਗੁਰਜੰਟ ਸਿੰਘ ਨੂੰ ਚੰਡੀਗੜ੍ਹ ਤੋਂ ਉਸਦੀਆਂ ਗੁਪਤ ਥਾਵਾਂ ਤੇ ਮਿਲਣ ਜਾਂਦਾ ਤਾਂ ਮੈਨੂੰ ਪਤਾ ਹੁੰਦਾ ਸੀ ਕਿ ਮੈਂ ਸਿੱਖ ਇਤਿਹਾਸ ਦੇ ਕਿਸੇ "ਸ਼ਾਨਾਂ ਮਤੇ ਚੈਪਟਰ" ਦੇ ਮਹਾਨ ਨਾਇਕ ਨੂੰ ਮਿਲਣ ਜਾ ਰਿਹਾ ਹਾਂ,ਉਸ ਨਿਧੜਕ,ਯੋਧੇ ਜਰਨੈਲ ਨੂੰ ਮਿਲਣ ਜਾ ਰਿਹਾ ਹਾਂ ਜਿਸ ਨੇ ਇਕ ਦਿਨ ਵਿਛੜ ਜਾਣਾ ਹੈ ਕਿਉਂਕਿ ਸ਼ਹਾਦਤ ਉਸ ਦੇ ਮੱਥੇ ਤੇ ਲਿਖੀ ਮੈਂ ਪੜ ਸਕਦਾ ਸੀ। ਭਾਈ ਦਲਜੀਤ ਸਿੰਘ ਦੀ ਬਦੌਲਤ ਹੀ ਮੈ ਪਹਿਲੀ ਵਾਰ ਉਸ ਨੂੰ ਮਿਲਿਆ ਸੀ ਅਤੇ ਅਸੀਂ ਇਉਂ ਮਿਲੇ ਜਿਵੇਂ ਪਿਛਲੇ ਕਈ ਜਨਮਾਂ ਤੋਂ ਇਕ ਦੂਜੇ ਨੂੰ ਜਾਣਦੇ ਸੀ।ਉਸ ਦੇ ਮੱਥੇ ਤੇ ਇਕ ਨੂਰ ਦਾ ਪਹਿਰਾ ਹੁੰਦਾ ਸੀ। ਅਸੀਂ ਕਿੰਨਾ ਕਿੰਨਾ ਚਿਰ ਸੰਘਰਸ਼ ਦੀਆਂ ਗਲਾਂ, ਸਿੰਘਾਂ ਵਿੱਚ ਮਤਭੇਦਾਂ ਦੀਆਂ ਗਲਾਂ ਅਤੇ ਉਸ ਦੇ ਐਕਸ਼ਨਾਂ  ਦੀਆਂ ਗਲਾਂ ਕਰਦੇ। ਇਕ ਵਾਰ ਉਸ ਨੇ ਮੈਨੂੰ ਦਸਿਆ ਸੀ ਕਿ ਕਈ ਵਾਰ ਐਕਸ਼ਨ ਦੌਰਾਨ ਇਉਂ ਮਹਿਸੂਸ ਹੋ ਰਿਹਾ ਹੁੰਦਾ ਹੈ ਕਿ ਜਿਵੇਂ ਪਿਸਤੌਲ ਕੋਈ ਹੋਰ ਚਲਾ ਰਿਹਾ ਹੈ। ਇਹ ਅਨੁਭਵ ਚਰਨਜੀਤ ਸਿੰਘ ਚੰਨੀ ਅਤੇ ਭਾਈ ਦਲਜੀਤ ਸਿੰਘ ਨੇ ਵੀ ਮੇਰੇ ਨਾਲ ਸਾਂਝਾ ਕੀਤਾ ਸੀ। ਅਸਲ ਵਿੱਚ ਜੁਝਾਰੂ ਲਹਿਰ ਦੀਆਂ ਇਹ ਗਲਾਂ ਇਤਿਹਾਸ ਹਨ ਜੋ ਲਿਖਿਆ ਜਾਣਾ ਬਣਦਾ ਹੈ। ਬਲਵਿੰਦਰ ਸਿੰਘ ਜਟਾਣਾ ਵੀ ਐਕਸ਼ਨ ਕਰਨ ਤੋਂ ਪਹਿਲਾਂ ਅਰਦਾਸ ਕਰ ਕੇ ਜਾਂਦਾ ਸੀ ਜਦਕਿ ਰਛਪਾਲ ਸਿੰਘ ਛੰਦੜਾ ਕਿਸੇ ਬਹੁਤ ਹੀ ਪਿਆਰੀ ਮਾਸੂਮੀਅਤ ਵਿੱਚ ਉਹ ਗਲਾਂ ਦਸਦਾ ਸੀ ਜੋ ਹੈਰਾਨ ਕਰ ਦਿੰਦੀਆਂ ਹਨ। ਦਲਜੀਤ ਅਤੇ ਗੁਰਜੰਟ ਨੂੰ ਮਿਲਣ ਲਗਿਆਂ ਸਚਮੁੱਚ ਇਹ ਮਹਿਸੂਸ ਹੁੰਦਾ ਸੀ ਜਿਵੇਂ ਰਬ ਤੁਹਾਡੇ ਨਾਲ ਤੁਰ ਰਿਹਾ ਹੋਵੇ। ਕਾਸ਼ ਕੋਈ ਉਹ ਅਦਿੱਖ ਅਨੁਭਵ ਫੜ ਸਕੇ। ਮੈਂ ਜੁਝਾਰੂ ਲਹਿਰ ਨੂੰ ਦੂਰ ਰਹਿ ਕੇ ਵੀ ਅਤੇ ਨੇੜੇ ਰਹਿ ਕੇ ਵੀ ਵੇਖਿਆ ਹੈ।ਮੇਰਾ ਵਿਚਾਰ ਹੈ ਕਿ ਸੰਤ ਜਰਨੈਲ ਸਿੰਘ, ਜੁਝਾਰੂ ਲਹਿਰ ਅਤੇ ਖਾਲਿਸਤਾਨ ਬਾਰੇ ਕੋਈ ਵੀ ਗਲ ਕਰਨ ਵੇਲੇ ਇਤਿਹਾਸ ਦੀ ਅਤਿ ਬਾਰੀਕ ਸਮਝ ਹੋਣੀ ਚਾਹੀਦੀ ਹੈ ਕਿਉਂਕਿ ਮੈਂ ਇਹ ਵੇਖ ਰਿਹਾ ਹਾਂ ਕਿ ਅਜ ਕਲ ਕਈ ਵੀਰ ਇਨ੍ਹਾਂ ਬਾਰੇ ਪਹਿਲੀ ਦੂਜੀ ਦੇ ਜੁਆਕਾਂ ਵਾਂਗ ਟਿੱਪਣੀਆਂ ਕਰਦੇ ਹਨ। ਇਹ ਤਿੰਨੇ ਵਰਤਾਰੇ ਬਹੁਤ ਵੱਡੇ, ਬਹੁਤ ਗੁੰਝਲਦਾਰ ਅਤੇ ਸ਼ਾਨਾ ਮਤੇ ਵਰਤਾਰੇ ਹਨ ਅਤੇ ਸਾਡੇ ਇਤਿਹਾਸ ਦਾ ਸ਼ਾਨਦਾਰ ਕਾਂਡ ਹਨ।ਇਹ ਉਹ ਵਡਾ ਨਰੇਟਿਵ  ਹੈ ਜਿਸ ਦਾ ਆਗਾਜ਼ ਤੀਜੇ ਘੱਲੂਘਾਰੇ ਤੋਂ ਬਾਅਦ ਹੋਇਆ। ਇਹ ਤਿੰਨੇ ਵਰਤਾਰੇ ਇਕ ਦੂਜੇ ਨਾਲ ਤਾਣੇ ਪੇਟੇ ਵਾਂਗ ਓਤਪੋਤ ਹਨ ਅਤੇ ਕਿਸੇ ਇਕ ਦੀ ਵਿਆਖਿਆ ਦੂਜੇ ਦੋਵਾਂ ਨਾਲ ਜੁੜ ਕੇ ਹੀ ਸੰਪੂਰਨ ਹੋ ਸਕਦੀ ਹੈ। ਇਹ ਤਿੰਨੇ ਵਰਤਾਰੇ ਭਾਰਤੀ ਸਟੇਟ ਤੋਂ ਪੂਰੀ ਤਰ੍ਹਾਂ ਟੁੱਟ ਕੇ ਆਪਣੇ ਆਪ ਵਿੱਚ sovereign ਹੋ ਜਾਂਦੇ ਹਨ ਅਤੇ 1849 ਤੋਂ ਬਾਅਦ ਇਹੋ ਜਿਹਾ ਕਰਿਸ਼ਮਾ ਪਹਿਲੀ ਵਾਰ ਵਾਪਰਿਆ। ਇਸ  ਨਰੇਟਿਵ ਦੇ ਅਹਿਮ ਫੀਚਰਜ਼ ਉਤੇ ਕਦੇ ਫਿਰ ਵਿਚਾਰ ਕਰਾਂਗੇ। ਗੁਰਜੰਟ ਸਿੰਘ ਬੁਧ ਸਿੰਘ ਵਾਲਾ ਨੂੰ ਯਾਦ ਕਰਦਿਆਂ ਇਹ ਗਲਾਂ ਆਪ ਮੁਹਾਰੇ ਹੀ ਜ਼ਿਹਨ ਵਿੱਚ ਉਤਰ ਆਈਆਂ ਹਨ।