'ਪਿੱਪਲੀ ਪੀਘਾਂ ਸਾਉਣ ਮਹੀਨਾ ਤੀਆਂ ਬਚਾਉਣ ਖ਼ਾਤਰ'

'ਪਿੱਪਲੀ ਪੀਘਾਂ ਸਾਉਣ ਮਹੀਨਾ ਤੀਆਂ ਬਚਾਉਣ ਖ਼ਾਤਰ'

ਵਿਸ਼ੇਸ਼ ਲੇਖ

ਸਾਡੇ ਅਮੀਰ ਵਿਰਸੇ ਨੇ ਸਾਨੂੰ ਅਨੇਕਾਂ ਹੀ ਤਿੱਥ -ਤਿਉਹਾਰ ਦਿੱਤੇ ਹਨ। ਜਿਨ੍ਹਾਂ ਵਿੱਚੋ ਸਾਉਣ ਮਹੀਨੇ ਵਿਚ ਆਉਣ ਵਾਲਾ ਤੀਜ ਦਾ ਤਿਉਹਾਰ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਲਈ  ਬਹੁਤ ਚਾਵਾਂ  ਭਰਿਆ ਹੁੰਦਾ ਹੈ। ਕੁੜੀਆਂ-ਚਿੜੀਆਂ ਕੱਠੀਆ ਹੋ ਬੜੇ ਚਾਵਾਂ ਨਾਲ ਇਹ ਤਿਉਹਾਰ ਮਨਾਉਂਦੀਆਂ ਹਨ। ਤੀਜ ਦੇ ਤਿਉਹਾਰ ਨੂੰ 'ਤੀਆਂ ਤੀਜ ਦੀਆਂ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।  ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਵੀ ਸਾਵਣ ਮਹੀਨੇ ਦਾ ਵਰਨਣ ਆਉਂਦਾ ਹੈ,ਇਸ ਮਹੀਨੇ ਦੌਰਾਨ ਚਾਰ ਚੁਫ਼ੇਰੇ ਹਰਿਆਲੀ 'ਛਾ ਜਾਂਦੀ ਹੈ। ਇਸ ਮਹੀਨੇ 'ਚ ਮਾਪੇ ਜਿੱਥੇ ਆਪਣੀਆਂ ਵਿਆਹੀਆ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਕੱਪੜੇ,ਬਿਸਕੁਟ ਤੇ ਹੋਰ ਮਠਿਆਈਆਂ ਦਿੰਦੇ ਹਨ, ਉੱਥੇ ਹੀ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ 'ਜਾ ਆਪਣੇ ਹਾਣ ਦੀਆ ਕੁੜੀਆਂ ਨੂੰ ਮਿਲਣ ਦੀ ਤਾਂਘ ਹੁੰਦੀ ਹੈ। ਪੁਰਾਣੇ ਸਮਿਆਂ ’ਚ ਰਿਵਾਜ ਅਨੁਸਾਰ ਨਵੀਆਂ ਵਿਆਹੀਆਂ ਕੁੜੀ ਨੇ ਵਿਆਹ ਮਗਰੋਂ ਪਹਿਲੇ ਸਾਲ ਦਾ ਪਹਿਲਾ ਸਾਉਣ ਦਾ ਮਹੀਨਾ ਪੇਕਿਆਂ ਘਰ ਬਿਤਾਉਣਾ ਹੁੰਦਾ ਸੀ। ਤੀਆਂ ਨੂੰ ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ, ਚੂੜੀਆਂ ਚੜਾਉਦੀਆਂ ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ 'ਤੇ ਜਾਂਦੀਆਂ ਤੇ ਪਿੱਪਲਾਂ, ਟਾਹਲੀਆਂ ਤੇ ਪੀਘਾਂ ਪਾਉਦੀਆਂ, ਗੀਤ ਗਾਉਂਦੀਆਂ ਤੇ ਗਿੱਧਾ ਪਾਉਦੀਆਂ। ਇਹ ਤਿਉਹਾਰ ਰੁੱਖ ਤੇ ਮਨੁੱਖ ਦਾ ਜੋ ਗੂੜਾ ਰਿਸ਼ਤਾ ਹੈ, ਉਸ ਦੀ ਵੀ ਗਵਾਹੀ ਭਰਦਾ ਹੈ, ਸਾਝੀਆ ਥਾਵਾਂ ਤੋਂ  ਪਿੱਪਲ, ਬੋਹੜ ਤੇ ਟਾਹਲੀਆਂ ਜਹੇ ਰੁੱਖਾ ਦਾ ਅਲੋਪ ਹੋਣਾ  ਚਿੰਤਾ ਦਾ ਵਿਸ਼ਾ ਹੈ। ਮੌਜੂਦਾ ਸਮੇਂ ਕੁੜੀਆਂ ਨੂੰ ਤੀਆਂ ਦਾ ਤਿਉਹਾਰ ਧਰਮਸ਼ਾਲਾ, ਹੋਟਲਾਂ ਅਤੇ ਪੈਲਸਾਂ ਵਿਚ ਮਨਾਅ 'ਮਨ' ਪ੍ਰਚਾਉਂਦੀਆਂ ਹਨ। ਜਿਸ ਵਿੱਚੋਂ ਪੰਜਾਬੀ ਸੱਭਿਆਚਾਰ ਦੀ ਝਲਕ ਨਹੀਂ ਪੈਂਦੀ। 

ਆਉ !  ਧੀਆਂ ਲਈ ਤੀਆਂ ਮਨਾਉਣ ਲਈ ਪਿੱਪਲ, ਬੋਹੜ ਤੇ ਟਾਹਲੀਆਂ ਜਹੇ ਰੁੱਖਾ ਲਗਾ, ਉਨ੍ਹਾਂ ਨੂੰ ਪੁਰਾਤਣ  'ਤੀਆਂ ਤੀਜ ਦੀਆਂ' ਮੋੜਨ ਦਾ ਉਪਰਾਲਾ ਕਰੀਏ। 

ਆਉ !  ਫਿਰ ਪੰਜਾਬ  ਦੇ ਅਮੀਰ ਸੱਭਿਆਚਾਰ ਵਿਰਸੇ ਨੂੰ ਜਿਉਂਦਾ ਰੱਖਣ ਲਈ ਪੁਰਾਤਨ ਤੀਆਂ ਦੇ ਪਿੜਾਂ ਦੀ ਪਿੰਡ-ਪਿੰਡ ਸਥਾਪਨਾ ਕਰਨ ਲਈ ਆਪਣਾ ਯੋਗਦਾਨ ਪਾਈਏ ਤਾਂ ਜੋ ਸਾਡੇ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਦੀ ਪੁਰਾਤਨ ਦਿੱਖ ਦੁਬਾਰਾ ਦਿਖ ਸਕੇ।

 "ਪਿੱਪਲੀ ਪੀਘਾਂ ਸਾਉਣ ਮਹੀਨਾ ਤੀਆਂ ਬਚਾਉਣ ਖ਼ਾਤਰ ,

  ਮੈ ਰੁੱਖ ਲਗਾ ਰਿਹਾ, ਹਰਿਆਵਲ ਬਚਾਅ ਰਿਹਾ !

 ਹਰਮਨਪ੍ਰੀਤ ਸਿੰਘ,

 ਸਰਹਿੰਦ, ਜ਼ਿਲ੍ਹਾ: ਫਤਹਿਗੜ੍ਹ ਸਾਹਿਬ,

ਸੰਪਰਕ: 98550 10005