ਖੇਡ ਮੰਤਰੀ ਵਾਲੀ ਕੁਰਸੀ ਦਾ ਤਾਜ ਕੰਡਿਆਂ ਦੀ ਸੇਜ ਨਾਲੋਂ ਘੱਟ ਨਹੀਂ

ਖੇਡ ਮੰਤਰੀ ਵਾਲੀ ਕੁਰਸੀ ਦਾ ਤਾਜ ਕੰਡਿਆਂ ਦੀ ਸੇਜ ਨਾਲੋਂ ਘੱਟ ਨਹੀਂ

ਪਰਗਟ ਸਿੰਹਾ, ਇਹ ਖੇਡ ਮੰਤਰੀ ਵਾਲੀ ਕੁਰਸੀ ਦਾ ਤਾਜ ਕੰਡਿਆਂ ਦੀ ਸੇਜ ਨਾਲੋਂ ਘੱਟ ਨਹੀਂ , ਚੱਲਣਾ ਜਰਾ ਬਚ ਕੇ ਮੋੜ ਤੋਂ  ?

ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਤਿੰਨ ਮਹੀਨੇ ਬਾਕੀ ਹਨ ਚਾਰੇ ਪਾਸਿਆਂ ਤੋਂ ਸਿਆਸੀ ਕਲਾਬਾਜ਼ੀਆਂ ਅਤੇ ਧੋਬੀ ਪਟਕੇ ਵੱਜ ਰਹੇ ਹਨ ,ਕੋਈ ਮੰਤਰੀ ਬਣ ਰਿਹਾ ਹੈ, ਕਿਸੇ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਹੈ। ਕੋਈ ਅਸਤੀਫਾ ਦੇ ਰਿਹਾ , ਕੋਈ ਨਵੇਂ ਅਹੁਦਾ ਦੀ ਭਾਲ ਵਿਚ ਉਡਾਰੀ ਮਾਰ   ਰਿਹਾ ਹੈ । ਚਾਰੇ ਪਾਸੇ ਖਲਬਲੀ ਮੱਚੀ ਪਈ ਹੈ । ਪੰਜਾਬ ਦੀ ਸਿਆਸਤ ਵਿੱਚੋਂ ਕੈਪਟਨ ਦੇ ਦਿਨ ਪੁੱਗ ਗਏ ਹਨ , ਚਰਨਜੀਤ ਸਿੰਘ ਚੰਨੀ  ਪੰਜਾਬ ਦਾ ਨਵਾਂ ਕੈਪਟਨ ਬਣ ਗਿਆ ਹੈ, ਸਿੱਧੂ ਦੀ ਮਿਜ਼ਾਈਲ ਦਾ ਕੋਈ ਪਤਾ ਨਹੀਂ ਚੱਲ ਰਿਹਾ ਕਿ ਕਦੋਂ ਅਤੇ ਕਿਵੇਂ  ਕਿੱਧਰ ਨਾ ਚੱਲ ਜਾਵੇ ,ਪੰਜਾਬ ਦੇ ਅਵਾਮ ਦੀਆਂ  ਨਜ਼ਰਾਂ ਸਿਰਫ਼ ਰਾਜਨੀਤਕ ਆਗੂਆਂ ਦੀ ਵਰਤਮਾਨ ਕਾਰਗੁਜ਼ਾਰੀ   ਤੇ ਲੱਗੀਆਂ ਹੋਈਆਂ ਹਨ ਲੋਕ ਸਿਆਸਤ ਦੇ ਤੇਲ ਅਤੇ ਤੇਲ ਦੀ ਧਾਰ ਨੂੰ ਵੇਖ ਰਹੇ ਹਨ   ਫਿਰ ਹੀ ਉਨ੍ਹਾਂ ਨੇ ਇਹ ਫ਼ੈਸਲਾ ਲੈਣਾ ਹੈ ਕਿ 2022 ਵਿੱਚ  ਅਗਲੀ ਸਰਕਾਰ ਕਿਸ ਦੀ ਬਣਾਉਣੀ  ਹੈ ? ਪੰਜਾਬ ਦੀ ਸਿਆਸਤ ਦੇ ਆਓੁਣ ਵਾਲੇ ਤਿੰਨ ਮਹੀਨੇ ਬੜੇ ਨਾਜ਼ੁਕ ਹਨ ,ਜਿਹੜਾ ਵੀ ਆਪਣੀ ਉਸਾਰੂ ਕਾਰਗੁਜ਼ਾਰੀ ਦਾ ਪ੍ਰਭਾਵ ਲੋਕਾਂ ਵਿੱਚ ਛੱਡ ਗਿਆ ਓਸਦੀ ਹੀ 2022 ਚ ਬੱਲੇ ਬੱਲੇ ਹੋਣੀ ਹੈ।     ਹਾਕੀ ਓਲੰਪੀਅਨ ਸਰਦਾਰ ਪਰਗਟ ਸਿੰਘ ਪੰਜਾਬ ਦੇ ਨਵੇਂ ਖੇਡ ਮੰਤਰੀ ਅਤੇ ਸਿੱਖਿਆ ਮੰਤਰੀ ਬਣੇ ਹਨ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਓਲੰਪੀਅਨ  ਪੱਧਰ ਦੇ ਖਿਡਾਰੀ ਨੂੰ ਪੰਜਾਬ ਦਾ ਖੇਡ ਅਤੇ ਸਿੱਖਿਆ ਮੰਤਰੀ ਬਣਾਇਆ ਹੈ ਹੁਣ ਤਕ ਪੰਜਾਬ ਦੀ ਸਿਆਸਤ ਵਿਚ ਉਹ ਖੇਡ ਮੰਤਰੀ, ਸਿੱਖਿਆ ਮੰਤਰੀ ਬਣੇ ਹਨ ਜਿਨ੍ਹਾਂ ਨੂੰ ਨਾ ਹੀ ਕੋਈ ਖੇਡਾਂ ਬਾਰੇ ਗਿਆਨ ਸੀ ਨਾਂ ਹੀ ਪੜ੍ਹਾਈ ਦਾ  ਇੱਲ ਤੇ ਕੁੱਕੜ ਆਉਂਦਾ   ਸੀ। ਇਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੀ ਸਿਆਸਤ ਵਿੱਚ  ਪਿਛਲੇ ਤਿੰਨ ਦਹਾਕਿਆਂ ਵਿੱਚ ਬਣੇ ਖੇਡ ਮੰਤਰੀ ਭਾਵੇਂ ਸੁਖਬੀਰ ਸਿੰਘ ਬਾਦਲ ਬਣਿਆ ਹੋਵੇ ਜਾਂ ਫੇਰ ਹਰਮਿੰਦਰ ਜੱਸੀ ਹੋਵੇ , ਗੁਲਜ਼ਾਰ ਸਿੰਘ ਰਣੀਕੇ ਹੋਵੇ, ਜਾਂ  ਪਵਨ ਟੀਨੂੰ ਹੋਵੇ ਕਿ ਓਹ ਕਿਹੜੀ  ਯੂਨੀਵਰਸਿਟੀ  ਵਲੋਂ ਖੇਡੇ ਹਨ ? ਕਿਸੇ ਗੇਮ ਨੂੰ ਖੇਡਣਾ ਤਾਂ ਦੂਰ ਦੀ ਗੱਲ, ਇਨ੍ਹਾਂ ਨੇ ਤਾਂ  ਕਦੇ ਗੁੱਲੀ ਡੰਡਾ ਵੀ ਨਹੀਂ ਖੇਡਿਆ ਹੋਣਾ, ਬਸ ਖੇਡ ਮੰਤਰੀ ਬਣਨਾ ਇੱਕ  ਉਨ੍ਹਾਂ ਦੀ ਇਕ ਰਾਜਸੀ ਖਾਨਾਪੂਰਤੀ ਹੀ ਸੀ।ਗੁਰਮੀਤ ਰਾਣਾ ਸੋਢੀ ਇਕ ਚੰਗਾ ਖਿਡਾਰੀ ਹੋ ਕੇ ਖੇਡ ਮੰਤਰੀ ਹੁੰਦਿਆਂ ਵੀ ਖਿਡਾਰੀਆਂ ਦੀਆਂ ਆਸਾਂ ਤੇ ਖ਼ਰਾ ਨਹੀਂ ਉਤਰ ਸਕਿਆ । 

ਹੁਣ ਵਾਰੀ ਆ ਗਈ ਹੈ,ਓਲੰਪੀਅਨ ਪਰਗਟ ਸਿੰਘ ਦੇ ਖੇਡ ਅਤੇ ਸਿੱਖਿਆ ਮੰਤਰੀ ਬਣਨ ਦੀ , ਪਰ  ਪਰਗਟ ਸਿੰਘ ਲਈ ਇਹ ਖੇਡ ਮੰਤਰੀ ਦਾ ਤਾਜ  ਕਿਸੇ ਕੰਡਿਆਂ ਦੀ ਸੇਜ ਨਾਲੋਂ ਘੱਟ ਨਹੀਂ, ਕਿਉਂਕਿ ਅਹੁਦੇ ਦੇ ਨਾਲ ਨਾਲ ਇੱਕ ਵੱਡੀ ਜਿੰਮੇਵਾਰੀ ਵੀ ਹੈ।ਪਰ ਗੱਲ ਇਹ ਵੀ ਹੈ ਕਿ ਇਕੱਲੀਆਂ ਖੇਡਾਂ ਦਾ ਹੀ ਨਹੀਂ ਪੂਰੇ ਪੰਜਾਬ ਦਾ ਹੀ ਸਿਸਟਮ ਇੰਨਾ ਬਿਗੜ ਗਿਆ ਹੈ ਕਿ ਇਸ ਨੂੰ ਠੀਕ ਕਰਨਾ "ਕੋਈ ਖਾਲਾ ਜੀ ਦਾ ਵਾੜਾ "ਨਹੀਂ ਹੈ, ਅੱਜ ਦੀ ਰਾਜਨੀਤੀ ਚਾਪਲੂਸਾਂ ਦੀ ਰਾਜਨੀਤੀ  ਬਣਕੇ ਰਹਿ ਗਈ ਹੈ ।ਸਿਆਣੇ ਬੰਦੇ, ਪੜ੍ਹੇ ਲਿਖੇ ਲੋਕ ਸਿਆਸਤ ਦੇ ਭ੍ਰਿਸ਼ਟ ਸਿਸਟਮ ਤੋਂ ਦੁਖੀ ਹੋ ਕੇ  ਦੂਰ ਚਲੇ ਗਏ ਹਨ,ਇਸ ਵਕਤ ਬਹੁਤੇ ਖਿਡਾਰੀਆਂ ਦੀ ਹਾਲਤ ਭਿਖਾਰੀਆਂ ਵਰਗੀ  ਹੈ। ਚੰਗੇ ਤੋਂ ਚੰਗਾ ਖਿਡਾਰੀ ਵੀ ਨੌਕਰੀਆਂ ਲਈ ਦਰ ਦਰ ਭਟਕਦਾ ਫਿਰਦਾ ਹੈ  । ਅੱਜ ਵੱਡੀ ਲੋੜ ਹੈ  ਵੱਖ ਵੱਖ ਖੇਡ ਐਸੋਸੀਏਸ਼ਨਾਂ ਵਿਚ ਵੱਡੇ ਸੁਧਾਰਾਂ ਦੀ, ਬਹੁਤੀਆਂ ਖੇਡਾਂ ਦੀਆਂ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ਦੀਆਂ ਚੈਪੀਅਨਸ਼ਿਪ ਨਹੀਂ ਹੋ ਰਹੀਆਂ ਹਨ।  ਵੱਖ ਵੱਖ ਸਰਕਾਰੀ ਵਿਭਾਗਾਂ ਦੇ ਖੇਡ ਸੈਲ ਖ਼ਤਮ ਹੋ ਗਏ ਹਨ ,ਵੱਖ ਵੱਖ ਵਿਭਾਗਾਂ ਦੀਆਂ ਵੱਖ ਵੱਖ ਖੇਡਾਂ ਨਾਲ ਸਬੰਧਤ ਟੀਮਾਂ ਖਤਮ ਹੋ ਗਈਆ  ਹਨ । ਖੇਡ ਵਿਭਾਗ  ਕੋਲ ਨਾਮਾਤਰ ਕੋਚ ਹਨ, ਲੰਬੇ ਸਮੇਂ ਤੋਂ ਕੋਚਾਂ ਦੀ ਭਰਤੀ ਹੀ ਨਹੀਂ ਹੋਈ  ਹੈ। ਸਕੂਲਾਂ ਕਾਲਜਾਂ ਦੇ ਖੇਡ ਵਿੰਗਾਂ ਦੀ ਠੋਸ ਪ੍ਰਕਿਰਿਆ ਹੋਣੀ ਚਾਹੀਦੀ ਹੈ । ਸਭ ਤੋਂ ਅਹਿਮ ਵਿਚਾਰ ਇਹ ਹੈ ਪੰਜਾਬ ਨੂੰ ਇੱਕ ਸਾਰਥਿਕ ਠੋਸ ਉਸਾਰੂ ਅਤੇ ਖਿਡਾਰੀਆਂ ਦੇ ਹਿੱਤ ਵਾਲੀ ਖੇਡ ਨੀਤੀ ਚਾਹੀਦੀ ਹੈ ਜੋ ਪਿਛਲੇ 70  ਸਾਲਾਂ ਵਿੱਚ ਨਹੀਂ ਬਣੀ ਹੈ ,ਇਸੇ ਕਰਕੇ ਪੰਜਾਬ ਦੇ ਵਿੱਚ ਖੇਡਾਂ ਦੇ ਖੇਤਰ ਵਿੱਚ ਵੱਡਾ ਨਿਘਾਰ ਆਇਆ ਹੈ।  ਜੇਕਰ ਪਰਗਟ ਸਿੰਘ ਵਿੱਚ ਦਮ ਹੈ ,ਖਿਡਾਰੀਆਂ ਲਈ ਠੋਸ ਖੇਡ ਨੀਤੀ ਬਣਾਵੇ। ਜੇ ਖੇਡ ਨੀਤੀ ਬਣਾਉਣ ਦਾ ਦਮ ਹੈ ਅਮਰੀਕਾ ਅਤੇ ਚੀਨ ਦੀ ਖੇਡ ਨੀਤੀ ਦੀ ਨਕਲ ਕਰੇ ,ਜੇ ਨਹੀਂ ਤਾਂ ਘੱਟੋ ਘੱਟ ਹਰਿਆਣਾ ਦੀ ਖੇਡ ਨੀਤੀ ਦੀ ਨਕਲ ਕਰਕੇ ਦੇਖ ਲਵੇ ਜੇ ਉਹ ਵੀ ਨਹੀਂ ਕਰ ਸਕਦਾ ਤਾਂ ਘੱਟੋ ਘੱਟ ਪੰਜਾਬ ਦੀ ਇੱਕ ਵੱਖਰੀ ਖੇਡ ਨੀਤੀ ਬਣਾਵੇ ਜੋ ਪੰਜਾਬ ਦੇ ਖਿਡਾਰੀਆਂ ਦਾ ਹਿੱਤ ਪੂਰਦੀ ਹੋਵੇ  ਤਾਂ ਹੀ  ਪੰਜਾਬ ਦੇ ਵਿੱਚ ਖੇਡਾਂ ਦਾ ਭਲਾ ਹੋ ਸਕਦਾ ਨਹੀਂ ਤਾਂ ਜਿਸਤਰਾਂ ਦੇ ਪਹਿਲਾਂ ਖੇਡ ਮੰਤਰੀ ਆਏ , ਗੱਲਾਂ ਬਾਤਾਂ ਅਤੇ ਬਿਆਨਬਾਜ਼ੀ ਨਾਲ ਹੀ ਖਿਡਾਰੀਆਂ ਦਾ ਢਿੱਡ ਭਰਦੇ ਰਹੇ ਉਸੇ ਤਰ੍ਹਾਂ ਦਾ ਹੀ ਪਰਗਟ ਸਿੰਘ ਦਾ ਕਾਰਜਕਾਲ ਹੋਵੇਗਾ। ਹੁਣ ਦੇਖਣਾ ਤਾਂ  ਇਹ ਆਂ ਕਿ ਪਰਗਟ ਸਿੰਘ ਪੰਜਾਬ ਦੀ ਸਿਆਸਤ ਵਿੱਚ  ਖੇਡ ਮੰਤਰੀ ਬਨਣ ਵਾਲਾ ਮੈਚ ਆਖਰੀ ਪਲਾਂ ਵਿਚ ਜਿੱਤਦਾ ਜਾਂ  ਹਾਰਦਾ ਹੈ ?  ਸਮਾਂ ਅਜੇ ਕੁੱਝ ਬਾਕੀ ਹੈ।ਪੰਜਾਬ ਦੇ ਖਿਡਾਰੀਓੁ ਵੀਰੋ, ਬਾਕੀ ਤੁਹਾਡਾ ਰੱਬ ਰਾਖਾ !

 

ਜਗਰੂਪ ਸਿੰਘ  ਜਰਖੜ

ਖੇਡ ਲੇਖਕ 

9814300722