ਪੰਜਾਬ ਨੂੰ ਕਿਤੇ ਤੁਸੀਂ ਪੁਤਲੀ ਘਰ ਤੇ ਨਹੀਂ ਬਣਾ ਰਹੇ ? 

ਪੰਜਾਬ ਨੂੰ ਕਿਤੇ ਤੁਸੀਂ ਪੁਤਲੀ ਘਰ ਤੇ ਨਹੀਂ ਬਣਾ ਰਹੇ ? 

ਖਾਧਾ ਪੀਤਾ ਲਾਹੇ ਦਾ, ਬਾਕੀ ਕੇਜਰੀ ਸ਼ਾਹੇ ਦਾ

ਪੰਜਾਬ ਆਮ ਆਦਮੀ ਪਾਰਟੀ ਲਈ ਬਿਹਾਰ ਹੈ, ਜਿੱਥੇ ਕੋਲ਼ੇ ਦੀ ਖਾਨ ਹੈ। ਇੱਥੋਂ ਕੋਲਾ ਜਾਵੇਗਾ ਅਤੇ ਰੌਸ਼ਨ ਦਿੱਲੀ ਹੋਵੇਗੀ। ਪੰਜਾਬ ਦੀ ਕਿਸਮਤ ਵਿਚ ਲੁੱਟਣਾ ਹੀ ਲਿਖਿਆ ਹੈ। ਸਮੇਂ ਨੇ ਕਰਵਟ ਲਈ ਤਾਂ ਲੋਕਾਂ ਦਾ ਗੁੱਸਾ ਆਮ ਆਦਮੀ ਪਾਰਟੀ ਦੀ ਜਿੱਤ ਵਿਚ ਬਦਲ ਗਿਆ। ਇੱਕ ਗੱਲ ਅਰਵਿੰਦ ਕੇਜਰੀਵਾਲ ਨੇ ਸਹੀ ਕਹੀ ਕਿ ਇਹ ਨਾ ਸਮਝਿਓ ਕਿ ਤੁਸੀਂ ਜਿੱਤੇ ਹੋ,ਇਹ ਲੋਕਾਂ ਨੇ ਅਕਾਲੀ ਕਾਂਗਰਸੀਆਂ ਨੂੰ ਹਰਾਇਆ ਹੈ। ਪਰ ਇਹ ਗੱਲ ਕੇਜਰੀਵਾਲ ਸਾਹਬ ਅਤੇ ਫੌਜ ਖ਼ੁਦ ਮਹਿਸੂਸ ਨਹੀਂ ਕਰ ਸਕੀ

ਰਾਜ ਸਭਾ ਜ਼ਹੀਨ ਦਿਮਾਗਾਂ ਦੀ ਸੱਥ ਸੀ। ਜਿੱਥੇ ਉਹਨਾਂ ਕਾਰਜ ਕਰਦੀ ਲੋਕ ਸਭਾ ਅੰਦਰ ਅਜਿਹੇ ਤੱਤਾਂ 'ਤੇ ਪਹਿਰਾ ਦੇਣਾ ਸੀ ਜੋ ਲੋਕਤੰਤਰ ਨੂੰ ਬਰਬਾਦ ਨਾ ਕਰ ਸਕਣ। ਹਰਭਜਨ ਸਿੰਘ ਦਾ ਜਾਣਾ ਕੀ ਸਵਾਰੇਗਾ ? ਜਿਹੋ ਜਹੇ ਸਚਿਨ ਤੇਂਦੁਲਕਰ ਅਤੇ ਲਤਾ ਮੰਗੇਸ਼ਕਰ ਗਏ, ਉਹੋ ਜਿਹਾ ਹਰਭਜਨ ਸਿੰਘ ਹੈ। ਬਤੌਰ ਖਿਡਾਰੀ ਕਲਾਕਾਰ ਉਹਨਾਂ ਦੀ ਕੋਈ ਪਛਾਣ ਹੈ ਪਰ ਬਤੌਰ ਰਾਜ ਸਭਾ ਮੈਂਬਰ ਉਹਨਾਂ ਦਾ ਅਧਾਰ ਕੁਝ ਵੀ ਨਹੀਂ। ਸਰਕਾਰ ਆਉਣ ਦੇ ਨਾਲ ਤੁਸੀਂ ਹਰ ਉਹ ਗੱਲ ਜਚਾ ਰਹੇ ਹੋ ਜੋ ਨਹੀਂ ਹੋਣੀ ਚਾਹੀਦੀ ਸੀ। ਹੋਣਾ ਇਹ ਚਾਹੀਦਾ ਸੀ ਕਿ ਬਦਲਾਅ ਇਹ ਹੁੰਦਾ ਕਿ ਪੰਜਾਬ ਦੇ ਵਾਤਾਵਰਨ, ਸਿੱਖਿਆ,ਸਮਾਜ, ਆਰਥਿਕ ਖੇਤਰ ਦੇ ਉਹਨਾਂ ਬੰਦਿਆਂ ਨੂੰ ਰਾਜ ਸਭਾ ਭੇਜਿਆ ਜਾਂਦਾ ਜਿੰਨ੍ਹਾਂ ਦਾ ਦਿਲ ਪੰਜਾਬੀ-ਜਜ਼ਬਾ ਪੰਜਾਬੀ ਹੁੰਦਾ।

ਇਕ ਬੰਦਾ ਉਸ ਥਾਂ ਤੋਂ ਪਹੁੰਚਿਆ ਹੈ ਜਿਸ ਦੇ ਅਦਾਰੇ ਵਿੱਚੋਂ ਕੋਈ ਵੀ ਵਾਪਰੀ ਘਟਨਾ ਰਿਪੋਰਟ ਨਹੀਂ ਹੁੰਦੀ। ਜਿਸ ਅਦਾਰੇ ਨੇ ਸਿੱਖਿਆ ਖੇਤਰ ਨੂੰ ਕਰਿਆਨਾ ਸਟੋਰ ਵਿਚ ਬਦਲ ਦਿੱਤਾ ਹੈ । ਸਿੱਖਿਆ ਦੀ ਗੰਭੀਰਤਾ ਨੂੰ ਇਸ ਅਦਾਰੇ ਨੇ ਲੀਹੋਂ ਲਾਹਿਆ ਹੈ। ਪੰਜਾਬ ਦੇ ਬਿਆਨ ਤੋਂ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਨ ਵਾਲਾ ਜੇ ਇਸ ਦੇਸ਼ ਦੇ ਸਦਨ ਵਿਚ ਨਹੀਂ ਜਾਵੇਗਾ ਤਾਂ ਇਸ ਮਿੱਟੀ ਦੇ ਬੋਲ ਕੌਣ ਸੁਣਾਵੇਗਾ ? ਤੁਸੀਂ ਹਰ ਉਸ ਗੱਲ ਨੂੰ ਯਕੀਨ ਵਿਚ ਬਦਲ ਰਹੇ ਹੋ ਕਿ ਪੰਜਾਬ 'ਤੇ ਰਾਜ ਬਾਹਰੀ ਕਰਨਗੇ। ਜੋ ਇੱਥੋਂ ਦੇ ਨੁੰਮਾਇਦੇ ਭੇਜੋਗੇ ਉਹ ਸਿਰਫ ਪੁਤਲੇ ਹੋਣਗੇ।

ਹਰਪ੍ਰੀਤ ਸਿੰਘ ਕਾਹਲੋਂ